“ਇੱਕ ਦਿਨ ਉਹਨਾਂ ਦੇ ਪਰਿਵਾਰ ’ਤੇ ਪਹਾੜ ਟੁੱਟ ਪਿਆ ਜਦੋਂ ਪਤਾ ਲੱਗਾ ਕਿ ਭੋਲਾ ਚਾਰ ਅੱਤਵਾਦੀਆਂ ਨਾਲ ...”
(20 ਜੁਲਾਈ 2023)
ਬੜੀ ਹੀ ਤੰਗੀ ਤੁਰਸ਼ੀ ਦੇ ਸਮੇਂ ਉਹਨੂੰ ਉਹਦੇ ਮਾਂ ਬਾਪ ਨੇ ਬਾਰ੍ਹਵੀਂ ਤਕ ਦੀ ਪੜ੍ਹਾਈ ਅੱਸੀਵੇਂ ਦਹਾਕੇ ਦੇ ਸਮੇਂ ਕਰਵਾਈ। ਉਸ ਦਾ ਇੱਕ ਵੱਡਾ ਭਰਾ ਪ੍ਰਾਇਮਰੀ ਪਾਸ ਕਰਕੇ ਖੇਤੀਬਾੜੀ ਦਾ ਕੰਮ ਕਰਨ ਲੱਗ ਪਿਆ ਸੀ। ਉਸ ਦਾ ਸਕੂਲ ਵਿੱਚ ਭੋਲਾ ਸਿੰਘ (ਬਦਲਿਆ ਹੋਇਆ ਨਾਮ) ਨਾਮ ਦਰਜ ਸੀ। ਪੰਜਾਬ ਦੇ ਰੇਤਲੀ ਜ਼ਮੀਨ ਵਾਲੇ ਜ਼ਿਲ੍ਹੇ ਦੇ ਉਹ ਵਸਨੀਕ ਸਨ। ਪਾਣੀ ਖੇਤਾਂ ਲਈ ਬਹੁਤ ਮਾੜਾ ਸੀ, ਬਹੁਤੀ ਖੇਤੀ ਨਹਿਰੀ ਪਾਣੀ ਦੀ ਵਾਰੀ ’ਤੇ ਨਿਰਭਰ ਸੀ। ਉਹਨਾਂ ਦੀ ਖੇਤੀ ਕਰਮਾਂ ਸੇਤੀ ਹੀ ਸੀ। ਨਰਮਾ, ਕਪਾਹ, ਗੁਆਰਾ ਸਾਉਣੀ ਤੇ ਕਣਕ, ਜੋ ਹਾੜ੍ਹੀ ਦੀ ਫਸਲ ਸੀ, ਉਸਦੀ ਉਹ ਕਾਸ਼ਤ ਕਰਦੇ ਸੀ। ਘਰੇਲੂ ਹਾਲਤ ਪੰਦਰਾਂ ਏਕੜ ਜ਼ਮੀਨ ਹੋਣ ਦੇ ਬਾਵਜੂਦ ਬਹੁਤ ਪਤਲੀ ਸੀ। ਕਦੇ ਕਦੇ ਉਸ ਦਾ ਪਿਤਾ ਉਸ ਤੋਂ ਉਮੀਦ ਰੱਖਦਾ ਆਖਦਾ, “ਨੌਕਰ ਹੋ ਜਾ ਕਿਤੇ, ਸਾਡੀ ਵੀ ਜੂਨ ਸੁਧਰੇ।” ਬਾਹਰਵੀ ਜਮਾਤ ਵਿੱਚ ਉਸ ਨੇ ਪਹਿਲੀ ਵਾਰ ਕਮੀਜ਼ ਤੇ ਪੈਂਟ ਪਾ ਕੇ ਦੇਖੀ ਸੀ ਉਦੋਂ ਤਕ ਦੋਵੇਂ ਭਰਾ ਦੋ ਕੁੜਤੇ ਪਜਾਮੇ ਬਦਲ ਬਦਲ ਪਾ ਕੇ ਗੁਜ਼ਾਰਾ ਕਰਦੇ ਰਹੇ।
ਉੰਨੀ ਸੌ ਸਤੱਤਰ-ਅਠੱਤਰ ਵਿੱਚ ਉਹਨਾਂ ਨੇ ਆਪਣੇ ਖੇਤ ਮੋਟਰ ਲਵਾ ਲਈ। ਹੌਲੀ ਹੌਲੀ ਉਹਨਾਂ ਦੇ ਦਿਨ ਫਿਰਨ ਲੱਗੇ। ਪੰਜਾਬ ਸਿਆਸੀ ਉਲਟ ਫੇਰਾਂ ਦੀ ਧਰਤੀ ਬਣ ਗਿਆ। ਉਹਨਾਂ ਦਾ ਪਰਿਵਾਰ ਆਪਣੇ ਜ਼ਿਲ੍ਹੇ ਤੋਂ ਕਦੇ ਬਾਹਰ ਨਹੀਂ ਗਿਆ ਸੀ, ਨਾ ਹੀ ਜ਼ਿਆਦਾ ਦੂਰ ਉਹਨਾਂ ਦੀਆਂ ਰਿਸ਼ਤੇਦਾਰੀਆਂ ਸੀ। ਪੰਦਰਾਂ ਕਿੱਲੇ ਜ਼ਮੀਨ ਦੀ ਖੇਤੀ ਕਰਦਿਆਂ ਉਸ ਦੇ ਵੱਡੇ ਭਰਾ ਨੇ ਜੂਨ ਚੁਰਾਸੀ ਤੋਂ ਪਹਿਲਾਂ ਐਸਕਾਰਟ ਟਰੈਕਟਰ ਸਾਰੀ ਜ਼ਮੀਨ ਬੈਂਕ ਨੂੰ ਗਹਿਣੇ ਧਰ ਕੇ ਆਪਣੇ ਪਿਤਾ ਦੀ ਮਰਜ਼ੀ ਦੇ ਉਲਟ ਲੈ ਲਿਆ ਸੀ। ਬੜੇ ਦਿਨ ਟਰੈਕਟਰ ਵਾਸਤੇ ਘਰ ਵਿੱਚ ਕਲੇਸ਼ ਰਿਹਾ। ਮਾੜੇ ਸਮੇਂ ਨੇ ਕਿਸੇ ਨੂੰ ਦੱਸ ਕੇ ਨਹੀਂ ਆਉਣਾ ਹੁੰਦਾ ਪਰ ਹਾਲਾਤ ਪਹਿਲਾਂ ਇਨਸਾਨ ਨੂੰ ਦਿਸਣ ਲੱਗ ਪੈਂਦੇ ਹਨ। ਕਦੇ ਵੀ ਉਹਨਾਂ ਦਾ ਪਰਿਵਾਰ ਕਿਸੇ ਰਾਜਨੀਤਿਕ ਪਾਰਟੀ ਦਾ ਹਾਮੀ ਨਹੀਂ ਰਿਹਾ, ਨਾ ਹੀ ਉਹਨਾਂ ਨੂੰ ਰਾਜਨੀਤੀ ਦੀ ਕੋਈ ਜਾਣਕਾਰੀ ਸੀ। ਉਹਨਾਂ ਨੂੰ ਤਾਂ ਪਰਿਵਾਰ ਪਾਲਣ ਨਾਲ ਮਤਲਬ ਸੀ। ਹਮੇਸ਼ਾ ਭਲੇ ਦਿਨਾਂ ਦੀ ਉਮੀਦ ਲੱਗੀ ਰਹਿੰਦੀ ਪਰ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਕਦੇ ਨਾ ਉੱਤਰਦਾ, ਸਗੋਂ ਵਧਦਾ ਰਹਿੰਦਾ। ਚੁਰਾਸੀ ਤੋਂ ਬਾਅਦ ਪੰਜਾਬ ਦਾ ਮਾਹੌਲ ਬਹੁਤ ਵਿਗੜ ਗਿਆ। ਹਰ ਕੋਈ ਪੰਜਾਬ ਵਿੱਚ ਆਪਣੀ ਜਾਨ ਲੁਕਾਉਂਦਾ ਫਿਰਦਾ ਸੀ। ਪੁਲਿਸ ਮੁਕਾਬਲੇ ਜ਼ੋਰ ਫੜਨ ਲੱਗ ਪਏ ਸਨ।
ਭੋਲਾ ਕਿਸੇ ਤਰੀਕੇ ਨਾਲ ਪੰਜਾਬ ਹੋਮਗਾਰਡ ਵਿੱਚ ਭਰਤੀ ਹੋ ਗਿਆ। ਉਹਨਾਂ ਸਮਿਆਂ ਵਿੱਚ ਹੋਮਗਾਰਡ ਦੇ ਜਵਾਨਾਂ ਤੋਂ ਨਿਗੂਣੀ ਤਨਖਾਹ ’ਤੇ ਕੰਮ ਬਹੁਤ ਲਿਆ ਜਾਂਦਾ ਸੀ। ਉਹਨਾਂ ਦੇ ਖੇਤ ਦੀ ਵੱਟ ਦੇ ਨਾਲ ਕਿਸੇ ਨਾਮੀ ਖਾੜਕੂ ਦਾ ਖੇਤ ਸੀ। ਉਹਨਾਂ ਦੇ ਚਾਰ ਕਿੱਲੇ ਉਸ ਖਾੜਕੂ ਦੀ ਜ਼ਮੀਨ ਦੇ ਵਿਚਕਾਰ ਪੈਂਦੇ ਸੀ ਜਿਸ ਕਾਰਨ ਉਸ ਖਾੜਕੂ ਦੀ ਜ਼ਮੀਨ ਦਾ ਟੱਕ ਅੰਗਰਜ਼ੀ ਦੇ ਡਬਲਿਊ ਅੱਖਰ ਵਰਗਾ ਸੀ। ਉਸ ਤੋਂ ਪੂਰਾ ਇਲਾਕਾ ਕੰਬਦਾ ਸੀ। ਇਹ ਗੱਲ ਵੀ ਮਸ਼ਹੂਰ ਸੀ ਕਿ ਉਸ ਨੇ ਬਹੁਤ ਸਾਰੀਆਂ ਬੈਂਕਾਂ ਲੁੱਟੀਆਂ ਸਨ ਤੇ ਹੋਰ ਲੁੱਟਾਂਮਾਰਾਂ ਕੀਤੀਆਂ ਸਨ। ਉਹਨਾਂ ਦੇ ਪਰਿਵਾਰ ਤੋਂ ਚਾਰ ਕਿੱਲੇ ਜ਼ਮੀਨ ਖੋਹਣ ਦੇ ਇਰਾਦੇ ਨਾਲ ਉਸ ਨੇ ਪਰਿਵਾਰ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਚਿੱਠੀਆਂ ਆਉਣ ਲੱਗੀਆਂ ਕਿ ਮੁੰਡਾ ਪੁਲਿਸ ਵਿੱਚੋਂ ਹਟਾਓ ਨਹੀਂ ਤਾਂ ਪੂਰੇ ਪਰਿਵਾਰ ਨੂੰ ਸੋਧਾ ਲਾਇਆ ਜਾਵੇਗਾ। ਉਹਨਾਂ ਦਾ ਪਰਿਵਾਰ ਸਹਿਮਿਆ ਰਹਿੰਦਾ। ਪਰ ਉਸ ਵਕਤ ਤਕ ਗੁਜ਼ਾਰਾ ਸਿਰਫ ਹੋਮਗਾਰਡ ਦੀ ਨੌਕਰੀ ’ਤੇ ਟਿਕਿਆ ਹੋਇਆ ਸੀ ਕਿਉਂਕਿ ਨਰਮੇ, ਕਪਾਹ ਤੇ ਗੁਆਰੇ ਦੀ ਫਸਲ ਅਮਰੀਕਣ ਸੁੰਡੀ ਬਰਬਾਦ ਕਰ ਦਿੰਦੀ ਸੀ। ਕਿਸਾਨਾਂ ਦੀ ਸਾਰ ਲੈਣ ਲਈ ਸਰਕਾਰ ਕੋਲ ਵਿਹਲ ਨਹੀਂ ਸੀ। ਕਣਕ ਅਤੇ ਜੌਂ ਦੀ ਫਸਲ ਨਾਲ ਆੜ੍ਹਤੀ ਦਾ ਪੱਲਾ ਵੀ ਪੂਰਾ ਨਹੀਂ ਹੁੰਦਾ ਸੀ। ਟਰੈਕਟਰ ਦੀ ਕਿਸ਼ਤ ਨਾ ਮੋੜਨ ਕਰਕੇ ਜ਼ਮੀਨ ਕੁਰਕ ਹੋ ਗਈ ਸੀ।
ਉਹਨਾਂ ਨੂੰ ਡਰਾਉਣ ਵਾਲਾ ਖਾੜਕੂ ਪੁਲਿਸ ਦੇ ਹੱਥੇ ਚੜ੍ਹ ਗਿਆ। ਹੁਣ ਉਹਨਾਂ ਦੇ ਨਾਲ ਲਗਦੀ ਖਾੜਕੂ ਦੇ ਪਰਿਵਾਰ ਦੀ ਜ਼ਮੀਨ ਪੁਲਿਸ ਦੇ ਕਿਸੇ ਵੱਡੇ ਅਧਿਕਾਰੀ ਨੇ ਬੈ ਲੈ ਲਈ ਸੀ। ਲੋਕਾਂ ਵਿੱਚ ਆਮ ਅਫਵਾਹ ਸੀ ਕਿ ਉਸ ਖਾੜਕੂ ਨੂੰ ਵਿਦੇਸ਼ ਕੱਢਣ ਲਈ ਹੀ ਉਹ ਜ਼ਮੀਨ ਬੈ ਹੋਈ ਸੀ। ਭੋਲੇ ਦੇ ਪਰਿਵਾਰ ਨੇ ਸੋਚਿਆ ਕਿ ਮੁਸੀਬਤ ਟਲ਼ ਗਈ ਹੈ ਪਰ ਮੁਸੀਬਤ ਸਰਕਾਰੀ ਮੁਖੌਟਾ ਪਾ ਕੇ ਵਿਕਰਾਲ ਰੂਪ ਵਿੱਚ ਸਾਹਮਣੇ ਆ ਗਈ। ਪਹਿਲਾਂ ਪਹਿਲ ਉਸ ਨੂੰ ਪੰਜਾਬ ਪੁਲਿਸ ਵਿੱਚ ਸਿਪਾਹੀ ਦਾ ਨੰਬਰ ਦੇਣ ਬਦਲੇ ਚਾਰ ਕਿੱਲੇ ਜ਼ਮੀਨ ਦੇਣ ਦੀ ਪੇਸ਼ਕਸ਼ ਰੱਖੀ ਗਈ। ਪਰ ਉਹਨਾਂ ਦਾ ਪਰਿਵਾਰ ਪੰਜਾਬ ਦੇ ਉਸ ਸਮਾਜ ਦਾ ਹਿੱਸਾ ਸੀ ਜੋ ਜ਼ਮੀਨ ਲਈ ਜਾਨ ਵੀ ਕੁਰਬਾਨ ਕਰ ਸਕਦਾ ਸੀ। ਇਨਕਾਰ ਹੋਣ ’ਤੇ ਡਰਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਵੱਖ ਵੱਖ ਜਥੇਬੰਦੀਆਂ ਦੀਆਂ ਚਿੱਠੀਆਂ ਪਰਿਵਾਰ ਨੂੰ ਸੋਧਾ ਲਾਉਣ ਵਾਸਤੇ ਆਉਣ ਲੱਗੀਆਂ, ਜਿਵੇਂ ਸਾਰੇ ਪੰਜਾਬ ਦੀ ਲੜਾਈ ਉਹ ਹੀ ਇਕੱਲਾ ਲੜ ਰਿਹਾ ਹੋਵੇ।
ਇੱਕ ਦਿਨ ਉਹਨਾਂ ਦੇ ਪਰਿਵਾਰ ’ਤੇ ਪਹਾੜ ਟੁੱਟ ਪਿਆ ਜਦੋਂ ਪਤਾ ਲੱਗਾ ਕਿ ਭੋਲਾ ਚਾਰ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ। ਬੜੀਆਂ ਭਾਵੁਕ ਖਬਰਾਂ ਲੱਗੀਆਂ ਕਿ ਦੋ ਛੋਟੇ ਬੱਚਿਆਂ ਦਾ ਬਾਪ ਬਹੁਤ ਬਹਾਦਰੀ ਨਾਲ ਲੜਿਆ। ਉਸ ਦਾ ਇੱਕ ਸਾਥੀ ਜ਼ਖਮੀ ਹੋ ਗਿਆ। ਭੋਲੇ ਦੇ ਪਰਿਵਾਰ ਨੂੰ ਸਰਕਾਰੀ ਸਹਾਇਤਾ ਮਿਲੀ।
ਸਮਾਂ ਪਾ ਕੇ ਪਰਿਵਾਰ ਆਪਣੇ ਕੰਮਾਂ ਵਿੱਚ ਮਸਰੂਫ ਹੋ ਗਿਆ। ਭੋਲੇ ਦੀ ਸ਼ਹੀਦੀ ਤੋਂ ਬਾਅਦ ਪਰਿਵਾਰ ਆਰਥਿਕ ਰੂਪ ਵਿੱਚ ਖੁਸ਼ਹਾਲ ਹੋ ਗਿਆ ਪਰ ਧਮਕੀ ਵਾਲੀਆਂ, ਪਰਿਵਾਰ ਨੂੰ ਸੋਧਾ ਲਾਉਣ ਵਾਲੀਆਂ ਚਿੱਠੀਆਂ ਦਾ ਸਿਲਸਿਲਾ ਕਈ ਸਾਲ ਚਲਦਾ ਰਿਹਾ। ਪੰਜਾਬ ਵਿੱਚ ਅਮਨ ਸ਼ਾਂਤੀ ਹੋਈ। ਭੋਲੇ ਦਾ ਪੁੱਤ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ, ਜਿਸ ਨੂੰ ਭੋਲੇ ਦੇ ਨਾਲ ਜ਼ਖਮੀ ਹੋਣ ਵਾਲੇ ਸਾਥੀ ਨੇ ਪੁਲਿਸ ਮੁਕਾਬਲੇ ਦੀ ਸਚਾਈ ਬਿਆਨ ਕੀਤੀ। ਪਤਾ ਲੱਗਾ ਕਿ ਭੋਲੇ ਨੇ ਨਜਾਇਜ਼ ਮੁਕਾਬਲੇ ਦੀ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਸੀ, “ਪਹਿਲਾਂ ਤੂੰ ਸਾਹਬ ਅੱਗੇ ਚਾਰ ਕਿੱਲੇ ਦੇਣ ਤੋਂ ਅੜਿਆ, ਹੁਣ ਹੁਕਮ ਅਦੂਲੀ ਕਰਦੈਂ?”
ਤੇ ਭੋਲਾ ਉਸ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ ਸੀ।
ਹੁਣ ਭੋਲੇ ਦਾ ਪੁੱਤਰ ਵਧੀਆ ਸਮਾਜਿਕ ਜ਼ਿੰਦਗੀ ਜੀਅ ਰਿਹਾ ਹੈ। ਪਰ ਆਪਣੇ ਬਾਪ ਦੇ ਕਤਲ ਦਾ ਉਸ ਨੂੰ ਬਹੁਤ ਦੇਰ ਬਾਅਦ ਪਤਾ ਲੱਗਾ। ਹੁਣ ਕੁਝ ਨਹੀਂ ਹੋ ਸਕਦਾ, ਜਦੋਂ ਕਿ ਵੱਡਾ ਅਧਿਕਾਰੀ ਇਸ ਦੁਨੀਆਂ ਵਿੱਚ ਨਹੀਂ। ਉਸ ਦਾ ਦਾਦਾ ਹਮੇਸ਼ਾ ਆਪਣੇ ਪੁੱਤਰ ’ਤੇ ਮਾਣ ਕਰਦਾ ਦੁਨੀਆਂ ਵਿੱਚੋਂ ਚਲਾ ਗਿਆ। ਭੋਲੇ ਦੇ ਪੁੱਤਰ ਨੂੰ ਅੱਜ ਲੱਗਦਾ ਹੈ ਕਿ ਉਸ ਦਾ ਪਿਤਾ ਖਾੜਕੂਵਾਦ ਵਿੱਚ ਸ਼ਹੀਦ ਨਹੀਂ ਹੋਇਆ, ਬਲਕਿ ਆਪਣੀ ਜ਼ਮੀਨ ਬਚਾਉਣ ਲਈ ਸ਼ਹੀਦ ਹੋਇਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4098)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)