“ਬਾਬਾ ਜੀ ਇਹਨਾਂ ਵਿੱਚੋਂ ਇੱਕ ਨਾਮ ਚੁਣ ਕੇ ਦੱਸਣਗੇ ...”
(10 ਮਾਰਚ 2020)
ਸਾਡੇ ਦੇਸ਼ ਵਿੱਚ ਸਾਧਾਂ ਦੀ ਗਿਣਤੀ ਨੌਕਰੀ ਪੇਸ਼ਾ ਲੋਕਾਂ ਨਾਲੋਂ ਜ਼ਿਆਦਾ ਹੈ। ਮੌਜੂਦਾ ਸਮੇਂ ਵਿੱਚ ਐਸ਼ ਕਰਨ ਲਾਇਕ ‘ਮਾਸਟਰੀ’ ਨਹੀਂ ਰਹੀ, ਇਹ ਮਿੱਥ ਬਦਲ ਕੇ ਐਸ਼ ਕਰਨ ਲਈ ‘ਸਾਧਗਿਰੀ’ ਹੋ ਗਈ ਹੈ। ਪਿਛਲੇ ਕੁਝ ਸਮੇਂ ਤੋਂ ਕਈ ਸਾਧ ਜੋ ਆਪਣੇ ਅਖੌਤੀ ਸਮਾਜ ਸੇਵਾ ਦੇ ਕੰਮਾਂ ਲਈ ਪ੍ਰਸਿੱਧ ਸਨ ਤੇ ਲੋਕਾਂ ਨੂੰ ਚਮਤਕਾਰ ਦਿਖਾਉਣ ਦਾ ਢੌਂਗ ਕਰਦੇ ਸੀ, ਅੱਜ ਸਲਾਖਾਂ ਪਿੱਛੇ ਖੁਦ ਕਿਸੇ ਕਾਨੂੰਨੀ ਚਮਤਕਾਰ ਦੀ ਉਡੀਕ ਵਿੱਚ ਹਨ। ਪਰ ਸਾਡੇ ਭੋਲੇ ਲੋਕ ਅੱਜ ਵੀ ਪਖੰਡੀਆਂ ਨੂੰ ਰੱਬ ਦਾ ਦਰਜਾ ਦੇ ਕੇ ਪੂਰੇ ਸਮਾਜ ਦੀ ਜੱਗ ਹਸਾਈ ਕਰਾ ਰਹੇ ਹਨ। ਉਹ ਨਹੀਂ ਜਾਣਦੇ ਕਿ ਠੱਗ ਸਾਧ ਅਖੌਤੀ ਸਮਾਜ ਸੇਵਾ ਕਾਨੂੰਨ ਦੇ ਡੰਡੇ ਤੋਂ ਬਚਣ ਲਈ ਅਤੇ ਲੋਕਤੰਤਰ ਦਾ ਦੁਰਉਪਯੋਗ ਕਰਨ ਲਈ ਵਰਤਦੇ ਹਨ। ਚੋਰਾਂ ਅਤੇ ਡਾਕੂਆਂ ਦਾ ਜੇਮਸ ਬਾਂਡ ਕਿਰਦਾਰ ਦੁਨੀਆਂ ਜਾਣਦੀ ਹੈ। ਸਭਿਅਕ ਸਮਾਜ ਵਿੱਚ ਕਾਨੂੰਨ ਸਭ ਤੋਂ ਵੱਡਾ ਹੋਣਾ ਚਾਹੀਦਾ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਹੀ ਅਪਰਾਧ ਵਧਦਾ ਫੁੱਲਦਾ ਹੈ। ਸਾਧਾਂ ਵੱਲੋਂ ਫੈਲਾਏ ਜਾ ਰਹੇ ਭਰਮ ਭੁਲੇਖੇ ਸਮਾਜ ਨੂੰ ਸਿੱਖਿਅਤ ਕਰਕੇ ਹੀ ਦੂਰ ਕੀਤੇ ਜਾ ਸਕਦੇ ਹਨ।
ਕਾਫੀ ਅਰਸਾ ਪਹਿਲਾਂ ਮੇਰੇ ਨੇੜਲੇ ਪਿੰਡ ਤੋਂ ਇੱਕ ਵਿਅਕਤੀ ਨੇ ਘਰੋਂ ਭੱਜ ਕੇ ਕਿਸੇ ਵਿਆਹੀ ਔਰਤ ਨਾਲ ਅੰਤਰਜਾਤੀ ਵਿਆਹ ਕਰ ਲਿਆ। ਉਸ ਔਰਤ ਦੇ ਪਤੀ ਨੇ ਗਰੀਬ ਹੋਣ ਕਾਰਨ ਤੇ ਕਾਨੂੰਨੀ ਝੰਜਟਾਂ ਤੋਂ ਬਚਣ ਲਈ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ। ਘਰੋਂ ਭੱਜਣ ਵਾਲਾ ਜੋੜਾ ਰਾਜਸਥਾਨ ਵਿੱਚ ਕਿਤੇ ਰਹਿਣ ਲੱਗ ਪਿਆ। ਉਸ ਵਿਅਕਤੀ ਦੇ ਪਿਤਾ ਨੇ ਗੁੱਸੇ ਵਿੱਚ ਆਪਣੀ ਸਾਰੀ ਚੱਲ ਅਚੱਲ ਜਾਇਦਾਦ ਆਪਣੇ ਦੂਸਰੇ ਪੁੱਤਰ ਨੂੰ ਰਜਿਸਟਰਡ ਵਸੀਅਤ ਰਾਹੀਂ ਦੇ ਦਿੱਤੀ। ਕਾਫੀ ਸਮਾਂ ਬੀਤਣ ਤੋਂ ਬਾਅਦ ਬਜ਼ੁਰਗ ਪਿਤਾ ਦੀ ਮੌਤ ਹੋ ਗਈ, ਜਿਸ ਦੀ ਵਿਰਾਸਤ ਵਸੀਅਤ ਮੁਤਾਬਕ ਉਸ ਦੇ ਕੋਲ ਰਹਿਣ ਵਾਲੇ ਲੜਕੇ ਨੂੰ ਚਲੀ ਗਈ ਅਤੇ ਰਿਕਾਰਡ ਮਾਲ ਵਿੱਚ ਅਮਲ ਹੋ ਗਿਆ।
ਰਿਕਾਰਡ ਮਾਲ ਵਿੱਚ ਇੰਤਕਾਲ ਮਨਜ਼ੂਰ ਹੋਣ ਤੋਂ ਕਰੀਬ ਦਸ ਸਾਲ ਬਾਅਦ ਵਿਰਾਸਤ ਹਾਸਲ ਕਰਨ ਵਾਲਾ ਭਰਾ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਦੇ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ। ਰੜਕ ਮਿਟਾਉਣ ਲਈ ਪਿੰਡ ਦੇ ਕੁਝ ਬੰਦਿਆਂ ਨੇ ਬਾਹਰ ਰਹਿੰਦੇ ਭਰਾ ਨੂੰ ਉਕਸਾ ਕੇ ਪਿਤਾ ਦੀ ਵਿਰਾਸਤ ਨੂੰ ਅਦਾਲਤ ਵਿੱਚ ਚੁਨੌਤੀ ਦਿਵਾ ਦਿੱਤੀ ਅਤੇ ਨਾਲ ਹੀ ਜੱਦੀ ਜਾਇਦਾਦ ਹੋਣ ਨੂੰ ਵੀ ਆਪਣੇ ਕੇਸ ਦਾ ਅਧਾਰ ਬਣਾ ਲਿਆ। ਲਾਭਪਾਤਰੀ ਭਰਾ ਨੂੰ ਸੰਮਨ ਹੋਣ ਤੇ ਮੈਂ ਉਸ ਵਿਅਕਤੀ ਵੱਲੋਂ ਅਦਾਲਤ ਵਿੱਚ ਬਤੌਰ ਵਕੀਲ ਪੇਸ਼ ਹੋਇਆ। ਮੇਰਾ ਸਾਇਲ ਕਿਸੇ ਤਵੀਤ ਵਾਲੇ ਸਾਧ ਦਾ ਪੱਕਾ ਚੇਲਾ ਸੀ ਜਿਹੜਾ ਕਿ ਕੇਸਾਂ ਦੇ ਸੰਬੰਧ ਵਿੱਚ ਪੁੱਛਾਂ ਦਿੰਦਾ ਸੀ। ਮੇਰੇ ਨਾਲੋਂ ਵੱਧ ਵਿਸ਼ਵਾਸ ਉਸ ਨੂੰ ਸਾਧ ਉੱਤੇ ਸੀ। ਉਸ ਦੇ ਦੱਸਣ ਮੁਤਾਬਕ ਪਹਿਲਾਂ ਸਾਧ ਨੇ ਹੀ ਮੇਰਾ ਨਾਮ ਕੇਸ ਜਿੱਤ ਸਕਣ ਵਾਲੇ ਵਕੀਲ ਵਜੋਂ ਦੱਸਿਆ ਸੀ। ਮੈਂਨੂੰ ਯਕੀਨ ਸੀ ਕਿ ਸਾਧ ਸ਼ਾਤਿਰ ਬੰਦਾ ਸੀ, ਉਸ ਨੂੰ ਮੇਰੇ ਸਾਇਲ ਨੇ ਹੀ ਮੇਰਾ ਨਾਮ ਦੱਸਿਆ ਸੀ।
ਸਾਡੇ ਕੇਸ ਦੀ ਸ਼ੁਰੂ ਤੋਂ ਹੀ ਕਾਨੂੰਨੀ ਸਥਿਤੀ ਮਜ਼ਬੂਤ ਸੀ, ਵਸੀਅਤ ਵੀ ਗਵਾਹਾਂ ਨੇ ਸਹੀ ਸਾਬਤ ਕਰ ਦਿੱਤੀ ਸੀ। ਪਰ ਬਹਿਸ ਸਮੇਂ ਮੇਰਾ ਸਾਇਲ ਵਾਰ ਵਾਰ ਅੱਗੇ ਤਰੀਕ ਲੈਣ ਲਈ ਕਹਿੰਦਾ ਰਿਹਾ ਤਾਂ ਕਿ ਸਾਧ ਕੇਸ ਜਿੱਤਣ ਦਾ ਓਹੜ ਪੋਹੜ ਕਰ ਸਕੇ। ਕੇਸ ਦਾ ਸਾਡੇ ਹੱਕ ਵਿੱਚ ਫੈਸਲਾ ਹੋਣ ’ਤੇ ਵੀ ਮੇਰੇ ਸਾਇਲ ਨੇ ਸਾਰਾ ਸਿਹਰਾ ਸਾਧ ਨੂੰ ਦੇ ਦਿੱਤਾ। ਬੜੀ ਅਹਿਸਾਨ ਫਰਾਮੋਸ਼ੀ ਵਾਲੀ ਗੱਲ ਹੈ। ਉਸ ਦਾ ਕੇਸ ਅਦਾਲਤ ਵਿੱਚ ਚਾਰ ਸਾਲ ਚਲਦਾ ਰਿਹਾ ਸੀ ਅਤੇ ਵਿਰੋਧੀ ਵਕੀਲ ਸਮੇਤ ਅਦਾਲਤ ਨੂੰ ਵੀ ਮਿਹਨਤ ਕਰਨੀ ਪਈ ਹੋਵੇਗੀ, ਪਰ ਸਾਧ ਪੱਕਿਆ ਪਕਾਇਆ ਛਕ ਗਿਆ ਸੀ।
ਮੇਰੇ ਇਸ ਕੇਸ ਦੇ ਸਾਇਲ ਨੂੰ ਦੁਬਾਰਾ ਇੱਕ ਕੇਸ ਵਿੱਚ ਵਕੀਲ ਦੀ ਜ਼ਰੂਰਤ ਪਈ। ਉਸ ਨੇ ਕਿਸੇ ਨਾਲ ਰਿਹਾਇਸ਼ੀ ਜਗਾਹ ਦਾ ਇਕਰਾਰਨਾਮਾ ਕੀਤਾ ਸੀ ਜਿਸ ਉੱਤੇ ਮੇਰੇ ਖਾਸ ਮਿੱਤਰ ਦੀ ਪਤਨੀ ਨੇ ਸਰਪੰਚ ਹੋਣ ਕਾਰਨ ਗਵਾਹੀ ਪਾਈ ਸੀ। ਕਾਨੂੰਨੀ ਰੂਪ ਵਿੱਚ ਉਹ ਬੰਦਾ ਮਾੜੀ ਸਥਿਤੀ ਵਿੱਚ ਸੀ। ਮੈਂ ਉਸ ਦੇ ਕੇਸ ਵਿੱਚ ਵਕੀਲ ਵਜੋਂ ਪੇਸ਼ ਹੋਣ ਤੋਂ ਇਸ ਵਜਾਹ ਕਰਕੇ ਇਨਕਾਰ ਕਰ ਦਿੱਤਾ ਕਿ ਭਵਿੱਖ ਵਿੱਚ ਕੇਸ ਖਿਲਾਫ ਹੋਣ ’ਤੇ ਸਾਧ ਪਤਾ ਨਹੀਂ ਕੀ ਪੁੱਠੀ ਗੱਲ ਜਚਾ ਦੇਵੇ। ਵੈਸੇ ਵੀ ਸਰਪੰਚ ਗਵਾਹ ਨਾਲ ਮੇਰੇ ਪਰਿਵਾਰਕ ਸੰਬੰਧ ਹੋਣ ਕਾਰਨ ਮੇਰੇ ਉੱਪਰ ਵਕੀਲ ਮਿਲਣ ਦਾ ਦੋਸ਼ ਲੱਗ ਸਕਦਾ ਸੀ। ਉਸ ਨੂੰ ਮੈਂ ਕਰੀਬੀ ਦੋਸਤ ਵਕੀਲ ਕੋਲ ਭੇਜ ਦਿੱਤਾ, ਜਿਸ ਨੇ ਉਸ ਕੇਸ ਤੇ ਬਹੁਤ ਮਿਹਨਤ ਕੀਤੀ। ਕਾਨੂੰਨੀ ਸਥਿਤੀ ਵਧੀਆ ਨਾ ਹੋਣ ਕਰਕੇ ਉਹ ਵਿਅਕਤੀ ਕੇਸ ਹਾਰ ਗਿਆ।
ਸ਼ਾਤਿਰ ਦਿਮਾਗ ਸਾਧ ਨੇ ਮੇਰੇ ਵੱਲੋਂ ਪੈਰਵੀ ਨਾ ਕਰਨ ਨੂੰ ਕੇਸ ਹਾਰਨ ਦਾ ਕਾਰਨ ਦੱਸਿਆ। ਅਪੀਲ ਵਾਸਤੇ ਉਹ ਬੰਦਾ ਮੇਰੇ ਕੋਲ ਆਇਆ ਤੇ ਜ਼ਿਲ੍ਹਾ ਅਦਾਲਤ ਦੇ ਪੰਜ ਸੀਨੀਅਰ ਵਕੀਲਾਂ ਦੇ ਨਾਮ ਪੁੱਛਣ ਲੱਗਾ। ਮੇਰੇ ਦੱਸਣ ’ਤੇ ਉਸ ਨੇ ਕਿਹਾ ਕਿ ਬਾਬਾ ਜੀ ਇਹਨਾਂ ਵਿੱਚੋਂ ਇੱਕ ਨਾਮ ਚੁਣ ਕੇ ਦੱਸਣਗੇ। ਬਾਬਾ ਜੀ ਨੇ ਨਾਮ ਚੁਣ ਦਿੱਤਾ ਤੇ ਸਾਇਲ ਨੂੰ ਕਹਿ ਦਿੱਤਾ ਕਿ ਬੱਸ ਹੁਣ ਤੂੰ ਅਪੀਲ ਵਿੱਚ ਜਿੱਤ ਜਾਵੇਂਗਾ। ਉਸ ਬੰਦੇ ਨੇ ਅਪੀਲੀ ਅਦਾਲਤ ਦੇ ਵਕੀਲ ਨਾਲ ਕੇਸ ਦੇ ਸੰਬੰਧ ਵਿੱਚ ਮੇਰੀ ਗੱਲ ਵੀ ਕਰਵਾਈ। ਦੋ ਦਿਨ ਬਾਅਦ ਅਪੀਲੀ ਅਦਾਲਤ ਦੇ ਵਕੀਲ ਦਾ ਮੈਂਨੂੰ ਫੋਨ ਆਇਆ ਕਿ ਇਸ ਕੇਸ ਵਿੱਚ ਲਿਖਾਉਣ ਨੂੰ ਵੀ ਕੁਝ ਨਹੀਂ। ਕਾਨੂੰਨੀ ਸਥਿਤੀ ਬੇਹੱਦ ਮਾੜੀ ਹੈ। ਮੈਂ ਉਸ ਬੰਦੇ ਨੂੰ ਸਮਝਾਉਣ ਦੀ ਵੀ ਨਾਕਾਮ ਕੋਸ਼ਿਸ਼ ਕੀਤੀ ਕਿ ਅਜਿਹੇ ਸਾਧਾਂ ਦੀ ਅੱਖ ਤੁਹਾਡੇ ਚੜ੍ਹਾਵੇ ’ਤੇ ਹੁੰਦੀ ਹੈ ਪਰ ਆਖਿਰ ਤੱਕ ਉਸ ਨੂੰ ਵਿਸ਼ਵਾਸ ਸਾਧ ਉੱਤੇ ਹੀ ਰਿਹਾ।
ਮੇਰੇ ਖਿਆਲ ਵਿੱਚ ਉਸ ਬੰਦੇ ਦਾ ਸਾਧ ਨੇ ਬਹੁਤ ਨੁਕਸਾਨ ਕੀਤਾ। ਇਕਰਾਰਨਾਮੇ ਤੋਂ ਮੁਕਰਨ ਦੀ ਉਸ ਨੂੰ ਸਾਧ ਨੇ ਹੀ ਪੱਟੀ ਪੜ੍ਹਾਈ ਸੀ, ਕੇਸ ਜਿਤਾਉਣ ਦੀ ਗਰੰਟੀ ਵੀ ਸਾਧ ਨੇ ਲਈ ਸੀ। ਕਿੰਨਾ ਹੀ ਆਰਥਿਕ ਤੇ ਭਾਈਚਾਰਕ ਨੁਕਸਾਨ ਉਸ ਸਾਧ ਨੇ ਕਰਾਇਆ। ਅਪੀਲ ਖਾਰਜ ਹੋਣ ਤੋਂ ਬਾਅਦ ਵੀ ਉਸ ਬੰਦੇ ਦੀਆਂ ਅੱਖਾਂ ਨਹੀਂ ਖੁੱਲ੍ਹੀਆਂ, ਅੱਜ ਵੀ ਉਸ ਨੂੰ ਸਾਧ ਉੱਤੇ ਪੂਰਾ ਵਿਸ਼ਵਾਸ ਹੈ ਕਿ ਜੇ ਮੈਂ ਹੇਠਲੀ ਅਦਾਲਤ ਵਿੱਚ ਸ਼ੁਸਦਾ ਕੇਸ ਝਗੜਦਾ ਤਾਂ ਉਹ ਕੇਸ ਹਾਰਨਾ ਨਹੀਂ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1984)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)