“ਆਖਿਰਕਾਰ ਇਹ (ਸ਼ਰਾਬ) ਅਜਿਹਾ ਕੋਹੜ ਹੈ ਜੋ ਪਰਿਵਾਰਾਂ ਨੂੰ ਬਰਬਾਦ ਕਰ ਰਿਹਾ ਹੈ ...”
(27 ਫਰਵਰੀ 2020)
ਕੁਝ ਅਰਸਾ ਪਹਿਲਾਂ ਸੁਪਰੀਮ ਕੋਰਟ ਵੱਲੋਂ ਕੌਮੀ ਮਾਰਗਾਂ ਤੋਂ ਸ਼ਰਾਬ ਦੇ ਠੇਕੇ ਹਟਾਉਣ ਦੀ ਹਦਾਇਤ ਕਰ ਦਿੱਤੀ ਗਈ ਸੀ। ਸਰਕਾਰ ਵੱਲੋਂ ਕੌਮੀ ਰਸਤਿਆਂ ਦੇ ਨੇੜੇ ਹੀ ਥੋੜ੍ਹਾ ਪਿੱਛੇ ਹਟਾ ਕੇ ਸ਼ਰਾਬ ਦੀਆਂ ਦੁਕਾਨਾਂ ਸਥਾਪਤ ਕਰਵਾ ਕੇ ਅਤੇ ਕੁਝ ਮਾਰਗਾਂ ਦੇ ਕੁਝ ਹਿੱਸਿਆਂ ਨੂੰ ਕੌਮੀ ਮਾਰਗਾਂ ਦੇ ਨਿਯਮਾਂ ਵਿੱਚ ਸੋਧ ਕਰਕੇ ਬਦਲਵਾਂ ਹੱਲ ਲੱਭ ਲਿਆ ਗਿਆ ਸੀ। ਪੰਜ ਸੌ ਮੀਟਰ ਦੀ ਦੂਰੀ ’ਤੇ ਦੁਕਾਨਾਂ ਸਥਾਪਤ ਕਰਨ ਨਾਲ ਕੀ ਸ਼ਰਾਬ ਦੇ ਕਾਰਨ ਹੋਣ ਵਾਲੇ ਹਾਦਸੇ ਰੁਕ ਗਏ ਹਨ?
ਹਰਿਆਣਾ ਵਿੱਚ ਬੰਸੀ ਲਾਲ ਦੀ ਸਰਕਾਰ ਵੇਲੇ ਸ਼ਰਾਬ ਬੰਦੀ ਔਰਤਾਂ ਦੀ ਪੁਰਜ਼ੋਰ ਮੰਗ ਉੱਪਰ ਲਾਗੂ ਕੀਤੀ ਗਈ। ਘਰੇਲੂ ਔਰਤਾਂ ਵੱਲੋਂ ਚੋਣਾਂ ਵਿੱਚ ਚੌਧਰੀ ਬੰਸੀ ਲਾਲ ਨੂੰ ਭਰਪੂਰ ਸਮਰਥਣ ਦਿੱਤਾ ਗਿਆ ਸੀ। ਔਰਤਾਂ ਦੀ ਦਲੀਲ ਸੀ ਕਿ ਸ਼ਰਾਬ ਉਹਨਾਂ ਦੇ ਘਰ ਉਜਾੜਦੀ ਹੈ, ਆਰਥਿਕ ਨੁਕਸਾਨ ਦੇ ਨਾਲ ਨਾਲ ਘਰੇਲੂ ਕਲੇਸ਼ ਦੀ ਵੀ ਜੜ੍ਹ ਹੈ। ਥੋੜ੍ਹੇ ਸਮੇਂ ਬਾਅਦ ਬੰਸੀ ਲਾਲ ਸਰਕਾਰ ਬਣਨ ਤੇ ਸ਼ਰਾਬ ਬੰਦੀ ਲਾਗੂ ਕੀਤੀ ਗਈ। ਨਤੀਜੇ ਵਜੋਂ ਪੰਜਾਬ ਦੇ ਠੇਕਿਆਂ ਉੱਪਰ ਹਰਿਆਣਾ ਦੇ ਪਿਆਕੜਾਂ ਦੀ ਭਾਰੀ ਭੀੜ ਇਕੱਠੀ ਹੋਣ ਲੱਗ ਪਈ ਤੇ ਪੰਜਾਬ ਦੇ ਠੇਕੇਦਾਰ ਮਾਲਾਮਾਲ ਹੋਣ ਲੱਗ ਪਏ। ਪਹਿਲਾਂ ਜਿਹੜੇ ਵਿਅਕਤੀ ਸ਼ਰਾਬ ਪੀ ਕੇ ਘਰ ਆ ਜਾਂਦੇ ਸੀ ਉਹ ਆਪਣੇ ਮੰਜੇ ਬਿਸਤਰੇ ਪੰਜਾਬ ਦੇ ਢਾਬਿਆਂ ਉੱਤੇ ਸਜਾਉਣ ਲੱਗ ਪਏ। ਸ਼ਰਾਬ ਪੀ ਕੇ ਉੱਥੇ ਹੀ ਸੌਂ ਜਾਂਦੇ। ਨਤੀਜੇ ਵਜੋਂ ਸ਼ਰਾਬ ਬੰਦੀ ਦਾ ਵਿਰੋਧ ਹੋਣ ਲੱਗ ਪਿਆ ਅਤੇ ਸ਼ਰਾਬ ਬੰਦੀ ਹਟਾ ਲਈ ਗਈ। ਉਸ ਸਮੇਂ ਪੰਜਾਬ ਵਿੱਚੋਂ ਦੇਸੀ ਸ਼ਰਾਬ ਦੀ ਸਮਗਲਿੰਗ ਵੀ ਹਰਿਆਣਾ ਵੱਲ ਹੋਣ ਲੱਗ ਪਈ ਸੀ। ਪੰਜਾਬ ਹਰਿਆਣਾ ਦੀਆਂ ਹੱਦਾਂ ਵਾਲੇ ਪਿੰਡਾਂ ਨੂੰ ਸ਼ਰਾਬ ਕੱਢਣ ਲਈ ਵਰਤਿਆ ਜਾਣ ਲੱਗ ਪਿਆ ਸੀ।
ਚਾਲੀ ਸਾਲ ਪਹਿਲਾਂ ਪੰਜਾਬ ਦੇ ਕਸਬਿਆਂ ਵਿੱਚ ਹੀ ਅੰਗਰੇਜ਼ੀ ਸ਼ਰਾਬ ਦੇ ਠੇਕੇ ਹੁੰਦੇ ਸੀ, ਤੇ ਵੱਡੇ ਪਿੰਡਾਂ ਵਿੱਚ ਦੇਸੀ ਸ਼ਰਾਬ ਦੇ ਠੇਕੇ ਹੁੰਦੇ ਸੀ। ਇਹ ਸਭ ਅਫੀਮ ਅਤੇ ਪੋਸਤ ਦੇ ਠੇਕਿਆਂ ਤੋਂ ਬਾਅਦ ਮਾਲੀਆ ਇਕੱਠਾ ਕਰਨ ਲਈ ਸਰਕਾਰਾਂ ਲਈ ਵੱਡਾ ਸਾਧਨ ਸਨ। ਅਫੀਮ ਅਤੇ ਪੋਸਤ ਦੀ ਮੰਦਭਾਗੀ ਆਮਦ ਨੇ ਪੰਜਾਬ ਵਿੱਚ ਅਮਲੀਆਂ ਤੇ ਪੋਸਤੀਆਂ ਦਾ ਇੱਕ ਵਰਗ ਖੜ੍ਹਾ ਕਰ ਦਿੱਤਾਅ। ਦੇਖਾ ਦੇਖੀ ਬਹੁਤ ਲੋਕ ਇਸਦਾ ਸ਼ਿਕਾਰ ਹੋ ਗਏ। ਪੰਜਾਬ ਦੇ ਹਰ ਦੂਸਰੇ ਤੀਸਰੇ ਘਰ ਇੱਕ ਅੱਧ ਵਿਅਕਤੀ ਅਮਲੀ ਪੋਸਤੀ ਬਣ ਗਿਆ ਸੀ। ਅਫੀਮ ਜਾਂ ਪੋਸਤ ਵਾਲੇ ਵਰਗ ਵਿੱਚੋਂ ਬਹੁਤ ਸਾਰੇ ਵਿਅਕਤੀ ਅੱਜ ਵੀ ਜਿਉਂਦੇ ਹਨ। ਇੱਕ ਵਾਰ ਸਮਾਜ ਨੂੰ ਇਹਨਾਂ ਨਸ਼ਿਆਂ ਦੀ ਅਜਿਹੀ ਕੁੰਡਲੀ ਪਈ ਕਿ ਅੱਜ ਤੱਕ ਪੀੜ੍ਹੀਆਂ ਦੀਆਂ ਪੀੜ੍ਹੀਆਂ ਨੂੰ ਇਸ ਨੇ ਜਕੜ ਲਿਆ ਹੈ।
ਸਮਾਂ ਪਾ ਕੇ ਸਰਕਾਰ ਨੇ ਅਫੀਮ ਤੇ ਪੋਸਤ ਦੇ ਠੇਕੇ ਬੰਦ ਕਰ ਦਿੱਤੇ ਤੇ ਸ਼ਰਾਬ ਤੋਂ ਮਾਲੀਆ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਘਰਾਂ ਵਿੱਚ ਦੇਸੀ ਸ਼ਰਾਬ ਕੱਢਣ ਦਾ ਰੁਝਾਨ ਕਾਫੀ ਪਹਿਲਾਂ ਤੋਂ ਚਲਿਆ ਆ ਰਿਹਾ ਸੀ। ਕਈ ਲੋਕਾਂ ਵੱਲੋਂ ਦੇਸੀ ਸ਼ਰਾਬ ਤਿਆਰ ਕਰਕੇ ਵੇਚੀ ਵੀ ਜਾਣ ਲੱਗੀ, ਜੋ ਵੱਡੇ ਪੱਧਰ ’ਤੇ ਕੀਤਾ ਜਾਣ ਵਾਲਾ ਅਪਰਾਧ ਬਣ ਗਿਆ। ਸ਼ਰਾਬ ਨੇ ਵੀ ਹੋਰਾਂ ਨਸ਼ਿਆਂ ਵਾਂਗ ਪੰਜਾਬ ਦੇ ਬਹੁਤ ਸਾਰੇ ਘਰ ਉਜਾੜੇ ਹਨ। ਸ਼ਰਾਬ ਦੇ ਖਿਲਾਫ ਸਰਕਾਰ ਦਾ ਇਹ ਕਿਹੋ ਜਿਹਾ ਕਾਨੂੰਨ ਹੈ, ਜਿਸ ਮੁਤਾਬਕ ਅਗਰ ਘਰ ਬਣਾਉਗੇ ਤਾਂ ਅਪਰਾਧ, ਅਗਰ ਠੇਕੇ ਤੋਂ ਲਵੋਗੇ ਤਾਂ ਕਾਨੂੰਨ ਦੀ ਪਾਲਣਾ ਤੇ ਸਰਕਾਰੀ ਮਾਲੀਏ ਦਾ ਸਾਧਨ। ਇੱਕ ਸਰਕਾਰ ਨੇ ਤਾਂ ਸ਼ਰਾਬ ਦੀ ਬੋਤਲ ਉੱਪਰ ਸਿੱਖਿਆ ਕਰ ਵੀ ਲਗਾ ਦਿੱਤਾ ਸੀ। ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਦੀ ਕਹਾਵਤ ਅਨੁਸਾਰ ਅਜਿਹੇ ਮਾਲੀਏ ਤੋਂ ਕੀ ਲੈਣਾ ਹੈ, ਜਿਸ ਨਾਲ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਹੋਵੇ।
ਅੱਜ ਦੇ ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਠੇਕੇ ਤੋਂ ਵਾਂਝਾ ਰਹਿ ਗਿਆ ਹੋਵੇ। ਸ਼ਰਾਬ ਦੀ ਸਹੂਲਤ ਲੋਕਾਂ ਦੇ ਘਰਾਂ ਦੇ ਨੇੜੇ ਹੀ ਉਪਲਬਧ ਹੈ। ਪੰਜਾਬ ਪੰਚਾਇਤੀ ਰਾਜ ਐਕਟ ਮੁਤਾਬਿਕ ਪੰਚਾਇਤ ਪਾਸ ਸ਼ਰਾਬ ਦੇ ਠੇਕੇ ਬੰਦ ਕਰਨ ਦਾ ਇਖਤਿਆਰ ਹੈ। ਇੱਕ ਪਿੰਡ ਦੀ ਪੰਚਾਇਤ ਵੱਲੋਂ ਠੇਕਾ ਹਟਾਉਣ ਲਈ ਮਤਾ ਪਾਸ ਕਰ ਦਿੱਤਾ ਗਿਆ ਪਰ ਉਸ ਨੂੰ ਅਫਸਰਸ਼ਾਹੀ ਦੀ ਅਜਿਹੀ ਘੁੰਮਣਘੇਰੀ ਵਿੱਚ ਫਸਾਇਆ ਗਿਆ ਕਿ ਠੇਕਾ ਕਦੇ ਬੰਦ ਨਹੀਂ ਹੋ ਸਕਿਆ।
ਸਰਕਾਰ ਵੱਲੋਂ ਜਲਦੀ ਹੀ ਆਨਲਾਈਨ ਸ਼ਰਾਬ ਖਰੀਦਣ ਨੂੰ ਮਨਜ਼ੂਰੀ ਦਿੱਤੀ ਜਾਣੀ ਹੈ ਤਾਂ ਕਿ ਸ਼ਰਾਬ ਦੇ ਗਾਹਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਅਗਰ ਪੰਜਾਬ ਦੇ ਪਿੰਡਾਂ ਦੀ ਸ਼ਰਾਬ ਦੀ ਖਪਤ ਦਾ ਹਿਸਾਬ ਲਾਇਆ ਜਾਵੇ, ਇਸ ਉੱਪਰ ਖਰਚ ਕੀਤੀ ਜਾਣ ਵਾਲੀ ਸਾਰੀ ਰਕਮ ਬਚਾ ਕੇ ਲੋਕ ਪਿੰਡ ਉੱਪਰ ਖਰਚ ਕਰਨ ਤਾਂ ਸ਼ਾਇਦ ਹੀ ਕਿਸੇ ਸਰਕਾਰੀ ਸਹਾਇਤਾ ਦੀ ਲੋੜ ਰਹੇ। ਪੰਜਾਬੀਆਂ ਨੂੰ ਸ਼ਰਾਬ ਨੇ ਆਰਥਿਕ ਅਤੇ ਸਿਹਤ ਪੱਖੋਂ ਉਜਾੜ ਕੇ ਰੱਖ ਦਿੱਤਾ ਹੈ। ਸਭ ਤੋਂ ਵੱਧ ਝਗੜੇ ਦਾ ਕਾਰਨ ਸ਼ਰਾਬ ਹੈ। ਹਥਿਆਰਾਂ ਦੀ ਦੁਰਵਰਤੋਂ ਵੀ ਸ਼ਰਾਬੀਆਂ ਵੱਲੋਂ ਹੀ ਕੀਤੀ ਜਾਂਦੀ ਹੈ ਪਰ ਹਥਿਆਰ ਨਵਿਆਉਣ ਵਾਲੇ ਡੋਪ ਟੈਸਟ ਵਿੱਚੋਂ ਸ਼ਰਾਬ ਨੂੰ ਬਾਹਰ ਰੱਖਿਆ ਗਿਆ ਹੈ। ਪੰਜਾਬ ਦੇ ਅਕਸਾਈਜ ਐਕਟ ਵਿੱਚ ਬਹੁਤ ਸਾਰੀਆਂ ਕਮੀਆਂ ਹਨ।
ਇਸ ਤੋਂ ਇਲਾਵਾ ਪੰਜਾਬ ਪੁਲਿਸ ਰੂਲਜ਼ ਮੁਤਾਬਿਕ ਫੜੀ ਹੋਈ ਸ਼ਰਾਬ ਨੂੰ ਅਦਾਲਤ ਵਿੱਚ ਸ਼ਹਾਦਤ ਵੇਲੇ ਪੇਸ਼ ਕੀਤਾ ਜਾਣਾ ਹੁੰਦਾ ਹੈ ਜਿਸ ਨੂੰ ਥਾਣੇ ਵਿੱਚ ਹੀ ਬਣੇ ਮਾਲਖਾਨੇ ਵਿੱਚ ਸਾਂਭਿਆ ਜਾਂਦਾ ਹੈ। ਬਹੁਗਿਣਤੀ ਕੇਸਾਂ ਵਿੱਚ ਮਾਲ ਮੁਕੱਦਮਾ ਫੜੇ ਜਾਣ ਵਾਲੇ ਮਾਲ ਨਾਲ ਮੇਲ ਹੀ ਨਹੀਂ ਖਾਂਦਾ। ਇੱਕ ਕੇਸ ਦੇ ਮਾਲ ਮੁਕੱਦਮਾ ਵਿੱਚ ਦੇਸੀ ਸ਼ਰਾਬ ਦੀਆਂ ਭਰੀਆਂ ਹੋਈਆਂ ਬੋਤਲਾਂ ਪੇਸ਼ ਕੀਤੀਆਂ ਜਾਣੀਆਂ ਸਨ। ਪਰ ਪਲਾਸਟਿਕ ਬੋਤਲਾਂ ਦੀ ਢੱਕਣ ਵਾਲੀ ਸੀਲ ਤੋੜੇ ਬਿਨਾਂ ਹੀ ਹੇਠਲੇ ਪਾਸੇ ਸੂਆ ਮਾਰ ਕੇ ਸ਼ਰਾਬ ਕੱਢ ਲਈ ਗਈ ਸੀ। ਜਵਾਬ ਵਿੱਚ ਗਵਾਹ ਨੇ ਕਿਹਾ ਕਿ ਚੂਹੇ ਕੁਤਰ ਗਏ, ਸ਼ਰਾਬ ਡੁੱਲ ਗਈ। ਜੱਜ ਸਾਹਬ ਦੇ ਧਿਆਨ ਵਿੱਚ ਲਿਆਉਣ ’ਤੇ ਜੱਜ ਸਾਹਬ ਨੇ ਗਵਾਹ ਨੂੰ ਪੁੱਛਿਆ ਕਿ ਕਿਹੜੀ ਨਸਲ ਦੇ ਚੂਹੇ ਹਨ ਜੋ ਥਾਣੇ ਵਿੱਚ ਪਾਲੇ ਹਨ, ਬੜੀ ਸਟੀਕ ਕੁਤਰਨ ਕਰਕੇ ਸ਼ਰਾਬ ਪੀ ਜਾਂਦੇ ਹਨ। ਇਸੇ ਤਰ੍ਹਾਂ ਦੇ ਇੱਕ ਕੇਸ ਵਿੱਚ ਸ਼ਰਾਬ ਦੀਆਂ 45 ਪੇਟੀਆਂ ਦੀ ਬਰਾਮਦਗੀ ਦਿਖਾਈ ਗਈ ਸੀ ਪਰ ਪਰ ਜਿਹੜੀਆਂ ਪੇਟੀਆਂ ਫੜੀਆਂ ਦਿਖਾਈਆਂ ਸੀ ਤੇ ਅਦਾਲਤ ਵਿੱਚ ਪੇਸ਼ ਹੋਣ ਵਾਲੀਆਂ ਪੇਟੀਆਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ ਸਨ। ਤਫਤੀਸ਼ੀ ਵਾਰ ਵਾਰ ਅਦਾਲਤ ਵਿੱਚ ਕਹਿ ਰਿਹਾ ਸੀ, ਸ਼ਰਾਬ ਤਾਂ ਸ਼ਰਾਬ ਹੈ ਜੀ। ਜੱਜ ਸਾਹਬ ਨੇ ਝਿੜਕ ਕੇ ਕਿਹਾ, “ਤੁਹਾਡੇ ਲਈ ਇਹ ਮਾਮੂਲੀ ਗੱਲ ਹੈ ਪਰ ਮੇਰੇ ਲਈ ਕਿਸੇ ਦੀ ਜ਼ਿੰਦਗੀ ਅਤੇ ਇਨਸਾਫ ਦਾ ਸਵਾਲ ਹੈ। ਇਨਸਾਫ ਕਰਦਿਆਂ ਫਾਈਲ ਦੇਖੀ ਜਾਂਦੀ ਹੈ, ਨਾ ਕਿ ਕਿਸੇ ਤਰ੍ਹਾਂ ਦੀ ਭਾਵਨਾ।”
ਬਹੁਗਿਣਤੀ ਪੰਜਾਬੀ ਜਿਗਰ ਅਤੇ ਗੁਰਦੇ ਦੀ ਬੀਮਾਰੀ ਤੋਂ ਪੀੜਿਤ ਹੁੰਦੇ ਜਾ ਰਹੇ ਹਨ। ਕਿਸੇ ਵੀ ਸਰਕਾਰ ਨੂੰ ਕੋਈ ਚਿੰਤਾ ਨਹੀਂ ਹੈ। ਪੰਜਾਬ ਦੀਆਂ ਨਦੀਆਂ, ਜਮੀਨਦੋਜ਼ ਪਾਣੀ ਤੇ ਚਿੱਟੇ ਵਗੈਰਾ ਦੇ ਨਸ਼ੇ ਤੋਂ ਬਾਅਦ ਇਹ ਵੀ ਵੱਡੀ ਸਮੱਸਿਆ ਹੈ। ਸ਼ਰਾਬ ਨਾਲ ਬਰਬਾਦ ਹੋਏ ਘਰਾਂ ਬਾਰੇ ਕੋਈ ਅੰਕੜਾ ਕਿਸੇ ਸਰਕਾਰ ਪਾਸ ਨਹੀਂ ਹੈ ਪਰ ਇਸ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਜ਼ਰੂਰ ਹੁੰਦਾ ਹੈ, ਜਿਸ ਨਾਲ ਅਖੌਤੀ ਵਿਕਾਸ ਕੀਤਾ ਜਾਂਦਾ ਹੈ। ਪਤਾ ਨਹੀਂ ਇਹ ਬੀਮਾਰੀ ਕਦੋਂ ਪੰਜਾਬ ਦਾ ਖਹਿੜਾ ਛੱਡੇਗੀ। ਪੰਜਾਬੀਆਂ ਦਾ ਇੱਕ ਵੱਡਾ ਵਰਗ ਸ਼ਰਾਬ ਦਾ ਹਾਮੀ ਹੈ ਪਰ ਆਖਿਰਕਾਰ ਇਹ ਅਜਿਹਾ ਕੋਹੜ ਹੈ ਜੋ ਪਰਿਵਾਰਾਂ ਨੂੰ ਬਰਬਾਦ ਕਰ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1959)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)