“ਇਹ ਚੁਟਕਲਾ ਅਧੂਰਾ ਹੈ, ਮੈਂ ਤੈਨੂੰ ਪੂਰਾ ਸੁਣਾਉਂਦਾ ਹਾਂ ...”
(21 ਦਸੰਬਰ 2020)
ਇੱਕ ਦਿਨ ਮੇਰੇ ਵਿਦਵਾਨ ਵਕੀਲ ਮਿੱਤਰ ਨੇ ਮੇਰੇ ਮੁਵੱਕਿਲ ਨੂੰ ਜਿਰਾਹ ਕਰਨੀ ਸੀ। ਗਵਾਹ ਬੜਾ ਸਿੱਧਾ ਸਾਦਾ ਪੇਂਡੂ ਜਿਹਾ ਬੰਦਾ ਸੀ। ਉਹਦਾ ਹਰ ਜਵਾਬ ਬੜਾ ਸਪਸ਼ਟ ਤੇ ਸਿੱਧਾ ਹੁੰਦਾ ਸੀ। ਵਕੀਲ ਸਾਹਬ ਨੇ ਬੜੇ ਉਲਝਾਉਣ ਵਾਲੇ ਸਵਾਲ ਪੁੱਛੇ ਪਰ ਉਸ ਗਵਾਹ ਨੇ ਵਕੀਲ ਸਾਹਬ ਦੀ ਜ਼ਰੂਰਤ ਦੇ ਹਿਸਾਬ ਨਾਲ ਜਵਾਬ ਨਾ ਦਿੱਤੇ। ਅਖੀਰ ਵਕੀਲ ਸਾਹਬ ਨੇ ਜ਼ਮੀਨ ਦਾ ਕਬਜ਼ਾ ਸਾਬਤ ਕਰਨ ਲਈ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਮਸਲਨ ਪਾਣੀ ਦੀ ਵਾਰੀ ਕਦੋਂ ਹੈ। ਜ਼ਮੀਨ ਦਾ ਚੜ੍ਹਦਾ ਲਹਿੰਦਾ ਕਿਹਦੇ ਨਾਲ ਲੱਗਦਾ ਹੈ, ਵਗੈਰਾ ਵਗੈਰਾ। ਨਾਲ ਹੀ ਪੁੱਛਿਆ ਕਿ ਤੇਰੇ ਜਨਮ ਤੋਂ ਪਹਿਲਾਂ ਤੇਰੇ ਪਿਤਾ ਨਾਲ ਖੇਤੀ ਕੌਣ ਕਰਾਉਂਦਾ ਸੀ। ਗਵਾਹ ਨੇ ਭੋਲੇਪਣ ਨਾਲ ਜਵਾਬ ਦਿੱਤਾ ਕਿ ਵਕੀਲ ਸਾਹਬ, ਜਦੋਂ ਮੈਂ ਜੰਮਿਆ ਨਹੀਂ ਸੀ, ਮੈਂਨੂੰ ਕੀ ਪਤਾ ਕੌਣ ਖੇਤੀ ਕਰਾਉਂਦਾ ਸੀ। ਜੱਜ ਸਾਹਬ ਵੀ ਜਵਾਬ ਸੁਣ ਕੇ ਮੁਸਕਰਾਉਣ ਲੱਗ ਪਏ।
**
ਮੇਰੇ ਇੱਕ ਵਕੀਲ ਮਿੱਤਰ ਨੇ ਆਪਣੇ ਇੱਕ ਪੜ੍ਹੇ ਲਿਖੇ ਮੁਦਈ ਨੂੰ ਜਿਰਾਹ ਦੀ ਬੜੀ ਮਿਹਨਤ ਨਾਲ ਤਿਆਰੀ ਕਰਾਈ। ਉਸ ਨੇ ਇੱਕ ਲਿਖਤੀ ਦਸਤਾਵੇਜ਼ ਉੱਪਰ ਆਪਣੇ ਦਸਤਖਤ ਕੀਤੇ ਹੋਏ ਸੀ। ਵਕੀਲ ਸਾਹਬ ਨੇ ਬੜੀ ਮਿਹਨਤ ਨਾਲ ਮੇਰੇ ਵੱਲੋਂ ਪੁੱਛੇ ਜਾਣ ਵਾਲੇ ਜਿਰਾਹ ਦੇ ਆਮ ਸਵਾਲ ਤਿਆਰ ਕਰਾਏ। ਲਿਖਤ ਬਾਰੇ ਸਮਝਾ ਦਿੱਤਾ ਕਿ ਦਸਤਖਤ ਮੰਨਣੇ ਨਹੀਂ, ਜਦੋਂ ਵਕੀਲ ਸਾਹਬ ਪੁੱਛਣ, ਬੱਸ ਇਹੀ ਕਹਿਣਾ ਕਿ ਇਹ ਦਸਤਖਤ ਮੇਰੇ ਨਹੀਂ ਹਨ। ਮੈਂ ਸਭ ਤੋਂ ਪਹਿਲਾਂ ਗਵਾਹ ਅੱਗੇ ਉਸ ਦਾ ਦਾਹਵਾ ਕਰ ਦਿੱਤਾ ਕਿ ਦੇਖ ਤੇਰੇ ਦਸਤਖਤ ਹਨ? ਗਵਾਹ ਕਹਿੰਦਾ ‘ਨਹੀਂ।’ ਉਸ ਤੋਂ ਬਾਅਦ ਵਕੀਲ ਸਾਹਬ ਦਾ ਵਕਾਲਤਨਾਮਾ ਗਵਾਹ ਨੂੰ ਦਿਖਾ ਦਿੱਤਾ ਤੇ ਕਿਹਾ, ਦੇਖ, ਤੇਰੇ ਦਸਤਖਤ ਹਨ? ਗਵਾਹ ਫਿਰ ਕਹਿੰਦਾ, ‘ਨਹੀਂ।’ ਇੰਨੇ ਵਿੱਚ ਵਕੀਲ ਸਾਹਬ ਦੇ ਚਿਹਰੇ ਦੇ ਹਾਵ-ਭਾਵ ਜਿਹੇ ਬਦਲ ਗਏ। ਗਵਾਹ ਨੇ ਸੋਚਿਆ ਕਿ ਸ਼ਾਇਦ ਉਹ ਗਲਤ ਕਹਿ ਗਿਆ। ਮੈਂ ਉਹ ਦਸਤਾਵੇਜ਼ ਦੁਬਾਰਾ ਗਵਾਹ ਮੂਹਰੇ ਕੀਤਾ ਤੇ ਕਿਹਾ ਕਿ ਦੇਖ, ਇਹ ਤਾਂ ਤੇਰੇ ਦਸਤਖਤ ਹਨ। ਗਵਾਹ ਕਹਿੰਦਾ, ‘ਹਾਂਜੀ।’ ਵਕੀਲ ਸਾਹਬ ਦੀ ਹਾਲਤ ਉਦੋਂ ਦੇਖਣ ਵਾਲੀ ਸੀ।
**
ਇੱਕ ਵਾਰ ਜ਼ਿਲ੍ਹਾ ਤੇ ਸ਼ੈਸਨ ਅਦਾਲਤ ਵਿੱਚ ਇਰਾਦਾ ਕਤਲ ਦੇ ਕੇਸ ਵਿੱਚ ਵਕੀਲ ਸਾਹਬ ਜਿਰਾਹ ਕਰ ਰਹੇ ਸਨ। ਵਾਕਾ ਹਨੇਰੀ ਰਾਤ ਦੇ ਸਮੇਂ ਦਾ ਸੀ। ਮੁਦਈ ਧਿਰ ਦੇ ਸਰਕਾਰੀ ਵਕੀਲ ਨੇ ਗਵਾਹੀ ਰਾਹੀਂ ਸਾਬਤ ਕਰਨਾ ਸੀ ਕਿ ਸੱਟਾਂ ਮਾਰਨ ਸਮੇਂ ਪੀੜਿਤ ਧਿਰ ਨੇ ਦੋਸ਼ੀਆਂ ਨੂੰ ਪਛਾਣ ਲਿਆ ਸੀ। ਪਰ ਮੁਦਈ ਧਿਰ ਸਾਬਤ ਨਾ ਕਰ ਸਕੀ। ਦੋਸ਼ੀ ਧਿਰ ਦੇ ਵਕੀਲ ਨੇ ਜਿਰਾਹ ਦੇ ਦੌਰਾਨ ਮੁਦਈ ਨੂੰ ਇਹ ਪੁੱਛ ਲਿਆ ਕਿ ਵਾਕੇ ਸਮੇਂ ਕਿਸ ਚੀਜ਼ ਦਾ ਚਾਨਣ ਸੀ। ਗਵਾਹ ਬੋਲਿਆ ਕਿ ਸਾਹਮਣੇ ਦੀਵਾ ਜਗਦਾ ਸੀ। ਜੱਜ ਸਾਹਬ ਨੇ ਮੁਸਕਰਾ ਕੇ ਕਿਹਾ ਕਿ ਵਕੀਲ ਸਾਹਬ ਹੁਣ ਇਹ ਦੀਵਾ ਸੁਪਰੀਮ ਕੋਰਟ ਤਕ ਜਗਦਾ ਜਾਊ।
**
ਮਾਲ ਅਦਾਲਤ ਵਿੱਚ ਇੱਕ ਖਾਨਗੀ ਵਸੀਅਤ ਵਿੱਚ ਗਵਾਹੀ ਕਰਾਉਣੀ ਸੀ। ਉਹਨਾਂ ਦਿਨਾਂ ਵਿੱਚ ਮਾਲ ਅਦਾਲਤਾਂ ਵਿੱਚ ਗਵਾਹ ਜਿਰਾਹ ਕੀਤੇ ਜਾਂਦੇ ਸੀ। ਲਾਭਪਾਤਰੀ ਨੇ ਦੱਸਿਆ ਕਿ ਗਵਾਹ ਪੋਸਤੀ ਹੈ, ਇਹਦੀ ਪੀਨਕ ਲੱਗ ਜਾਂਦੀ ਹੈ। ਇਤਰਾਜ਼ ਕਰਤਾ ਦੇ ਵਕੀਲ ਨੇ ਇਹ ਗੱਲ ਜਿਰਾਹ ਦੌਰਾਨ ਭਾਂਪ ਲਈ ਸੀ। ਮੈਂ ਆਪਣੇ ਵੱਲੋਂ ਉਸ ਗਵਾਹ ਨੂੰ ਪੂਰੀ ਤਰ੍ਹਾਂ ਜਿਰਾਹ ਦੀ ਤਿਆਰ ਕਰਾਈ। ਵਸੀਅਤ ਮੁਤਵਫੀ ਨੇ ਮਰਨ ਤੋਂ ਤਿੰਨ ਮਹੀਨੇ ਪਹਿਲਾਂ ਦੀ ਲਿਖਾਈ ਹੋਈ ਸੀ। ਪ੍ਰਧਾਨਗੀ ਅਫਸਰ ਜਿਰਾਹ ਦੌਰਾਨ ਕਿਸੇ ਕੰਮ ਲਈ ਅਰਾਮ ਕਮਰੇ ਵਿੱਚ ਚਲੇ ਗਏ। ਇੱਧਰ ਉੱਧਰ ਦੇ ਸਵਾਲ ਪੁੱਛਣ ਤੋਂ ਬਾਅਦ ਵਕੀਲ ਸਾਹਬ ਨੇ ਗਵਾਹ ਨੂੰ ਸਿੱਧਾ ਸਵਾਲ ਕੀਤਾ ਕਿ ਵਸੀਅਤ ਮੁਤਵਫੀ ਦੇ ਮਰਨ ਤੋਂ ਕਿੰਨਾ ਚਿਰ ਬਾਅਦ ਲਿਖੀ ਸੀ। ਉਹ ਬੋਲਿਆ, ‘ਜੀ ਤਿੰਨ ਮਹੀਨੇ।’ ਮੈਂਨੂੰ ਇੱਕ ਦਮ ਕਰੰਟ ਲੱਗਾ ਤੇ ਮੈਂ ਆਪਣੇ ਮੁਵੱਕਿਲ ਦੀ ਤਰਫਦਾਰੀ ਕਰਦਿਆਂ ਕਿਹਾ ਕਿ ਇਹਨੇ ਤਿੰਨ ਮਹੀਨੇ ਪਹਿਲਾਂ ਕਿਹਾ ਹੈ ਤੇ ਰੌਲਾ ਪੈ ਗਿਆ। ਰੀਡਰ ਫਾਈਲ ਚੁੱਕ ਕੇ ਸਾਨੂੰ ਪ੍ਰਧਾਨਗੀ ਅਫਸਰ ਪਾਸ ਲੈ ਗਿਆ। ਮੈਂ ਗੱਲਾਂ ਗੱਲਾਂ ਵਿੱਚ ਗਵਾਹ ਨੂੰ ਦੁਬਾਰਾ ਤਿੰਨ ਮਹੀਨੇ ਪਹਿਲਾਂ ਵਾਲੀ ਗੱਲ ਸਮਝਾ ਦਿੱਤੀ। ਪਰ ਇਤਰਾਜ਼ ਕਰਤਾ ਦੇ ਵਿਦਵਾਨ ਵਕੀਲ ਨੇ ਫਿਰ ਤੋਂ ਇੱਧਰ ਉੱਧਰ ਦੇ ਸਵਾਲ ਪੁੱਛ ਕੇ ਗਵਾਹ ਦੇ ਪੀਨਕ ਲੱਗਣ ਦਾ ਇੰਤਜ਼ਾਰ ਕੀਤਾ। ਆਖਿਰ ਗਵਾਹ ਫਿਰ ਜਿਰਾਹ ਵਿੱਚ ਲਿਖਾ ਗਿਆ ਕਿ ਮਰਨ ਤੋਂ ਤਿੰਨ ਮਹੀਨੇ ਬਾਅਦ ਵਸੀਅਤ ਲਿਖਾਈ ਸੀ। ਉੱਥੇ ਮੇਰਾ ਪਾਇਆ ਰੌਲਾ ਕੋਈ ਕੰਮ ਨਾ ਆਇਆ।
**
ਮੁਵੱਕਿਲਾਂ ਵਿੱਚ ਇੱਕ ਆਮ ਪ੍ਰਚਲਿਤ ਚੁਟਕਲਾ ਹੈ ਜੋ ਵਕੀਲਾਂ ਦਾ ਮਜ਼ਾਕ ਬਣਾਉਣ ਲਈ ਉਹ ਸੁਣਾਉਂਦੇ ਰਹਿੰਦੇ ਹਨ। ਪਰ ਉਹ ਅਧੂਰਾ ਹੈ। ਕਹਿੰਦੇ ਹਨ ਕਿ ਇੱਕ ਵਿਅਕਤੀ ਲਾਹਣ ਦੇ ਕੇਸ ਵਿੱਚ ਚਾਰਜ ਸ਼ੀਟ ਹੋ ਗਿਆ। ਵਕੀਲ ਨੇ ਉਹਨੂੰ ਸਮਝਾ ਦਿੱਤਾ ਕਿ ਜੱਜ ਕੁਝ ਵੀ ਕਹੇ ਤੂੰ ਅੱਗੋਂ ਕਹਿ ਦੇਣਾ ਕਿ ‘ਉਰਲ’। ਕਹਿੰਦੇ ਹਨ ਕਿ ਜੱਜ ਕੁਝ ਵੀ ਪੁੱਛਿਆ ਕਰੇ ਉਹ ਵਿਅਕਤੀ ਅੱਗੋਂ ‘ਉਰਲ’ ਕਹਿ ਦਿਆ ਕਰੇ। ਜੱਜ ਨੇ ਸੋਚਿਆ ਕਿ ਇਹ ਪਾਗਲ ਤੇ ਉਹ ਬਰੀ ਹੋ ਗਿਆ। ਉਸ ਤੋਂ ਬਾਅਦ ਵਕੀਲ ਸਾਹਬ ਨੇ ਫੀਸ ਮੰਗੀ ਤਾਂ ਬੰਦਾ ਕਹਿੰਦਾ’ ਉਰਲ’। ਇੱਥੋਂ ਤਕ ਆਮ ਪ੍ਰਚਲਿਤ ਤੱਥ ਮੈਂਨੂੰ ਵੀ ਮੇਰੇ ਇੱਕ ਸਾਇਲ ਨੇ ਸੁਣਾਇਆ। ਮੈਂ ਕਿਹਾ, ਇਹ ਚੁਟਕਲਾ ਅਧੂਰਾ ਹੈ, ਮੈਂ ਤੈਨੂੰ ਪੂਰਾ ਸੁਣਾਉਂਦਾ ਹਾਂ। ਅੱਗੋਂ ਵਕੀਲ ਨੇ ਕਿਹਾ ਕਿ ਬਰੀ ਤਾਂ ਆਪਾਂ ਹੋ ਹੀ ਗਏ ਹਾਂ, ਆਪਣੀ ਤਾਂਬੇ ਦੀ ਡੋਹਣੀ ਐਨੀ ਮਹਿੰਗੀ ਕਿਉਂ ਛੱਡਣੀ ਹੈ? ਜਾ ਕੇ ਲੈ ਆ। ਉਹ ਵਿਅਕਤੀ ਵਾਪਸ ਜੱਜ ਸਾਹਬ ਕੋਲ ਆਪਣੀ ਤਾਂਬੇ ਦੀ ਡੋਹਣੀ ਮੰਗਣ ਚਲਾ ਗਿਆ। ਜੱਜ ਸਾਹਬ ਕਹਿੰਦੇ ਕਿ ਤੇਰੀ ‘ਉਰਲ’ ਦਾ ਪਤਾ ਲੱਗ ਗਿਆ। ਨਾਇਬ ਕੋਰਟ ਲੈ ਇਹਨੂੰ ਹਿਰਾਸਤ ਵਿੱਚ, ਦੇਈਏ ਇਹਨੂੰ ਲਾਹਣ ਸਮੇਤ ਤਾਂਬੇ ਦੀ ਡੋਹਣੀ।
ਮੇਰਾ ਸਾਇਲ ਨਿੰਮੋਝੂਣਾ ਜਿਹਾ ਹੋ ਕੇ ਮੇਰੇ ਵਲ ਝਾਕਣ ਲੱਗ ਪਿਆ।
*****
(ਇਸਦੇ ਨਾਲ ਜੁੜਦਾ ਇੱਕ ਚੁਟਕਲਾ ਹੋਰ ਸੁਣ ਲਵੋ --- ਸੰਪਾਦਕ)
ਇਹ ਗੱਲ ਕੋਈ ਤੀਹ ਕੁ ਵਰ੍ਹੇ ਪਹਿਲਾਂ ਦੀ ਹੈ ਜਦੋਂ ਪੰਜਾਬ ਵਿੱਚ ਕਾਲ਼ੇ ਦਿਨਾਂ ਦਾ ਦੌਰ ਚੱਲ ਰਿਹਾ ਸੀ। ਇੱਕ ਸੱਜਣ ਨੇ ਕਿਸੇ ਮਹਿਫ਼ਿਲ ਵਿੱਚ ਚੁਟਕਲਾ ਸੁਣਾਇਆ:
ਪੰਜਾਬ ਵਿੱਚ ਇੱਕ ਬੱਸ ਵਿੱਚ ਨਿਹੰਗ ਸਿੰਘ ਸਫਰ ਕਰ ਰਿਹਾ ਸੀ। ਅਗਲੇ ਅੱਡੇ ’ਤੇ ਜਦੋਂ ਬੱਸ ਰੁਕੀ ਤਾਂ ਤਿੰਨ ਭਈਏ ਉਸ ਬੱਸ ਵਿੱਚ ਚੜ੍ਹ ਗਏ। ਕੰਡਕਟਰ ਨੇ ਟਿਕਟ ਕੱਟਣ ਲਈ ਜਦੋਂ ਪਹਿਲੇ ਭਈਏ ਨੂੰ ਪੁੱਛਿਆ, ਕਿੱਥੇ ਜਾਣਾ ਬਈ?” ਤਾਂ ਉਸਨੇ ਕਿਹਾ, “ਅਨੰਦਪੁਰ।” ਕੋਲ ਖੜ੍ਹੇ ਨਿਹੰਗ ਸਿੰਘ ਨੇ ਉਸਦੇ ਵੱਟ ਕੇ ਥੱਪੜ ਮਾਰਿਆ ਤੇ ਕਿਹਾ, “ਅਨੰਦਪੁਰ ਸਾਹਬ ਤਾਂ ਹੋਇਆ, ਇਹ ਅਨੰਦਪੁਰ ਕੀ ਹੋਇਆ ਓਏ?”
ਕੰਡਕਟਰ ਨੇ ਫਿਰ ਦੂਜੇ ਭਈਏ ਨੂੰ ਪੁੱਛਿਆ। ਉਸ ਭਈਏ ਨੇ ਰੋਪੜ ਜਾਣਾ ਸੀ। ਉਹ ਬੋਲਿਆ, “ਰੋਪੜ ਸਾਹਬ।” ਨਿਹੰਗ ਸਿੰਘ ਨੇ ਉਸਦੇ ਵੀ ਥੱਪੜ ਕੱਢ ਮਾਰਿਆ ਤੇ ਬੋਲਿਆ, “ਰੋਪੜ ਤਾਂ ਹੋਇਆ, ਇਹ ਰੋਪੜ ਸਾਹਬ ਕੀ ਹੋਇਆ ਓਏ?”
ਹੁਣ ਵਾਰੀ ਤੀਜੇ ਭਈਏ ਦੀ ਆ ਗਈ। ਕੰਡਕਟਰ ਨੇ ਜਦੋਂ ਉਸ ਨੂੰ ਪੁੱਛਿਆ ਕਿ ਕਿੱਥੇ ਜਾਣਾ ਹੈ, ਤਾਂ ਉਹ ਬੋਲਿਆ, “ਕੰਡਕਟਰ ਸਾਹਬ, ਇਸ ਨਿਹੰਗ ਸਿੰਘ ਨੂੰ ਪੁੱਛ ਲਵੋ।”
ਸਾਰੇ ਪਾਸੇ ਹਾਸੜ ਪੈ ਗਈ। ਚੁਟਕਲਾ ਸੁਣਨ ਵਾਲਿਆਂ ਵਿੱਚੋਂ ਇਕ ਬੋਲਿਆ, “ਇਹ ਲਤੀਫਾ ਅਧੂਰਾ ਹੈ, ਕੋਈ ਜਣਾ ਪੂਰਾ ਲਤੀਫਾ ਸੁਣਾਓ।”
ਉਸ ਵਿਅਕਤੀ ਦੇ ਲਾਗੇ ਬੈਠਾ ਉਸਦਾ ਮਿੱਤਰ ਉਸ ਨੂੰ ਆਖਣ ਲੱਗਾ, “ਜੇ ਤੈਨੂੰ ਪਤਾ ਐ ਤਾਂ ਤੂੰ ਹੀ ਸੁਣਾ ਦੇ।”
ਉਹ ਸਣਾਉਣ ਲੱਗਾ, “ਜਦੋਂ ਪੰਜਾਬ ਤੋਂ ਬਾਹਰੋਂ ਆਏ ਤੀਸਰੇ ਮਜ਼ਦੂਰ ਨੇ ਕਿਹਾ, ਨਿਹੰਗ ਸਿੰਘ ਨੂੰ ਹੀ ਪੁੱਛ ਲਵੋ ਕਿ ਮੈਂ ਕਿੱਥੇ ਜਾਣਾ ਹੈ, ਤਾਂ ਕੰਡਕਟਰ ਬੋਲਿਆ- ਜਿਸ ਨੂੰ ਆਪਣਾ ਨਹੀਂ ਪਤਾ ਕਿ ਉਸਨੇ ਕਿੱਥੇ ਜਾਣਾ ਹੈ, ਉਹ ਤੈਨੂੰ ਕੀ ਦੱਸੇਗਾ?”
**
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2478)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)