“ਬਾਅਦ ਵਿੱਚ ਪਤਾ ਲੱਗਾ ਕਿ ਮੇਰੇ ਕਲਰਕ ਨੇ ਤਵੀਤ ਘਸਾਉਣ ਦੀ ਫੀਸ ...”
(13 ਫਰਵਰੀ 2021)
(ਸ਼ਬਦ: 1090)
ਆੜ੍ਹਤੀ ਤੇ ਕਿਸਾਨ ਦਾ ਰਿਸ਼ਤਾ ਇੱਕ ਦੂਸਰੇ ’ਤੇ ਨਿਰਭਰ ਹੋਣ ਕਰਕੇ ਸਮਾਜ ਵਿੱਚ ਬੜਾ ਅਹਿਮ ਸਥਾਨ ਰੱਖਦਾ ਹੈ। ਕਿਸਾਨ ਪਰਿਵਾਰਾਂ ਦੇ ਵਿਆਹ ਵਾਲੇ ਸਾਰੇ ਚਾਅ ਵੀ ਆੜ੍ਹਤੀ ਨਾਲ ਜੁੜੇ ਹੁੰਦੇ ਹਨ। ਬੈਂਕ ਜਿੰਨੇ ਮਰਜ਼ੀ ਘੱਟ ਬਿਆਜ ’ਤੇ ਕਰਜ਼ ਮੁਹਈਆ ਕਰਵਾ ਦੇਣ ਪਰ ਆੜ੍ਹਤੀ ਤੋਂ ਬਗੈਰ ਪੰਜਾਬ ਦੇ ਆਮ ਕਿਸਾਨ ਪਰਿਵਾਰ ਦਾ ਗੁਜ਼ਾਰਾ ਚੱਲ ਹੀ ਨਹੀਂ ਸਕਦਾ। ਬੈਂਕ ਦੇ ਕਰਜ਼ ਦੀ ਸਹੂਲਤ ਦਾ ਫਾਇਦਾ ਵੀ ਆੜ੍ਹਤੀ ਨੂੰ ਹੀ ਹੁੰਦਾ ਹੈ। ਕਈ ਆੜ੍ਹਤੀਆਂ ਨੇ ਕਿਸਾਨਾਂ ਦੇ ਨਾਂ ’ਤੇ ਕਰਜ਼ ਲੈ ਕੇ ਵਰਤਿਆ ਹੁੰਦਾ ਹੈ। ਹੁਣ ਤਕ ਕਈ ਆੜ੍ਹਤੀਆਂ ਅਤੇ ਕਈ ਕਿਸਾਨਾਂ ਦੇ ਕੇਸਾਂ ਦੀ ਪੈਰਵੀ ਕਰਨ ਦਾ ਮੌਕਾ ਮਿਲਿਆ ਹੈ। ਆੜ੍ਹਤੀ ਦੇ ਕੇਸ ਦੀ ਜੇਤੂ ਸੰਭਾਵਨਾ ਹਮੇਸ਼ਾ ਵੱਧ ਹੁੰਦੀ ਹੈ ਕਿਉਂਕਿ ਉਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਜਾਂਦੇ ਲਿਖਤੀ ਦਸਤਾਵੇਜ਼ ਜਿਵੇਂ ਕਿ ਪ੍ਰੋਨੋਟ, ਇਕਰਾਰਨਾਮੇ ਵਗੈਰਾ ਕਾਨੂੰਨੀ ਨੁਕਤੇ ਦੇਖ ਕੇ ਤਿਆਰ ਕਰਾਏ ਹੁੰਦੇ ਹਨ ਤੇ ਗਵਾਹ ਵੀ ਉਸ ਦੇ ਆਪਣੇ ਹੁੰਦੇ ਹਨ। ਕਿਸਾਨ ਕਈ ਵਾਰ ਮਜਬੂਰੀ ਵਿੱਚ ਵੀ ਦਸਤਾਵੇਜ਼ ਦਸਤਖਤ ਕਰਕੇ ਹੱਥ ਵਢਾ ਬੈਠਦਾ ਹੈ।
ਦੀਵਾਨੀ ਅਦਾਲਤ ਸਥਾਪਤ ਹੋਣ ’ਤੇ ਜ਼ਿਲ੍ਹਾ ਅਦਾਲਤ ਤੋਂ ਅਜਿਹੇ ਦੋ ਸਕੇ ਭਰਾਵਾਂ ਦੇ ਕੇਸ ਤਬਦੀਲ ਹੋ ਕੇ ਮੇਰੇ ਪਾਸ ਪੈਰਵੀ ਲਈ ਆਏ। ਦੋਵੇਂ ਸਕੇ ਭਰਾਵਾਂ ਦੇ ਖਿਲਾਫ ਇੱਕੋ ਆੜ੍ਹਤੀ ਨੇ ਉਹਨਾਂ ਖਿਲਾਫ ਜ਼ਮੀਨ ਬੈ ਕਰਨ ਦੇ ਇਕਰਾਰਨਾਮੇ ਨੂੰ ਲੈ ਕੇ ਅਲੱਗ ਅਲੱਗ ਕੇਸ ਦਾਇਰ ਕੀਤੇ ਸਨ। ਮੇਰੇ ਗਵਾਂਢੀ ਪਿੰਡ ਦੇ ਹੋਣ ਕਰਕੇ ਉਹਨਾਂ ਨੇ ਜਾਣ ਪਛਾਣ ਕਾਰਨ ਹੀ ਮੈਂਨੂੰ ਵਕੀਲ ਮੁਕੱਰਰ ਕੀਤਾ ਸੀ। ਦੋਵੇਂ ਕੇਸ ਦੋ ਇਕਰਾਰਨਾਮਾਜਾਤ ਦੇ ਲਿਖਤੀ ਦਸਤਾਵੇਜ਼ਾਂ ’ਤੇ ਅਧਾਰਿਤ ਸਨ। ਗਵਾਹ ਵੀ ਵੱਖਰੇ ਵੱਖਰੇ ਸਨ ਅਤੇ ਬਿਆਨ ਵੀ ਰੈਗੂਲਰ ਵਸੀਕਾ ਨਵੀਸ ਦੇ ਲਿਖੇ ਹੋਏ ਸਨ। ਇੱਕ ਗਵਾਹ ਜੋ ਆੜ੍ਹਤੀ ਦਾ ਮੁਨੀਮ ਸੀ, ਉਹ ਦੋਵਾਂ ਲਿਖਤਾਂ ਦਾ ਹੀ ਗਵਾਹ ਰੱਖਿਆ ਹੋਇਆ ਸੀ। ਦੋਵਾਂ ਭਰਾਵਾਂ ਦੀ ਦੋ ਦੋ ਏਕੜ ਜ਼ਮੀਨ ਬੈ ਹੋਣ ਸੰਬੰਧੀ ਇਕਰਨਾਮੇ ਲਿਖੇ ਹੋਏ ਸਨ। ਸਾਰੇ ਕਾਨੂੰਨੀ ਪਹਿਲੂਆਂ ਦਾ ਖਿਆਲ ਰੱਖਿਆ ਹੋਇਆ ਸੀ। ਮੈਂ ਆੜ੍ਹਤੀ ਵੱਲੋਂ ਮਾਰੀ ਗਈ ਠੱਗੀ ਦੀ ਦਲੀਲ ਨਾਲ ਪੈਰਵੀ ਸ਼ੁਰੂ ਕਰ ਦਿੱਤੀ, ਭਾਵੇਂ ਕਿ ਕੇਸਾਂ ਵਿੱਚ ਕੋਈ ਖਾਸ ਕਮਜ਼ੋਰੀ ਨਜ਼ਰ ਨਹੀਂ ਆਉਂਦੀ ਸੀ।
ਅਸਲ ਵਿੱਚ ਇਹਨਾਂ ਕੇਸਾਂ ਵਿੱਚ ਕਾਬਲੇ ਗੌਰ ਗੱਲ ਇਹ ਸੀ ਕਿ ਦੋਵੇਂ ਭਰਾ ਕਿਸੇ ਤਵੀਤ ਦੇਣ ਵਾਲੇ ਸਿਆਣੇ ਤੋਂ ਬਿਜਲੀ ਦੇ ਬਿੱਲਾਂ ਵਰਗੇ ਲੰਬੇ ਲੰਬੇ ਤਵੀਤ ਲਿਖਾ ਕੇ ਹਰ ਪੇਸ਼ੀ ’ਤੇ ਲਿਆਉਂਦੇ। ਤਵੀਤ ਉਰਦੂ ਵਿੱਚ ਲਿਖੇ ਹੁੰਦੇ ਅਤੇ ਦੋਵਾਂ ਭਰਾਵਾਂ ਦੀਆਂ ਜੇਬਾਂ ਉੱਤੇ ਸੂਈ ਪਿੰਨਾਂ ਨਾਲ ਟੰਗੇ ਹੁੰਦੇ। ਦੋਵੇਂ ਭਰਾ ਹਰ ਪੇਸ਼ੀ ’ਤੇ ਮੂਹਰਲੀਆਂ ਜੇਬਾਂ ’ਤੇ ਟੰਗੇ ਤਵੀਤਾਂ ਉੱਤੇ ਜੱਜ ਸਾਹਬ ਦੀ ਨਿਗਾਹ ਪਵਾਉਣ ਦੀ ਕੋਸ਼ਿਸ਼ ਕਰਦੇ। ਮੇਰੇ ਵੱਲੋਂ ਪੁੱਛਣ ’ਤੇ ਦੋਵਾਂ ਭਰਾਵਾਂ ਨੇ ਬੜੇ ਚਾਅ ਨਾਲ ਮੈਂਨੂੰ ਦੱਸਿਆ ਕਿ ਇਹ ਤਵੀਤ ਆਪਾਂ ਨੂੰ ਕੇਸ ਜਿਤਾਉਣਗੇ। ਮੈਂ ਉਹਨਾਂ ਦਾ ਇਹ ਭੁਲੇਖਾ ਦੂਰ ਨਾ ਕੀਤਾ ਪਰ ਵਰਜਿਆ ਜ਼ਰੂਰ ਕਿ ਜੇ ਜੱਜ ਸਾਹਬ ਨੇ ਨੋਟ ਕਰ ਲਿਆ ਤਾਂ ਤੁਹਾਡੇ ਇਹ ਤਵੀਤ ਪੁੱਠਾ ਕੰਮ ਕਰ ਜਾਣਗੇ। ਮੈਂਨੂੰ ਪਤਾ ਲੱਗਾ ਕਿ ਦੋਵਾਂ ਭਰਾਂਵਾ ਵਿੱਚੋਂ ਇੱਕ 1980 ਤੋਂ ਪਹਿਲਾਂ ਦਾ ਗਰੈਜੂਏਟ ਹੈ। ਉਸ ਦੇ ਸਹਿਪਾਠੀ ਵੱਡੇ ਵੱਡੇ ਸਰਕਾਰੀ ਅਹੁਦਿਆਂ ’ਤੇ ਤਾਇਨਾਤ ਹਨ। ਉਸ ਦੀਆਂ ਅੰਧਵਿਸ਼ਵਾਸੀ ਹਰਕਤਾਂ ਤੋਂ ਵੇਖ ਕੇ ਹੀ ਲੱਗਦਾ ਸੀ ਕਿ ਸ਼ਾਇਦ ਇਸੇ ਕਰਕੇ ਉਹ ਤਰੱਕੀ ਨਾ ਕਰ ਸਕਿਆ ਹੋਵੇ। ਅਚਾਨਕ ਉਹ ਚਾਦਰ ਬੰਨ੍ਹ ਕੇ ਕੋਰਟ ਵਿੱਚ ਪੇਸ਼ ਹੋਣ ਲੱਗ ਪਿਆ। ਪਤਾ ਲੱਗਾ ਕਿ ਉਹ ਚਾਦਰ ਕਿਸੇ ਤੋਂ ਮੰਗ ਕੇ ਲਿਆਇਆ ਸੀ ਅਤੇ ਇਸ ਚਾਦਰ ਦੇ ਵਿਸ਼ੇਸ਼ ਗੁਣ ਦੱਸਦਿਆਂ ਉਸਨੇ ਕਿਹਾ ਸੀ ਕਿ ਜੋ ਇਸ ਨੂੰ ਬੰਨ੍ਹ ਕੇ ਅਦਾਲਤ ਵਿੱਚ ਪੇਸ਼ ਹੁੰਦਾ ਹੈ, ਉਹ ਮੁਕੱਦਮਾ ਜਿੱਤ ਜਾਂਦਾ ਹੈ। ਉਹ ਇਸ ਕਰਕੇ, ਕਿਉਂਕਿ ਇਸ ਚਾਦਰ ਨੂੰ ਕਿਸੇ ਨੇ ਲੜਦੇ ਹੋਏ ਸੱਪਾਂ ਉੱਪਰ ਪਾ ਲਿਆ ਸੀ।
ਦੋਵਾਂ ਭਰਾਵਾਂ ਨੇ ਕੇਸ ਦੇ ਅਸਲ ਤੱਥਾਂ ਤੋਂ ਮੈਂਨੂੰ ਜਾਣੂ ਕਰਾਉਂਦਿਆਂ ਦੱਸਿਆ ਕਿ ਉਹਨਾਂ ਦੀਆਂ ਦੋ ਬੇਟੀਆਂ ਦਾ ਵਿਆਹ ਧਰਿਆ ਹੋਇਆ ਸੀ ਅਤੇ ਉਹਨਾਂ ਦੀ ਮੁਦਈ ਨਾਲ ਆੜ੍ਹਤ ਹੁੰਦੀ ਸੀ। ਆਪਸੀ ਸੰਬੰਧ ਬੜੇ ਵਧੀਆ ਹੁੰਦੇ ਸਨ। ਜਦੋਂ ਉਹਨਾਂ ਨੂੰ ਰੁਪਇਆਂ ਦੀ ਲੋੜ ਵਿਆਹ ਵਾਸਤੇ ਪਈ ਤਾਂ ਉਹਨਾਂ ਨੇ ਚਾਲੀ-ਚਾਲੀ ਹਜ਼ਾਰ ਰੁਪਿਆ ਆੜ੍ਹਤੀ ਪਾਸੋਂ ਮੰਗਿਆ। ਪਹਿਲਾਂ ਤਾਂ ਉਹ ਕਹਿੰਦਾ ਰਿਹਾ ਕਿ ਪੈਸੇ ਦੇ ਦੇਵਾਂਗਾ ਪਰ ਵਿਆਹ ਤੋਂ ਦਸ ਦਿਨ ਪਹਿਲਾਂ ਉਸਨੇ ਜਵਾਬ ਦੇ ਦਿੱਤਾ। ਫਿਰ ਉਹ ਕਿੱਧਰ ਜਾਂਦੇ? ਜ਼ਿਆਦਾ ਮਿੰਨਤ ਤਰਲਾ ਕਰਨ ’ਤੇ ਉਹ ਕਹਿਣ ਲੱਗਾ ਕਿ ਪੈਸੇ ਦੇ ਦੇਵਾਂਗਾ ਪਰ ਪੱਕੀ ਲਿਖਤ ਕਰੋ। ਦੋਵੇਂ ਭਰਾਵਾਂ ਨੇ ਮਜਬੂਰੀ ਵਿੱਚ ਫਸਿਆ ਨੇ ਦਸਤਖਤ ਅੰਗੂਠੇ ਕਰ ਦਿੱਤੇ। ਅਸਲ ਵਿੱਚ ਉਹ ਸਮੇਤ ਬਿਆਜ ਮੁਦਈ ਦੇ ਸਾਰੇ ਰੁਪਏ ਵਾਪਸ ਕਰਨ ਲਈ ਤਿਆਰ ਸਨ। ਮੈਂ ਵੀ ਕਈ ਵਾਰ ਰਾਜ਼ੀਨਾਮਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਆੜ੍ਹਤੀ ਪੈਰਾਂ ’ਤੇ ਪਾਣੀ ਨਾ ਪੈਣ ਦੇਵੇ। ਉਲਟਾ ਮੈਂਨੂੰ ਵੰਗਾਰ ਦਿੱਤਾ, “ਜਦੋਂ ਸਾਡੇ ਕੋਲ ਪੱਕੀ ਲਿਖਤ ਹੈ, ਅਸੀਂ ਰਾਜ਼ੀਨਾਮਾ ਕਿਉਂ ਕਰੀਏ ... ਮੈਦਾਨ ਵਿੱਚ ਟੱਕਰਾਂਗੇ ...”
ਦੋਵੇਂ ਕੇਸ ਆਪਣੀ ਰਫ਼ਤਾਰ ਨਾਲ ਅੱਗੇ ਵਧਦੇ ਰਹੇ। ਮੈਂ ਮੁਦਈ ਨੂੰ ਇਹ ਗੱਲ ਮਨਾ ਲਈ ਕਿ ਅਸਲ ਵਿੱਚ ਉਹਨੇ ਨਗਦ ਰੁਪਏ ਲੈਣੇ ਹਨ। ਗਵਾਹਾਂ ਨੇ ਵੀ ਜਿਰਾਹ ਵਿੱਚ ਮੰਨ ਲਿਆ ਕਿ ਜ਼ਮੀਨ ਸੰਬੰਧੀ ਕੋਈ ਇਕਰਾਰਨਾਮਾ ਉਹਨਾਂ ਸਾਹਮਣੇ ਨਹੀਂ ਹੋਇਆ। ਇੱਕ ਗਵਾਹ ਜੋ ਦੋਹਾਂ ਕੇਸਾਂ ਵਿੱਚ ਸਾਂਝਾ ਸੀ ਉਹ ਆੜ੍ਹਤੀ ਦਾ ਮੁਨੀਮ ਸੀ। ਇਸ ਤਰ੍ਹਾਂ ਕੇਸ ਗਵਾਹੀਆਂ ਤੋਂ ਹੁੰਦਾ ਹੋਇਆ ਆਖਰੀ ਬਹਿਸ ’ਤੇ ਆ ਗਿਆ।
ਆਖਰੀ ਬਹਿਸ ਤੋਂ ਇੱਕ ਦਿਨ ਪਹਿਲਾਂ ਦੋਵੇਂ ਭਰਾ ਮੇਰੇ ਪਾਸ ਆਏ ਤੇ ਕਹਿਣ ਲੱਗੇ ਕਿ ਅਦਾਲਤ ਦੀਆਂ ਫਾਇਲਾਂ ਉੱਤੇ ਤਵੀਤ ਘਸਾਉਣਾ ਹੈ। ਮੇਰੇ ਲਈ ਸਥਿਤੀ ਨੂੰ ਸਾਂਭਣਾ ਮੁਸ਼ਕਲ ਹੋ ਗਿਆ। ਮੈਂ ਦੋਵਾਂ ਭਰਾਵਾਂ ਨੂੰ ਕੁੱਦ ਕੁੱਦ ਪਵਾਂ ਕਿ ਮੈਂ ਸਾਧ ਦੇ ਹਿਸਾਬ ਨਾਲ ਪੈਰਵੀ ਨਹੀਂ ਕਰਨੀ, ਮੈਂਨੂੰ ਮੇਰੇ ਹਿਸਾਬ ਨਾਲ ਵਕਾਲਤ ਕਰਨ ਦਿਓ। ਮੇਰੇ ਕਲਰਕ ਦੀਆਂ ਵਾਛਾਂ ਖਿੜ ਗਈਆਂ ਤੇ ਉਹ ਮੈਂਨੂੰ ਕਹਿਣ ਲੱਗਾ, “ਵਕੀਲ ਸਾਹਬ, ਤੁਸੀਂ ਜੇਰਾ ਰੱਖੋ, ਮੇਰੇ ’ਤੇ ਛੱਡੋ, ਮੈਂ ਆਪੇ ਸਾਂਭਦਾਂ ਇਹਨਾਂ ਨੂੰ ...।”
ਦੋਵੇਂ ਭਰਾ ਮੁਨਸ਼ੀ ਨਾਲ ਤਵੀਤ ਘਸਾਉਣ ਦੀ ਗੱਲ ਕਰਨ ਲੱਗ ਪਏ। ਪਰ ਮੁਨਸ਼ੀ ਨਿਆਂ ਹੀ ਨਾ ਦੇਵੇ ਕਿ ਫਾਇਲ ਤਾਂ ਜੱਜ ਸਾਹਬ ਦੇ ਘਰੇ ਚਲੀ ਗਈ, ਹੁਣ ਨਹੀਂ ਲਗਦਾ ਤਵੀਤ ਫਾਇਲ ’ਤੇ ਘਸੇਗਾ। ਪਰ ਫਿਰ ਕਹਿ ਦਿਆ ਕਰੇ, ਕੋਸ਼ਿਸ਼ ਕਰਕੇ ਦੇਖਦੇ ਆਂ। ਆਖਰਕਾਰ ਸੌਦਾ ਤੈਅ ਹੋਣ ਤੋਂ ਬਾਅਦ ਮੇਰਾ ਕਲਰਕ ਮੇਰੇ ਪਾਸੋਂ ਮਿਸਲ ਮੁਆਇਨਾ ਕਰਨ ਦੀਆਂ ਦੋ ਦਰਖ਼ਾਸਤਾਂ ਦਸਤਖਤ ਕਰਾ ਕੇ ਲੈ ਗਿਆ, ਜੋ ਜੱਜ ਸਾਹਬ ਨੇ ਤੁਰੰਤ ਮਨਜ਼ੂਰ ਕਰ ਲਈਆਂ ਅਤੇ ਅਦਾਲਤੀ ਮਿਸਲਾਂ ਮੁਆਇਨਾ ਕਰਨ ਵਾਲੀ ਜਗਾਹ ’ਤੇ ਪਹੁੰਚ ਗਈਆਂ। ਮਿਸਲ ਮੁਆਇਨਾ ਕਰਨ ਦੇ ਨਾਲ ਨਾਲ ਮਿਸਲਾਂ ਉੱਤੇ ਤਵੀਤ ਵੀ ਘਸਾਏ ਗਏ। ਮੇਰਾ ਮੁਨਸ਼ੀ ਕਹੇ ਕਿ ਸਪੈਸ਼ਲ ਬੰਦਾ ਭੇਜ ਕੇ ਜੱਜ ਸਾਹਬ ਦੇ ਘਰੋਂ ਮਿਸਲਾਂ ਮੰਗਵਾਈਆਂ ਨੇ। ਬਾਅਦ ਵਿੱਚ ਪਤਾ ਲੱਗਾ ਕਿ ਮੇਰੇ ਕਲਰਕ ਨੇ ਤਵੀਤ ਘਸਾਉਣ ਦੀ ਫੀਸ ਮੈਂਨੂੰ ਦੋਵਾਂ ਭਰਾਵਾਂ ਵਲੋਂ ਪੈਰਵੀ ਲਈ ਦਿੱਤੀ ਗਈ ਫੀਸ ਨਾਲੋਂ ਭੀ ਜ਼ਿਆਦਾ ਵਸੂਲੀ ਸੀ।
ਜਿਹੜਾ ਕੇਸ ਮੁੱਢਲੀ ਨਜ਼ਰੇ ਬਹੁਤ ਕਮਜ਼ੋਰ ਲੱਗਦਾ ਸੀ, ਉਹ ਬਹਿਸ ਤਕ ਆਉਂਦਿਆਂ ਆਉਂਦਿਆਂ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਿਆ। ਬਹਿਸ ਹੋਈ, ਦੋਵੇਂ ਕੇਸ ਅਦਾਲਤ ਵੱਲੋਂ ਖਾਰਿਜ ਕਰ ਦਿੱਤੇ ਗਏ। ਅਦਾਲਤ ਵੱਲੋਂ ਮੁਦਈ ਨੂੰ ਹਰਜਾਨਾ ਵੀ ਪਾਇਆ ਗਿਆ। ਪਰ ਅਫਸੋਸ ਉਸ ਵਕਤ ਹੋਇਆ ਜਦੋਂ ਕੇਸ ਜਿੱਤਣ ਤੋਂ ਬਾਅਦ ਦੋਵਾਂ ਭਰਾਵਾਂ ਨੇ ਸਾਰਾ ਸਿਹਰਾ ਤਵੀਤਾਂ ਵਾਲੇ ਬਾਬੇ ਨੂੰ ਦੇ ਦਿੱਤਾ, ਮੇਰੀ ਕੀਤੀ ਹੋਈ ਮਿਹਨਤ ਦਾ ਸ਼ੁਕਰਾਨਾ ਵੀ ਨਾ ਕੀਤਾ। ਜਾਣ ਲੱਗਿਆਂ ਨੇ ਆਖਿਆ, “ਵੇਖੀ ਵਕੀਲ ਸਾਹਬ ਸਾਡੇ ਬਾਬੇ ਦੀ ਕਰਾਮਾਤ? ਬਾਬੇ ਨੇ ਤਾਂ ਪਹਿਲਾਂ ਹੀ ਗੱਦੀ ਲਾਉਂਦਿਆਂ ਦੱਸ ਦਿੱਤਾ ਸੀ ਕਿ ਅੱਜ ਕੇਸ ਸਾਡੇ ਹੱਕ ਵਿੱਚ ਹੋ ਜਾਣਗੇ।”
ਮੈਂ ਮੱਥੇ ’ਤੇ ਹੱਥ ਮਾਰਿਆ, ਪਤਾ ਨਹੀਂ ਇਹਨਾਂ ਕੇਸਾਂ ਦੀਆਂ ਉਦਾਹਰਣਾਂ ਦੇ ਕੇ ਅਜੇ ਹੋਰ ਕਿੰਨੇ ਲੋਕ ਬਾਬੇ ਨੇ ਠੱਗਣੇ ਹਨ। ਸੱਪਾਂ ਵਾਲੀ ਚਾਦਰ ਵੀ ਪਤਾ ਨਹੀਂ ਅਜੇ ਹੋਰ ਕਿੰਨੇ ਕੇਸਾਂ ਵਿੱਚ ਕੰਮ ਆਉਣੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2581)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)