“ਅਸਲ ਵਿੱਚ ਰੌਲਾ ਜ਼ਮੀਨ ਦੀ ਵੰਡ ਦਾ ਹੈ। ਵੱਡਾ ਭਰਾ ਕਿਉਂਕਿ ਕਲੇਸੀ ਹੈ, ਉਸ ਤੋਂ ...”
(23 ਮਈ 2020)
ਕਾਫੀ ਅਰਸਾ ਪਹਿਲਾਂ ਮੇਰੀ ਨਜ਼ਰ ਅਖਬਾਰ ਦੀ ਇੱਕ ਖਬਰ ਉੱਤੇ ਪਈ ਜਿਸ ਵਿੱਚ ਉੱਚ ਅਧਿਕਾਰੀਆਂ ਨੇ ਆਪਣੇ ਮਾਤਹਿਤ ਇੱਕ ਪੁਲਿਸ ਅਧਿਕਾਰੀ ਨੂੰ ਔਰਤਾਂ ਦੇ ਇੱਕ ਗਿਰੋਹ ਨਾਲ ਰਲ ਕੇ ਲੋਕਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਸੀ। ਇਹ ਗਿਰੋਹ ਹਨੀ ਟਰੈਪ ਰਾਹੀਂ ਲੋਕਾਂ ਨੂੰ ਵਰਗਲਾ ਲੈਂਦਾ ਸੀ। ਤੁਰੰਤ ਉਹ ਅਧਿਕਾਰੀ ਛਾਪਾ ਮਾਰ ਲੈਂਦਾ ਸੀ ਤੇ ਇੱਜ਼ਤ ਖੁੱਸਣ ਦੇ ਡਰੋਂ ਭਾਰੀ ਰਕਮ ਵਸੂਲ ਕਰਕੇ ਛੱਡ ਦਿੱਤਾ ਜਾਂਦਾ ਸੀ। ਪਹਿਲਾਂ ਵੀ ਇਸ ਅਧਿਕਾਰੀ ਵੱਲੋਂ ਬਹੁਤ ਸਾਰੇ ਕੇਸਾਂ ਵਿੱਚ ਤਫਤੀਸ਼ ਕੀਤੀ ਸੀ। ਬਹੁਤ ਸਾਰੇ ਕੇਸ ਸ਼ੱਕ ਦੇ ਘੇਰੇ ਵਿੱਚ ਸਨ। ਸਾਡੇ ਸਮਾਜ ਦੇ ਲੋਕ ਛੇਤੀ ਕੀਤਿਆਂ ਕਿਸੇ ਅਜਿਹੇ ਘਿਨਾਉਣੇ ਅਪਰਾਧ ਖਿਲਾਫ ਆਵਾਜ਼ ਨਹੀਂ ਉਠਾਉਂਦੇ। ਹਰ ਕਿਸੇ ਨੇ ਅੱਖੀਂ ਵੇਖ ਕੇ ਚਲੋ ਆਪਾਂ ਕੀ ਲੈਣਾ ਕਹਿ ਕੇ ਛੱਡ ਦੇਣਾ ਹੁੰਦਾ ਹੈ। ਫਿਰ ਅਸੀਂ ਸਿਸਟਮ ਤੋਂ ਇਨਸਾਫ ਦੀ ਉਮੀਦ ਕਰਦੇ ਹਾਂ ਜੋ ਕਿ ਸਾਡੇ ਸਹਿਯੋਗ ਬਿਨਾਂ ਸੰਭਵ ਨਹੀਂ ਹੁੰਦਾ।
ਉਸ ਅਧਿਕਾਰੀ ਦਾ ਨਾਮ ਦੇਖ ਕੇ ਮੇਰੀਆਂ ਅੱਖਾਂ ਸਾਹਮਣੇ ਉਸ ਦੇ ਕਾਰਨਾਮਿਆਂ ਦੀ ਪੂਰੀ ਤਸਵੀਰ ਘੁੰਮ ਗਈ ਕਿਉਂਕਿ ਉਹ ਮੇਰੇ ਵੱਲੋਂ ਬਚਾਅ ਪੱਖ ਦੀ ਪੈਰਵੀ ਵਾਲੇ ਕਈ ਕੇਸਾਂ ਵਿੱਚ ਤਫਤੀਸ਼ੀ ਰਹਿ ਚੁੱਕਾ ਸੀ। ਉਸ ਨੂੰ ਆਪਣੇ ਆਪ ’ਤੇ ਇੰਨਾ ਘੁਮੰਡ ਸੀ ਕਿ ਉਸ ਵਲੋਂ ਬੰਨ੍ਹਿਆ ਕੇਸ ਭਾਵੇਂ ਝੂਠਾ ਹੀ ਹੋਵੇ, ਕਦੇ ਬਰੀ ਹੋ ਹੀ ਨਹੀਂ ਸਕਦਾ। ਨੇੜਲੇ ਪਿੰਡ ਨਾਲ ਸੰਬੰਧਤ ਹੋਣ ਕਰਕੇ ਕਈ ਵਾਰ ਆਪਣੇ ਜ਼ਮੀਨ ਜਾਇਦਾਦ ਦੇ ਮਸਲਿਆਂ ਵਿੱਚ ਉਹ ਮੇਰੇ ਕੋਲੋਂ ਮਸ਼ਵਰਾ ਲੈਣ ਵੀ ਆ ਜਾਂਦਾ ਸੀ। ਅਪਰਾਧਿਕ ਕੇਸਾਂ ਵਿੱਚ ਤਫਤੀਸ਼ ਦੌਰਾਨ ਉਹ ਮੇਰੇ ਇੱਕ ਬਹੁਤ ਹੀ ਕਾਬਲ ਦੋਸਤ ਵਕੀਲ ਦੀ ਰਹਿਨੁਮਾਈ ਲੈਂਦਾ ਸੀ। ਉਸ ਨੇ ਦੋ ਸਕੇ ਭਰਾਵਾਂ ਦੀ ਲੜਾਈ ਦਾ ਇੱਕ ਮੁਕੱਦਮਾ ਦਰਜ ਕੀਤਾ ਸੀ, ਜਿਸ ਮੁਤਾਬਿਕ ਇੱਕ ਭਰਾ ਵੱਲੋਂ ਦੂਸਰੇ ਭਰਾ ਦੇ ਮੱਥੇ ਵਿੱਚ ਕਸੀਆ (ਨਰਮਾ ਗੁੱਡਣ ਵਾਲਾ ਖੇਤੀਬਾੜੀ ਸੰਦ) ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਮੈਡੀਕਲ ਰਿਪੋਰਟ ਆਉਣ ’ਤੇ ਆਈ.ਪੀ.ਸੀ. ਦੀ ਧਾਰਾ 325 ਦੇ ਅਧੀਨ ਮੁਕੱਦਮਾ ਦਰਜ ਹੋਇਆ ਸੀ। ਦੋ ਦਿਨ ਬਾਅਦ ਮੁਦਈ ਨੂੰ ਹੋਸ਼ ਆਈ ਸੀ। ਮੌਕੇ ਦੀ ਗਵਾਹ ਜ਼ਖਮੀ ਭਰਾ ਦੀ ਪਤਨੀ ਰੱਖ ਲਈ ਗਈ ਸੀ।
ਅਦਾਲਤ ਵਿੱਚ ਕੇਸ ਗਵਾਹੀ ਦੀ ਸਟੇਜ ’ਤੇ ਆਇਆ ਤਾਂ ਮੈਂ ਬਚਾਅ ਪੱਖ ਵੱਲੋਂ ਪੇਸ਼ ਹੋਇਆ। ਅਦਾਲਤ ਨੇ ਵੀ ਦੇਖਿਆ ਕਿ ਛੋਟੇ ਭਰਾ ਵੱਲੋਂ ਵੱਡੇ ਭਰਾ ਦੇ ਸੱਟ ਮਾਰਨੀ ਜ਼ਾਹਰ ਹੋਈ ਹੈ, ਕਿਉਂ ਨਾ ਕਿਸੇ ਤਰੀਕੇ ਨਾਲ ਝਗੜਾ ਨਿਬੇੜਿਆ ਜਾਵੇ। ਬੜੇ ਹੀ ਨਿੱਘੇ ਸੁਭਾਅ ਦੇ ਕਾਬਲ ਜੱਜ ਸਾਹਬ ਨੇ ਛੋਟੇ ਭਰਾ ਨੂੰ ਕਿਹਾ ਕਿ ਵੱਡੇ ਭਰਾ ਤੇ ਭਰਜਾਈ ਤੋਂ ਮੁਆਫੀ ਮੰਗ ਲੈ। ਮੇਰੇ ਸਾਇਲ ਨੇ ਦੋਵਾਂ ਦੇ ਪੈਰੀਂ ਹੱਥ ਵੀ ਲਾ ਦਿੱਤੇ ਪਰ ਵੱਡਾ ਭਰਾ ਨਾ ਮੰਨਿਆ। ਪੁਰਜ਼ੋਰ ਕੋਸ਼ਿਸ਼ ਕਰਨ ’ਤੇ ਵੀ ਝਗੜਾ ਨਾ ਨਿੱਬੜਿਆ। ਮੇਰੇ ਵੱਲੋਂ ਵੀ ਮੁਦਈ ਧਿਰ ਨਾਲ ਗੱਲ ਵਿਰੋਧੀ ਵਕੀਲ ਰਾਹੀਂ ਕੀਤੀ ਗਈ ਤਾਂ ਗੱਲ ਸਾਹਮਣੇ ਆਈ ਕਿ ਤਫਤੀਸ਼ੀ ਨੇ ਬਹੁਤ ਖਰਚਾ ਕਰਾ ਦਿੱਤਾ ਸੀ। ਇਸ ਨਾਲ ਕੇਸ ’ਤੇ ਸ਼ੱਕ ਦੀ ਸੂਈ ਘੁੰਮਦੀ ਸੀ। ਮੈਂ ਦੋਸ਼ੀ ਨਾਲ ਕੇਸ ਬਾਰੇ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਤਾਂ ਸੱਟ ਮਾਰੀ ਹੀ ਨਹੀਂ ਸੀ। ਵੱਡਾ ਭਰਾ ਡਿੱਗ ਕੇ ਕਿਤੋਂ ਸੱਟ ਲਵਾ ਆਇਆ ਸੀ, ਰਸਤੇ ਵਿੱਚ ਕਈ ਬੰਦਿਆਂ ਨੂੰ ਵੀ ਮਿਲਿਆ ਸੀ, ਇਹ ਮੁਕੱਦਮਾ ਤਾਂ ਤਫਤੀਸ਼ੀ ਨੇ ਝੂਠਾ ਬਣਾ ਦਿੱਤਾ। ਅਸਲ ਵਿੱਚ ਰੌਲਾ ਜ਼ਮੀਨ ਦੀ ਵੰਡ ਦਾ ਹੈ। ਵੱਡਾ ਭਰਾ ਕਿਉਂਕਿ ਕਲੇਸੀ ਹੈ, ਉਸ ਤੋਂ ਸਾਰੇ ਡਰਦੇ ਨੇ। ਉਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਇਨਕੁਆਰੀ ਇਸ ਕਰਕੇ ਕਰਾਈ ਨਹੀਂ ਕਿਉਂਕਿ ਉਸਦੇ ਭਰਾ ਤੋਂ ਡਰਦਿਆਂ ਕਿਸੇ ਨੇ ਗਵਾਹੀ ਨਹੀਂ ਦੇਣੀ ਸੀ। ਭਾਵੇਂ ਕਿ ਸਫਾਈ ਦੇ ਗਵਾਹ ਦੀ ਅਦਾਲਤ ਵਿੱਚ ਵੀ ਲੋੜ ਪੈਣੀ ਸੀ। ਪਰ ਸਾਰਾ ਦਾਰੋਮਦਾਰ ਮੁਦਈ ਧਿਰ ਦੀ ਗਵਾਹੀ ’ਤੇ ਟਿਕਿਆ ਸੀ।
ਤਫਤੀਸ਼ੀ ਨੂੰ ਵੀ ਗਵਾਹੀ ਵਾਸਤੇ ਸੰਮਨ ਹੋ ਗਏ। ਮੁਦਈ ਧਿਰ ਦੇ ਤਫਤੀਸ਼ੀ ਸਮੇਤ ਮੁਦਈ ਤੇ ਉਸ ਦੀ ਪਤਨੀ ਤਿੰਨ ਹੀ ਅਹਿਮ ਗਵਾਹ ਸਨ। ਦੋ ਤਿੰਨ ਵਾਰ ਅਦਾਲਤ ਵਿੱਚ ਕਿਸੇ ਕਾਰਨ ਗਵਾਹੀ ਨਾ ਹੋ ਸਕੀ, ਗਵਾਹਾਂ ਨੂੰ ਮੁੜਨਾ ਪਿਆ। ਮੈਂ ਤਫਤੀਸ਼ੀ ਨੂੰ ਕਿਹਾ ਕਿ ਕੋਸ਼ਿਸ਼ ਕਰ, ਇਹਨਾਂ ਦਾ ਝਗੜਾ ਨਿੱਬੜ ਜਾਵੇ। ਉਸ ਦਾ ਜਵਾਬ ਸੀ ਕਿ ਦੋਸ਼ੀ ਲੈ ਦੇ ਕੇ ਨਿਬੇੜ ਲਵੇ, ਨਹੀਂ ਤਾਂ ਵਕੀਲ ਸਾਹਬ, ਮੇਰਾ ਬੰਨ੍ਹਿਆ ਇਹ ਕੇਸ ਹੈ, ਸਜ਼ਾ ਜ਼ਰੂਰ ਹੋਵੇਗੀ। ਇਹ ਤਾਂ ਭੁੱਲ ਹੀ ਜਾਵੋ ਕਿ ਤੁਸੀਂ ਦੋਸ਼ੀ ਨੂੰ ਬਰੀ ਕਰਵਾ ਲਵੋਗੇ। ਮੈਂ ਉਸ ਦੀ ਚੁਨੌਤੀ ਸਵੀਕਾਰ ਕਰ ਲਈ ਕਿ ਦੇਖਦੇ ਹਾਂ ਕੀ ਬਣਦਾ। ਅਗਲੀ ਪੇਸ਼ੀ ’ਤੇ ਮੇਰੇ ਵੱਲੋਂ ਕੇਸ ਨੂੰ ਤਸੱਲੀ ਬਖਸ਼ ਵਕਤ ਨਾ ਦੇਣ ਦੀ ਵਜਾ ਕਰਕੇ ਅਦਾਲਤ ਨੂੰ ਬੇਨਤੀ ਕਰਕੇ ਤਾਰੀਖ ਪੇਸ਼ੀ ਅੱਗੇ ਲਈ ਗਈ। ਤਫਤੀਸ਼ੀ ਨੇ ਮੈਂਨੂੰ ਫਿਰ ਕਿਹਾ ਕਿ ਹੁਣ ਤਰੀਕਾਂ ਕਿਉਂ ਲੈਂਦੇ ਹੋ। ਫਾਈਲ ’ਤੇ ਲਿਖ ਲਵੋ, ਛੁੱਟਦਾ ਨਹੀਂ ਤੁਹਾਡਾ ਸਾਇਲ।
ਅਗਲੀ ਤਾਰੀਖ ਪੇਸ਼ੀ ’ਤੇ ਮੈਂ ਪੂਰੀ ਤਿਆਰੀ ਨਾਲ ਗਿਆ। ਮੁਦਈ ਨੂੰ ਮੈਂ ਜਿਰਾਹ ਵਿੱਚ ਇਹ ਮਨਾ ਲਿਆ ਕਿ ਸੱਟ ਉਸਦੇ ਆਪਣੇ ਆਪ ਲੱਗੀ ਸੀ ਤੇ ਫਲਾਂ ਫਲਾਂ ਬੰਦਿਆਂ ਨੂੰ ਉਹ ਉਸ ਦਿਨ ਸੱਟ ਲੱਗਣ ਤੋਂ ਬਾਅਦ ਘਰ ਆਂਉਦਿਆ ਮਿਲਿਆ ਸੀ। ਪੁਲਿਸ ਦੀ ਕਹਾਣੀ ਮੁਤਾਬਕ ਉਹ ਸੱਟ ਲੱਗਣ ’ਤੇ ਮੌਕੇ ’ਤੇ ਬੇਹੋਸ਼ ਹੋ ਗਿਆ ਸੀ। ਮੌਕਾ ਏ ਵਾਰਦਾਤ ’ਤੇ ਮੌਕੇ ਦਾ ਗਵਾਹ ਹਾਜ਼ਰ ਨਹੀਂ ਸੀ, ਇਹ ਵੀ ਜਿਰਾਹ ਵਿੱਚ ਸਾਬਤ ਹੋ ਗਿਆ। ਸਭ ਤੋਂ ਅਹਿਮ ਗੱਲ ਪੁਲਿਸ ਦੀ ਕਹਾਣੀ ਮੁਤਾਬਿਕ ਸੱਟ ਖੇਤ ਵਿੱਚ ਮਾਰੀ ਗਈ ਸੀ। ਪਰ ਮੌਕੇ ਦੀ ਗਵਾਹ ਮੁਤਾਬਿਕ ਪਿੰਡ ਦੇ ਕੋਲ ਲੋਕਾਂ ਦੇ ਇਕੱਠ ਵਿੱਚ ਸੱਟ ਮਾਰੀ ਸੀ। ਮੁਦਈ ਮੁਤਾਬਿਕ ਵਾਕਾ ਖੇਤ ਤੋਂ ਦੂਰ ਕਿਸੇ ਹੋਰ ਪਿੰਡ ਦੀ ਸੜਕ ਕੋਲ ਹੋਇਆ ਸੀ। ਜਿਰਹ ਵਿੱਚ ਤਫਤੀਸ਼ੀ ਵੀ ਥਿੜਕ ਗਿਆ। ਕੁਲ ਮਿਲਾ ਕੇ ਸਫਾਈ ਤਕ ਪਹੁੰਚਦਿਆਂ ਪਹੁੰਚਦਿਆਂ ਝੂਠ ਤੋਂ ਪਰਦਾ ਮੁਕੰਮਲ ਤੌਰ ਉੱਤੇ ਚੁੱਕਿਆ ਗਿਆ।
ਆਖਰੀ ਸਮੇਂ ਦੀ ਬਹਿਸ ਸਮੇਂ ਵੀ ਤਫਤੀਸ਼ੀ ਅਦਾਲਤ ਵਿੱਚ ਹਾਜ਼ਰ ਸੀ ਕਿਉਂਕਿ ਉਹ ਨੇੜੇ ਦੇ ਥਾਣੇ ਵਿੱਚ ਹੀ ਤਾਇਨਾਤ ਸੀ। ਉਸ ਦਿਨ ਵੀ ਬਹਿਸ ਤੋਂ ਬਾਅਦ ਉਸ ਨੇ ਕਿਹਾ ਕਿ ਵਕੀਲ ਸਾਹਬ ਬਹੁਤਾ ਕੁਝ ਤੁਹਾਡੇ ਕੋਲ ਨਹੀਂ, ਸਜ਼ਾ ਪੱਕੀ ਹੈ। ਮੋਟੀਆ ਕਿਤਾਬਾਂ ਕੁਝ ਨਹੀਂ ਕਰਦੀਆਂ। ਮੇਰਾ ਉਸ ਨੂੰ ਜਵਾਬ ਸੀ ਕਿ ਜੇ ਮੋਟੀਆਂ ਕਿਤਾਬਾਂ ਨਾ ਹੋਣ, ਜੁਡੀਸ਼ੀਅਲ ਅਦਾਲਤਾਂ ਨਾ ਹੋਣ, ਤੁਸੀਂ ਥਾਣੇ ਵਿੱਚ 325 ਆਈ ਪੀ ਸੀ ਵਿੱਚ ਫਾਂਸੀ ਲਾ ਦਿਆ ਕਰੋਗੇ। ਫੈਸਲੇ ਵਾਲੇ ਦਿਨ ਵੀ ਤਫਤੀਸ਼ੀ ਕਿਸੇ ਦੋਸ਼ੀ ਨੂੰ ਪੇਸ਼ ਕਰਨ ਅਦਾਲਤ ਵਿੱਚ ਆਇਆ ਹੋਇਆ ਸੀ ਤੇ ਅਦਾਲਤ ਦੇ ਸਾਹਮਣੇ ਵਾਲੇ ਡੈਸ਼ ’ਤੇ ਹੀ ਖੜ੍ਹਾ ਸੀ। ਦੋਸ਼ੀ ਬਰੀ ਹੋ ਗਿਆ। ਮੈਂ ਅਦਾਲਤ ਦਾ ਧੰਨਵਾਦ ਕੀਤਾ ਤੇ ਤਫਤੀਸ਼ੀ ਨੂੰ ਸਿਰਫ ਯਾਦ ਕਰਾਇਆ ਕਿ ਇਸ ਕੇਸ਼ ਵਿੱਚ ਤੁਸੀਂ ਤਫਤੀਸ਼ੀ ਸੀ। ਬਾਹਰ ਆ ਕੇ ਉਹ ਕਹਿਣ ਲੱਗਾ, ਯਾਰ ਅਦਾਲਤਾਂ ਕੁਝ ਨਹੀਂ ਦੇਖਦੀਆਂ। ਇਸ ਤੋਂ ਵਧੀਆ ਕੇਸ ਬਣਾਇਆ ਨਹੀਂ ਜਾ ਸਕਦਾ। ਮੈਂ ਉਸ ਨੂੰ ਜਵਾਬ ਦਿੱਤਾ ਕਿ ਭਾਈ ਸਾਹਬ ਅਦਾਲਤਾਂ ਹੀ ਤਾਂ ਸਭ ਦੇਖ ਲੈਦੀਆਂ। ਜੇ ਤੁਸੀਂ ਦੇਖ ਲੈਂਦੇ ਤਾਂ ਇਹ ਮੁਕੱਦਮਾ ਹੀ ਅਦਾਲਤ ਵਿੱਚ ਨਾ ਆਉਂਦਾ।
ਅਖਬਾਰ ਦੀ ਖਬਰ ਪੜ੍ਹ ਕੇ ਮਹਿਸੂਸ ਕੀਤਾ ਕਿ ਗਲਤ ਕੰਮ ਕਰਨ ਵਾਲਾ ਕਦੇ ਨਾ ਕਦੇ ਕਾਨੂੰਨ ਦੇ ਸਿਕੰਜੇ ਵਿੱਚ ਜ਼ਰੂਰ ਆ ਜਾਂਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2151)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)