“ਤੇਰਾ ਨਹੀਂ ਕਸੂਰ ਭਰਾ, ਕਸੂਰ ਤੇਰੇ ਗੋਡਿਆਂ ਦਾ ਹੈ, ਜਿਹੜੇ ਪੰਜਤਾਲੀ ਸਾਲ ਦੀ ਉਮਰ ਵਿੱਚ ...”
(5 ਮਾਰਚ 2024)
ਇਸ ਸਮੇਂ ਪਾਠਕ: 250.
ਕਦੇ-ਕਦੇ ਵੈਸੇ ਹੀ ਵਿਹਲੇ ਹੋਣ ’ਤੇ ਮੈਂ ਘਰ ਤੋਂ ਦੂਰ ਕਿਸੇ ਗੁਰਦੁਆਰੇ ਚਲੇ ਜਾਂਦਾ ਹਾਂ। ਬੰਦਾ ਭੁੱਲਾਂ ਕਰਕੇ ਕਦੇ ਮੰਨਦਾ ਨਹੀਂ, ਪਰ ਗੁਰੂ ਸਾਹਬ ਅੱਗੇ ਮੰਨਦਾ ਵੀ ਹੈ, ਅਤੇ ਭੁੱਲਾਂ ਬਖ਼ਸ਼ਾਉਂਦਾ ਵੀ ਹੈ। ਮਨ ਸ਼ਾਂਤ ਰਹਿੰਦਾ ਹੈ। ਇੱਕ ਤਾਂ ਮਨ ਇਕਾਗਰ ਰਹਿੰਦਾ ਹੈ, ਦੂਸਰਾ ਰਸਤੇ ਵਿੱਚ ਇਕੱਲਿਆਂ ਖਿਆਲਾਂ ਵਿੱਚ ਗੁਆਚਣਾ ਵੀ ਚੰਗਾ ਲਗਦਾ ਹੈ। ਪੰਜਾਹ ਕਿਲੋਮੀਟਰ ਤਕ ਦੇ ਕਿਸੇ ਗੁਰੂ ਘਰ ਜਾਣ ਲਈ ਮੈਂ ਆਪਣੇ ਵਕਤ ਵਿੱਚੋਂ ਕੁਝ ਵਕਤ ਬਚਾ ਲੈਂਦਾ ਹਾਂ। ਇਸੇ ਤਰ੍ਹਾਂ ਹੀ ਇੱਕ ਦਿਨ ਮੈਂ ਇੱਕ ਨੇੜਲੇ ਇਤਿਹਾਸਿਕ ਗੁਰਦੁਆਰੇ ਗਿਆ। ਮੱਥਾ ਟੇਕ ਕੇ ਬਾਹਰ ਸੀਮਿੰਟ ਦੀ ਕੁਰਸੀ ’ਤੇ ਬੈਠ ਕੇ ਜੁਰਾਬਾਂ ਬੂਟ ਪਾ ਲਏ। ਇਹ ਕੁਰਸੀ ਉਸ ਗੁਰੂ ਘਰ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਚਰਨ ਕੁੰਡ ਦੇ ਨੇੜੇ ਪਈ ਹੈ। ਸੰਗਤਾਂ ਚਰਨ ਕੁੰਡ ਵਿੱਚੋਂ ਹੋ ਕੇ ਪੌੜੀਆਂ ਚੜ੍ਹ ਕੇ ਦਰਬਾਰ ਸਾਹਬ ਮੱਥਾ ਟੇਕਦੀਆਂ ਹਨ। ਚਰਨ ਕੁੰਡ ਦੇ ਦੂਸਰੇ ਪਾਸੇ ਪੀਣ ਵਾਲੇ ਪਾਣੀ ਦਾ ਕੂਲਰ ਲੱਗਾ ਹੋਇਆ ਹੈ ਤੇ ਨਾਲ ਹੀ ਹੱਥ ਧੋਣ ਲਈ ਟੂਟੀਆਂ ਦਾ ਪ੍ਰਬੰਧ ਕੀਤਾ ਹੋਇਆ ਹੈ।
ਜੁਰਾਬਾਂ ਬੂਟ ਪਾ ਕੇ ਚਰਨ ਕੁੰਡ ਵਿੱਚ ਚੱਲ ਰਹੀ ਟੂਟੀ ਤੋਂ ਮੈਂ ਹੱਥ ਧੋ ਲਏ। ਸਾਹਮਣੇ ਖੜ੍ਹੇ ਹੋਏ ਸੇਵਾਦਾਰ ਨੇ ਬੜੀ ਕੜਕਦਾਰ ਆਵਾਜ਼ ਵਿੱਚ ਕਿਹਾ, “ਇਹ ਕੀ ਕਰ’ਤਾ? ਹੱਥ ਧੋਣ ਲਈ ਪਰ੍ਹਾਂ ਟੂਟੀਆਂ ਲੱਗੀਆਂ ਨੇ, ਚਰਨ ਕੁੰਡ ਦਾ ਜਲ ਪਲੀਤ ਕਰ’ਤਾ, ਮਰਿਯਾਦਾ ਭੰਗ ਕਰ’ਤੀ।”
ਮੈਨੂੰ ਉਸ ਵਕਤ ਜੋ ਸੁੱਝੀ, ਮੈਂ ਕਿਹਾ, “ਬਾਬਾ ਜੀ ਮੁਆਫ ਕਰਨਾ, ਗਲਤੀ ਹੋ ਗਈ।” ਤੇ ਗੱਲ ਆਈ ਗਈ ਹੋ ਗਈ।
ਦਸ ਪੰਦਰਾਂ ਮਿੰਟ ਉਸੇ ਹੀ ਕੁਰਸੀ ’ਤੇ ਬੈਠ ਕੇ ਮੈਂ ਸੋਚਣ ਲੱਗਾ ਕਿ ਮੈਂ ਅਜਿਹੀ ਕਿਹੜੀ ਬੱਜਰ ਗਲਤੀ ਕੀਤੀ ਹੈ? ਇਹ ਮਰਿਯਾਦਾ ਕਦੋਂ ਤੋਂ ਬਣੀ ਹੋਵੇਗੀ? ਗਲਤੀ ਤਾਂ ਮੇਰੀ ਸੀ ਕਿ ਹੱਥ ਧੋਣ ਲਈ ਜੋ ਟੂਟੀਆਂ ਲੱਗੀਆਂ ਸੀ, ਮੈਨੂੰ ਉੱਥੇ ਜਾਣਾ ਚਾਹੀਦਾ ਸੀ। ਪਰ ਇਹ ਵੀ ਸਮਝ ਨਹੀਂ ਆਇਆ ਕਿ ਚਰਨ ਕੁੰਡ ਦੀ ਟੂਟੀ ਦੇ ਪਾਣੀ ਨਾਲ ਸਿਰਫ ਪੈਰ ਹੀ ਧੋਤੇ ਜਾ ਸਕਦੇ ਹੋਣ ਤੇ ਹੱਥ ਧੋਣ ਨਾਲ ਕੋਈ ਧਰਮ ਵਿਰੁੱਧ ਕੰਮ ਹੋ ਜਾਂਦਾ ਹੋਵੇ। ਜਿਸ ਹਿਸਾਬ ਨਾਲ ਮੈਨੂੰ ਝਿੜਕ ਪਈ ਸੀ, ਲਗਦਾ ਸੀ ਜਿਵੇਂ ਪੰਥ ਖ਼ਤਰੇ ਵਿੱਚ ਆ ਗਿਆ ਹੋਵੇ। ਸੇਵਾਦਾਰ ਬੜਾ ਰੋਹਬਦਾਰ, ਬਾਣੇ ਵਿੱਚ ਸਜਿਆ ਹੋਇਆ ਸਸ਼ਤਰਧਾਰੀ ਸਿੰਘ ਸੀ। ਚੰਗਾ ਕੀਤਾ ਮੁਆਫੀ ਮੰਗ ਲਈ। ਪਰ ਮੈਨੂੰ ਅੱਜ ਤਕ ਨਹੀਂ ਪਤਾ ਲੱਗਾ ਕਿ ਟੂਟੀਆਂ ਤੋਂ ਹੱਥ ਧੋਣ ਵਾਲੀ ਮਰਿਯਾਦਾ ਕਦੋਂ ਬਣੀ ਤੇ ਕਿਸ ਨੇ ਬਣਾਈ।
ਇੱਕ ਗੱਲ ਹੋਰ ਯਾਦ ਆ ਗਈ। ਗੁਰਦੁਆਰੇ ਦੇ ਅੰਦਰ ਅਰਦਾਸ ਹੋ ਰਹੀ ਸੀ। ਅਰਦਾਸ ਸੰਪੂਰਨ ਹੋਣ ਤੋਂ ਬਾਅਦ ਮੇਰੇ ਨਾਲ ਗਏ ਮਿੱਤਰ ਦੇ ਗੋਡੇ ਦੁਖਦੇ ਹੋਣ ਕਰਕੇ ਉਸ ਤੋਂ ਝੁਕਿਆ ਨਾ ਗਿਆ, ਪਰ ਫਿਰ ਵੀ ਉਹਨੇ ਗੁਰੂ ਦਾ ਸਤਿਕਾਰ ਕਰਦਿਆਂ ਹੱਥ ਜੋੜ ਕੇ ਸਿਰ ਝੁਕਾ ਦਿੱਤਾ। ਨੇੜੇ ਹੀ ਕਥਾਵਾਚਕ ਅਰਦਾਸ ਵਿੱਚ ਖੜ੍ਹੇ ਸੀ। ਪਹਿਲਾਂ ਤਾਂ ਉਹ ਮੇਰੇ ਮਿੱਤਰ ਵੱਲ ਕੌੜਾ-ਕੌੜਾ ਝਾਕੇ, ਫਿਰ ਉਸ ਦਿਨ ਉਹਨਾਂ ਨੇ ਮੇਰੇ ਮਿੱਤਰ ਵੱਲ ਵੇਖ-ਵੇਖ ਅੱਧਾ ਘੰਟਾ ਕਥਾ ਇਸੇ ਵਿਸ਼ੇ ਉੱਤੇ ਕਰ ਦਿੱਤੀ ਕਿ ਗੁਰੂ ਸਾਹਬ ਦਾ ਸਤਿਕਾਰ ਇੰਝ ਕਰੋ, ਉਂਝ ਕਰੋ। ਮਰਿਯਾਦਾ ਇੰਝ ਕਹਿੰਦੀ ਹੈ, ਮਰਿਯਾਦ ਉਂਝ ਕਹਿੰਦੀ ਹੈ। ਮੇਰਾ ਮਿੱਤਰ, ਜਿਹੜਾ ਕੰਧ ਨਾਲ ਲੱਤਾਂ ਲੰਮੀਆਂ ਕਰ ਕੇ ਬੈਠਾ ਸੀ, ਉਹਨੂੰ ਲੱਗੀ ਜਾਵੇ, ਜਿਵੇਂ ਸਾਰੀ ਸੰਗਤ ਉਹਨੂੰ ਹੀ ਦੇਖੀ ਜਾਂਦੀ ਹੈ। ਉਹ ਮੈਨੂੰ ਕਹਿੰਦਾ ਕਿ ਦੇਈਏ ਬਾਬੇ ਨੂੰ ਪੰਜਾਹ ਰੁਪਏ ਤੇ ਚੱਲੀਏ।
ਬਾਹਰ ਆ ਕੇ ਮੈਂ ਆਪਣੇ ਮਿੱਤਰ ਨੂੰ ਕਿਹਾ, “ਤੇਰਾ ਨਹੀਂ ਕਸੂਰ ਭਰਾ, ਕਸੂਰ ਤੇਰੇ ਗੋਡਿਆਂ ਦਾ ਹੈ, ਜਿਹੜੇ ਪੰਜਤਾਲੀ ਸਾਲ ਦੀ ਉਮਰ ਵਿੱਚ ਜਵਾਬ ਦੇ ਗਏ ਹਨ। ਹੁਣ ਇਨ੍ਹਾਂ ਨੂੰ ਬਦਲਾ ਕੇ ਲਿਆਈਏ।”
ਮਿੱਤਰ ਬੋਲਿਆ, “ਜਿਹੜੇ ਹਿਸਾਬ ਨਾਲ ਬਾਬੇ ਨੇ ਮੈਨੂੰ ਮਰਿਯਾਦਾ ਸਿਖਾਈ ਹੈ, ਹੁਣ ਇਹ ਅੱਕ ਤਾਂ ਚੱਬਣਾ ਹੀ ਪਊ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4779)
(ਸਰੋਕਾਰ ਨਾਲ ਸੰਪਰਕ ਲਈ: (