“‘ਅੰਨ੍ਹੀ ਪੀਹਵੇ ਕੁੱਤਾ ਚੱਟੇ’ ਦੀ ਕਹਾਵਤ ਤੁਹਾਡੀ ਅਦਾਲਤ ਤੇ ਲਾਗੂ ਹੁੰਦੀ ਹੈ’ ...”
(13 ਨਵੰਬਰ 2021)
ਅਫਸਰਸ਼ਾਹੀ ਦਾ ਰਾਜਨੀਤਿਕ ਸੰਬੰਧ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ। ਸਰਕਾਰਾਂ ਬਦਲਣ ’ਤੇ ਨੇਤਾਵਾਂ ਵੱਲੋਂ ਆਪਣੇ ਅਫਸਰ ਤਬਾਦਲੇ ਕਰਕੇ ਨਿਯੁਕਤ ਕੀਤੇ ਜਾਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਅਫਸਰ ਵੀ ਆਪਣੀ ਮਨਪਸੰਦ ਜਗਾ ’ਤੇ ਨਿਯੁਕਤ ਹੋਣ ਲਈ ਆਪਣੀ ਜ਼ਮੀਰ ਨਾਲ ਸਮਝੌਤਾ ਕਰਕੇ ਲੀਡਰਾਂ ਦੇ ਚਹੇਤੇ ਬਣ ਕੇ ਕੰਮ ਕਰਨ ਲੱਗ ਪੈਂਦੇ ਹਨ। ਅਜਿਹੇ ਮਾਹੌਲ ਵਿੱਚ ਵੀ ਜ਼ਿੰਦਾ ਜ਼ਮੀਰ ਵਾਲੇ ਅਤੇ ਇਨਸਾਫ਼ ਪਸੰਦ ਅਫਸਰਾਂ ਦੀ ਕਮੀ ਨਹੀਂ ਹੈ। ਪਰ ਕਈ ਵਾਰ ਅਫਸਰ ਦੇ ਕੰਮ ਕਾਜ ਤੋਂ ਪਤਾ ਲੱਗ ਜਾਂਦਾ ਹੈ ਕਿ ਉਹ ਪਤਾ ਨਹੀਂ ਕਿੰਨੇ ਹੋਰ ਯੋਗ ਵਿਅਕਤੀਆਂ ਦਾ ਹੱਕ ਮਾਰ ਕੇ ਨਿਯੁਕਤ ਹੋਇਆ ਹੋਵੇਗਾ, ਜਿਸਦੀ ਹੱਕ ਮਾਰਨ ਦੀ ਮਾੜੀ ਨੀਅਤ ਸਾਰੀ ਜ਼ਿੰਦਗੀ ਜਾ ਨਹੀਂ ਸਕਦੀ।
ਪੰਜਾਬ ਦੇ ਮਾਲ ਵਿਭਾਗ ਦਾ ਤਾਂ ਰੱਬ ਹੀ ਰਾਖਾ ਹੈ। ਬਹੁਤ ਸਾਰੇ ਅਜਿਹੇ ਮਾਲ ਅਫਸਰਾਂ ਦੀਆਂ ਅਦਾਲਤਾਂ ਵਿੱਚ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਜੋ ਬੇਹੱਦ ਇਮਾਨਦਾਰ ਅਤੇ ਇਨਸਾਫ ਪਸੰਦ ਸਨ। ਜਿਨ੍ਹਾਂ ਦੇ ਕੰਮਾਂ ਕਾਰਾਂ ਦੀ ਤਸਵੀਰ ਆਪਣੇ ਮੂੰਹੋਂ ਬੋਲਦੀ ਪ੍ਰਤੀਤ ਹੁੰਦੀ ਸੀ। ਮਾਲ ਵਿਭਾਗ ਵਿੱਚ ਐੱਸ ਡੀ ਐੱਮ ਕਮ ਕੁਲੈਕਟਰ ਸਬ ਡਵੀਜ਼ਨ, ਤਹਿਸੀਲ ਪੱਧਰ ਉੱਪਰ ਮਾਲ ਵਿਭਾਗ ਦਾ ਸੀਨੀਅਰ ਅਫਸਰ ਹੁੰਦਾ ਹੈ। ਸਰਕਾਰ ਭਾਵੇਂ ਕਿਸੇ ਪਾਰਟੀ ਦੀ ਹੋਵੇ ਸਥਾਨਕ ਲੀਡਰ ਹਮੇਸ਼ਾ ਆਪਣੇ ਚਹੇਤੇ ਅਫਸਰ ਨੂੰ ਨਿਯੁਕਤ ਕਰਾਉਂਦੇ ਹਨ। ਇਸ ਪੋਸਟ ’ਤੇ ਕੁਝ ਅਦਾਲਤੀ ਇਖਤਿਆਰ ਸੀ.ਆਰ.ਪੀ.ਸੀ, ਪੰਜਾਬ ਲੈਂਡ ਰੈਵਨਿਊ ਐਕਟ, ਪੰਜਾਬ ਟੇਨੈਂਸੀ ਐਕਟ, ਅਤੇ ਲੈਂਡ ਰਿਕਾਰਡ ਮੈਨੁਅਲ ਦੇ ਤਹਿਤ ਮਿਲੇ ਹੋਏ ਹਨ। ਇਸ ਤੋਂ ਇਲਾਵਾ ਮਾਤਹਿਤ ਮਾਲ ਅਫਸਰਾਂ ਦੇ ਹੁਕਮਾਂ ਦੇ ਖ਼ਿਲਾਫ਼ ਅਪੀਲ ਸੁਣਨ ਲਈ ਇਸ ਅਦਾਲਤ ਪਾਸ ਇਖਤਿਆਰ ਹੁੰਦੇ ਹਨ। ਬਹੁਤ ਸਾਰੀਆਂ ਪਛੜੀਆਂ ਤਹਿਸੀਲਾਂ ਹਮੇਸ਼ਾ ਇਸ ਪੋਸਟ ’ਤੇ ਤਾਇਨਾਤੀ ਤੋਂ ਸੱਖਣੀਆਂ ਰਹਿੰਦੀਆਂ ਹਨ ਕਿਉਂ ਜੋ ਕੋਈ ਅਫਸਰ ਇੱਥੇ ਲੱਗ ਕੇ ਰਾਜ਼ੀ ਨਹੀਂ ਹੁੰਦਾ ਤੇ ਅਜਿਹੇ ਵਿੱਚ ਸਰਕਾਰ ਵੱਲੋਂ ਕਿਸੇ ਅਫਸਰ ਨੂੰ ਵਾਧੂ ਚਾਰਜ ਦੇ ਕੇ ਬੁੱਤਾ ਸਾਰ ਲਿਆ ਜਾਂਦਾ ਹੈ। ਲੋਕ ਭਾਵੇਂ ਤ੍ਰਾਹ ਤ੍ਰਾਹ ਕਰਦੇ ਰਹਿਣ।
ਅਜਿਹੇ ਵਾਧੂ ਚਾਰਜ ਵਾਲੇ ਮਾਲ ਅਫਸਰ ਦੀ ਅਦਾਲਤ ਵਿੱਚ ਪੇਸ਼ ਹੋਣ ਦਾ ਸੁਭਾਗ ਮੈਂਨੂੰ ਵੀ ਮਿਲਿਆ। ਉਸ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਕਿਸੇ ਰਾਜਨੀਤਿਕ ਲੀਡਰ ਦਾ ਉਹ ਰਿਸ਼ਤੇਦਾਰ ਹੈ, ਤਾਂ ਹੀ ਤਿੰਨ ਤਿੰਨ ਸਬ ਡਵੀਜਨਾਂ ਦਾ ਚਾਰਜ ਉਸ ਨੇ ਸੰਭਾਲ਼ ਰੱਖਿਆ ਹੈ। ਉਹ ਵਾਧੂ ਚਾਰਜ ਵਾਲੀਆਂ ਅਦਾਲਤਾਂ ਵਿੱਚ ਮਹੀਨੇ ਵਿੱਚੋਂ ਇੱਕ ਅੱਧਾ ਦਿਨ ਲਿਸਟਾਂ ਬਣਾ ਕੇ ਲਿਆਉਂਦਾ ਤੇ ਪੁਰਾਤਨ ਰਾਜਿਆਂ ਵਾਂਗ ਫ਼ੈਸਲੇ ਕਰਕੇ ਭੱਜ ਜਾਂਦਾ। ਕਹਿੰਦੇ ਨੇ ਅੰਗਰੇਜ਼ੀ ਰਾਜ ਸਮੇਂ ਇੱਕ ਰਾਜਾ ਫ਼ੈਸਲੇ ਕਰਨ ਵੇਲੇ ਸਾਰੀਆਂ ਫਾਈਲਾਂ ਅੱਧੋਂ ਅੱਧ ਕਰਕੇ ਸਿੱਕਾ ਸੁੱਟ ਕੇ ਫੈਸਲਾ ਕਰ ਦਿੰਦਾ ਸੀ ਕਿ ਸੱਜੇ ਹੱਥ ਵਾਲੇ ਸਜ਼ਾ ਤੇ ਖੱਬੇ ਹੱਥ ਵਾਲੇ ਬਰੀ। ਕਦੇ ਕਦੇ ਸਿੱਕੇ ਦੇ ਉਲਟ ਜਾਣ ਬੁੱਝ ਕੇ ਫੈਸਲਾ ਕਰਦਾ ਸੀ ਤਾਂ ਕਿ ਲੋਕ ਸੁੱਖਣਾ ਵਾਲੇ ਬਾਬਿਆਂ ਦੇ ਜਾਣੋ ਨਾ ਹਟ ਜਾਣ।
ਇੱਕ ਦਿਨ ਮੈਂ ਇੱਕ ਅਪੀਲ ਵਿੱਚ ਪੇਸ਼ ਹੋਇਆ ਜੋ ਕਿ ਮੈਂ ਹੀ ਅਪੀਲਾਂਟ ਵੱਲੋਂ ਦਾਇਰ ਕੀਤੀ ਸੀ। ਅਵਾਜ਼ ਪੈਣ ’ਤੇ ਮੈਂਨੂੰ ਸੁਣੇ ਬਿਨਾ ਹੀ ਫੈਸਲਾ ਸੁਣਾਇਆ ਕਿ ਮੈਂ ਅਦਮ ਪੈਰਵੀ ਅਪੀਲ ਖ਼ਾਰਜ ਕਰ ਦਿੱਤੀ ਹੈ। ਪਰ ਮੈਂ ਕਿਹਾ ਜਨਾਬ ਮੈਂ ਤਾਂ ਅੱਧੇ ਘੰਟੇ ਤੋਂ ਅਦਾਲਤ ਵਿੱਚ ਹਾਜ਼ਰ ਹਾਂ ਬਹਿਸ ਲਈ ਵੀ ਤਿਆਰ ਹਾਂ ਵਿਰੋਧੀ ਵਕੀਲ ਦੂਸਰੀ ਅਦਾਲਤ ਵਿੱਚ ਹੋਣ ਕਾਰਨ ਹਾਜ਼ਰ ਨਹੀਂ ਹਨ ਅਤੇ ਮੈਂਨੂੰ ਉਹਨਾਂ ਦੇ ਨਾ ਹਾਜ਼ਰ ਹੋਣ ’ਤੇ ਕੋਈ ਇਤਰਾਜ਼ ਨਹੀਂ, ਮੈਂ ਉਹਨਾਂ ਦੀ ਹਾਜ਼ਰੀ ਦਾ ਇੰਤਜ਼ਾਰ ਕਰਨ ਲਈ ਤਿਆਰ ਹਾਂ। ਇਹ ਅਪੀਲ ਅਦਮ ਪੈਰਵੀ ਖ਼ਾਰਜ ਨਹੀਂ ਹੋ ਸਕਦੀ। ਹਾਂ, ਵਿਰੋਧੀ ਦੇ ਖ਼ਿਲਾਫ਼ ਯੱਕਤਰਫਾ ਕਾਰਵਾਈ ਕੀਤੀ ਜਾ ਸਕਦੀ ਹੈ। ਪਰ ਇਹ ਵੀ ਮੈਂ ਨਹੀਂ ਕਰਾਉਣਾ ਚਾਹੁੰਦਾ। ਜੇ ਅਦਾਲਤ ਮੇਰੀ ਦਲੀਲ ਮੰਨੇ ਤਾਂ ਦੋਵਾਂ ਧਿਰਾਂ ਨੂੰ ਕਾਨੂੰਨ ਅਨੁਸਾਰ ਸੁਣਵਾਈ ਦਾ ਮੌਕਾ ਦੇ ਕੇ ਫੈਸਲਾ ਕਰੇ। ਮੇਰੇ ਜ਼ੋਰ ਦੇਣ ’ਤੇ ਵੀ ਕੋਈ ਗੱਲ ਨਾ ਸੁਣੀ ਤੇ ਕਿਹਾ ਕਿ ਮੈਂ ਤਾਂ ਫੈਸਲਾ ਕਰ ਦਿੱਤਾ, ਤੁਸੀਂ ਅਪੀਲ ਕਰ ਲਓ।
ਅਗਲੀ ਵਾਰ ਤਕਰੀਬਨ ਪੰਦਰਾਂ ਦਿਨਾਂ ਬਾਅਦ ਮੈਂ ਫਿਰ ਕਿਸੇ ਕੇਸ ਵਿੱਚ ਪੇਸ਼ ਹੋਇਆ ਤੇ ਉਸ ਅਫਸਰ ਨੇ ਫਿਰ ਮੇਰਾ ਕੇਸ ਬੁਲਾਇਆ। ਮੇਰੇ ਨਾਲ ਮੇਰੇ ਜੂਨੀਅਰ ਵਕੀਲ ਵੀ ਹਾਜ਼ਰ ਸਨ। ਮੈਂ ਕਿਹਾ, “ਜੀ ਜੋ ਮਰਜ਼ੀ ਕਰ ਦਿਓ ਪਰ ਜੇ ਅਦਮ ਪੈਰਵੀ ਕੋਈ ਕੇਸ ਖ਼ਾਰਜ ਕਰਨਾ ਹੋਇਆ ਤਾਂ ਮੈਂਨੂੰ ਹਾਜ਼ਰ ਨਾ ਦਿਖਾਇਓ। ਤੁਸੀਂ ਪਿਛਲੀ ਅਪੀਲ ਵਿੱਚ ਅਦਮ ਪੈਰਵੀ ਖਾਰਿਜ ਕਰਕੇ ਮੇਰੀ ਹਾਜ਼ਰੀ ਵੀ ਲਗਾ ਦਿੱਤੀ, ਜਿਸ ਨਾਲ ਤੁਹਾਡਾ ਹੁਕਮ ਮਤਲਬਹੀਣ ਹੈ। ‘ਅੰਨ੍ਹੀ ਪੀਹਵੇ ਕੁੱਤਾ ਚੱਟੇ’ ਦੀ ਕਹਾਵਤ ਤੁਹਾਡੀ ਅਦਾਲਤ ਤੇ ਲਾਗੂ ਹੁੰਦੀ ਹੈ।’ ਉਸ ਨੇ ਨਰਮ ਤੇਵਰ ਕਰਕੇ ਕਿਹਾ, “ਵਕੀਲ ਸਾਹਬ, ਗਰਮ ਕਿਉਂ ਹੁੰਦੇ ਹੋ। ਅੱਜ ਤੁਹਾਡੇ ਕਿੰਨੇ ਕੇਸ ਲੱਗੇ ਹਨ?”
ਮੈਂ ਕਿਹਾ, “ਜੀ, ਕੁਲ ਛੇ।”
ਉਸ ਨੇ ਰੀਡਰ ਨੂੰ ਹਦਾਇਤ ਕੀਤੀ ਕਿ ਸਾਰੇ ਕੇਸਾਂ ਵਿੱਚ ਫੈਸਲਾ ਮੈਂ ਵਕੀਲ ਸਾਹਬ ਦੇ ਹੱਕ ਵਿੱਚ ਕਰ ਦਿੱਤਾ ਹੈ। ਹੈਰਾਨੀ ਦੀ ਹੱਦ ਉਦੋਂ ਹੋਈ ਜਦੋਂ ਮੇਰੇ ਸਾਰੇ ਕੇਸਾਂ ਵਿੱਚ ਫ਼ੈਸਲੇ ਤਾਂ ਮੇਰੇ ਸਾਇਲਾਂ ਦੇ ਹੱਕ ਵਿੱਚ ਸਨ ਪਰ ਪਿਛਲੀਆਂ ਵੱਖ ਵੱਖ ਤਰੀਕਾਂ ਵਿੱਚ ਹੋਏ ਸਨ। ਮੈਂਨੂੰ ਜ਼ਬਰਦਸਤ ਝਟਕਾ ਲੱਗਾ। ਇਸ ਵਿੱਚ ਕਰੀਬ ਚਾਰ ਕੇਸ ਉਹ ਸਨ ਜਿਨ੍ਹਾਂ ਦਾ ਫੈਸਲਾ ਕਾਨੂੰਨ ਅਨੁਸਾਰ ਕਿਤੇ ਵੀ ਮੇਰੇ ਸਾਇਲਾਂ ਦੇ ਹੱਕ ਵਿੱਚ ਨਹੀਂ ਹੋ ਸਕਦਾ ਸੀ। ਬਾਹਰ ਆ ਕੇ ਮੈਂ ਆਪਣੇ ਜੂਨੀਅਰ ਵਕੀਲ ਨੂੰ ਕਿਹਾ ਕਿ ਇਹ ਅਫਸਰ ਆਪਣੀ ਨੌਕਰੀ ਸਿਰੇ ਨਹੀਂ ਲਾਉਂਦਾ। ਆਪਣੀਆਂ ਹਰਕਤਾਂ ਤੋਂ ਇਹ ਇੱਕ ਦਿਨ ਮਾਰ ਖਾਵੇਗਾ।
ਬਹੁਤ ਦੇਰ ਬਾਅਦ ਮੈਂਨੂੰ ਮੇਰੇ ਜੂਨੀਅਰ ਵਕੀਲ ਨੇ ਅਖਬਾਰ ਦੀ ਖ਼ਬਰ ਦਿਖਾਈ ਕਿ ਉਹ ਅਫਸਰ ਕਿਸੇ ਘਪਲੇ ਦੇ ਮੁਕੱਦਮੇ ਵਿੱਚ ਪੁਲਿਸ ਨੂੰ ਲੋੜੀਂਦਾ ਹੈ ਤੇ ਅੱਜ ਕੱਲ੍ਹ ਉਹ ਭਗੌੜਾ ਹੈ। ਤੁਹਾਡੀ ਭਵਿੱਖਬਾਣੀ ਸਹੀ ਸਾਬਤ ਹੋਈ। ਉਹ ਅਫਸਰ ਅਕਸਰ ਹੀ ਆਖ ਦਿੰਦਾ ਸੀ ਕਿ ਜੇ ਇਨਸਾਫ ਲੈਣਾ ਹੈ ਤਾਂ ਜੁਡੀਸ਼ੀਅਲ ਅਦਾਲਤਾਂ ਵਿੱਚ ਜਾਉ ਅਸੀਂ ਤਾਂ ਲੀਡਰਾਂ ਦੇ ਫ਼ੋਨ ਦੇ ਹਿਸਾਬ ਨਾਲ ਕੰਮ ਕਰਦੇ ਹਾਂ। ਕਦੇ ਕਦੇ ਉਸ ਦੀਆਂ ਇਹਨਾਂ ਗੱਲਾਂ ਤੋਂ ਲੱਗਦਾ ਸੀ ਕਿ ਬੰਦੇ ਦੀ ਜ਼ਮੀਰ ਕਦੇ ਤਾਂ ਹਾਂ ਦਾ ਨਾਅਰਾ ਮਾਰ ਹੀ ਦਿੰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3142)
(ਸਰੋਕਾਰ ਨਾਲ ਸੰਪਰਕ ਲਈ: