“ਪਰ ਸੋਚਣ ਵਾਲੀ ਗੱਲ ਇਹ ਹੈ ਕਿ ਧੱਕੇ ਨਾਲ ਗੱਲ ਪਈ ਮੁਸੀਬਤ ਦਾ ਕਾਨੂੰਨੀ ਹੱਲ ...”
(25 ਅਕਤੂਬਰ 2019)
ਅਜਾਦੀ ਤੋਂ ਬਾਅਦ ਪੰਜਾਬ ਦੇ ਉੱਜੜੇ ਲੋਕਾਂ ਦਾ ਵਸੇਵਾ ਕਰਾਉਣ ਦਾ ਜ਼ਿੰਮਾ ਮਹਿਕਮਾ ਮਾਲ ਪਾਸ ਸੀ। ਪੰਜਾਬ ਦੇ ਬਹੁਤੇ ਲੋਕ ਅਨਪੜ੍ਹ ਸਨ। ਪਾਕਿਸਤਾਨ ਤੋਂ ਉੱਜੜ ਕੇ ਆਏ ਲੋਕਾਂ ਨੂੰ ਜਮੀਨ ਦੀ ਅਲਾਟਮੈਂਟ ਕਰਨ ਦੀ ਜ਼ਿੰਮੇਵਾਰੀ ਮਾਲ ਮਹਿਕਮੇ ਦੀ ਹੀ ਸੀ। ਉਸ ਵੇਲੇ ਦੇ ਤਹਿਸੀਲਦਾਰ ਅਤੇ ਪਟਵਾਰੀ ਦਾ ਉੱਜੜੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਤਿਕਾਰ ਹੁੰਦਾ ਸੀ। ਬੜੀ ਵੱਡੀ ਜ਼ਿੰਮੇਵਾਰੀ ਮਹਿਕਮਾ ਮਾਲ ਦੇ ਕਰਮਚਾਰੀਆ ਨੇ ਨਿਭਾਈ ਸੀ। ਹੌਲੀ ਹੌਲੀ ਸਾਡੇ ਸਰਕਾਰੀ ਮਹਿਕਮੇ ਲੀਡਰਾਂ ਦੇ ਕਮਾਊ ਪੁੱਤ ਬਣਕੇ ਕੰਮ ਕਰਨ ਲੱਗੇ। ਪੁਲਿਸ ਥਾਣਿਆਂ, ਸੱਬ ਰਜਿਸਟਰਾਰ ਤੇ ਜ਼ਿਆਦਾ ਕਮਾਈ ਵਾਲੇ ਦਫਤਰਾਂ ਦੀਆਂ ਬੋਲੀਆਂ ਲੱਗਣ ਲੱਗੀਆਂ। ਮੁਲਾਜ਼ਮਾਂ ਦੀਆਂ ਯੂਨੀਅਨਾਂ ਬਣ ਗਈਆਂ। ਕੋਈ ਮੁਲਾਜ਼ਮ ਗਲਤ ਕੰਮ ਕਰਦਾ ਹੈ ਤਾਂ ਵੀ ਯੂਨੀਅਨ ਉਸ ਦੇ ਹੱਕ ਵਿੱਚ ਹੀ ਖੜ੍ਹਦੀ ਹੈ। ਅਜਿਹਾ ਹੀ ਮੇਰੇ ਆਪਣੇ ਕਿੱਤੇ ਵਿੱਚ ਵੀ ਹੈ। ਸਹੀ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਝੂਠੀਆਂ ਸ਼ਿਕਾਇਤਾਂ ਕਰਾਈਆਂ ਜਾਂਦੀਆਂ ਹਨ।
ਅਰਸਾ ਦਰਾਜ਼ (ਬਹੁਤ ਸਮਾਂ) ਪਹਿਲਾਂ ਸਰਦੂਲਗੜ ਦੇ ਨੇੜੇ ਇੱਕ ਪਿੰਡ ਵਿੱਚ ਦੋ ਸਕੇ ਭਰਾ ਸੰਤ ਸਿੰਘ ਤੇ ਬੰਤ ਸਿੰਘ ਰਹਿੰਦੇ ਸਨ। ਸੰਤ ਸਿੰਘ ਨਾਮ ਵਾਲਾ ਭਰਾ ਸੁਭਾਅ ਪੱਖੋਂ ਵੀ ਸੰਤ ਹੀ ਸੀ। ਉਸ ਨੇ ਆਪਣੇ ਹੱਥੀਂ ਬਲਦਾਂ ਨਾਲ ਖੇਤੀ ਕਰਕੇ ਖੁਦ ਕੁਝ ਜਮੀਨ ਖਰੀਦੀ ਸੀ। ਮੇਰੇ ਕੋਲ ਉਹ ਵਿਅਕਤੀ ਫਰਦ ਵਿੱਚੋਂ ਆਪਣੀ ਜਮੀਨ ਦਾ ਪਤਾ ਕਰਾਉਣ ਆਇਆ। ਰਿਕਾਰਡ ਦੀ ਘੋਖ ਕਰਨ ’ਤੇ ਪਤਾ ਲੱਗਾ ਕਿ ਮਾਲ ਮਹਿਕਮੇ ਵੱਲੋਂ ਚਾਰ ਸਾਲਾ ਬਣਾਉਣ ਸਮੇਂ ਇੱਕ ਅੱਖਰ (ਸੱਸਾ ਤੋਂ ਬੱਬਾ) ਦਾ ਹੇਰ ਫੇਰ ਕਰਕੇ ਬੰਤ ਸਿੰਘ ਫਿੱਟ ਕਰ ਦਿੱਤਾ ਗਿਆ ਸੀ। ਪਿਤਾ ਅਤੇ ਦਾਦੇ ਦਾ ਨਾਮ ਮਿਲਦਾ ਹੋਣ ਕਰਕੇ ਬੰਤ ਸਿੰਘ ਰਿਕਾਰਡ ਮਾਲ ਵਿੱਚ ਮਾਲਕ ਕਾਬਜ਼ ਜ਼ਾਹਰ ਕਰ ਦਿੱਤਾ ਗਿਆ ਸੀ। ਇਸ ਤੋਂ ਉਪਰੰਤ ਬੰਤ ਸਿੰਘ ਨੇ ਆਪਣੇ ਪੁੱਤਰ ਦੇ ਨਾਮ ਮਲਕੀਅਤ ਤਬਦੀਲ ਕਰਵਾ ਕੇ ਉਸ ਨੂੰ ਮਾਲਕ ਬਣਾ ਦਿੱਤਾ ਸੀ। ਰਿਕਾਰਡ ਮਾਲ ਵਿੱਚ ਬੰਤ ਸਿੰਘ ਦਾ ਲੜਕਾ ਮਾਲਕ ਕਾਬਜ਼ ਜ਼ਾਹਰ ਹੋ ਗਿਆ ਸੀ।
ਅਸੀਂ ਪੁਲਿਸ ਮਹਿਕਮੇ ਕੋਲ ਅਪਰਾਧਿਕ ਮਾਮਲਾ ਦਰਜ ਕਰਾਉਣ ਲਈ ਪਹੁੰਚ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਮਾਲ ਵਿਭਾਗ ਕੋਲ ਰਿਕਾਰਡ ਦਰੁਸਤ ਕਰਨ ਦੀ ਪਹੁੰਚ ਕੀਤੀ ਤਾਂ ਉਹ ਵੀ ਨਹੀਂ ਕੀਤਾ ਗਿਆ। ਉਸ ਤੋਂ ਬਾਅਦ ਦੀਵਾਨੀ ਦਾਵਾ ਦਾਇਰ ਕੀਤਾ ਗਿਆ। ਮੁਢਲੀ ਨਜ਼ਰੇ ਹੀ ਰਿਕਾਰਡ ਮਾਲ ਮੁਦਈ ਧਿਰ ਨੂੰ ਸਪੋਰਟ ਕਰਦਾ ਸੀ ਕਿਉਂਕਿ ਮੁਦਈ ਨੇ ਬੈਨਾਮੇ ਰਾਹੀਂ ਖੁਦ ਆਪਣੀ ਮਿਹਨਤ ਦੀ ਕਮਾਈ ਨਾਲ ਜਮੀਨ ਖਰੀਦੀ ਸੀ। ਪਰ ਜਿਵੇਂ ਕਹਾਵਤ ਅਨੁਸਾਰ ਕਹਿੰਦੇ ਹਨ ਕਿ ਇੱਕ ਵਾਰ ਜੰਗਲ ਵਿੱਚ ਮੱਝ ਭੱਜੀ ਜਾ ਰਹੀ ਸੀ, ਰਸਤੇ ਵਿੱਚ ਕਿਸੇ ਜਾਨਵਰ ਨੇ ਮੱਝ ਨੂੰ ਪੁੱਛਿਆ ਕਿ ਕਿਉਂ ਭੱਜ ਰਹੀ ਹੈਂ? ਮੱਝ ਦਾ ਜਵਾਬ ਸੀ ਕਿ ਜੰਗਲ ਵਿੱਚ ਪੁਲਿਸ ਆਈ ਹੋਈ ਹੈ ਤੇ ਹਾਥੀ ਨੂੰ ਲੱਭ ਰਹੀ ਹੈ। ਉਸ ਜਾਨਵਰ ਨੇ ਅੱਗੋਂ ਆਖਿਆ ਕਿ ਤੂੰ ਤਾਂ ਮੱਝ ਹੈਂ, ਪੁਲਿਸ ਤਾਂ ਹਾਥੀ ਲੱਭ ਰਹੀ ਹੈ। ਮੱਝ ਨੇ ਜਵਾਬ ਦਿੱਤਾ - ਮੈਂਨੂੰ ਇਹ ਸਾਬਤ ਕਰਨ ’ਤੇ ਵੀਹ ਸਾਲ ਲੱਗ ਜਾਣਗੇ ਕਿ ਮੈਂ ਹਾਥੀ ਨਹੀਂ, ਮੱਝ ਹਾਂ।
ਅਲਾਲਤ ਵੱਲੋਂ ਸਾਨੂੰ ਹੁਕਮ ਬੰਦੀ ਮੁਦਾਲਾ ਖਿਲਾਫ ਦੇ ਦਿੱਤਾ ਗਿਆ। ਪਰ ਬਾਅਦ ਵਿੱਚ ਤੋੜ ਵੀ ਦਿੱਤਾ ਗਿਆ। ਚਾਰ ਸਾਲ ਦੀ ਖੱਜਲ ਖੁਆਰੀ ਮਗਰੋਂ ਆਖਿਰ ਅਸੀਂ ਕੇਸ ਜਿੱਤ ਲਿਆ। ਢੇਰ ਸਾਰੀਆਂ ਗਵਾਹੀਆਂ ਕਰਾਉਣੀਆਂ ਪਈਆਂ। ਅਸੀਂ ਸਮੇਤ ਪਟਵਾਰੀ ਦੋਸ਼ੀ ਵਿਅਕਤੀਆਂ ਖਿਲਾਫ ਇਸਤਗਾਸਾ ਵੀ ਦਾਇਰ ਕੀਤਾ, ਜਿਸ ਵਿੱਚ ਸਾਰੇ ਦੋਸ਼ੀਆਨ ਸੰਮਨ ਹੋ ਗਏ। ਆਖਿਰਕਾਰ ਪਟਵਾਰੀ ਵੱਲੋਂ ਕੇਸ ਦਾ ਖਰਚਾ ਮੁਦਈ ਧਿਰ ਨੂੰ ਦੇ ਕੇ ਸੰਮਨ ਹੁਕਮ ਹਾਈਕੋਰਟ ਤੋਂ ਰੱਦ ਕਰਾਏ ਗਏ। ਮਾਲ ਮਹਿਕਮੇ ਵਾਸਤੇ ਪਹਿਲੀ ਵਾਰ ਉਲਟੀ ਗੰਗਾ ਵਹਿੰਦੀ ਦੇਖੀ। ਕਾਬਲੇ ਗੌਰ ਹੈ ਕਿ ਮੁਦਈ ਦੇ ਗੱਲ ਜੋ ਮੁਸੀਬਤ ਬੈਠੇ ਬਿਠਾਏ ਪਈ ਸੀ, ਉਸ ਨੂੰ ਮਾਲ ਮਹਿਕਮਾ ਸਮਾਂ ਰਹਿੰਦੇ ਦਰੁਸਤ ਕਰ ਸਕਦਾ ਸੀ ਪਰ ਮਹਿਕਮੇ ਵੱਲੋਂ ਬਿਨਾ ਵਜਾਹ ਆਪਣੇ ਕਰਮਚਾਰੀਆਂ ਨੂੰ ਬਚਾਉਣ ਲਈ ਪੀੜਿਤ ਧਿਰ ਨੂੰ ਮੁਕੱਦਮਿਆਂ ਵਿੱਚ ਥਕਾਉਣ ਦੀ ਕੋਸ਼ਿਸ਼ ਕੀਤੀ ਗਈ। ਹੱਕ ਤਾਂ ਮੁਦਈ ਹਾਸਲ ਕਰ ਗਿਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਧੱਕੇ ਨਾਲ ਗੱਲ ਪਈ ਮੁਸੀਬਤ ਦਾ ਕਾਨੂੰਨੀ ਹੱਲ ਵਧੀਆ ਨਹੀਂ ਸੀ ਜਿਵੇਂ ਕਿ ਫਰਾਡ ਦੇ ਕੇਸਾਂ ਵਿੱਚ ਹੁੰਦਾ ਹੈ ਦੋਸ਼ੀ ਨੂੰ ਸਜ਼ਾ ਭਾਵੇਂ ਹੋ ਜਾਵੇ ਪਰ ਮੁਦਈ ਧਿਰ ਨੂੰ ਕੀ ਹਾਸਲ ਹੁੰਦਾ ਹੈ? ਪਰਲ ਕੰਪਨੀ ਦਾ ਡਾਇਰੈਕਟਰ ਜੇਲ ਚਲਾ ਗਿਆ ਪਰ ਪੀੜਿਤ ਪਰਿਵਾਰਾਂ ਦੇ ਘਰ ਬਰਬਾਦ ਹੋ ਗਏ। ਸਹਾਰਾ ਫਰਾਡ ਵਿੱਚ ਵੀ ਪੀੜਿਤਾਂ ਦਾ ਸ਼ੋਸ਼ਣ ਸਾਡਾ ਕਾਨੂੰਨ ਹੀ ਕਰ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1782)
(ਸਰੋਕਾਰ ਨਾਲ ਸੰਪਰਕ ਲਈ: