“ਦੇਸ਼ ਵਿੱਚ ਰਹਿ ਕੇ ਨਸ਼ਿਆਂ ਦੇ ਗੁਲਾਮ ਹੋਣ ਨਾਲੋਂ ਤੇ ਕਰਜ ਨਾਲ ...”
(13 ਅਕਤੂਬਰ 2019)
ਪੰਜਾਬੀ ਨੌਜਵਾਨਾਂ ਦਾ ਚੰਗੀ ਜ਼ਿੰਦਗੀ ਜਿਉਣ ਲਈ ਸ਼ੰਘਰਸ਼ ਅੱਜ ਤੋਂ ਸ਼ੁਰੂ ਨਹੀਂ ਹੋਇਆ। ਪਹਿਲੇ ਵਿਸ਼ਵ ਯੁੱਧ ਸਮੇਂ ਪੰਜਾਬ ਦਾ ਗੱਭਰੂ ਅੱਤ ਦੀ ਗਰੀਬੀ ਹੰਢਾ ਰਿਹਾ ਸੀ। ਵੱਡੇ ਵੱਡੇ ਪਰਿਵਾਰਾਂ ਲਈ ਆਪਣੀ ਗੁਜ਼ਰ ਬਸਰ ਕਰਨੀ ਬਹੁਤ ਮੁਸ਼ਕਿਲ ਹੁੰਦੀ ਸੀ। ਦੁਆਬੇ ਵਿੱਚੋਂ ਵਿਦੇਸ਼ ਵਿੱਚ ਵਸਣ ਦੀ ਪੰਜਾਬ ਦੇ ਸਾਰੇ ਖਿੱਤਿਆਂ ਵਿੱਚੋਂ ਪਹਿਲ ਕੀਤੀ ਗਈ ਕਿਉਂਕਿ ਦੁਆਬੇ ਵਿੱਚ ਜਮੀਨਾਂ ਦੇ ਟੱਕ ਬਾਕੀ ਖਿੱਤਿਆਂ ਨਾਲੋਂ ਛੋਟੇ ਸੀ। ਨਤੀਜੇ ਵਜੋਂ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਜਿੱਥੇ ਪਹਿਲਾਂ ਪੰਜਾਬ ਵਿੱਚ ਕਿਸਾਨ ਤਬਕੇ ਅੰਦਰ ਜਮੀਨਾਂ ਦੇਖ ਕੇ ਰਿਸ਼ਤੇ ਕੀਤੇ ਜਾਂਦੇ ਹਨ, ਉੱਥੇ ਹੁਣ ਪਾਸਪੋਰਟ ਦੇਖ ਕੇ ਰਿਸ਼ਤੇ ਤੈਅ ਹੁੰਦੇ ਹਨ। ਪੰਜਾਬ ਦੀ ਅਖੌਤੀ ਤਰੱਕੀ ਨੇ ਜਿੱਥੇ ਬੇਰੋਜਗਾਰੀ ਤੇ ਵਿਹਲੜਪੁਣੇ ਨੂੰ ਜਨਮ ਦਿੱਤਾ ਉੱਥੇ ਸਰਕਾਰਾਂ ਦੀਆਂ ਬੇਸਿਰਪੈਰ ਨੀਤੀਆਂ ਨੇ ਨੌਜਵਾਨ ਤਬਕਾ ਬਰਬਾਦ ਕਰ ਕੇ ਰੱਖ ਦਿੱਤਾ। ਮਾਲੀਆ ਇਕੱਠਾ ਕਰਨ ਲਈ ਸਭ ਤੋਂ ਪਹਿਲਾਂ ਸਰਕਾਰਾਂ ਨੇ ਸ਼ਰਾਬ ਦੇ ਠੇਕਿਆਂ ਦਾ ਭਰਪੂਰ ਵਿਕਾਸ ਕੀਤਾ। ਜਿਸ ਮੁਲਕ ਵਿੱਚ ਸ਼ਰਾਬ ਉੱਤੇ ਸਿੱਖਿਆ ਵਾਸਤੇ ਟੈਕਸ ਲਾਇਆ ਹੋਵੇ ਤਾਂ ਕੀ ਉੱਥੇ ਆਉਣ ਵਾਲੀਆਂ ਪੀੜ੍ਹੀਆਂ ਸਰਾਬ ਦੇ ਸਿਰ ’ਤੇ ਤਰੱਕੀ ਕਰਨਗੀਆਂ?
ਪੰਜਾਬ ਦੀ ਪੁਰਾਣੀ ਪੀੜ੍ਹੀ ਦੇ ਨੌਜਵਾਨਾਂ ਨੇ ਬ੍ਰਿਟਿਸ਼ ਸ਼ਾਸਨ ਵਾਸਤੇ ਪਹਿਲਾ ਤੇ ਦੂਸਰਾ ਦੋਵੇਂ ਵਿਸ਼ਵ ਯੁੱਧ ਲੜੇ। ਪਹਿਲੇ ਵਿਸ਼ਵ ਯੁੱਧ ਵਿੱਚ ਬਹੁਤ ਸਾਰੇ ਪੰਜਾਬੀ ਅਰਬ ਖੇਤਰਾਂ ਵਿੱਚ ਜਾ ਕੇ ਗੋਰਿਆਂ ਵਾਸਤੇ ਲੜੇ ਸੀ, ਉਦੋਂ ਇੱਕ ਲੋਕ ਬੋਲੀ ਮਸ਼ਹੂਰ ਹੋਈ ਸੀ –
ਬਸਰੇ ਦੀ ਲਾਮ ਟੁੱਟ ਜਾਏ‘
ਮੈਂ ਰੰਡੀਉਂ ਸੁਹਾਗਣ ਹੋਵਾਂ।
ਅੱਜ ਦੇ ਪੰਜਾਬ ਦਾ ਨੌਜਵਾਨ ਵੀ ਪੰਜਾਬ ਦੇ ਮੌਜੂਦਾ ਹਾਲਾਤ ਤੋਂ ਪਰੇਸ਼ਾਨ ਹੋ ਕੇ ਚੰਗੀ ਜ਼ਿੰਦਗੀ ਦੇ ਸੁਪਨੇ ਸਜਾ ਕੇ ਵਿਦੇਸ਼ ਵੱਲ ਜਾ ਰਿਹਾ ਹੈ। ਪਿੱਛੇ ਰਹਿੰਦੇ ਪਰਿਵਾਰਾਂ ਲਈ ਇਹ ਬਸਰੇ ਦੀ ਲਾਮ ਤੋਂ ਘੱਟ ਨਹੀਂ ਹੈ। ਪਰ ਇਹ ਸਭ ਕੁਝ ਪਰਿਵਾਰਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ। ਇਸਦੇ ਭਵਿੱਖੀ ਨਤੀਜੇ ਕੀ ਹੋਣਗੇ, ਕਿਸੇ ਨੂੰ ਨਹੀਂ ਪਤਾ। ਹਰ ਕੋਈ ਆਪਣੇ ਹਿਸਾਬ ਕਿਤਾਬ ਨਾਲ ਇਸ ਨੂੰ ਦੇਖ ਰਿਹਾ ਹੈ ਤੇ ਪੇਸ਼ ਕਰ ਰਿਹਾ ਹੈ। ਅਖੌਤੀ ਬੁੱਧੀਜੀਵੀਆਂ ਮੁਤਾਬਿਕ ਨੌਜਵਾਨ ਵਿਦੇਸ਼ ਜਾ ਕੇ ਦਿਹਾੜੀਆਂ ਕਰਦੇ ਹਨ ਜੇ ਇੱਥੇ ਕੰਮ ਕਰਨ ਤਾਂ ਦੇਸ਼ ਤਰੱਕੀ ਕਰ ਸਕਦਾ ਹੈ। ਕਈਆਂ ਦੇ ਵਿਚਾਰ ਨੇ ਕਿ ਸਾਡੇ ਲੋਕ ਗੋਰਿਆਂ ਦੀ ਗੁਲਾਮੀ ਵਿਦੇਸ਼ਾਂ ਵਿੱਚ ਜਾ ਕੇ ਕਰ ਰਹੇ ਹਨ। ਕਈਆਂ ਦੇ ਵਿਚਾਰਾਂ ਅਨੁਸਾਰ ਇੱਥੇ ਰਹਿ ਕੇ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।
ਸਭ ਤੋਂ ਪਹਿਲੀ ਗੱਲ ਕਿ ਪੰਜਾਬ ਦੇ ਕਿਸਾਨੀ ਤਬਕੇ ਵਿੱਚ ਵਿਦੇਸ਼ ਭੱਜਣ ਦੀ ਹੋੜ ਲੱਗੀ ਹੈ, ਕਾਰਨ ਸਾਫ ਜਾਹਰ ਹੈ ਕਿ ਬੁਰੋਜਗਾਰੀ, ਨਸ਼ਾ ਤੇ ਸਮਾਜਿਕ ਅਸੁਰੱਖਿਆ ਦੀ ਭਾਵਨਾ। ਕਿਸਾਨ ਦਾ ਪੁੱਤ ਖੇਤੀ ਕਰਕੇ ਕਰਜ ਦਾ ਬੋਝ ਵਧਾਉਣਾ ਨਹੀਂ ਚਾਹੁੰਦਾ ਤੇ ਜਮੀਨ ਕਰਜੇ ਵਿੱਚ ਵੀ ਵੇਚਣਾ ਨਹੀਂ ਚਾਹੁੰਦਾ, ਹਰ ਹੀਲੇ ਜਮੀਨ ਬਚਾਉਣਾ ਚਾਹੁੰਦਾ ਹੈ। ਸਾਡੇ ਲੋਕਾਂ ਨੂੰ ਜਮੀਨ ਨਾਲ ਅੱਤ ਦਾ ਮੋਹ ਹੈ। ਕਰਜੇ ਦੀ ਵੱਡੀ ਪੰਡ ਉਤਾਰਨ ਲਈ ਸਰਕਾਰ ਦੀ ਕੋਈ ਨੀਤੀ ਨਹੀਂ। ਖੇਤੀ ਵਾਸਤੇ ਏ ਸੀ ਵਿੱਚ ਬੈਠ ਕੇ ਸਕੀਮਾਂ ਘੜ ਲਈਆਂ ਜਾਂਦੀਆਂ ਹਨ ਪਰ ਇਹ ਸਕੀਮਾਂ ਧਰਾਤਲ ’ਤੇ ਕੁਝ ਨਹੀਂ ਸੰਵਾਰਦੀਆਂ। ਕਿਸਾਨ ਪਰਿਵਾਰਾਂ ਨਾਲ ਸੰਬੰਧਤ ਨੌਜਵਾਨਾਂ ਦੀ ਸਭ ਤੋਂ ਪਹਿਲੀ ਸੋਚ ਹੀ ਕੰਮ ਕਰ ਕੇ ਕਰਜ਼ਾ ਉਤਾਰਣ ਦੀ ਹੁੰਦੀ ਹੈ। ਅਖੌਤੀ ਬੁੱਧੀਜੀਵੀਆਂ ਦੇ ਦਿਮਾਗ ਵਿੱਚ ਆ ਜਾਣਾ ਚਾਹੀਦਾ ਹੈ ਕਿ ਇਸ ਨਾਲ ਵਿਦੇਸ਼ੀ ਧਨ ਦੇਸ਼ ਵਿੱਚ ਆਵੇਗਾ ਤੇ ਇਸ ਤੋਂ ਵੱਡੀ ਦੇਸ਼ ਸੇਵਾ ਕੋਈ ਨਹੀਂ। ਵਿਦੇਸ਼ ਵਸਣ ਵਾਲੇ ਨੌਜਵਾਨਾਂ ਦੇ ਖਿਲਾਫ ਜ਼ਿਆਦਾ ਚੀਕਾਂ ਉਹਨਾਂ ਲੋਕਾਂ ਦੀਆਂ ਨਿਕਲ ਰਹੀਆਂ ਹਨ, ਜਿਨ੍ਹਾਂ ਦੇ ਵਪਾਰ ਬੰਦ ਹੋ ਰਹੇ ਹਨ। ਇਹਨਾਂ ਵਿੱਚ ਸਿੱਖਿਆ ਸੰਸਥਾਵਾਂ ਮੋਹਰੀ ਹਨ, ਕਿਉਂਕਿ ਮੋਟੀਆਂ ਫੀਸਾਂ ਲੈ ਕੇ ਪੜ੍ਹਾਈਆਂ ਕਰਾਉਣ ਵਾਲੇ ਇਹਨਾਂ ਦੇ ਵਪਾਰਕ ਅਦਾਰੇ ਬੰਦ ਹੋਣ ਕਿਨਾਰੇ ਹਨ। ਜੇ ਇਹਨਾਂ ਲੋਕਾਂ ਨੇ ਲਾਲਚ ਵੱਸ ਗੈਰ ਮਿਆਰੀ ਸਿੱਖਿਆ ਨਾ ਦਿੱਤੀ ਹੁੰਦੀ ਤਾਂ ਸਥਿਤੀ ਕੁਝ ਹੋਰ ਹੁੰਦੀ। ਨੌਜਵਾਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਲੁੱਟ ਕੇ ਆਪਣੇ ਸੁਪਨੇ ਸਾਕਾਰ ਕਰਨ ਵਾਲੇ ਜ਼ਿਆਦਾ ਚੀਕ ਚਿਹਾੜਾ ਪਾ ਰਹੇ ਹਨ।
ਵਿਦੇਸ਼ ਵਿੱਚ ਬੈਠਾ ਨੌਜਵਾਨ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨੇ ਸਾਕਾਰ ਕਰਨਾ ਚਾਹੁੰਦਾ ਹੈ। ਜਿੱਥੇ ਦੇਸ਼ ਵਿਹਲੇ ਰਹਿਣਾ ਸਿਖਾਉਂਦਾ ਹੈ, ਉੱਥੇ ਵਿਦੇਸ਼ ਮਿਹਨਤ ਕਰਨੀ ਸਿਖਾਉਂਦਾ ਹੈ। ਨਵੀਂ ਸਭਿਆਚਾਰਕ ਕ੍ਰਾਂਤੀ ਦਾ ਮੁੱਢ ਬੱਝ ਚੁੱਕਾ ਹੈ। ਅਸੀਂ ਬਹੁਤ ਸਾਰੀਆਂ ਦਹੇਜ ਹੱਤਿਆਵਾਂ ਤੇ ਦਹੇਜ ਵਾਸਤੇ ਕੁੱਟਾਂਮਾਰਾਂ ਕਰ ਲਈਆਂ। ਹੁਣ ਮੁੰਡੇ ਵਾਲੇ ਵਿਦੇਸ਼ ਗਈਆਂ ਕੁੜੀਆਂ ਨੂੰ ਦਹੇਜ ਦੇਣ ਲੱਗੇ ਹਨ। ਵਿਦੇਸ਼ੀ ਕਾਨੂੰਨ ਔਰਤਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਦਾ ਹੈ। ਜਿਹੜਾ ਸਾਡੇ ਤੋਂ ਸੰਭਵ ਨਹੀਂ ਹੋ ਸਕਿਆ, ਉਹ ਸਾਡੀਆਂ ਬੇਟੀਆਂ ਨੇ ਵਿਦੇਸ਼ਾਂ ਵਿੱਚ ਜਾ ਹਾਸਲ ਕਰਿਆ। ਰਹੀ ਗੱਲ ਵਿਦੇਸ਼ ਵਿੱਚ ਦਿਹਾੜੀ ਕਰਨ ਦੀ, ਵਿਦੇਸ਼ ਦੀ ਦਿਹਾੜੀ ਹਜ਼ਾਰਾਂ ਰੁਪਇਆਂ ਬਰਾਬਰ ਹੋਣ ਕਰਕੇ ਸਾਡੇ ਨੌਜਵਾਨ ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ ਤੋਂ ਵੱਧ ਕਮਾ ਰਹੇ ਹਨ। ਕੰਮ ਦੇ ਹਿਸਾਬ ਨਾਲ ਹੀ ਉੱਥੇ ਉਹਨਾਂ ਦੀ ਕਦਰ ਹੈ। ਉਹ ਨੌਜਵਾਨ ਡਾਲਰਾਂ ਵਿੱਚ ਹਾਸਲ ਕਰਕੇ ਗੁਣਾ ਆਪਣੇ ਦੇਸ਼ ਦੀ ਕਰੰਸੀ ਨਾਲ ਕਰਦਾ ਹੈ, ਕਿਉਂ ਜੋ ਦੇਸ਼ ਵਿੱਚ ਬੈਠੇ ਉਹਨਾਂ ਦੇ ਪਰਿਵਾਰਾਂ ਦੀ ਉਹੋ ਉਮੀਦ ਹਨ। ਅਤੇ ਇਹ ਡਾਲਰ ਰੁਪਏ ਬਣ ਕੇ ਦੇਸ਼ ਵਿੱਚ ਆਉਣੇ ਹਨ, ਇਸ ਤੋਂ ਵੱਡੀ ਦੇਸ਼ ਭਗਤੀ ਕੀ ਹੋਵੇਗੀ। ਸਾਡੀ ਈਰਖਾ ਨੇ ਨਾ ਤਾਂ ਉਹਨਾਂ ਨੌਜਵਾਨਾਂ ਦਾ ਕੁਝ ਵਿਗਾੜਿਆ ਹੈ ਨਾ ਹੀ ਵਿਗਾੜ ਸਕੇਗੀ। ਈਰਖਾ ਪੰਜਾਬੀਆਂ ਦੇ ਸੁਭਾਅ ਦੀ ਅੱਤ ਮਾੜੀ ਫਿਤਰਤ ਹੈ।
ਇੱਕ ਹੋਰ ਪਹਿਲੂ, ਗੋਰਿਆਂ ਦੀ ਗੁਲਾਮੀ ਤੇ ਵਿਚਾਰ ਜਰੂਰ ਕੀਤਾ ਜਾਣਾ ਬਣਦਾ ਹੈ। ਵਿਦੇਸ਼ ਵਿੱਚ ਅਸੀਂ ਅਜਾਦ ਦੇਸ਼ ਦੇ ਨਾਗਰਿਕ ਬਣ ਕੇ ਜਾਂਦੇ ਹਾਂ, ਉਹਨਾਂ ਦੇ ਕਾਨੂੰਨ ਅਸੀਂ ਮੰਨਦੇ ਹਾਂ। ਜੇ ਨਾ ਮੰਨਾਗੇ ਤਾਂ ਉਹਨਾਂ ਨੂੰ ਮਨਾਉਣੇ ਆਉਂਦੇ ਹਨ, ਜੋ ਕਿ ਸਾਡੇ ਦੇਸ਼ ਵਿੱਚ ਅਸੀਂ ਅੱਜ ਤੱਕ ਨਹੀਂ ਕਰ ਸਕੇ। ਦੇਸ਼ ਵਿੱਚ ਰਹਿ ਕੇ ਨਸ਼ਿਆਂ ਦੇ ਗੁਲਾਮ ਹੋਣ ਨਾਲੋਂ ਤੇ ਕਰਜ ਨਾਲ ਫਾਹੇ ਲੈਣ ਨਾਲੋਂ ਗੋਰਿਆਂ ਦੇ ਕਾਨੂੰਨ ਮੰਨਣ ਵਿੱਚ ਹੀ ਭਲਾਈ ਹੈ। ਦੇਸ਼ ਵਿੱਚ ਲੀਡਰਾਂ ਦੇ ਪਿਛਲੱਗ ਬਣ ਕੇ, ਸਿਰਫ ਆਟਾ ਦਾਲ ਦੀ ਸੋਚ ਵਿੱਚ ਫਸਕੇ ਰਹਿਣ ਨਾਲੋਂ ਮਿਹਨਤ ਕਰਕੇ ਸੁਪਨੇ ਸਾਕਾਰ ਕਰਨ ਵਿੱਚ ਕੋਈ ਹਰਜ਼ ਨਹੀਂ। ਅੱਜ ਉਹਨਾਂ ਨੌਜਵਾਨਾਂ ਦੇ ਨਿੰਦਕ ਸਾਨੂੰ ਨਹੀਂ ਬਣਨਾ ਚਾਹੀਦਾ ਸਗੋਂ ਉਹਨਾਂ ਨੂੰ ਆਪਣੇ ਰਸਤੇ ਚੁਣਨ ਦੇਣੇ ਚਾਹੀਦੇ ਹਨ। ਉਹਨਾਂ ਲਾਮ ਤੁਰਨ ਵਾਲਿਆਂ ਦੀ ਤਰੱਕੀ ਵਿੱਚ ਹੀ ਸਾਡੀ ਤਰੱਕੀ ਹੈ, ਨਹੀਂ ਤਾਂ ਸਾਨੂੰ ਸਾਡੇ ਨਿਜਾਮ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1768)
(ਸਰੋਕਾਰ ਨਾਲ ਸੰਪਰਕ ਲਈ: