“ਅਲੋਚਨਾ ਪੱਖ ਸੱਖਣਾ ਹੋਣ ਕਾਰਨ ਅਡੰਬਰਾਂ ਅਤੇ ਕਰਮਕਾਂਡਾਂ ਦੇ ਪਿਛਲੱਗ ...”
(19 ਨਵੰਬਰ 2019)
ਕੋਈ ਵੀ ਇਨਸਾਨ ਜਿਸ ਧਰਮ ਜਾਂ ਫਿਰਕੇ ਵਿੱਚ ਪੈਦਾ ਹੁੰਦਾ ਹੈ, ਉਸ ਨਾਲ ਉਸ ਦਾ ਖਾਸ ਲਗਾਵ ਹੁੰਦਾ ਹੈ। ਸਾਰੇ ਧਰਮਾਂ ਦੇ ਪੁਜਾਰੀਆਂ ਵੱਲੋਂ ਬੜੇ ਜ਼ੋਰਦਾਰ ਢੰਗ ਨਾਲ ਇਹ ਪ੍ਰਚਾਰਨ ਦੀ ਹੋੜ ਲੱਗੀ ਹੋਈ ਹੈ ਕਿ ਉਨ੍ਹਾਂ ਦਾ ਧਰਮ ਉੱਤਮ ਹੈ। ਧਰਮ ਕਦੇ ਵੀ ਇਨਸਾਨੀਅਤ ਤੋਂ ਵੱਡਾ ਨਹੀਂ ਹੁੰਦਾ ਅਤੇ ਸਾਡੇ ਦੇਸ਼ ਦੀਆਂ ਪ੍ਰਮੁੱਖ ਧਾਰਮਿਕ ਸਮੱਸਿਆਵਾਂ ਧਰਮ ਦੇ ਠੇਕੇਦਾਰਾਂ ਨੇ ਹੀ ਪੈਦਾ ਕੀਤੀਆਂ ਹਨ। ਅਸਲ ਵਿੱਚ ਧਰਮ ਦੀ ਉਤਪਤੀ ਹੀ ਮਾਨਵਤਾ ਦੇ ਭਲੇ ਲਈ ਹੁੰਦੀ ਹੈ ਪਰ ਧਾਰਮਿਕ ਆਗੂ ਹਮੇਸਾ ਧਰਮ ਨੂੰ ਨਿੱਜ ਖਾਤਰ ਵਰਤਦੇ ਹਨ। ਇਹੀ ਕਾਰਨ ਹੈ ਕਿਸੇ ਵੀ ਧਰਮ ਦੇ ਕਰਮਕਾਂਡਾਂ ਦੀ ਨੁਕਤਾਚੀਨੀ ਸਹਿਣ ਨਹੀਂ ਕੀਤੀ ਜਾਂਦੀ। ਧਰਮ ਉੱਤੇ ਜਿੰਨੀ ਮਰਜ਼ੀ ਖੋਜ ਹੋਵੇ ਪਰ ਧਰਮ ਦੀ ਅਲੋਚਨਾ ਨਹੀਂ ਕੀਤੀ ਜਾ ਸਕਦੀ। ਤਾਂ ਹੀ ਕਿਸੇ ਧਰਮ ਦੀ ਸਾਰਥਕ ਖੋਜ ਨਹੀਂ ਹੋ ਸਕੀ। ਕਈ ਵਾਰ ਅਲੋਚਨਾ ਪੱਖ ਸੱਖਣਾ ਹੋਣ ਕਾਰਨ ਅਡੰਬਰਾਂ ਅਤੇ ਕਰਮਕਾਂਡਾਂ ਦੇ ਪਿਛਲੱਗ ਬਣਨ ਤੋਂ ਬਿਨਾਂ ਲੋਕਾਂ ਕੋਲ ਕੋਈ ਚਾਰਾ ਵੀ ਨਹੀਂ ਹੁੰਦਾ।
ਸਾਲ 2006 ਵਿੱਚ ਮੇਰੇ ਪਾਸ ਇੱਕ ਦੀਵਾਨੀ ਦਾਹਵਾ ਪੈਰਵੀ ਲਈ ਆਇਆ। ਇਸ ਕੇਸ ਵਿੱਚ ਮੁਦਾਲਾ ਦੀ ਕਾਨੂੰਨੀ ਹਾਲਤ ਵਧੀਆ ਨਹੀਂ ਸੀ। ਇਹ ਕੇਸ ਪ੍ਰੋਨੋਟ ਉੱਤੇ ਅਧਾਰਿਤ ਰਕਮ ਦੀ ਵਸੂਲੀ ਦਾ ਕੇਸ ਸੀ ਜਿਸ ਵਿੱਚ ਕਰਜ਼ਦਾਰ ਮਰ ਚੁੱਕਾ ਸੀ ਅਤੇ ਮੁਦਈ ਵੱਲੋਂ ਉਸ ਦੇ ਕਾਨੂੰਨੀ ਵਾਰਸਾਂ ਨੂੰ, ਜਿਹੜੇ ਕਿ ਇੱਕ ਵਿਧਵਾ ਅਤੇ ਤਿੰਨ ਬੱਚੇ ਸਨ ਦੇ ਖਿਲਾਫ ਦਾਇਰ ਕੀਤਾ ਗਿਆ ਸੀ। ਇਸ ਕੇਸ ਦੀ ਪੈਰਵਾਈ ਮੁਤਵਫੀ (ਮ੍ਰਿਤਕ) ਦੀ ਵਿਧਵਾ ਔਰਤ ਕਰਦੀ ਸੀ। ਉਹ ਔਰਤ ਬਹੁਤ ਪਰੇਸ਼ਾਨੀ ਦੀ ਹਾਲਤ ਵਿੱਚ ਸੀ ਕਿਉਂਕਿ ਮੈਂ ਉਸ ਨੂੰ ਮੁਢਲੀ ਨਜ਼ਰੇ ਹੀ ਦੱਸ ਦਿੱਤਾ ਸੀ ਕਿ ਕੇਸ ਵਿੱਚ ਕਾਨੂੰਨ ਆਪਣੇ ਖਿਲਾਫ ਹੈ। ਖਰੀ ਗੱਲ ਸੁਣ ਕੇ ਉਸਦਾ ਮੇਰੇ ਉੱਪਰ ਵਿਸ਼ਵਾਸ ਮਜ਼ਬੂਤ ਹੋ ਗਿਆ ਅਤੇ ਉਹ ਆਪਣੇ ਦੁੱਖ ਸੁਖ ਮੇਰੇ ਨਾਲ ਹਰ ਪੇਸ਼ੀ ਉੱਤੇ ਸਾਂਝੇ ਕਰਨ ਲੱਗ ਪਈ। ਇੱਕ ਦਿਨ ਵਕਤ ਖਾਲੀ ਹੋਣ ਉੱਤੇ ਉਹ ਮੈਂਨੂੰ ਕਹਿਣ ਲੱਗੀ ਕਿ ਮੈਂਨੂੰ ਮੇਰੇ ਕੇਸ ਨਾਲੋਂ ਮੇਰੀ ਜਵਾਨ ਲੜਕੀ ਦੇ ਵਿਆਹ ਦੀ ਵੱਧ ਚਿੰਤਾ ਹੈ। ਕਿਤੇ ਕੋਈ ਚੰਗਾ ਘਰ ਹੋਵੇ ਤਾਂ ਦੱਸਣਾ। ਮੈਂ ਕਿਹਾ, ਜੇ ਕੋਈ ਦੱਸ ਪਈ ਤਾਂ ਜਰੂਰ ਦੱਸਾਂਗਾ।
ਉਸ ਤੋਂ ਬਾਅਦ ਇੱਕ ਦਿਨ ਉਹ ਔਰਤ ਬਹੁਤ ਹੀ ਪਰੇਸ਼ਾਨੀ ਦੀ ਹਾਲਤ ਵਿੱਚ ਕੋਲ ਆਈ। ਮੇਰੇ ਜ਼ੋਰ ਦੇਣ ਉੱਤੇ ਉਸ ਨੇ ਦੱਸਿਆ ਕਿ ਮੈਂ ਆਪਣੀ ਲੜਕੀ ਦੇ ਰਿਸ਼ਤੇ ਵਾਸਤੇ ਗੁਰਸਿੱਖ ਪਰਿਵਾਰ ਲੱਭ ਰਹੀ ਹਾਂ। ਕੱਲ੍ਹ ਅਸੀਂ ਬਠਿੰਡੇ ਇੱਕ ਗੁਰਸਿੱਖ ਪਰਿਵਾਰ ਵੇਖਿਆ ਜੋ ਹਰ ਪੱਖ ਤੋਂ ਸਾਨੂੰ ਸਾਡੀ ਲੜਕੀ ਦੇ ਕਾਬਲ ਜਾਪਦਾ ਸੀ। ਚਾਹ ਪਾਣੀ ਤੋਂ ਬਾਅਦ ਅਸੀਂ ਉਹਨਾਂ ਨੂੰ ਘਰ ਬਾਰ ਪਸੰਦ ਹੋਣ ਬਾਰੇ ਦੱਸ ਦਿੱਤਾ ਅਤੇ ਉਹਨਾਂ ਨੇ ਵੀ ਸਾਨੂੰ ਹਾਂ ਕਰ ਦਿੱਤੀ। ਲੜਕੇ ਦੇ ਬਾਪ ਨੇ ਅੱਗੇ ਗੱਲ ਚਲਾਉਂਦਿਆਂ ਆਖਿਆ, “ਵਿਆਹ ਸਮੇਂ ਅਸੀਂ ਪਰਸ਼ਾਦਾ ਪੰਗਤ ਵਿੱਚ ਬੈਠ ਕੇ ਛਕਾਂਗੇ। ਵਿਆਹ ਪੂਰਨ ਗੁਰ ਮਰਿਯਾਦਾ ਨਾਲ ਹੋਵੇਗਾ। ਅਸੀਂ ਲੋਕਾਂ ਨੂੰ ਦਿਖਾਵਾ ਨਹੀਂ ਕਰਨਾ ਪਰ ਸਾਡੇ ਘਰ ਬਾਰ ਦੇ ਹਿਸਾਬ ਨਾਲ ਅਸੀਂ ਤੁਹਾਡੇ ਤੋਂ ਪੰਜਾਹ ਕੁ ਲੱਖ ਰੁਪਏ ਦਾ ਨਗਦ ਮਾਣ-ਤਾਣ ਕਰਾ ਲਵਾਂਗੇ, ਉਹ ਵੀ ਪਰਦੇ ਨਾਲ। ਤੁਹਾਡੀ ਲੜਕੀ ਸਾਡੇ ਘਰੇ ਰਾਜ ਕਰੂ।”
ਉਸ ਤੋਂ ਬਾਅਦ ਉਹ ਮੇਰੀ ਸਲਾਹ ਪੁੱਛਣ ਲੱਗ ਪਈ ਕਿ ਮੈਂਨੂੰ ਕੀ ਕਰਨਾ ਚਾਹੀਦਾ। ਮੈਂ ਜਵਾਬ ਦਿੱਤਾ, “ਮਾਤਾ ਜੀ, ਮੇਰੇ ਵਿਚਾਰ ਮੁਤਾਬਕ ਅਜਿਹੇ ਮੁਖੌਟੇਬਾਜ਼ਾ ਨਾਲ ਤੁਹਾਨੂੰ ਰਿਸ਼ਤਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਪੰਜਾਹ ਲੱਖ ਲਾਉਣਾ ਹੀ ਹੈ, ਸ਼ਰੇਆਮ ਸਭ ਦੇ ਸਾਹਮਣੇ ਲਾਉ। ਵਿਆਹ ਪਿੱਛੋਂ ਅਜਿਹੇ ਲੋਕਾਂ ਦਾ ਲਾਲਚ ਹੋਰ ਵਧ ਜਾਂਦਾ ਹੈ। ਅਜਿਹੇ ਲਾਲਚੀ ਲੋਕਾਂ ਦੇ ਘਰ ਤੁਹਾਡੀ ਲੜਕੀ ਖੁਸ਼ ਰਹਿ ਹੀ ਨਹੀਂ ਸਕਦੀ। ਤੁਸੀਂ ਆਪਣੀ ਲੜਕੀ ਵਾਸਤੇ ਆਪ ਸਮੱਸਿਆ ਖੜ੍ਹੀ ਕਰ ਰਹੇ ਹੋ। ਇਸ ਤਰ੍ਹਾਂ ਦੇ ਲੋਕ ਹੀ ਅਦਾਲਤਾਂ, ਪੰਚਾਇਤਾਂ ਅਤੇ ਰਿਸ਼ਤੇਦਾਰਾਂ ਵਿੱਚ ਸਾਬਤ ਕਰ ਦਿੰਦੇ ਨੇ ਕਿ ਵਿਆਹ ਉੱਤੇ ਖਰਚ ਤਾਂ ਹੋਇਆ ਹੀ ਨਹੀਂ ਅਤੇ ਉਹ ਇਹ ਵੀ ਸਾਬਤ ਕਰਨ ਵਿੱਚ ਸਫਲ ਹੁੰਦੇ ਹਨ ਕਿ ਉਹ ਲਾਲਚੀ ਨਹੀਂ, ਦਹੇਜ ਖਿਲਾਫ ਹਨ। ਇਹ ਲੋਕ ਆਮ ਲੋਕਾਂ ਸਾਹਮਣੇ ਆਪਣੇ ਆਪ ਨੂੰ ਧਰਮੀ ਅਤੇ ਸ਼ਰੀਫ ਸਾਬਤ ਕਰਨ ਵਿੱਚ ਸਫਲ ਹੋ ਜਾਂਦੇ ਹਨ।”
**
ਕੁਝ ਸਮੇਂ ਪਿੱਛੋਂ ਉਸ ਔਰਤ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਪਾਸੋਂ ਮੈਨੂੰ ਪਤਾ ਲੱਗਾ ਕਿ ਉਸ ਔਰਤ ਨੇ ਆਪਣੀ ਲੜਕੀ ਦਾ ਵਿਆਹ ਉਸ ‘ਗੁਰਸਿੱਖ’ ਪਰਿਵਾਰ ਵਿੱਚ ਨਹੀਂ ਕੀਤਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1815)
(ਸਰੋਕਾਰ ਨਾਲ ਸੰਪਰਕ ਲਈ: