“ਮੈਂ ਆਪਣੇ ਖਾਣੇ ਦੇ ਡੱਬੇ ਵਿੱਚੋਂ ਰੋਟੀ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤੀ। ਉਸ ਨੇ ਰੋਟੀ ਵੱਲ ਵੇਖਿਆ ਹੀ ਨਹੀਂ ...”
(3 ਅਪਰੈਲ 2022)
ਮਹਿਮਾਨ: 21.
ਹਰ ਰੋਜ਼ ਦੀ ਤਰ੍ਹਾਂ ਮੈਂ ਅਦਾਲਤ ਜਾਣ ਵਾਸਤੇ ਮੁੱਖ ਸੜਕ ਤੋਂ ਲੰਘ ਰਿਹਾ ਸੀ। ਹਰ ਰੋਜ਼ ਮੇਰੀ ਕਾਰ ਪਿੱਛੇ ਦੌੜ ਕੇ ਮੈਨੂੰ ਫੜਨ ਦੀ ਕੋਸ਼ਿਸ਼ ਕਰਨ ਵਾਲੇ ਉਹ ਦੋ ਜਾਨਵਰ ਦਰਵੇਸ਼ ਜੋੜਾ ਕੁਝ ਦੇਰ ਭੱਜ ਕੇ ਭੌਂਕ ਕੇ ਰੁਕ ਜਾਂਦੇ। ਮੇਰੇ ਖਾਸ ਮਿੱਤਰ ਨਾਲ ਜਦੋਂ ਕਿਤੇ ਦੁਪਹਿਰ ਦਾ ਖਾਣਾ ਖਾਂਦੇ ਤਾਂ ਅਕਸਰ ਕੁਝ ਰੋਟੀਆਂ ਬਚ ਜਾਂਦੀਆਂ। ਬਚੀਆਂ ਹੋਈਆਂ ਰੋਟੀਆਂ ਨੂੰ ਉਹ ਦਰਵੇਸ਼ ਦੇ ਮੂੰਹ ਦੇਣ ਲਈ ਕਹਿੰਦਾ। ਹਰ ਰੋਜ਼ ਉਹ ਦਰਵੇਸ਼ ਜੋੜਾ ਮੇਰੀ ਕਾਰ ਵਿੱਚ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਤੱਕਦਾ। ਉਹ ਦੋਨੋਂ ਹਮੇਸ਼ਾ ਇਕੱਠੇ ਹੀ ਹਰ ਰੋਜ਼ ਉਸੇ ਜਗ੍ਹਾ ਉਸੇ ਤਰ੍ਹਾਂ ਮਿਲਦੇ ਪਰ ਮੈਂ ਕਾਰ ਭਜਾ ਕੇ ਕੋਲ਼ੋਂ ਲੰਘ ਜਾਂਦਾ। ਉਹ ਮੇਰਾ ਕੁਝ ਵਿਗਾੜ ਨਾ ਸਕਦੇ। ਮੈਨੂੰ ਜਾਪਦਾ ਕਿ ਜੇ ਰੱਬ ਨੇ ਮੈਨੂੰ ਕਾਰ ਨਾ ਦਿੱਤੀ ਹੁੰਦੀ ਤੇ ਮੈਨੂੰ ਪੈਦਲ ਲੰਘਣਾ ਪੈਂਦਾ ਤਾਂ ਇਹ ਦੋਵੇਂ ਮੈਨੂੰ ਵੱਢ ਕੇ ਖਾ ਜਾਂਦੇ। ਕਈ ਵਾਰ ਉਹ ਦੂਰ ਅਰਾਮ ਨਾਲ ਬੈਠੇ ਹੁੰਦੇ ਅਤੇ ਮੇਰੇ ਵੱਲ ਵੇਖ ਨਾ ਰਹੇ ਹੁੰਦੇ ਤਾਂ ਮੈਂ ਵੀ ਜਾਣ ਬੁੱਝ ਕੇ ਹਾਰਨ ਮਾਰ ਕੇ ਉਹਨਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ। ਉਹ ਰੋਜ਼ਾਨਾ ਵਾਂਗ ਮੇਰੇ ਪਿੱਛੇ ਪੈ ਜਾਂਦੇ। ਮੈਂ ਆਪਣੇ ਚੈਂਬਰ ਵਿੱਚ ਪਹੁੰਚ ਕੇ ਉਹਨਾਂ ਦਰਵੇਸ਼ਾਂ ਬਾਰੇ ਕੁਝ ਸਕਿੰਟ ਸੋਚਦਾ ਜ਼ਰੂਰ ਕਿ ਕੁਦਰਤ ਨੇ ਆਖਰ ਕੁਝ ਤਾਂ ਇਹਨਾਂ ਦਰਵੇਸ਼ਾਂ ਨੂੰ ਸੋਹਝ ਦਿੱਤੀ ਹੈ। ਹੋ ਸਕਦਾ ਹੈ ਮੈਂ ਇਹਨਾਂ ਦੇ ਇਲਾਕੇ ਵਿੱਚ ਦਖਲ ਅੰਦਾਜ਼ੀ ਕਰ ਰਿਹਾ ਹੋਵਾਂ ਤਾਂ ਹੀ ਉਹ ਮੈਨੂੰ ਰੋਕਣਾ ਚਾਹੁੰਦੇ ਹੋਣ। ਸਾਰਾ ਦਿਨ ਆਪਣੇ ਕੰਮ ਵਿੱਚ ਮੈਂ ਰੁੱਝ ਜਾਂਦਾ। ਵਾਪਸੀ ਸਮੇਂ ਉਹ ਫਿਰ ਮੈਨੂੰ ਉਸੇ ਤਰ੍ਹਾਂ ਮਿਲਦੇ।
ਬਹੁਤ ਦਿਨਾਂ ਤਕ ਇਹੀ ਸਿਲਸਿਲਾ ਲਗਾਤਾਰ ਜਾਰੀ ਰਿਹਾ। ਇੱਕ ਦਿਨ ਉਸ ਦਰਵੇਸ਼ ਦੀ ਸਾਥੀ ਸੜਕ ’ਤੇ ਚਿੱਤ ਪਈ ਸੀ। ਲੱਗਦਾ ਸੀ ਕੋਈ ਮੇਰੇ ਵਰਗਾ ਕਾਰ ਭਜਾ ਕੇ ਕਾਹਲ਼ੀ ਵਿੱਚ ਉਸ ਨੂੰ ਫੇਟ ਮਾਰ ਗਿਆ ਸੀ। ਦਰਵੇਸ਼ ਉਸ ਕੋਲ ਬੈਠਾ ਸੀ, ਕੁਝ ਵੀ ਕਰਨ ਤੋਂ ਅਸਮਰੱਥ, ਅਡੋਲ। ਮੈਂ ਬਹੁਤਾ ਧਿਆਨ ਨਹੀਂ ਦਿੱਤਾ। ਆਪਣੇ ਖਿਆਲਾਂ ਵਿੱਚ ਹੀ ਕਾਰ ਤੇਜ਼ ਰਫ਼ਤਾਰ ਨਾਲ ਦੌੜਾ ਕੇ ਲੰਘ ਗਿਆ। ਦਫਤਰ ਪਹੁੰਚ ਕੇ ਸੋਚਿਆ ਜ਼ਰੂਰ ਕਿ ਦਰਵੇਸ਼ ਦੁੱਖ ਵਿੱਚ ਸੀ। ਸਾਰਾ ਦਿਨ ਬੇਚੈਨੀ ਨਾਲ ਲੰਘਿਆ। ਮੈਂ ਆਪਣਾ ਦੁਪਹਿਰ ਦਾ ਖਾਣਾ ਵੀ ਉਸ ਦਿਨ ਨਹੀਂ ਖਾਧਾ। ਵਾਪਸੀ ਸਮੇਂ ਦੇਖਿਆ, ਦਰਵੇਸ਼ ਅਜੇ ਵੀ ਉੱਥੇ ਹੀ ਬੈਠਾ ਸੀ ਤੇ ਆਪਣੇ ਸਾਥੀ ਦੇ ਉੱਠ ਜਾਣ ਦਾ ਇੰਤਜ਼ਾਰ ਕਰ ਰਿਹਾ ਸੀ। ਮੈਂ ਉਸ ਕੋਲ ਰੁਕਿਆ। ਉਹ ਮੈਨੂੰ ਭੌਂਕਿਆ ਨਹੀਂ, ਨਾ ਹੀ ਮੈਨੂੰ ਉਸ ਨੇ ਗੌਲ਼ਿਆ। ਮੈਂ ਆਪਣੇ ਖਾਣੇ ਦੇ ਡੱਬੇ ਵਿੱਚੋਂ ਰੋਟੀ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤੀ। ਉਸ ਨੇ ਰੋਟੀ ਵੱਲ ਵੇਖਿਆ ਹੀ ਨਹੀਂ। ਮੈਂ ਸੋਚਿਆ, ਉਸ ਨੂੰ ਜਦੋਂ ਭੁੱਖ ਲੱਗੇਗੀ ਬਾਅਦ ਵਿੱਚ ਆਪੇ ਖਾ ਲਵੇਗਾ।
ਸਵੇਰ ਵੇਲੇ ਲੰਘਣ ਸਮੇਂ ਵੀ ਉਹ ਸ਼ਾਂਤ ਚਿੱਤ ਬੈਠਾ ਸੀ ਤੇ ਕੱਲ੍ਹ ਵਾਲੀ ਰੋਟੀ ਉਸੇ ਤਰ੍ਹਾਂ ਪਈ ਸੀ। ਦੋ ਦਿਨ ਤਕ ਉਹ ਦਰਵੇਸ਼ ਆਪਣੇ ਸਾਥੀ ਦੇ ਉੱਠਣ ਦੀ ਉਡੀਕ ਕਰਦਾ ਰਿਹਾ। ਪਰ ਅਗਲੇ ਦਿਨ ਮੈਂ ਫਿਰ ਉਸ ਲਈ ਬਚਾ ਕੇ ਲਿਆਂਦੀ ਰੋਟੀ ਉਸ ਅੱਗੇ ਸੁੱਟ ਦਿੱਤੀ। ਉਸ ਨੇ ਕੁਝ ਦੇਰ ਸੋਚ ਕੇ ਅੱਧੀ ਰੋਟੀ ਖਾ ਲਈ।
ਹੁਣ ਅਕਸਰ ਅਦਾਲਤ ਜਾਂਦਿਆਂ ਉਹ ਮੇਰਾ ਇੰਤਜ਼ਾਰ ਕਰਦਾ ਹੈ। ਸ਼ਾਇਦ ਰੋਟੀ ਦਾ ਇੰਤਜ਼ਾਰ ਕਰਦਾ ਹੈ। ਸਨਿੱਚਰਵਾਰ, ਐਤਵਾਰ ਜਦੋਂ ਮੈਂ ਅਦਾਲਤ ਨਹੀਂ ਜਾਂਦਾ ਉਹ ਆਪਣਾ ਪ੍ਰਬੰਧ ਕਿਤੋਂ ਤਾਂ ਕਰਦਾ ਹੋਵੇਗਾ। ਪਰ ਹੁਣ ਉਹ ਮੇਰੀ ਕਾਰ ਪਿੱਛੇ ਭੱਜਣਾ ਭੁੱਲ ਗਿਆ ਹੈ, ਮੈਨੂੰ ਸਿਰਫ ਰੋਟੀ ਵਾਸਤੇ ਉਡੀਕਦਾ ਰਹਿੰਦਾ ਹੈ। ਮੈਂ ਦੋ ਸਤਰਾਂ ਲਿਖੀਆਂ:
ਉਮਰਾਂ ਦੇ ਵਾਅਦੇ ਸੀ ਸੱਜਣਾਂ ਦੱਸ ਕਿਉਂ ਭੁਲਾ ਦਿੱਤੇ,
ਰਾਜੇ ਸੀ ਆਪਾਂ ਦੇਸਾਂ ਵਿੱਚ ਪਰਦੇਸਾਂ ਨੇ ਰੁਲਾ ਦਿੱਤੇ।
ਮੇਰੇ ਦੋਸਤ ਮੈਨੂੰ ਕਹਿ ਰਹੇ ਸੀ ਕਿ ਦੱਸ ਤਾਂ ਸਹੀ ਤੇਰੇ ਦਿਲ ’ਤੇ ਕੀ ਸੱਟ ਲੱਗੀ ਹੈ? ਉਹਨਾਂ ਨੂੰ ਕੌਣ ਦੱਸੇ, ਲਿਖਣ ਲਈ ਜ਼ਰੂਰੀ ਨਹੀਂ ਕਿ ਦਿਲ ’ਤੇ ਸੱਟ ਲੱਗੀ ਹੋਵੇ, ਹੋ ਸਕਦਾ ਹੈ ਕਿਸੇ ਦਰਵੇਸ਼ ਵੱਲ ਵੇਖ ਕੇ ਲਿਖਿਆ ਗਿਆ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3477)
(ਸਰੋਕਾਰ ਨਾਲ ਸੰਪਰਕ ਲਈ: