“ਬੜੇ ਲੋਕ ਅਜਿਹੇ ਆਉਂਦੇ ਜੋ ਕਹਿੰਦੇ, ਬਾਬੇ ਦੀ ਕਿਰਪਾ ਨਾਲ ...”
(6 ਸਤੰਬਰ 2020)
ਪੰਜਾਬ ਦੇ ਹਰ ਗਲੀ ਮੁਹੱਲੇ ਪੀਰਾਂ ਨੂੰ ਪੂਜਣ ਵਾਲੇ ਲੋਕਾਂ ਦਾ ਹਜੂਮ ਨਜ਼ਰ ਆ ਜਾਂਦਾ ਹੈ। ਲੱਗਦਾ ਹੈ ਜਿਵੇਂ ਲੋਕਾਂ ਨੇ ਆਪਣੀ ਸਹੂਲਤ ਅਨੁਸਾਰ ਪੀਰਾਂ ਦੀ ਸਿਰਜਣਾ ਕਰ ਲਈ ਹੈ। ਇਹ ਲੋਕ ਆਪਣੀ ਮਾਨਸਿਕਤਾ ਅਨੁਸਾਰ ਭੋਲੇ ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਜਾਂਦੇ ਹਨ। ਮੇਰੇ ਇੱਕ ਮੁਸਲਿਮ ਦੋਸਤ ਨੇ ਦੱਸਿਆ ਕਿ ਉਹਨਾਂ ਦੇ ਧਰਮ ਵਿੱਚ ਕਬਰਾਂ ਨੂੰ ਪੂਜਣ ਦੀ ਸਖਤ ਮਨਾਹੀ ਹੈ। ਉਸਦਾ ਕਹਿਣ ਅਨੁਸਾਰ ਤੁਹਾਡੇ ਧਰਮ ਦੇ ਲੋਕ ਸਾਡੀਆਂ ਕਬਰਾਂ ਤੇ ਜਾ ਜਾ ਕੇ ਮੱਥੇ ਟੇਕਦੇ ਹਨ। ਸਾਡੇ ਲੋਕ ਸਰਕਾਰੀ ਜਗਾ ’ਤੇ ਨਜਾਇਜ਼ ਕਬਜ਼ਾ ਕਰ ਕੇ ਪੀਰਾਂ ਦਾ ਡਰ ਲੋਕਾਂ ਦੇ ਮਨਾਂ ਅੰਦਰ ਬਿਠਾ ਦਿੰਦੇ ਹਨ। ਅੱਜ ਵੀ ਸੜਕਾਂ ਦੇ ਕਿਨਾਰੇ ਜਾਂ ਸਾਂਝੀਆਂ ਥਾਂਵਾਂ ’ਤੇ ਨਜਾਇਜ਼ ਕਬਜ਼ੇ ਕਰ ਅਖੌਤੀ ਪੀਰਾਂ ਨੂੰ ਅਖੌਤੀ ਨਾਂ ਦੇ ਕੇ ਕਾਬਜ਼ ਕਰ ਦਿੱਤਾ ਜਾਂਦਾ ਹੈ।
ਕੁਝ ਸਮਾਂ ਪਹਿਲਾਂ ਸੜਕਾਂ ਦੇ ਕਿਨਾਰਿਆਂ ’ਤੇ ਜਿੱਥੇ ਜ਼ਿਆਦਾ ਐਕਸੀਡੈਂਟ ਹੁੰਦੇ ਸੀ ਉਸ ਜਗਾਹ ਨੂੰ ਬਗੈਰ ਕਿਸੇ ਕਾਰਨ ਜਾਣਿਆ ਪੱਕੀ ਜਗਾ ਘੋਸ਼ਿਤ ਕਰ ਦਿੱਤਾ ਜਾਂਦਾ ਸੀ ਤੇ ਲੜੀਵਾਰ ਅਖੰਡ ਪਾਠ ਕਰਾਏ ਜਾਂਦੇ ਸਨ। ਪਰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਬ ਦਾ ਪ੍ਰਕਾਸ਼ ਢੁੱਕਵੀਂ ਜਗਾਹ ਨਾ ਹੋਣ ’ਤੇ ਮਨਾਹੀ ਕਰਨ ਤੋਂ ਬਾਅਦ ਇਹ ਸਿਲਸਿਲਾ ਬੰਦ ਹੋਇਆ। ਅਸਲ ਵਿੱਚ ਐਕਸੀਡੈਂਟ ਵਾਲੀਆਂ ਬਹੁਤੀਆਂ ਥਾਂਵਾਂ ’ਤੇ ਸੜਕ ਨਿਰਮਾਣ ਵਿੱਚ ਤਕਨੀਕੀ ਨੁਕਸ ਹੁੰਦਾ ਸੀ, ਜਿਸ ਨੂੰ ਕਈ ਜਗਾਹ ’ਤੇ ਹਾਈਵੇ ਬਣਨ ਦੌਰਾਨ ਦੂਰ ਕਰ ਦਿੱਤਾ ਗਿਆ ਹੈ। ਹੁਣ ਹਾਈਵੇ ਬਣਨ ਤੋਂ ਬਾਅਦ ਪਤਾ ਨਹੀਂ ਉਹ ਪੱਕੀਆਂ ਥਾਂਵਾਂ ਕਿੱਧਰ ਗਈਆਂ। ਅੰਧ ਵਿਸ਼ਵਾਸ ਸਾਡੇ ਲੋਕਾਂ ਦੇ ਮਨਾਂ ਵਿੱਚ ਗੂੜ੍ਹਾ ਉੱਤਰਿਆ ਹੋਇਆ ਹੈ ਜੋ ਕਿ ਪੀੜ੍ਹੀ ਦਰ ਪੀੜ੍ਹੀ ਅੱਗੇ ਵਧ ਰਿਹਾ ਹੈ। ਪਤਾ ਨਹੀਂ ਇਹ ਲਾਹਨਤ ਪੰਜਾਬ ਵਿੱਚੋਂ ਕਦੋਂ ਖਤਮ ਹੋਵੇਗੀ।
ਮੇਰਾ ਬਚਪਨ ਤੋਂ ਅੰਧ ਵਿਸ਼ਵਾਸ ਨਾਲ ਛੱਤੀ ਦਾ ਅੰਕੜਾ ਰਿਹਾ ਹੈ। ਮੇਰੇ ਇੱਕ ਤਾਇਆ ਜੀ ਆਪਣੇ ਆਪ ਨੂੰ ਸਿਆਣਾ ਜਾਂ ਬਾਬਾ ਅਖਵਾਉਂਦੇ ਸਨ। ਦੂਰੋਂ ਦੂਰੋ ਲੋਕ ਉਹਨਾਂ ਪਾਸੋ ਧਾਗੇ ਤਵੀਤ ਲੈਣ ਆਉਂਦੇ ਸਨ। ਬਹੁਤੀ ਗਿਣਤੀ ਹਿਸਟੀਰੀਆ ਦੀਆਂ ਮਰੀਜ਼ ਔਰਤਾਂ ਦੀ ਹੁੰਦੀ ਸੀ। ਉਹ ਮਰੀਜ਼ ਅਕਸਰ ਹੀ ਚੌਕੀਆਂ ਭਰਨ ਆਉਂਦੇ। ਕਈਆਂ ਦੇ ਇਸ ਰੋਗ ਦਾ ਇਲਾਜ ਤੇ ਕਾਰਨ ਵੀ ਉਹਨਾਂ ਦੀਆਂ ਹਰਕਤਾਂ ਤੋਂ ਪਤਾ ਲੱਗ ਜਾਂਦਾ ਸੀ। ਕਈ ਪੜ੍ਹੇ ਲਿਖੇ ਤੇ ਸਰਕਾਰੀ ਨੌਕਰੀ ਕਰਨ ਵਾਲੇ ਥਾਣੇਦਾਰ, ਪਟਵਾਰੀ, ਕਾਨੂੰਨਗੋ ਵੀ ਆਉਂਦੇ ਲੋਕਾਂ ਨੂੰ ਵਰਗਲਾਉਣ ਵਿੱਚ ਇਹਨਾਂ ਦਾ ਪੂਰਾ ਪੂਰਾ ਹੱਥ ਹੁੰਦਾ ਅਕਸਰ ਅਨਪੜ੍ਹ ਲੋਕ ਇਹਨਾਂ ਲੋਕਾਂ ਦੀ ਵੇਖਾ ਵੇਖੀ ਹੀ ਚੌਕੀਆਂ ਭਰਨ ਲੱਗ ਜਾਂਦੇ। ਜੇ ਮੇਰੇ ਵੱਲੋਂ ਕੋਈ ਸਵਾਲ ਕੀਤਾ ਜਾਂਦਾ ਤਾਂ ਮੈਂਨੂੰ ਕਿਹਾ ਜਾਂਦਾ ਕਿ ਮੈਂਨੂੰ ਹੰਕਾਰ ਹੈ, ਇੰਨੇ ਲੋਕ ਕਮਲੇ ਥੋੜ੍ਹਾ ਨੇ ਜੋ ਆਉਂਦੇ ਨੇ, ਤਾਇਆ ਤਾਂ ਲੋਕਾਂ ਦਾ ਭਲਾ ਕਰਦਾ। ਅਕਸਰ ਤਾਇਆ ਮੇਰੇ ਵੱਲ ਵੇਖ ਕੇ ਕਹਿੰਦਾ ਕਿ ਜਵਾਕ ਪੜ੍ਹਾਉਣੇ ਨਹੀਂ ਚਾਹੀਦੇ। ਪੜ੍ਹਨ ਨਾਲ ਦਿਮਾਗ ਖਰਾਬ ਹੋ ਜਾਂਦਾ ਹੈ। ਸ਼ਾਇਦ ਢਕਵੰਜ ਵੇਖ ਕੇ ਮੇਰਾ ਸੱਚਮੁੱਚ ਦਿਮਾਗ ਖਰਾਬ ਹੋ ਗਿਆ ਹੋਵੇ। ਸੱਚਮੁੱਚ ਹੀ ਤਾਏ ਦੇ ਢਕਵੰਜ ਦੀ ਇੱਕ ਇੱਕ ਹਰਕਤ ਮੈਂਨੂੰ ਸਮਝ ਆ ਗਈ ਸੀ।
ਅਚਾਨਕ ਇੱਕ ਦਿਨ ਹਿਸਟੀਰੀਆ ਦੀ ਮਰੀਜ਼ ਔਰਤ ਦੇ ਮੂੰਹੋਂ ਤਾਏ ਨੇ ਪੀਰ ਬੁਲਵਾ ਲਿਆ। ਕਹਿੰਦੇ, ਜੀ ਇਹ ਪੀਰ ਹੈ ਜੋ ਇਲਾਹਾਬਾਦ ਤੋਂ ਵੀ ਦੂਰ ਦਾ ਹੈ। ਸ਼ਾਇਦ ਤਾਏ ਨੂੰ ਜਾਪਦਾ ਹੋਵੇ ਕਿ ਇਲਾਹਾਬਾਦ ਸਾਡੇ ਪਿੰਡ ਤੋਂ ਦੂਰ ਹੋਣ ਕਰਕੇ ਕਿਹੜਾ ਕੋਈ ਪਤਾ ਕਰ ਲਵੇਗਾ। ਉਸਦੀ ਇੱਕ ਮਟੀ ਵੀ ਖੇਤ ਵਿੱਚ ਬਣਾ ਦਿੱਤੀ। ਮੇਰੇ ਹਿਸਾਬ ਨਾਲ ਤਾਏ ਨੇ ਦੂਸਰੇ ਭਰਾਵਾਂ ਦਾ ਹੱਕ ਮਾਰਨ ਲਈ ਤੇ ਇਸ ਅੰਧ ਵਿਸ਼ਵਾਸ਼ ਦਾ ਡਰ ਪਾਉਣ ਲਈ ਇਹ ਸਿਰਜਣਾ ਕੀਤੀ, ਜਿਸ ਵਿੱਚ ਉਹ ਸਫਲ ਵੀ ਹੋਇਆ। ਪਰਿਵਾਰ ਦੇ ਬਾਕੀ ਲੋਕ ਤਾਏ ਦੇ ਪਿਛਲੱਗੂ ਬਣ ਕੇ ਉਹਨਾਂ ਦੇ ਪੀਰ ਦੀਆਂ ਸਿਫਤਾਂ ਕਰਦੇ ਰਹਿੰਦੇ। ਮੈਂ ਇਕੱਲਾ ਅਜਿਹੇ ਅੰਧ ਵਿਸ਼ਵਾਸ ਵਿੱਚ ਫਸੇ ਪਰਿਵਾਰ ਨੂੰ ਕਿਵੇਂ ਕੱਢਦਾ? ਪਰ ਬਚਪਨ ਦੇ ਕੁਝ ਸਮੇਂ ਨੂੰ ਛੱਡ ਕੇ ਮੈਂ ਕਦੇ ਉਸ ਮਟੀ ’ਤੇ ਨਹੀਂ ਗਿਆ। ਹਫਤੇ ਬਾਅਦ ਐਤਵਾਰ ਦੇ ਦਿਨ ਤਾਇਆ ਚੌਕੀ ਲਾਉਂਦਾ ਤੇ ਪਤਾਸਿਆਂ ਦੇ ਪ੍ਰਸ਼ਾਦ ਦੀ ਬੋਰੀ ਇਕੱਠੀ ਕਰ ਲਿਆਉਂਦਾ। ਅਗਲੇ ਸੱਤ ਦਿਨ ਤਾਇਆ ਇਕੱਠੇ ਕੀਤੇ ਕੁਝ ਰੁਪਇਆ ਨਾਲ ਸ਼ੌਂਕ ਪੂਰੇ ਕਰਦਾ ਤੇ ਖੇਤੀਬਾੜੀ ਦਾ ਕਾਰੋਬਾਰ ਚਲਾਉਂਦਾ।
ਭੋਲੇ ਲੋਕ ਬਾਬਾ ਜੀ ਨੂੰ ‘ਸਤਿ ਬਚਨ’ ਕਹਿ ਕੇ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ, ਤਾਇਆ ਮੁਫਤ ਦੇ ਟਰੈਕਟਰਾਂ ਨਾਲ ਖੇਤੀਬਾੜੀ ਕਰਦਾ ਤੇ ਨਾਲੋ ਨਾਲ ਸਾਨੂੰ ਮਿੱਠੀਆਂ ਮਸ਼ਕਰੀਆਂ ਕਰਦਾ ਰਹਿੰਦਾ ਕਿ ਮੇਰੇ ਤਾਂ ਭੂਤ ਕੰਮ ਕਰਦੇ ਹਨ। ਅਕਸਰ ਤਾਇਆ ਕਹਿੰਦਾ ਕਿ ਮੇਰੇ ਕੋਲ ਨੂਰੀ ਇਲਮ ਹੈ। ਲੋਕਾਂ ਨੂੰ ਸ਼ਰਾਬ, ਮੀਟ ਤੇ ਆਂਡੇ ਨਾ ਖਾਣ ਦੀ ਸਲਾਹ ਦਿੰਦਾ, ਖੁਦ ਕਦੇ ਕਦੇ ਕਿਸੇ ਅਖੌਤੀ ਮਾਤਾ ਦੇ ਨਾਮ ’ਤੇ ਸ਼ਰਾਬ ਚੜ੍ਹਾਉਣ ਨੂੰ ਆਖਦਾ। ਇੱਕ ਵਾਰ ਅੱਧੀ ਰਾਤ ਮੇਰੇ ਪੇਟ ਵਿੱਚ ਦਰਦ ਹੋਣ ਲੱਗ ਪਿਆ। ਘਰ ਵਿੱਚ ਗੱਲ ਚੱਲੀ ਕਿ ਤਾਏ ਤੋਂ ਬਰਾਂਡੀ ਦਾ ਚਮਚ ਲਿਆ ਕੇ ਦਿੰਦੇ ਹਾਂ। ਤਾਏ ਕੋਲੋਂ ਬੈਗਪਾਈਪਰ ਵਿਸਕੀ ਦੀ ਬੋਤਲ ਵਿੱਚੋਂ ਮੈਂ ਬਰਾਂਡੀ ਦੇ ਨਾਮ ’ਤੇ ਚਮਚ ਭਰ ਕੇ ਪੀਤਾ, ਜੋ ਅੱਜ ਵੀ ਮੈਂਨੂੰ ਯਾਦ ਹੈ। ਤਾਇਆ ਹਰ ਰੋਜ਼ ਉਸ ਵਿੱਚੋਂ ਪੀ ਕੇ ਅਹਿਸਾਸ ਕਰਾਇਆ ਕਰੇ ਕਿ ਮੈਂ ਹੀ ਪੀ ਸਕਦਾ ਹਾਂ। ਮੈਂਨੂੰ ਬੋਤਲ ਦਿਖਾ ਕੇ ਵਾਰ ਵਾਰ ਉਸ ਦਾ ਲੇਬਲ ਪੜ੍ਹਾਇਆ ਕਰੇ। ਸ਼ਾਇਦ ਤਾਇਆ ਵਿਸਕੀ ਦਾ ਆਦੀ ਬਣਾਉਣਾ ਚਾਹੁੰਦਾ ਹੋਵੇ। ਕਹਿੰਦੇ ਨੇ ਸ਼ਰੀਕ ਤਾਂ ਮਿੱਟੀ ਦਾ ਮਾਣ ਨਹੀਂ, ਤਾਇਆ ਤਾਂ ਅਖੌਤੀ ਨੂਰੀ ਇਲਮ ਨਾਲ ਟੱਬਰ ਮੂਹਰੇ ਲਾ ਸਕਦਾ ਸੀ। ਅੱਜ ਵੀ ਮੇਰੇ ਪਰਿਵਾਰ ਦੇ ਕੁਝ ਲੋਕ ਤਾਏ ਦੇ ਨੂਰੀ ਇਲਮ ਨੂੰ ਸਲਾਮ ਕਰਦੇ ਹਨ। ਕਦੇ ਕਦੇ ਕਿਸੇ ਹਿਸਟੀਰੀਆ ਦੀ ਮਰੀਜ਼ ਮੂੰਹੋਂ ਤਾਇਆ ਮਹਿੰਗੇ ਫਲ ਦੀ ਸ਼ਿਫਾਰਿਸ਼ ਕਰਾ ਲੈਂਦਾ ਤੇ ਸ਼ਾਮ ਨੂੰ ਵਿਸਕੀ ਨਾਲ ਲੁਤਫ ਲੈਂਦਾ। ਇਹ ਸਭ ਅੱਖੀਂ ਵੇਖ ਕੇ ਭੋਲੇ ਲੋਕਾਂ ’ਤੇ ਬਹੁਤ ਅਫਸੋਸ ਹੁੰਦਾ।
ਕਦੇ ਕਦੇ ਤਾਇਆ ਕਿਸੇ ਨੂੰ ਗੁਰਦੁਆਰੇ ਪਾਠ ਕਰਾਉਣ ਦੀ ਪੁੱਛ ਵੀ ਕੱਢ ਦਿੰਦਾ। ਕਈ ਵਾਰ ਤਾਇਆ ਲੋਕਾਂ ਨੂੰ ਗਤੀ ਕਰਾਉਣ ਦੇ ਬਹਾਨੇ ਅਨੰਦਪੁਰ ਸਾਹਬ, ਕੀਰਤਪੁਰ ਵੀ ਘੁਮਾ ਲਿਆਉਂਦਾ ਤੇ ਅਨੰਦਪੁਰ ਸਰਾਂ ਦੇ ਕਮਰੇ ਵਿੱਚ ਚੋਰੀ ਚੋਰੀ ਹਿਸਟੀਰੀਆ ਦੀ ਮਰੀਜ਼ ਦਾ ਸਿਰ ਘੁਮਵਾ ਲੈਂਦਾ। ਅਫਸੋਸ, ਲੋਕ ਤਾਏ ਦੀ ਠੱਗੀ ਨੂੰ ਸਮਝ ਨਾ ਸਕੇ। ਕਈ ਵਾਰ ਤਾਇਆ ਜਲ ਦੇ ਨਾਮ ’ਤੇ ਪਾਣੀ ਵਿੱਚ ਫੂਕਾਂ ਮਾਰ ਕੇ ਦੇ ਦਿੰਦਾ। ਕਈ ਵਾਰ ਪਾਣੀ ਵਿੱਚ ਤਵੀਤ ਘੋਲ ਕੇ ਖੰਘ ਦੀ ਦਵਾਈ ਵਾਂਗ ਪੀਣ ਲਈ ਦਿੰਦਾ। ਬੜੇ ਲੋਕ ਅਜਿਹੇ ਆਉਂਦੇ ਜੋ ਕਹਿੰਦੇ, ਬਾਬੇ ਦੀ ਕਿਰਪਾ ਨਾਲ ਬਾਰਾਂ ਸਾਲ ਬਾਅਦ ਔਲਾਦ ਹੋਈ, ਉਹ ਵੀ ਮੁੰਡਾ ਹੋਇਆ। ਅੱਜ ਵੀ ਮੈਂ ਉਹਨਾਂ ਲੋਕਾਂ ਨੂੰ ਚੈਲੇਂਜ ਕਰ ਸਕਦਾ ਹਾਂ ਕਿ ਉਹ ਮੈਂਨੂੰ ਕਿਸੇ ਮਾਹਰ ਡਾਕਟਰ ਪਾਸੋਂ ਜਾਂਚ ਕਰਾਉਣ ਦੇਣ ਤੇ ਡੀ ਐੱਨ ਏ ਜਾਂਚ ਕਰਾ ਲੈਣ ਦੇਣ, ਉਹਨਾਂ ਦੀ ਤੇ ਤਾਏ ਦੀ ਪੋਲ ਖੁੱਲ੍ਹ ਜਾਵੇਗੀ।
ਤਾਏ ਨੂੰ ਉਸ ਦੇ ਆਖਰੀ ਦਿਨਾਂ ਵਿੱਚ ਪੀਲੀਆ ਹੋ ਗਿਆ। ਤਾਇਆ ਅੰਧ ਵਿਸ਼ਵਾਸ ਵਿੱਚ ਫਸਿਆ ਰਿਹਾ, ਝੋਲਾ ਛਾਪ ਆਪਣੇ ਚੇਲਿਆਂ ਤੋਂ ਇਲਾਜ ਕਰਾਉਂਦਾ ਰਿਹਾ। ਆਖਿਰ ਤਾਏ ਦਾ ਲਿਵਰ ਖਤਮ ਹੋ ਗਿਆ ਤੇ ਲੁਧਿਆਣਾ ਦੇ ਵੱਡੇ ਹਸਪਤਾਲ ਵਿੱਚ ਤਾਏ ਨੇ ਆਖਰੀ ਸਾਹ ਲਿਆ।
ਆਖਰੀ ਸਮੇਂ ਤੋਂ ਕੁਝ ਸਮਾਂ ਪਹਿਲਾਂ ਤਾਏ ਦੀਆਂ ਮੈਡੀਕਲ ਰਿਪੋਰਟਾਂ ਦੇਖ ਕੇ ਤਾਏ ਨੂੰ ਮੈਂ ਕਿਹਾ, “ਅਜੇ ਵਕਤ ਹੈ, ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਾ ਲਉ।” ਤਾਇਆ ਕਹਿੰਦਾ, “ਨਹੀਂ, ਡਾਕਟਰਾਂ ਨੂੰ ਕੀ ਪਤਾ।”
ਖੇਤ ਵਿੱਚ ਤਾਏ ਦੇ ਪੀਰ ਦੀ ਮਟੀ ਨੇੜੇ ਸਾਡੇ ਦਾਦੇ ਵੇਲੇ ਦੀ ਬੇਰੀ ਖੜ੍ਹੀ ਹੈ ਜੋ ਪੂਰੇ ਪਰਿਵਾਰ ਨੇ ਪੱਕੀ ਘੋਸ਼ਿਤ ਕਰ ਰੱਖੀ ਹੈ। ਨੇੜੇ ਮੇਰੇ ਪਰਿਵਾਰ ਵਿੱਚੋਂ ਦੋ ਮਕਾਨ ਪੈ ਚੁੱਕੇ ਹਨ। ਉਹ ਬੇਰੀ ਵੈਸੇ ਹੀ ਮੇਰੇ ਲਈ ਸਤਿਕਾਰ ਦੇ ਯੋਗ ਹੈ ਕਿਉਂਕਿ ਪੁਰਾਣੇ ਸਮੇਂ ਤੋਂ ਖੜ੍ਹੀ ਹੈ ਅਤੇ ਮੇਰੇ ਦਾਦਾ ਜੀ ਨੇ ਲਗਾਈ ਹੋਈ ਹੈ। ਮੇਰੇ ਪਰਿਵਾਰ ਦੇ ਕਈ ਜੀਅ, ਜੋ ਇਸ ਸਮੇਂ ਦੁਨੀਆਂ ਵਿੱਚ ਨਹੀਂ, ਉਹਨਾਂ ਨੇ ਉਸ ਦੇ ਬੇਰਾਂ ਤੇ ਛਾਂ ਦਾ ਅਨੰਦ ਮਾਣਿਆ ਹੈ। ਪਰ ਇਹ ਬੇਰੀ ਅੰਧ ਵਿਸ਼ਵਾਸ਼ ਦਾ ਮਣਾਂ ਮੂੰਹੀਂ ਭਾਰ ਆਪਣੇ ’ਤੇ ਚੁੱਕ ਕੇ ਖਲੋਤੀ ਹੈ। ਮੈਂਨੂੰ ਇਹ ਭਾਰ ਹੁਣ ਸਹਿਣ ਕਰਨਾ ਮੁਸ਼ਕਿਲ ਲੱਗ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2327)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)