“ਠੇਠ ਹਰਿਆਣਵੀ ਵਿੱਚ ਅਵਾਜ਼ ਆਈ, ”ਅੱਤਵਾਦੀਉਂ ਵਾਲਾ ਨਾਮ ਸੈ ...”
(8 ਅਕਤੂਬਰ 2019)
ਕਈ ਵਾਰ ਵੋਟਾਂ ਲੈਣ ਲਈ ਕਿਸੇ ਖਾਸ ਰਾਜਨੀਤਿਕ ਪਾਰਟੀ ਵੱਲੋਂ ਕਿਸੇ ਇੱਕ ਫਿਰਕੇ ਦੇ ਖਿਲਾਫ ਗਲਤ ਪ੍ਰਚਾਰ ਕਰ ਦਿੱਤਾ ਜਾਂਦਾ ਹੈ, ਜੋ ਉਸ ਫਿਰਕੇ ਦੇ ਲੋਕਾਂ ਦੇ ਮਨਾਂ ਉੱਪਰ ਗੂੜ੍ਹਾ ਉੱਕਰਿਆ ਜਾਂਦਾ ਹੈ। ਬਾਅਦ ਵਿੱਚ ਲੱਖ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਮਨਾਂ ਦੇ ਇਹ ਫਰਕ ਦੂਰ ਨਹੀਂ ਕੀਤੇ ਜਾ ਸਕਦੇ, ਗਾਹੇ ਬਗਾਹੇ ਵਿਰੋਧੀ ਸੁਰਾਂ ਦਾ ਮਾਹੌਲ ਬਣ ਹੀ ਜਾਂਦਾ ਹੈ। ਪਰ ਰਾਜਨੀਤਿਕ ਪਾਰਟੀਆਂ ਨੂੰ ਕੀ ਲੱਗੇ, ਉਹ ਕੋਈ ਧਰਮ ਨੂੰ ਖਤਰਾ ਦੱਸ ਕੇ ਅਤੇ ਕੋਈ ਦੇਸ਼ ਨੂੰ ਖਤਰਾ ਦੱਸ ਕੇ ਲੋਕਾਂ ਨੂੰ ਗੁਮਰਾਹ ਕਰ ਕੇ ਸਰਕਾਰ ਬਣਾ ਲੈਦੀਆਂ ਹਨ। ਕਿਸੇ ਪਾਰਟੀ ਦਾ ਏਜੰਡਾ ਮੂਲ ਵਿਕਾਸ ਤੇ ਕਾਨੂੰਨ ਦਾ ਰਾਜ ਸਥਾਪਤ ਕਰਨਾ ਨਹੀਂ, ਸਿਰਫ ਸਰਕਾਰ ਬਣਾਉਣਾ ਹੈ ਅਤੇ ਸੱਤਾ ਸੁਖ ਭੋਗਣਾ ਹੈ।
ਤਿੰਨ ਦਹਾਕੇ ਪਹਿਲਾਂ ਸਾਡੇ ਇਲਾਕੇ ਵਿੱਚ ਕੋਈ ਉੱਚ ਵਿੱਦਿਆ ਵਾਲਾ ਕਾਲਜ ਨਹੀਂ ਹੁੰਦਾ ਸੀ। ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਸਾਡੇ ਇਲਾਕੇ ਦੇ ਵਿਦਿਆਰਥੀਆਂ ਨੂੰ ਹਰਿਆਣਾ ਦੇ ਸ਼ਹਿਰ ਸਿਰਸਾ ਜਾਂ ਮਾਨਸਾ ਬੱਸ ਸਫਰ ਕਰਕੇ ਉੱਚ ਵਿੱਦਿਆ ਹਾਸਲ ਕਰਨੀ ਪੈਂਦੀ ਸੀ। ਬੱਸਾਂ ਦੇ ਪਾਸ ਦੀ ਸੁਵਿਧਾ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ। ਮੇਰਾ ਇੱਕ ਮਿੱਤਰ +2 ਯਾਨੀ ਬਾਹਰ੍ਹਵੀਂ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ ਕਰਨ ਉਪਰੰਤ ਉੱਚ ਸਿੱਖਿਆ ਲਈ ਸਿਰਸਾ ਦੇ ਸਰਕਾਰੀ ਨੈਸ਼ਨਲ ਕਾਲਜ ਵਿੱਚ ਦਾਖਲ ਹੋਇਆ ਜੋ ਕਿ ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਤਹਿਤ ਹੁੰਦਾ ਸੀ। ਉਹਨਾਂ ਦਿਨਾਂ ਵਿੱਚ ਪੰਜਾਬ ਦਾ ਮਾਹੌਲ ਖੁਸ਼ਗਵਾਰ ਨਹੀਂ ਸੀ। ਕਾਲਜਾਂ ਵਿੱਚ ਰੈਗਿੰਗ ਆਮ ਗੱਲ ਹੁੰਦੀ ਸੀ। ਪੰਜਾਬ ਦੇ ਮਾਹੌਲ ਤੋਂ ਘਬਰਾ ਕੇ ਕਈ ਖਾਂਦੇ ਪੀਂਦੇ ਪੰਜਾਬੀ ਪਰਿਵਾਰ ਸਿਰਸਾ ਆਣ ਵਸੇ ਸੀ, ਕਿਉਂ ਜੋ ਸਿਰਸਾ ਪੰਜਾਬੀ ਬੋਲਦਾ ਇਲਾਕਾ ਸੀ। ਪੰਜਾਬੀ ਦੀ ਪੜ੍ਹਾਈ ਜਾਂ ਤਾਂ ਉਹਨਾਂ ਪਰਿਵਾਰਾਂ ਦੇ ਬੱਚੇ ਕਰਦੇ ਸੀ ਜਾਂ ਫਿਰ ਪੰਜਾਬ ਤੋਂ ਪੜ੍ਹ ਕੇ ਗਏ ਹੋਏ ਪੰਜਾਬ ਵਿੱਚ ਰਿਹਇਸ਼ ਰੱਖਣ ਵਾਲੇ ਵਿਦਿਆਰਥੀ।
ਮੇਰੇ ਉਸ ਮਿੱਤਰ ਦੇ ਨਾਲ ਵਾਲੇ ਬਹੁਤੇ ਵਿਦਿਆਰਥੀ ਹਰਿਆਣਵੀ ਅਤੇ ਹਰਿਆਣਾ ਦੇ ਵੱਖ ਵੱਖ ਸਕੂਲਾਂ ਤੋਂ ਪੜ੍ਹੇ ਹੋਏ ਸਨ। ਪਹਿਲੇ ਦਿਨ ਹਿੰਦੀ ਦੇ ਪ੍ਰੋਫੈਸਰ ਵੱਲੋਂ ਸਾਰੇ ਵਿਦਿਆਰਥੀਆਂ ਨਾਲ ਜਾਣ ਪਛਾਣ ਕੀਤੀ ਗਈ। ਸਾਰੀ ਕਲਾਸ ਵਿੱਚ ਉਹ ਇਕੱਲਾ ਹੀ ਪੰਜਾਬ ਦੇ ਸਕੂਲ ਤੋਂ ਪੜ੍ਹਿਆ ਹੋਇਆ ਵਿਦਿਆਰਥੀ ਸੀ। ਕੁਝ ਹੋਰ ਪੰਜਾਬੀ ਵਿਦਿਆਰਥੀ ਸਿਰਸਾ ਦੇ ਹੀ ਸਕੂਲਾਂ ਦੇ ਪੜ੍ਹੇ ਹੋਏ ਸਨ। ਸਭ ਤੋਂ ਪਹਿਲਾਂ ਪ੍ਰੋਫੈਸਰ ਵੱਲੋਂ ਸਕੂਲ ਦਾ ਨਾਮ ਪੁੱਛਿਆ ਜਾਂਦਾ ਫਿਰ ਵਿਦਿਆਰਥੀ ਦਾ ਨਾਮ। ਜਦੋਂ ਮੇਰੇ ਮਿੱਤਰ ਦੀ ਵਾਰੀ ਆਈ ਤਾਂ ਉਸ ਨੇ ਆਪਣੇ ਸਕੂਲ ਦਾ ਨਾਮ ਦੱਸਿਆ ਤਾਂ ਸਾਰੀ ਕਲਾਸ ਇੱਕ ਵਾਰ ਹੱਸਣ ਲੱਗੀ। ਪਰ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਇਹ ਲੋਕ ਹੱਸ ਕਿਉਂ ਰਹੇ ਹਨ। ਬਾਅਦ ਵਿੱਚ ਉਸ ਦੇ ਪੰਜਾਬੀ ਸਹਿਪਾਠੀ ਨੇ ਦੱਸਿਆ ਕਿ ਪੰਜਾਬ ਵਿੱਚੋਂ ਆਏ ਹੋਏ ਵਿਦਿਆਰਥੀਆਂ ਨੂੰ ਇਹ ਇਸੇ ਤਰ੍ਹਾਂ ਹੀ ਚਿੜਾਉਂਦੇ ਹਨ, ਤੈਨੂੰ ਹਰਿਆਣਾ ਦੇ ਕਿਸੇ ਸਕੂਲ ਦਾ ਨਾਮ ਲੈ ਦੇਣਾ ਚਾਹੀਦਾ ਸੀ। ਉਸ ਤੋਂ ਬਾਅਦ ਜਦੋਂ ਉਸ ਨੇ ਆਪਣਾ ਨਾਮ ਦੱਸਿਆ ਤਾਂ ਨਾਮ ਦੇ ਪਿੱਛੇ ਸਿੰਘ ਸੁਣ ਕੇ ਕਲਾਸ ਵਿੱਚੋਂ ਠੇਠ ਹਰਿਆਣਵੀ ਵਿੱਚ ਅਵਾਜ਼ ਆਈ, ”ਅੱਤਵਾਦੀਉਂ ਵਾਲਾ ਨਾਮ ਸੈ।” ਸ਼ਾਇਦ ਨਾਮ ਦੇ ਪਿੱਛੇ ਸਿੰਘ ਸੁਣ ਕੇ ਕਿਸੇ ਨੇ ਅਜਿਹਾ ਕਿਹਾ ਹੋਵੇ। ਇਹ ਸੁਣ ਕੇ ਕਲਾਸ ਫਿਰ ਹੱਸਣ ਲੱਗੀ। ਇੱਕ ਵਾਰ ਤਾਂ ਉਹ ਬਹੁਤ ਪਰੇਸ਼ਾਨ ਹੋਇਆ ਕਿਉਂਕਿ ਕਾਲਜ ਦੇ ਪਹਿਲੇ ਹੀ ਦਿਨ ਉਸ ਨੂੰ ਮਾੜਾ ਤਜਰਬਾ ਹੋਇਆ ਸੀ।
ਉਹਨਾਂ ਦਿਨਾਂ ਤੱਕ ਪੰਜਾਬ ਦੇ ਗਰਮ ਮਾਹੌਲ ਦੀ ਹਵਾ ਸਿਰਸਾ ਤੱਕ ਵੀ ਪਹੁੰਚ ਗਈ ਸੀ। ਇੱਕ ਦਿਨ ਸਿਰਸਾ ਦੇ ਇੱਕ ਭੀੜ ਭਾੜ ਵਾਲੇ ਚੌਕ ਵਿੱਚ ਏ.ਕੇ. ਸੰਤਾਲੀ ਨਾਲ ਅੰਨ੍ਹੇਵਾਹ ਫਾਇਰਿੰਗ ਹੋ ਗਈ। ਉਸ ਜਗ੍ਹਾ ਤੇ ਇੱਕ ਸਿੱਖ ਟਰੱਕ ਡਰਾਇਵਰ ਜਗਦੇਵ ਸਿੰਘ ਨੇ ਇੱਕ ਫਾਇਰਿੰਗ ਕਰਨ ਵਾਲੇ ਨੂੰ ਜੱਫਾ ਮਾਰ ਲਿਆ ਤੇ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾ ਲਈਆਂ ਪਰ ਦੂਸਰੇ ਫਾਇਰਿੰਗ ਕਰਨ ਵਾਲੇ ਨੇ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਜਗਦੇਵ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਉਸੇ ਜਗ੍ਹਾ ’ਤੇ ਹੀ ਇੱਕ ਗਾਂ ਖੜ੍ਹੀ ਸੀ ਜਿਸ ਕਾਰਨ ਵੀ ਬਹੁਤ ਲੋਕਾਂ ਦੀ ਜਾਨ ਬਚ ਗਈ। ਡਿੱਗਦਿਆਂ ਡਿੱਗਦਿਆ ਵੀ ਗਾਂ ਨੇ ਖੁਦ ਵੀ ਗੋਲੀਆਂ ਝੱਲੀਆਂ ਤੇ ਬਹੁਤ ਲੋਕਾਂ ਨੂੰ ਬਚਾਇਆ। ਸਾਰਾ ਸ਼ਹਿਰ ਜਗਦੇਵ ਸਿੰਘ ਦੀ ਬਹਾਦਰੀ ਦਾ ਕਾਇਲ ਹੋ ਗਿਆ ਤੇ ਗਾਂ ਵੱਲੋਂ ਬਚਾਈਆਂ ਜਾਨਾਂ ਨੂੰ ਚਮਤਕਾਰ ਮੰਨਣ ਲੱਗਾ। ਸ਼ਹਿਰ ਵਾਸੀਆਂ ਵੱਲੋਂ ਸ਼ਹੀਦ ਜਗਦੇਵ ਸਿੰਘ ਚੌਕ ਤੇ ਗਊ ਮਾਤਾ ਮੰਦਰ ਵੀ ਸਥਾਪਿਤ ਕੀਤਾ ਗਿਆ ਜੋ ਅੱਜ ਵੀ ਉਸ ਮੰਦਭਾਗੀ ਘਟਨਾ ਦੀ ਯਾਦ ਦਿਵਾਉਂਦਾ ਹੈ।
ਇਸ ਘਟਨਾ ਤੋਂ ਬਾਅਦ ਸਿੰਘ ਨਾਮ ਵਾਲੇ ਸਾਰੇ ਪੰਜਾਬੀ ਮਾਣ ਮਹਿਸੂਸ ਕਰਨ ਲੱਗੇ। ਮੇਰਾ ਉਹ ਮਿੱਤਰ ਸਾਰੇ ਕਾਲਜ ਵਿੱਚ ਹਿੱਕ ਤਾਣ ਕੇ ਤੁਰਨ ਲੱਗ ਪਿਆ। ਹੁਣ ਵੀ ਮਿਲਣ ’ਤੇ ਉਹ ਦੱਸਦਾ ਹੈ ਕਿ ਕਾਲਜ ਦੇ ਵਿਦਿਆਰਥੀਆਂ ਦੀ ਮਾਨਸਿਕਤਾ ਮੈਂਨੂੰ ਸਮਝ ਨਹੀਂ ਆਈ। ਪਤਾ ਨਹੀਂ ਉਹ ਜਗਦੇਵ ਸਿੰਘ ਦੀ ਸ਼ਹੀਦੀ ਕਾਰਨ ਇੱਜ਼ਤ ਕਰਨ ਲੱਗ ਪਏ ਸੀ, ਪਤਾ ਨਹੀਂ ਏ.ਕੇ ਸੰਤਾਲੀ ਤੋਂ ਡਰੇ ਇੱਜ਼ਤ ਕਰਨ ਲੱਗੇ ਸੀ। ਕਾਰਨ ਸਾਫ ਸੀ ਸਭ ਜਾਣ ਗਏ ਸੀ ਕਿ ਛਾਤੀਆਂ ਉੱਤੇ ਗੋਲੀਆਂ ਖਾ ਕੇ ਸਿੰਘ ਵਾਲੇ ਨਾਮ ਵਾਲੇ ਹੀ ਕਿਸੇ ਦੀ ਰੱਖਿਆ ਕਰ ਸਕਦੇ ਹਨ। ਪਰ ਇੱਕ ਗੱਲ ਹੈ ਕਿ ਸਿੰਘ ਵਾਲੇ ਨਾਮ ਉੱਤੇ ਉਸ ਨੂੰ ਮਾਣ ਜ਼ਰੂਰ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1762)
(ਸਰੋਕਾਰ ਨਾਲ ਸੰਪਰਕ ਲਈ: