“ਜਵਾਨੀ ਪਹਿਰੇ ਇਹਨੇ ਸਾਰਾ ਪਿੰਡ ਤਪਾ ਮਾਰਿਆ ਸੀ। ਕਿਹੜਾ ਗਲਤ ਕੰਮ ...”
(4 ਅਕਤੂਬਰ 2020)
ਮੇਰਾ ਬਹੁਤ ਹੀ ਖਾਸ ਮਿੱਤਰ, ਪੰਜਾਬ ਦੇ ਵਿਚਕਾਰਲੇ ਜ਼ਿਲ੍ਹੇ ਦਾ ਵਸਨੀਕ ਸੀ ਅਤੇ ਵਕਾਲਤ ਦੇ ਕੋਰਸ ਸਮੇਂ ਮੇਰੇ ਨਾਲ ਕੁਝ ਸਮਾਂ ਰਿਹਾ ਸੀ। ਪੰਜਾਬ ਦੇ ਕਿਸਾਨ ਪਰਿਵਾਰ ਨਾਲ ਸੰਬੰਧਤ ਹੋਣ ਕਰਕੇ ਉਸਦੀ ਮੇਰੇ ਨਾਲ ਉਸ ਦੀ ਦੋਸਤੀ ਹੋਈ ਸੀ। ਉਸਦਾ ਬਚਪਨ ਵੀ ਮੇਰੇ ਵਾਂਗ ਹੀ ਬੀਤਿਆ ਸੀ। ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਵਕਾਲਤ ਦੇ ਪਹਿਲੇ ਸਾਲ ਹੀ ਉਹ ਮੇਰੇ ਸੰਪਰਕ ਵਿੱਚ ਆਇਆ ਸੀ ਪ੍ਰੰਤੂ ਦੌਰਾਨੇ ਕੋਰਸ ਹੀ ਉਸ ਨੂੰ ਕੋਈ ਸਰਕਾਰੀ ਨੌਕਰੀ ਮਿਲ ਗਈ ਤੇ ਵਕਾਲਤ ਦਾ ਕੋਰਸ ਵਿਚਕਾਰ ਹੀ ਛੱਡ ਕੇ ਉਹ ਨੌਕਰੀ ਕਰਨ ਲੱਗ ਪਿਆ।
ਉਹ ਸਿੱਖ ਧਰਮ ਦੀ ਚੰਗੀ ਜਾਣਕਾਰੀ ਰੱਖਦਾ ਸੀ ਤੇ ਜੇ ਮੈਂ ਕਹਾਂ ਕਿ ਉਹ ਅਸਲ ਵਿੱਚ ਮੇਰੀ ਆਪਣੀ ਜ਼ਿੰਦਗੀ ਵਿੱਚ ਮੇਰਾ ਵੇਖਿਆ ਹੋਇਆ ਇੱਕੋ ਇੱਕ ਸੱਚਾ ਸਿੱਖ ਸੀ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਹ ਸੁਭਾਅ ਪੱਖੋਂ ਹਰ ਚੀਜ਼ ਨੂੰ ਤਰਕ ’ਤੇ ਪਰਖਦਾ ਸੀ। ਪਖੰਡ ਦਾ ਉਹ ਕੱਟੜ ਵਿਰੋਧੀ ਸੀ। ਇਸੇ ਕਾਰਨ ਉਸ ਦੇ ਕੁਝ ਸਾਥੀ ਉਸ ਨੂੰ ਕਾਮਰੇਡ ਕਹਿ ਦਿੰਦੇ ਸੀ ਜਿਸਦਾ ਉਹ ਬੁਰਾ ਮਨਾ ਜਾਂਦਾ ਸੀ ਤੇ ਕਹਿੰਦਾ ਸੀ ਕਿ ‘ਕਿੱਧਰ ਬੁੜੀ ਦਾ ਮਰਨਾ ਕਿੱਧਰ ਹਲ ਓਕੜੂ’ ਅਸੀਂ ਉਸਦੀ ਗੱਲ ਸੁਣ ਕੇ ਹੱਸ ਪੈਂਦੇ।
ਮੇਰਾ ਉਸ ਨਾਲ ਉਸ ਦੇ ਕੋਰਸ ਛੱਡਣ ਤੋਂ ਬਾਅਦ ਜ਼ਿਆਦਾ ਮੇਲ ਜੋਲ ਨਹੀਂ ਰਿਹਾ ਸੀ। ਪਰ ਉਸ ਦੇ ਲੈਂਡ ਲਾਈਨ ਫੋਨ ਉੱਪਰ ਕਈ ਵਾਰ ਉਸ ਨਾਲ ਦੇਰ ਤਕ ਗੱਲ ਹੋ ਜਾਂਦੀ ਸੀ। ਉਸ ਨੇ ਕਿਸੇ ਨੂੰ ਆਪਣੇ ਵਿਆਹ ਉੱਪਰ ਨਹੀਂ ਸੱਦਿਆ ਸੀ। ਉਹਨਾਂ ਦਿਨਾਂ ਵਿੱਚ ਖਾੜਕੂ ਲਹਿਰ ਦੌਰ ਵਿੱਚ ਸੀ। ਉਸ ਦੇ ਸ਼ਰੀਕੇ ਤੇ ਪਰਿਵਾਰ ਨੇ ਕਿਹਾ ਸੀ ਕਿ ਸਰਕਾਰੀ ਨੌਕਰੀ ਪੇਸ਼ਾ ਸਾਡਾ ਮੁੰਡਾ ਹੈ, ਅਸੀਂ ਵੱਡਾ ਇਕੱਠ ਕਰਕੇ ਪੂਰੇ ਜ਼ੋਰ ਸ਼ੋਰ ਨਾਲ ਵਿਆਹ ਕਰਨਾ ਹੈ। ਵੈਸੇ ਵੀ ਉਹ ਚੰਗੀ ਜਾਇਦਾਦ ਵਾਲੇ ਜੱਟ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਸਿਰਫ ਗਿਆਰਾਂ ਬੰਦਿਆਂ ਦੀ ਬਰਾਤ ਲਿਜਾ ਕੇ ਉਸ ਨੇ ਸਾਦਾ ਵਿਆਹ ਕਰ ਲਿਆ ਸੀ। ਉਹ ਮੈਂਨੂੰ ਵਿਆਹ ਤੋਂ ਬਾਅਦ ਬਠਿੰਡਾ ਅਦਾਲਤ ਦੇ ਬਾਹਰ ਮਿਲਿਆ, ਜਿੱਥੇ ਮੈਂ ਆਪਣੇ ਕਿਸੇ ਸਾਇਲ ਨਾਲ ਗਿਆ ਸੀ। ਮੈਂ ਉਸ ਨਾਲ ਵਿਆਹ ’ਤੇ ਨਾ ਬੁਲਾਉਣ ਦਾ ਗਿਲਾ ਕੀਤਾ। ਜਵਾਬ ਵਿੱਚ ਉਸ ਨੇ ਕਿਹਾ ਕਿ ਬਹੁਤ ਪਾਪੜ ਵੇਲ ਕੇ ਉਹ ਸਾਦਾ ਵਿਆਹ ਕਰਨ ਵਿੱਚ ਕਾਮਯਾਬ ਹੋਇਆ, ਬਹੁਤੇ ਸ਼ਰੀਕੇ ਵਾਲੇ ਅੱਜ ਵੀ ਉਹਨੂੰ ਤਾਹਨੇ ਦਿੰਦੇ ਨੇ। ਹੋਇਆ ਇਹ ਕਿ ਉਸ ਨੇ ਆਪਣੇ ਕਿਸੇ ਜਾਣਕਾਰ ਰਾਹੀਂ ਆਪਣੇ ਘਰ ਖਾੜਕੂਆਂ ਵੱਲੋਂ ਲਿਖੀ ਚਿੱਠੀ ਪਵਾਈ ਕਿ ਤੁਹਾਡੇ ਮੁੰਡੇ ਦਾ ਜੋ ਵਿਆਹ ਹੈ, ਉਹ ਸਾਦਾ ਢੰਗ ਨਾਲ ਸਿਰਫ ਗਿਆਰਾਂ ਬੰਦੇ ਬਰਾਤ ਲਿਜਾ ਕੇ ਕੀਤਾ ਜਾਵੇ, ਨਹੀਂ ਤਾਂ ਸੋਧਾ ਲਾਇਆ ਜਾਵੇਗਾ। ਜੇ ਬਰਾਤ ਜ਼ਿਆਦਾ ਗਈ ਤਾਂ ਪਿੰਡ ਦੇ ਗੰਦੇ ਪਾਣੀ ਵਾਲੇ ਛੱਪੜ ਵਿੱਚੋਂ ਬਰਾਤ ਲੰਘਾਈ ਜਾਵੇਗੀ। ਹਾਲਾਂ ਕਿ ਉਹ ਚਿੱਠੀ ਫਰਜ਼ੀ ਸੀ, ਘਰ ਵਾਲਿਆਂ ਨੇ ਕਿਸੇ ਕੋਲ ਭਾਫ ਵੀ ਬਾਹਰ ਨਹੀਂ ਕੱਢੀ। ਤੇ ਉਹ ਸਾਦਾ ਵਿਆਹ ਕਰਵਾਉਣ ਵਿੱਚ ਕਾਮਯਾਬ ਹੋ ਗਿਆ।
ਸਮੇਂ ਦੇ ਨਾਲ ਨਾਲ ਅਸੀਂ ਦੋਵੇਂ ਘਰ ਗ੍ਰਿਹਸਥੀ ਵਿੱਚ ਵਿਅਸਤ ਹੋ ਗਏ। ਪਰ ਇੱਕ ਦੋ ਵਾਰ ਉਹ ਮੈਂਨੂੰ ਕਿਸੇ ਸਾਂਝੇ ਮਿੱਤਰਾਂ ਦੇ ਬਜ਼ੁਰਗਾਂ ਦੇ ਭੋਗ ’ਤੇ ਮਿਲਿਆ। ਇੱਕ ਭੋਗ ’ਤੇ ਬਹੁਤ ਵੱਡਾ ਇਕੱਠ ਸੀ ਤੇ ਬਹੁਤ ਸਾਰੇ ਲੀਡਰ ਆਏ ਹੋਏ ਸੀ। ਬਹੁਤ ਸਾਰੇ ਪਕਵਾਨ ਬਣਾ ਕੇ ਖਰਚ ਦੀ ਕਸਰ ਬਾਕੀ ਨਹੀਂ ਛੱਡੀ ਗਈ ਸੀ। ਉਸ ਨੂੰ ਅਜਿਹਾ ਚੰਗਾ ਨਹੀਂ ਲੱਗਦਾ ਸੀ। ਅਸੀਂ ਪਿੱਛੇ ਬੈਠ ਕੇ ਆਪਸ ਵਿੱਚ ਹੌਲੀ ਹੌਲੀ ਗੱਲਾਂ ਕਰਨ ਲੱਗ ਪਏ। ਇੱਕ ਲੀਡਰ ਨੇ ਬੋਲਦਿਆਂ ਆਖਿਆ, “ਇਸ ਸਰਦਾਰ ਦੀ ਸ਼ਖਸੀਅਤ ਤੇ ਪਰਿਵਾਰ ਦਾ ਰਸੂਖ ਇਸ ਭੋਗ ’ਤੇ ਹੋਏ ਇਕੱਠ ਤੋਂ ਪਤਾ ਲੱਗਦਾ ਹੈ।”
ਸਾਡੇ ਕੋਲ ਖੜ੍ਹੇ ਦੋ ਵਿਅਕਤੀ ਗੱਲਾਂ ਕਰ ਰਹੇ ਸੀ ਕਿ ਜਵਾਨੀ ਪਹਿਰੇ ਇਹਨੇ ਸਾਰਾ ਪਿੰਡ ਤਪਾ ਮਾਰਿਆ ਸੀ। ਕਿਹੜਾ ਗਲਤ ਕੰਮ ਹੈ, ਜੋ ਇਹਨੇ ਨਹੀਂ ਕੀਤਾ। ਮੇਰਾ ਮਿੱਤਰ ਉਹਨਾਂ ਦੀ ਗੱਲਾਂ ਸੁਣ ਕੇ ਮੇਰੇ ਵੱਲ ਵੇਖ ਕੇ ਮੁਸਕਰਾਇਆ। ਮੈਂ ਸਮਝ ਗਿਆ ਕਿ ਇਕੱਠ ਉਸ ਨੂੰ ਚਾਪਲੂਸ ਲੋਕਾਂ ਦਾ ਅਤੇ ਸਮਾਜਿਕ ਦਿਖਾਵਾ ਕਰਨ ਵਾਲਾ ਜਾਪ ਰਿਹਾ ਸੀ। ਮੈਂ ਉਸ ਦੀ ਸੋਚ ਤੋਂ ਚੰਗੀ ਤਰ੍ਹਾਂ ਵਾਕਫ ਸੀ। ਉਸ ਦਾ ਵਿਚਾਰ ਸੀ ਕਿ ਜੇਕਰ ਤੁਸੀਂ ਹਰ ਗੱਲ ਸਹੀ ਤੇ ਤਰਕ ਦੇ ਆਧਾਰ ’ਤੇ ਕਰਦੇ ਹੋ ਤਾਂ ਤੁਹਾਡੇ ਆਸ ਪਾਸ ਲੋਕਾਂ ਦਾ ਘੇਰਾ ਬਹੁਤ ਛੋਟਾ ਹੁੰਦਾ ਜਾਵੇਗਾ। ਚਾਪਲੂਸ ਲੋਕ ਤੁਹਾਡੇ ਤੋਂ ਦੂਰ ਰਹਿਣ ਲੱਗਣਗੇ। ਇਹੀ ਗੱਲ ਰਿਸ਼ਤੇਦਾਰਾਂ ਤੇ ਈਰਖਾਲੂ ਲੋਕਾਂ ’ਤੇ ਲਾਗੂ ਹੁੰਦੀ ਹੈ। ਰਿਸ਼ਤੇਦਾਰਾਂ ਦਾ ਘੇਰਾ ਹੌਲੀ ਹੌਲੀ ਤੁਹਾਡੇ ਤੋਂ ਦੂਰ ਹੁੰਦਾ ਜਾਵੇਗਾ। ਭੋਗ ਦੇ ਇਕੱਠ ਤੋਂ ਤੁਹਾਡੀ ਸ਼ਖਸੀਅਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਤੁਸੀਂ ਖਰੀ ਗੱਲ ਕਹਿਣ ਦੀ ਹਿੰਮਤ ਰੱਖਦੇ ਹੋ ਤਾਂ ਚਾਪਲੂਸ ਤੇ ਮਤਲਬ ਪ੍ਰਸਤ ਲੋਕ ਆਪੇ ਦੂਰ ਭੱਜ ਜਾਣਗੇ। ਇਸ ਲਈ ਤੁਹਾਡੇ ਭੋਗ ’ਤੇ ਜਿੰਨੇ ਲੋਕ ਹੋਣਗੇ ਉਹ ਤੁਹਾਡੀ ਸੋਚ ਦੇ ਹੋਣਗੇ। ਜੇ ਭੋਗ ’ਤੇ ਦਾਲ ਨਾਲ ਪ੍ਰਸ਼ਾਦਾ ਹੋਵੇਗਾ ਤਾਂ ਛਕਣ ਵਾਲੇ ਵੀ ਨਿਰੋਈ ਸੋਚ ਵਾਲੇ ਹੋਣਗੇ ਤੇ ਉਹ ਲੋਕ ਜੋ ਵਧੀਆ ਪਕਵਾਨਾਂ ਵਾਸਤੇ ਭੋਗ ’ਤੇ ਜਾਂਦੇ ਨੇ, ਉਹ ਨਹੀਂ ਆਉਣਗੇ। ਅਕਸਰ ਉਹ ਕਹਿੰਦਾ ਸੀ ਕਿ ਮੇਰੇ ਨਾਲ ਮੇਲ ਮਿਲਾਪ ਵੀ ਉਹੀ ਰੱਖੇਗਾ ਜੋ ਮੇਰੀ ਸੋਚ ਵਾਲਾ ਹੋਵੇਗਾ, ਦੂਸਰੇ ਲੋਕ ਮੇਰੇ ਨਾਲ ਮੇਲ ਜੋਲ ਨਹੀਂ ਰੱਖਣਗੇ।
ਦੁਖੀ ਮਨ ਨਾਲ ਉਸਦੇ ਭੋਗ ’ਤੇ ਵੀ ਮੈਂਨੂੰ ਜਾਣਾ ਪਿਆ। ਸੰਖੇਪ ਬਿਮਾਰੀ ਤੋਂ ਬਾਅਦ ਉਹ ਪਿਛਲੇ ਸਾਲ ਚੱਲ ਵਸਿਆ ਸੀ। ਆਪਣੇ ਕਿਸੇ ਬੱਚੇ ਦਾ ਉਸ ਨੇ ਵਿਆਹ ਨਹੀਂ ਵੇਖਿਆ। ਪਰ ਸਿੱਖਿਆ ਵਜੋਂ ਬੱਚਿਆਂ ਵਿੱਚ ਆਪਣੇ ਉਹ ਗੁਣ ਵਿਕਸਿਤ ਕਰ ਗਿਆ। ਭੋਗ ’ਤੇ ਸੀਮਤ ਇਕੱਠ ਸੀ। ਇੱਕ ਖਾਸ ਮਿੱਤਰ ਨੇ ਆਏ ਹੋਏ ਰਿਸ਼ਤੇਦਾਰਾਂ ਤੇ ਦੋਸਤਾਂ ਦਾ ਧੰਨਵਾਦ ਕੀਤਾ। ਸੀਮਤ ਇਕੱਠ ਦਰਸਾ ਰਿਹਾ ਸੀ ਕਿ ਉਹ ਨਿੱਗਰ ਸੋਚ ਦਾ ਧਾਰਣੀ ਇਨਸਾਨ ਸੀ, ਉਪਦੇਸ਼ ਦੇਣ ਦੀ ਬਜਾਏ ਉਹ ਖੁਦ ਅਮਲ ਕਰਨ ਵਿੱਚ ਯਕੀਨ ਰੱਖਦਾ ਸੀ। ਪਰਿਵਾਰ ਨੇ ਵੀ ਉਸ ਦੀ ਸੋਚ ਮੁਤਾਬਕ ਅੰਤਮ ਰਸਮਾਂ ਕਰਕੇ ਉਸ ਨੂੰ ਸੱਚੀ ਸਰਧਾਂਜਲੀ ਦਿੱਤੀ ਸੀ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2363)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)