“ਜੇਲ ਹੀ ਝੱਲਦੀ ਹੈ ਜੀ, ਬਾਹਰ ਤਾਂ ਦੋ ਵਕਤ ਦੀ ਰੋਟੀ ਦਾ ਜੁਗਾੜ ...”
(7 ਨਵੰਬਰ 2019)
ਅਜਾਦ ਭਾਰਤ ਵਿੱਚ ਜੇਲਾਂ ਕੈਦੀਆਂ ਨੂੰ ਆਪਣੀ ਸਮਰੱਥਾ ਤੋਂ ਵੱਧ ਗਿਣਤੀ ਵਿੱਚ ਸਾਂਭ ਰਹੀਆਂ ਹਨ। ਅੰਗਰੇਜਾਂ ਦੇ ਸਮੇਂ ਜੇਲ ਵਿੱਚ ਕੋਈ ਸਹੂਲਤ ਨਹੀਂ ਹੁੰਦੀ ਸੀ। ਉਸ ਸਮੇਂ ਜੇਲਾਂ ਬਹੁਤ ਵੱਡੇ ਤਸ਼ੱਦਦ ਘਰ ਹੁੰਦੇ ਸਨ। ਮਨੁੱਖੀ ਜ਼ਿੰਦਗੀ ਦੀ ਕੀਮਤ ਉਹਨਾਂ ਜਾਨਵਰਾਂ ਦੀ ਨਿਆਈ ਹੁੰਦੀ ਸੀ ਜਿਨ੍ਹਾਂ ਨੂੰ ਮੌਤ ਦਾ ਸਾਹਮਣਾ ਕਿਸੇ ਵੀ ਵਕਤ ਕਰਨਾ ਪੈ ਸਕਦਾ ਸੀ। ਸਮੇਂ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਜੇਲਾਂ ਵਿੱਚ ਕਾਫੀ ਸੁਧਾਰ ਕੀਤਾ ਗਿਆ ਹੈ। ਅਜਾਦੀ ਤੋਂ ਬਾਅਦ ਜੇਲਾਂ ਨਾਲ ਸੰਬੰਧਤ ਨਿਯਮਾਂ ਵਿੱਚ ਜ਼ਰੂਰੀ ਸੁਧਾਰ ਕੀਤੇ ਗਏ ਹਨ। ਭਾਵੇਂ ਕਿ ਅਪਰਾਧੀ ਪ੍ਰਵ੍ਰਿਤੀ ਦੇ ਲੋਕਾਂ ਨੇ ਕਾਨੂੰਨ ਅਤੇ ਨਿਯਮਾਂ ਨੂੰ ਛਿੱਕੇ ਟੰਗਣ ਲਈ ਨਵੇਂ ਨਵੇਂ ਤਰੀਕੇ ਈਜਾਦ ਕਰ ਲਏ ਹਨ ਪਰ ਸਮੁੱਚੇ ਜੇਲ ਪ੍ਰਬੰਧ ਨੂੰ ਇਸ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਭ੍ਰਿਸ਼ਟਾਚਾਰ ਜੋ ਕੌਮੀ ਸਮੱਸਿਆ ਹੈ, ਵੀ ਜੇਲ ਪ੍ਰਬੰਧ ਨੂੰ ਨਿਗਲ ਰਿਹਾ ਹੈ। ਬੇਰੋਜਗਾਰੀ ਸਾਡੇ ਦੇਸ਼ ਵਿੱਚ ਭਿਆਨਕ ਰੂਪ ਲੈ ਚੁੱਕੀ ਹੈ। ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਕਿਸੇ ਵੀ ਗਰੀਬ ਲਈ ਬਹੁਤ ਮੁਸ਼ਕਲ ਹੈ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਭੀਖ ਮੰਗਣ ਦੇ ਉਲਟ ਕਾਨੂੰਨ ਵੀ ਬਣਾਏ ਹਨ। ਪਰ ਉਹਨਾਂ ਦੇਸ਼ਾਂ ਵਿੱਚ ਅਜਿਹੇ ਕਾਨੂੰਨ ਵੀ ਬਣਾਏ ਗਏ ਹਨ ਕਿ ਭੁੱਖਮਰੀ ਨਾਲ ਕਿਸੇ ਵੀ ਵਿਅਕਤੀ ਨੂੰ ਕੋਈ ਜੁਰਮ ਨਾ ਕਰਨਾ ਪਵੇ ਅਤੇ ਰੋਟੀ ਦੀ ਜ਼ਰੂਰਤ ਸਭ ਦੀ ਪੂਰੀ ਹੋਵੇ। ਪਰ ਅਪਰਾਧਿਕ ਮਾਨਸਿਕਤਾ ਵਾਲੇ ਲੋਕਾਂ ਦੀਆਂ ਜਰੂਰਤਾਂ ਅਸੀਮਤ ਹੁੰਦੀਆਂ ਹਨ ਜਿਸ ਕਾਰਨ ਵਿਕਸਤ ਕਹਾਉਣ ਵਾਲੇ ਦੇਸ਼ਾਂ ਵਿੱਚ ਵੀ ਅਪਰਾਧ ਦਾ ਗ੍ਰਾਫ ਉੱਚਾ ਹੈ।
ਕਾਫੀ ਅਰਸਾ ਪਹਿਲਾਂ ਸਾਡੀ ਅਦਾਲਤ ਵਿੱਚ ਬੜੇ ਹੀ ਤਜਰਬੇਕਾਰ ਈਮਾਨਦਾਰ ਜੁਡੀਸ਼ੀਅਲ ਅਫਸਰ ਤਬਦੀਲ ਹੋ ਕੇ ਆਏ ਜੋ ਬੜੇ ਹੀ ਨੇਕ ਦਿਲ ਇਨਸਾਨ ਸਨ। ਉਹ ਅਜਿਹੇ ਅਫਸਰ ਸਨ ਜੋ ਆਪਣੇ ਤਜਰਬੇ ਹਮੇਸ਼ਾ ਵਕੀਲਾਂ ਨਾਲ ਸਾਂਝੇ ਕਰਦੇ ਰਹਿੰਦੇ ਸਨ। ਹਰ ਮਹੀਨੇ ਬਾਰ ਵੱਲੋਂ ਚਾਹ ਦਾ ਕੱਪ ਉਹਨਾਂ ਨਾਲ ਸਾਂਝਾ ਕਰਦੇ ਹੋਏ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ ਜਾਂਦਾ ਸੀ। ਉਹਨਾਂ ਦੇ ਦੱਸਣ ਮੁਤਾਬਿਕ ਜਦੋਂ ਉਹ ਕਿਸੇ ਵੱਡੇ ਸ਼ਹਿਰ ਦੀ ਅਦਾਲਤ ਵਿੱਚ ਬਤੌਰ ਮਜਿਸਟਰੇਟ ਤਾਇਨਾਤ ਸਨ ਤਾਂ ਸਰਦੀ ਸ਼ੁਰੂ ਹੁੰਦਿਆਂ ਹੀ ਉਹਨਾਂ ਦੀ ਅਦਾਲਤ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਜਾਇਆ ਕਰੇ। ਇਹ ਕੇਸ ਛੋਟੇ ਮੋਟੇ ਅਪਰਾਧਾਂ ਵਾਲੇ ਹੀ ਹੋਇਆ ਕਰਨਅਤੇ ਦੋਸ਼ੀ ਵਿਅਕਤੀਆਂ ਦੇ ਜਮਾਨਤ ਹੁਕਮ ਹੋਣ ਦੇ ਬਾਵਜੂਦ ਵੀ ਜਮਾਨਤ ਤਸਦੀਕ ਕਰਾਉਣ ਕੋਈ ਨਾ ਆਇਆ ਕਰੇ। ਉਹਨਾਂ ਨੇ ਇਸਦਾ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਇੱਕ ਦਿਨ ਅਚਾਨਕ ਇੱਕ ਅਪਰਾਧੀ ਨੂੰ ਛੋਟੇ ਜਿਹੇ ਅਪਰਾਧ ਵਿੱਚ ਨਿੱਜੀ ਮੁਚਲਕੇ ਉੱਤੇ ਰਿਹਾ ਕਰਨ ਦਾ ਹੁਕਮ ਕਰ ਦਿੱਤਾ। ਉਸ ਦੋਸ਼ੀ ਨੇ ਬੜਾ ਹੀ ਆਤਮਾ ਨੂੰ ਝੰਜੋੜਨ ਵਾਲਾ ਉੱਤਰ ਦਿੱਤਾ। ਉਸ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਕੰਮ ਮਿਲ ਜਾਂਦਾ ਹੈ ਤਾਂ ਰੋਟੀ ਦਾ ਜੁਗਾੜ ਹੋ ਜਾਂਦਾ ਹੈ ਅਤੇ ਗਰਮੀ ਦੀ ਰੁੱਤ ਵਿੱਚ ਤਾਂ ਉਹ ਗੁਰਦੁਆਰੇ ਲੰਗਰ ਛਕ ਕੇ ਫੁੱਟਪਾਥਾਂ ਅਤੇ ਰੇਲਵੇ ਸ਼ਟੇਸ਼ਨਾਂ ਉੱਤੇ ਰਾਤ ਬਤੀਤ ਕਰ ਲੈਂਦੇ ਹਨ ਪਰ ਸਰਦੀ ਵਿੱਚ ਠੰਢ ਤੋਂ ਬਚਣ ਲਈ ਕੋਈ ਜੁਗਾੜ ਨਹੀਂ ਹੁੰਦਾ। ਜੇਲ ਵਿੱਚ ਰੋਟੀ ਅਤੇ ਛੱਤ ਦਾ ਪ੍ਰਬੰਧ ਮੁਫਤ ਹੋ ਜਾਂਦਾ ਹੈ, ਇਸ ਲਈ ਅਸੀਂ ਛੋਟੇ ਮੋਟੇ ਅਪਰਾਧ ਕਰਕੇ ਜੇਲ ਚਲੇ ਜਾਂਦੇ ਹਾਂ। - ਫਿਰ ਉਸ ਨੇ ਕਿਹਾ ਕਿ ਜੱਜ ਸਾਹਬ ਉਸ ਨੂੰ ਰਿਹਾ ਨਾ ਕੀਤਾ ਜਾਵੇ।
ਰਿਹਾ ਹੋਣ ਦੀ ਸੂਰਤ ਵਿੱਚ ਉਹ ਜਾਣ ਬੁੱਝ ਕੇ ਤਰੀਕ ਪੇਸ਼ੀ ਤੋਂ ਗੈਰਹਾਜ਼ਰ ਹੋ ਕੇ ਜਾਂ ਨਵਾਂ ਛੋਟਾ ਮੋਟਾ ਅਪਰਾਧ ਕਰਕੇ ਫਿਰ ਜੇਲ ਚਲੇ ਆਉਂਦੇ ਹਨ। ਉਹਨਾਂ ਲੋਕਾਂ ਕੋਲ ਸਰਦੀ ਅਤੇ ਭੁੱਖ ਤੋਂ ਬਚਣ ਲਈ ਜੇਲ ਹੀ ਸਹਾਰਾ ਹੈ। ਪੂਰੇ ਸਮਾਜ ਵੱਲੋਂ ਉਹਨਾਂ ਨੂੰ ਦੁਤਕਾਰਿਆ ਗਿਆ ਹੈ। ਅਦਾਲਤਾਂ ਦੇ ਵਿੱਚ ਕਈ ਵਾਰ ਅਪਰਾਧੀ ਆਪਣੇ ਆਪ ਨੂੰ ਜ਼ਿਆਦਾ ਚਲਾਕ ਸਮਝਣ ਲੱਗ ਜਾਂਦੇ ਹਨ ਪਰ ਰੋਜ਼ਾਨਾ ਹੀ ਚਲਾਕੀਆਂ ਨਾਲ ਵਾਸਤਾ ਪੈਣ ਕਾਰਨ ਨਿਆਇਕ ਅਫਸਰ ਸਭ ਸਮਝ ਜਾਂਦੇ ਹਨ।
ਇੱਕ ਵਾਰ ਇੱਕ ਜੇਰੇ ਸਮਾਇਤ ਦੋਸ਼ੀ ਜੋ ਕਿਸੇ ਜੁਰਮ ਵਿੱਚ ਜੇਲ ਵਿੱਚ ਸੀ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਕੇ ਅਦਾਲਤ ਵਿੱਚ ਦਰਖਾਸਤ ਲਿਖ ਕੇ ਲੈ ਆਇਆ ਕਰੇ ਮੈਂਨੂੰ ਜਾਪਦਾ ਸੀ ਉਹ ਅਦਾਲਤ ਦੀ ਹਮਦਰਦੀ ਹਾਸਲ ਕਰਨਾ ਚਾਹੁੰਦਾ ਸੀ। ਉਸੇ ਕੇਸ ਵਿੱਚ ਉਸ ਦੋਸ਼ੀ ਨੇ ਜੇਲ ਵਿੱਚੋਂ ਵੱਡੇ ਹਸਪਤਾਲ ਵਿੱਚੋਂ ਆਪਣਾ ਇਲਾਜ ਕਰਾਉਣ ਦੀ ਅਰਜੀ ਦੇ ਦਿੱਤੀ। ਉਹ ਕੇਸ ਆਖਰੀ ਬਹਿਸ ਉੱਤੇ ਲੱਗਾ ਹੋਇਆ ਸੀ। ਬਹਿਸ ਕਰਨ ਸਮੇਂ ਇੱਕ ਨੁਕਤਾ ਜੋ ਬੜਾ ਅਹਿਮ ਸੀ ਕਿ ਪ੍ਰਾਸੀਕਿਊਸ਼ਨ ਨੇ ਦੋਸ਼ੀ ਦੀ ਮੌਜੂਦਗੀ ਘਟਨਾ ਵਾਲੀ ਜਗ੍ਹਾ ਉੱਤੇ ਸਾਬਤ ਨਹੀਂ ਕੀਤੀ ਸੀ। ਮੈਂ ਇਸੇ ਨੁਕਤੇ ਤੇ ਜ਼ੋਰ ਦਿੱਤਾ ਪਰ ਜੱਜ ਸਾਹਬ ਨੇ ਦੋਸ਼ੀ ਵੱਲੋਂ ਜੇਲ ਵਿੱਚੋਂ ਦਿੱਤੀਆਂ ਅਰਜੀਆਂ ਵੱਲ ਧਿਆਨ ਦਿੱਤਾ ਤਾਂ ਦੋਸ਼ੀ ਨੇ ਕੁਝ ਦਰਖਾਸਤਾਂ ਵਿੱਚ ਖੁਦ ਮੰਨਿਆ ਸੀ ਕਿ ਉਹ ਘਟਨਾ ਸਥਾਨ ਉੱਤੇ ਮੌਜੂਦ ਸੀ। ਸਾਡੇ ਵਧੀਆ ਕੇਸ ਦਾ ਭੱਠਾ ਦੋਸ਼ੀ ਨੇ ਖੁਦ ਬੈਠਾ ਦਿੱਤਾ, ਜੇਲ ਜਾਣ ਲੱਗਾ ਕਹਿੰਦਾ ਕਿ ਜੇਲ ਹੀ ਝੱਲਦੀ ਹੈ ਜੀ, ਬਾਹਰ ਤਾਂ ਦੋ ਵਕਤ ਦੀ ਰੋਟੀ ਦਾ ਜੁਗਾੜ ਨਹੀਂ ਹੁੰਦਾ। ਵੈਸੇ ਵੀ ਬਾਹਰ ਜਾਨ ਨੂੰ ਖਤਰਾ ਰਹਿੰਦਾ।
ਇਸ ਤਰ੍ਹਾਂ ਦੀਆਂ ਘਟਨਾਵਾਂ ਦੇਸ਼ ਦੇ ਸੁਹਿਰਦ ਨਾਗਰਿਕਾਂ ਦੀ ਅੰਤਰ ਆਤਮਾ ਨੂੰ ਝੰਜੋੜ ਜਾਂਦੀਆਂ ਹਨ। ਅਜਾਦੀ ਦੇ ਇੰਨੇ ਸਾਲਾਂ ਬਾਅਦ ਵੀ ਅਸੀਂ ਆਪਣੇ ਨਾਗਰਿਕਾਂ ਨੂੰ ਰੋਟੀ ਅਤੇ ਛੱਤ ਨਹੀਂ ਦੇ ਸਕੇ। ਜਿਸ ਦੇਸ਼ ਦੇ ਨਾਗਰਿਕ ਰੋਟੀ ਅਤੇ ਛੱਤ ਲਈ ਜੇਲ ਜਾਣ ਤੋਂ ਵੀ ਨਾ ਕਤਰਾਉਂਦੇ ਹੋਣ ਉੱਥੇ ਅਪਰਾਧ ਦੇ ਵਧਣ ਫੁੱਲਣ ਲਈ ਉਪਜਾਊ ਜਮੀਨ ਸਮਝੀ ਜਾਣੀ ਚਾਹੀਦੀ ਹੈ। ਛੋਟੇ ਅਪਰਾਧ ਆਖਿਰ ਇੱਕ ਦਿਨ ਵੱਡੇ ਅਪਰਾਧਾਂ ਵਿੱਚ ਵੀ ਤਬਦੀਲ ਹੋਣਗੇ। ਸਰਕਾਰਾਂ ਦੀਆਂ ਨਜ਼ਰਾਂ ਵਿੱਚ ਸਿਰਫ ਲੋਕ ਵੋਟ ਲਈ ਨਾਗਰਿਕ ਹਨ, ਮੁੱਢਲੀਆਂ ਲੋੜਾਂ ਬਾਰੇ ਵੀ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1800)
(ਸਰੋਕਾਰ ਨਾਲ ਸੰਪਰਕ ਲਈ: