“ਪੰਜਾਹ ਸਾਲ ਦੀ ਉਮਰ ਤੱਕ ਇਨਸਾਫ਼ ਅਤੇ ਹਕੀਕਤ ਦੇ ਵਿਚਕਾਰਲੀ ਕੰਧ ਵਿੱਚ ਟੱਕਰਾਂ ਮਾਰਦੀ ਰਹੀ ਪਰ ...”
(7 ਮਾਰਚ 2022)
ਇਸ ਸਮੇਂ ਮਹਿਮਾਨ: 343.
ਸੁਰਜੀਤ ਕੌਰ (ਫਰਜ਼ੀ ਨਾਮ) ਬੇਹੱਦ ਸਿੱਧੇ ਸੁਭਾਅ ਦੀ ਔਰਤ ਸੀ। ਕਰੀਬ ਦਸ ਸਾਲ ਪਹਿਲਾਂ ਉਹ ਖ਼ਰਚੇ ਗੁਜ਼ਾਰੇ ਦੇ ਕੇਸ ਵਿੱਚ ਮੇਰੇ ਕੋਲ ਸਹਾਇਤਾ ਲੈਣ ਲਈ ਆਈ ਸੀ। ਅਦਾਲਤ ਨੇ ਉਸ ਨੂੰ ਅਤੇ ਉਸ ਦੀ ਨਬਾਲਗ਼ ਬੱਚੀ ਨੂੰ ਮਹੀਨਾਵਾਰ ਖ਼ਰਚਾ ਗੁਜ਼ਾਰਾ ਅਦਾ ਕਰਨ ਲਈ ਉਸ ਦੇ ਪਤੀ ਨੂੰ ਆਦੇਸ਼ ਦਿੱਤਾ ਹੋਇਆ ਸੀ। ਮੈਂ ਸਿਰਫ ਤੈਅ ਹੋਏ ਖ਼ਰਚੇ ਗੁਜ਼ਾਰੇ ਦੀ ਵਸੂਲੀ ਵਾਸਤੇ ਇਜ਼ਰਾਏ ਹੀ ਦਾਇਰ ਕਰਨੀ ਸੀ। ਸੁਰਜੀਤ ਕੌਰ ਬਹੁਤ ਉਮੀਦਾਂ ਲੈ ਕੇ ਮੇਰੇ ਕੋਲ ਆਈ ਸੀ। ਉਸ ਦੀ ਬੱਚੀ ਸਕੂਲ ਵਿੱਚ ਪੜ੍ਹ ਰਹੀ ਸੀ ਜਿਸ ਕਾਰਨ ਉਸ ਦਾ ਖ਼ਰਚਾ ਵਧ ਗਿਆ ਸੀ ਪਰ ਅਦਾਲਤ ਦਾ ਹੁਕਮ ਪੁਰਾਣਾ ਹੋ ਚੁੱਕਾ ਸੀ, ਜਿਸ ਨਾਲ ਉਸ ਦਾ ਗੁਜ਼ਾਰਾ ਮੁਸ਼ਕਲ ਸੀ। ਉਸ ਦਾ ਪਤੀ ਕਾਫ਼ੀ ਖੇਤੀਯੋਗ ਜ਼ਮੀਨ ਪਰ ਰਾਜਸਥਾਨ ਵਿੱਚ ਖੇਤੀ ਕਰਦਾ ਸੀ ਤੇ ਚਲਦੇ ਕੇਸ ਦੌਰਾਨ ਹੀ ਉਸ ਨੇ ਬਗੈਰ ਤਲਾਕ ਲਏ ਦੂਸਰਾ ਵਿਆਹ ਕਰਾ ਲਿਆ ਸੀ। ਪਰ ਸਹੀ ਸਮੇਂ ’ਤੇ ਉਹ ਸਹੀ ਕਾਨੂੰਨੀ ਸਹਾਇਤਾ ਨਾ ਲੈ ਸਕਣ ਕਾਰਨ ਯੋਗ ਅਪਰਾਧਿਕ ਕਾਨੂਨੀ ਧਾਰਾਵਾਂ ਦਾ ਲਾਭ ਨਹੀਂ ਲੈ ਸਕੀ। ਮੇਰੇ ਤੱਕ ਪਹੁੰਚਣ ਤੋਂ ਪਹਿਲਾਂ ਉਹ ਆਪਣੇ ਪਤੀ ਵੱਲੋਂ ਕੀਤੇ ਸਾਰੇ ਅਪਰਾਧਿਕ ਕੰਮਾਂ ਦੀ ਮਿਆਦ ਲੰਘਾ ਚੁੱਕੀ ਸੀ। ਉਸ ਦੇ ਪਤੀ ਦੇ ਦੂਸਰੀ ਪਤਨੀ ਤੋਂ ਹੋਏ ਬੱਚੇ ਵੀ ਜਵਾਨ ਹੋ ਰਹੇ ਸਨ।
ਬੜੀ ਦਰਦ ਭਰੀ ਕਹਾਣੀ ਸੀ ਸੁਰਜੀਤ ਕੌਰ ਦੇ ਇਨਸਾਫ਼ ਤੋਂ ਵਾਂਝੇ ਰਹਿਣ ਦੀ। ਉਸ ਦਾ ਵਿਸ਼ਵਾਸ ਸਾਰੀ ਵਿਵਸਥਾ ਤੋਂ ਉੱਠ ਚੁੱਕਾ ਸੀ। ਕਦੇ ਕਦੇ ਉਸ ਨੂੰ ਮੁਕੱਦਮੇਬਾਜ਼ੀ ਵਿੱਚ ਪੈਣ ਦਾ ਬਹੁਤ ਅਫ਼ਸੋਸ ਹੁੰਦਾ। ਉਸ ਦਾ ਪਤੀ ਸ਼ਰਾਬ ਪੀ ਕੇ ਉਸ ਦੀ ਕੁੱਟ-ਮਾਰ ਕਰਦਾ। ਉਹ ਕਿੰਨਾ ਜ਼ਾਲਮ ਹੋਵੇਗਾ, ਇਸ ਦਾ ਅੰਦਾਜ਼ਾ ਸੁਰਜੀਤ ਕੌਰ ਦੀਆਂ ਬਾਂਹਾਂ, ਲੱਤਾਂ ’ਤੇ ਪਏ ਜ਼ਖ਼ਮਾਂ ਦੇ ਨਿਸ਼ਾਨਾਂ ਤੋਂ ਨਜ਼ਰ ਆਉਂਦਾ ਸੀ। ਆਪਣੇ ਪੇਕਿਆਂ ਦੇ ਘਰ ਮਜ਼ਦੂਰੀ ਕਰਕੇ ਉਸ ਨੇ ਸਿਰਫ ਇੱਕ ਦਸ ਫੁੱਟ ਚੌੜਾ ਤੇ ਪੰਦਰਾਂ ਫੁੱਟ ਲੰਬਾ ਕਮਰਾ ਬਣਾਇਆ ਸੀ, ਜੋ ਉਸ ਦੀ ਬੇਟੀ ਤੇ ਉਸ ਦੀ ਸਾਰੀ ਉਮਰ ਦੀ ਜਾਇਦਾਦ ਸੀ। ਸੁਰਜੀਤ ਕੌਰ ਦਾ ਪਤੀ ਵਧੀਆ ਜ਼ਮੀਨ ਦਾ ਮਾਲਕ ਸੀ ਅਤੇ ਆਪਣੀ ਦੂਸਰੀ ਪਤਨੀ ਨਾਲ ਚੰਗੀ ਜ਼ਿੰਦਗੀ ਗੁਜ਼ਾਰ ਰਿਹਾ ਸੀ। ਕਾਨੂੰਨ ਵਿੱਚ ਇਹ ਵਿਵਸਥਾ ਹੈ ਕਿ ਪਤਨੀ ਨੂੰ ਪਤੀ ਦੁਆਰਾ ਆਪਣੀ ਹੈਸੀਅਤ ਮੁਤਾਬਕ ਗੁਜ਼ਾਰਾ ਕਰਾਉਣ ਲਈ ਪਾਬੰਦ ਹੋਣਾ ਪਵੇਗਾ। ਕਿਤਾਬਾਂ ਵਿੱਚ ਇਹ ਲਿਖੇ ਹੋਏ ਸ਼ਬਦ ਪੜ੍ਹਨ, ਕਹਿਣ ਤੇ ਸੁਣਨ ਲਈ ਬਹੁਤ ਚੰਗੇ ਜਾਪਦੇ ਹਨ ਪਰ ਹਕੀਕਤ ਕੁਝ ਹੋਰ ਹੀ ਹੈ। ਅਮਲ ਰੂਪ ਵਿੱਚ ਇਹਨਾਂ ਕਾਨੂੰਨਾਂ ਦਾ ਲਾਭ ਲੈਣਾ ਪਾਰਸ ਲੱਭਣ ਦੀ ਨਿਆਈਂ ਹੈ। ਕਈ ਵਾਰ ਸੁਰਜੀਤ ਕੌਰ ਨਿਰਾਸ ਹੋ ਕੇ ਕਹਿਣ ਲੱਗਦੀ ਕਿ ਲੋਕ ਉਸ ਦੇ ਚਰਿੱਤਰ ਨੂੰ ਮਾੜਾ ਕਹਿ ਰਹੇ ਹਨ। ਪਰ ਮੈਂ ਅਕਸਰ ਅਦਾਲਤ ਵੱਲ ਜਾਂਦਿਆਂ ਉਸ ਨੂੰ ਰਸਤੇ ਵਿਚ ਪੈਂਦੇ ਖੇਤਾਂ ਵਿੱਚ ਮਜ਼ਦੂਰੀ ਕਰਦਿਆਂ ਤੇ ਸਖ਼ਤ ਮਿਹਨਤ ਕਰਦਿਆਂ ਦੇਖਦਾ। ਉਹ ਕਈ ਵਾਰ ਉਹ ਮੁਕੱਦਮੇਬਾਜ਼ੀ ਤੋਂ ਅੱਕ ਕੇ ਮੈਨੂੰ ਆਖ ਵੀ ਦਿੰਦੀ, “ਇਹਦੇ ਨਾਲ਼ੋਂ ਤਾਂ ਮੈਂ ਸਹੁਰੇ ਘਰ ਦਾ ਜ਼ੁਲਮ ਹੀ ਸਹਿ ਲੈਂਦੀ, ਵੱਧ ਤੋਂ ਵੱਧ ਮੈਨੂੰ ਕੁੱਟ-ਮਾਰ ਕਰਕੇ ਮਾਰ ਹੀ ਦਿੰਦੇ।” ਇਹ ਗੱਲਾਂ ਸੁਣ ਕੇ ਸਾਰੀ ਨਿਆਂ ਵਿਵਸਥਾ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਸੰਸਥਾਵਾਂ ਉੱਤੇ ਬਹੁਤ ਅਫ਼ਸੋਸ ਹੁੰਦਾ। ਇਸਦੇ ਨਾਲ ਹੀ ਆਪਣੇ ਆਪ ’ਤੇ ਵੀ ਅਫ਼ਸੋਸ ਹੁੰਦਾ ਕਿਉਂ ਜੋ ਮੈਂ ਵੀ ਇਸੇ ਵਿਵਸਥਾ ਦਾ ਇੱਕ ਛੋਟਾ ਜਿਹਾ ਹਿੱਸਾ ਹਾਂ।
ਬਹੁਤ ਕੋਸ਼ਿਸ਼ ਕਰਨ ’ਤੇ ਸੁਰਜੀਤ ਕੌਰ ਦਾ ਖ਼ਰਚਾ ਗੁਜ਼ਾਰਾ ਵਧਾਉਣ ਵਿੱਚ ਅਸੀਂ ਕਾਮਯਾਬ ਹੋ ਗਏ ਪਰ ਗੱਲ ਫਿਰ ਵਸੂਲੀ ’ਤੇ ਆ ਕੇ ਅਟਕ ਜਾਂਦੀ। ਸੁਰਜੀਤ ਕੌਰ ਲਈ ਖ਼ਰਚਾ ਗੁਜ਼ਾਰਾ ਕਿੰਨਾ ਜ਼ਰੂਰੀ ਸੀ, ਉਸ ਬਾਰੇ ਉਸ ਦੇ ਘਰੇਲੂ ਹਾਲਾਤ ਤੋਂ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਸੀ। ਬੜੀ ਉਮੀਦ ਲੈ ਕੇ ਉਹ ਖ਼ਰਚਾ ਹਾਸਲ ਕਰਨ ਲਈ ਕਚਹਿਰੀ ਅਹਾਤੇ ਵਿੱਚ ਆਉਂਦੀ ਪਰ ਉਸ ਦਾ ਪਤੀ ਕਈ ਵਾਰ ਟਾਲ ਜਾਂਦਾ, ਕਈ ਵਾਰ ਉਹ ਸੰਮਨ ਜਾਣ ’ਤੇ ਜਾਣ ਬੁੱਝ ਕੇ ਵੀ ਪੇਸ਼ ਨਾ ਹੁੰਦਾ। ਵਰੰਟ ਜਾਰੀ ਹੋਣ ’ਤੇ ਵੀ ਉਹ ਖ਼ਰਚਾ ਥੋੜ੍ਹਾ ਥੋੜ੍ਹਾ ਕਰਕੇ ਦਿੰਦਾ। ਕਈ ਵਾਰ ਉਹ ਵਰੰਟ ਤਾਮੀਲ ਕਰਨ ਵਾਲੇ ਅਧਿਕਾਰੀਆਂ ਨਾਲ ਗੰਢ ਤੁੱਪ ਕਰਕੇ ਕਈ ਕਈ ਮਹੀਨੇ ਅਦਾਲਤ ਵਿੱਚ ਹਾਜ਼ਰ ਹੀ ਨਾ ਹੁੰਦਾ। ਅਦਾਲਤ ਵਿੱਚ ਅਸੀਂ ਸੁਰਜੀਤ ਕੌਰ ਦੇ ਹਾਲਾਤ ਬਿਆਨ ਕਰਦੇ, ਹਮੇਸ਼ਾ ਉਹ ਅਦਾਲਤ ਦੇ ਦਬਕੇ ਤੋਂ ਡਰਦਾ ਖ਼ਰਚਾ ਅਦਾ ਕਰਦਾ। ਆਪ ਉਹ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਸੀ।
ਵੀਹ ਸਾਲ ਤੱਕ ਸੁਰਜੀਤ ਕੌਰ ਦੇ ਕੇਸ ਦੀ ਪੈਰਵੀ ਮੇਰੇ ਸਮੇਤ ਕਈ ਵਕੀਲਾਂ ਨੇ ਕੀਤੀ। ਇਸ ਸਮੇਂ ਦੌਰਾਨ ਬਹੁਤ ਕੁਝ ਬਦਲਿਆ। ਉਸ ਦੇ ਪਤੀ ਨੇ ਦੂਜੇ ਵਿਆਹ ਵਾਲੇ ਬੱਚੇ ਵੀ ਵਿਆਹ ਲਏ। ਪਰ ਸੁਰਜੀਤ ਕੌਰ ਨੂੰ ਆਪਣੀ ਬੇਟੀ ਦੇ ਵਿਆਹ ਦਾ ਝੋਰਾ ਲੱਗਾ ਰਹਿੰਦਾ। ਫਿਰ ਵੀ ਉਹ ਸਖ਼ਤ ਜਾਨ ਔਰਤ ਸਖ਼ਤ ਮਿਹਨਤ ਕਰਦੀ ਨਜ਼ਰ ਆਉਂਦੀ।
ਇੱਕ ਦਿਨ ਪਤਾ ਲੱਗਾ ਕਿ ਉਸ ਦੇ ਪਤੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋ ਚੁੱਕੀ ਹੈ। ਬਹੁਤ ਮੁਸ਼ਕਲ ਨਾਲ ਸੁਰਜੀਤ ਕੌਰ ਨੂੰ ਸਮਝਾਇਆ ਕਿ ਹੁਣ ਖ਼ਰਚਾ ਗੁਜ਼ਾਰਾ ਉਸ ਨੂੰ ਨਹੀਂ ਮਿਲ ਸਕਦਾ। ਉਹ ਬਹੁਤ ਨਿਰਾਸ ਹੋ ਕੇ ਅਦਾਲਤ ਵਿੱਚੋਂ ਗਈ।
ਹੁਣ ਵੀ ਕਦੇ ਕਦੇ ਮੇਰੇ ਅਦਾਲਤ ਜਾਣ ਦੇ ਰਸਤੇ ਵਿੱਚ ਸੁਰਜੀਤ ਕੌਰ ਬੁਢਾਪੇ ਦੀ ਉਮਰ ਵਿੱਚ ਮਨਰੇਗਾ ਸਕੀਮ ਅਧੀਨ ਕੰਮ ਕਰਦੀ ਨਜ਼ਰ ਪੈਂਦੀ ਹੈ। ਆਪਣੀ ਪੱਚੀ ਸਾਲ ਦੀ ਉਮਰ ਵਿੱਚ ਉਹ ਇਨਸਾਫ਼ ਲੈਣ ਤੁਰ ਪਈ ਸੀ। ਪੰਜਾਹ ਸਾਲ ਦੀ ਉਮਰ ਤੱਕ ਇਨਸਾਫ਼ ਅਤੇ ਹਕੀਕਤ ਦੇ ਵਿਚਕਾਰਲੀ ਕੰਧ ਵਿੱਚ ਟੱਕਰਾਂ ਮਾਰਦੀ ਰਹੀ ਪਰ ਇਨਸਾਫ਼ ਹਾਸਲ ਕਰਨ ਲਈ ਉਹ ਮੇਰੇ ਸਾਹਮਣੇ ਹੀ ਸੱਠ ਸਾਲ ਤੱਕ ਦੀ ਉਮਰ ਪਾਰ ਕਰ ਚੁੱਕੀ ਹੈ। ਉਸ ’ਤੇ ਨਜ਼ਰ ਪੈਂਦਿਆਂ ਹਮੇਸ਼ਾ ਉਸ ਨਾਲ ਹੋਈ ਬੇਇਨਸਾਫ਼ੀ ਉਸ ਦੇ ਨਾਲ ਖੜ੍ਹ ਹੀ ਨਜ਼ਰੀਂ ਪੈਂਦੀ ਹੈ। ਇਹ ਕਹਾਣੀ ਉਸ ਇਕੱਲੀ ਦੀ ਨਹੀਂ ਅਦਾਲਤਾਂ ਦੇ ਚੱਕਰ ਕੱਟਦੀਆਂ ਬਹੁਤ ਸਾਰੀਆਂ ਔਰਤਾਂ ਦੀ ਹੈ। ਬਹੁਤ ਸਾਰੇ ਨਵੇਂ ਕਾਨੂੰਨ ਬਣ ਕੇ ਹੋਂਦ ਵਿੱਚ ਆ ਚੁੱਕੇ ਹਨ ਜਿਨ੍ਹਾਂ ਦਾ ਕੋਈ ਬਹੁਤਾ ਅਸਰ ਨਹੀਂ ਹੈ ਪਰ ਇਸ ਵਿਵਸਥਾ ਵਿੱਚ ਸੁਧਾਰ ਕਰਨ ਲਈ ਆਗੂ ਹੱਥ ਪਤਾ ਨਹੀਂ ਕਦੋਂ ਗੂੜ੍ਹੀ ਨੀਂਦ ਵਿੱਚੋਂ ਜਾਗ ਕੇ ਇਹਨਾਂ ਔਰਤਾਂ ਦਾ ਸਹਾਰਾ ਬਣਨਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3411)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)