“ਇਮਾਨਦਾਰ ਤੇ ਯੋਗ ਅਫਸਰਾਂ ਨੂੰ ਵੀ ਕਾਨੂੰਨ ਲਾਗੂ ਕਰਨ ਤੋਂ ਜਾਂ ਤਾਂ ਰੋਕਿਆ ਜਾਂਦਾ ਹੈ ...”
(13 ਜੁਲਾਈ 2020)
ਸਾਡੇ ਦੇਸ਼ ਵਿੱਚ ਹਰ ਸਰਕਾਰ ਅਮਨ ਕਾਨੂੰਨ ਦੀ ਪਾਲਣਾ ਦਾ ਵਾਅਦਾ ਕਰਕੇ ਸੱਤਾ ਵਿੱਚ ਆਉਂਦੀ ਹੈ। ਕਈ ਵਾਰ ਅਪਰਾਧੀ ਗਤੀਵਿਧੀਆਂ ਵਾਲੇ ਲੋਕਾਂ ਅਤੇ ਇਮਾਨਦਾਰ ਅਫਸਰਾਂ ਵੱਲੋਂ ਕਾਰਵਾਈ ਕੀਤੀ ਵੀ ਜਾਂਦੀ ਹੈ ਪਰ ਅਪਰਾਧੀਆਂ ਅਤੇ ਸਿਆਸਤ ਦਾ ਗੱਠਜੋੜ ਇਮਾਨਦਾਰ ਅਫਸਰਾਂ ਨੂੰ ਲਾਂਭੇ ਕਰ ਕੇ ਅਜਿਹੀ ਕਾਰਵਾਈ ਹੋਣ ਨਹੀਂ ਦਿੰਦਾ। ਸਰਕਾਰਾਂ ਨੇ ਲੋਕਾਂ ਨੂੰ ਮੁਢਲੀਆਂ ਜਰੂਰਤਾਂ ਲਈ ਹੀ ਪੰਗੂ ਬਣਾ ਛੱਡਿਆ ਹੈ, ਜਿਸ ਕਾਰਨ ਉਹ ਵੋਟ ਵੀ ਛੋਟੀਆਂ ਛੋਟੀਆਂ ਸਮੱਸਿਆਵਾਂ ਦੇ ਹੱਲ ਬਦਲੇ ਦੇ ਦਿੰਦੇ ਹਨ। ਇਸ ਨਾਲ ਹੀ ਉਪਰੋਕਤ ਅਪਰਾਧਿਕ ਗੱਠਜੋੜ ਲਈ ਜ਼ਮੀਨ ਉਪਲਬਧ ਹੁੰਦੀ ਹੈ। ਪੁਲਿਸ ਦਾ ਪ੍ਰਬੰਧ ਸਿਆਸੀ ਪਾਰਟੀਆਂ ਦੇ ਅਧੀਨ ਹੋ ਕੇ ਰਹਿ ਗਿਆ ਹੈ ਜਿਸ ਕਾਰਨ ਇਮਾਨਦਾਰ ਤੇ ਯੋਗ ਅਫਸਰਾਂ ਨੂੰ ਵੀ ਕਾਨੂੰਨ ਲਾਗੂ ਕਰਨ ਤੋਂ ਜਾਂ ਤਾਂ ਰੋਕਿਆ ਜਾਂਦਾ ਹੈ ਅਤੇ ਜਾਂ ਫਿਰ ਅਪਰਾਧੀਆਂ ਨੂੰ ਬਚਾਉਣ ਲਈ ਤਬਾਦਲੇ ਤਕ ਕਰ ਦਿੱਤੇ ਜਾਂਦੇ ਹਨ। ਇੱਕ ਅਪਰਾਧਿਕ ਮਨੋਬ੍ਰਿਤੀ ਵਾਲੇ ਵਿਅਕਤੀ ਦੇ ਆਖੇ ਪੁਲਿਸ ਅਧਿਕਾਰੀ ਦਾ ਤਬਾਦਲਾ ਹੋ ਜਾਵੇ, ਇਸ ਤੋਂ ਸ਼ਰਮਨਾਕ ਗੱਲ ਕਾਨੂੰਨ ਘਾੜਿਆਂ ਅਤੇ ਲਾਗੂ ਕਰਨ ਵਾਲਿਆਂ ਵਾਸਤੇ ਕੋਈ ਨਹੀਂ ਹੋ ਸਕਦੀ।
ਥੋੜ੍ਹਾ ਸਮਾਂ ਪਹਿਲਾਂ ਉੱਤਰ ਪ੍ਰਦੇਸ਼ ਦੇ ਇੱਕ ਸਿਆਸੀ ਸ਼ਰਨ ਪ੍ਰਾਪਤ ਬਦਮਾਸ਼ ਨੇ ਉੱਥੋਂ ਦੀ ਪੁਲਿਸ ਦੇ ਅੱਠ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸਦਾ ਰੌਲਾ ਅਜਿਹੇ ਘਿਨਾਉਣੇ ਕਾਰੇ ਤੋਂ ਬਾਅਦ ਪੂਰੇ ਦੇਸ਼ ਵਿੱਚ ਪਿਆ। ਅਜਿਹੀ ਦਿਲ ਵਧੀ ਉਸ ਵਿਅਕਤੀ ਵੱਲੋਂ ਇੱਕ ਦਿਨ ਵਿੱਚ ਨਹੀਂ ਕੀਤੀ ਗਈ। ਉਸ ਨੇ ਇਸ ਅਪਰਾਧ ਤੋਂ ਪਹਿਲਾਂ ਵੀ ਬਹੁਤ ਘਿਨਾਉਣੇ ਅਪਰਾਧ ਕੀਤੇ ਹਨ। ਜਿਵੇਂ ਕਿ ਕਹਿੰਦੇ ਹਨ ਕਿ ‘ਆਪਣੇ ਲੱਗੇ ਅੱਗ ਤੇ ਦੂਜੇ ਦੇ ਬਸੰਤਰ’ ਵਾਂਗ ਪੁਲਿਸ ਨੂੰ ਇਹ ਅਪਰਾਧੀ ਉਸ ਵਕਤ ਨਜ਼ਰ ਆਇਆ ਜਦੋਂ ਉਸ ਨੇ ਪੁਲਿਸ ਅਧਿਕਾਰੀ ਮਾਰ ਮੁਕਾਏ। ਜਿਸ ਬਦਮਾਸ਼ ’ਤੇ ਢੇਰ ਸਾਰੇ ਮੁਕੱਦਮੇ ਪੂਰੇ ਸੂਬੇ ਵਿੱਚ ਦਰਜ ਹੋਣ ਤੇ ਕਾਰਵਾਈ ਦੇ ਨਾਮ ’ਤੇ ਕੁਝ ਨਾ ਕੀਤਾ ਗਿਆ ਹੋਵੇ, ਆਖਿਰ ਉਸ ਨੇ ਇੱਕ ਦਿਨ ਇਹ ਕੰਮ ਕਰਨਾ ਹੀ ਸੀ। ਕਤਲ, ਡਕੈਤੀ, ਕੁੱਟਮਾਰ, ਅਪਹਰਣ, ਅਜਿਹੇ ਕੰਮ ਉਸ ਨੇ ਆਪਣੀ ਨਿੱਜੀ ਸੈਨਾ ਬਣਾ ਕੇ ਅੰਜਾਮ ਦਿੱਤੇ। ਸਿਆਸੀ ਰੂਪ ਵਿੱਚ ਉਹ ਸੱਤਾਧਾਰੀ ਪਾਰਟੀ ਨਾਲ ਸੰਬੰਧ ਬਣਾ ਚੁੱਕਾ ਸੀ ਜਿਸ ਕਾਰਨ ਜਾਂ ਤਾਂ ਉਸ ਖਿਲਾਫ ਮੁਕੱਦਮਾ ਦਰਜ ਹੀ ਨਹੀਂ ਹੁੰਦਾ ਸੀ ਪਰ ਜੇ ਹੋ ਜਾਂਦਾ ਸੀ ਤਾਂ ਚਾਰਜ ਸ਼ੀਟ ਨਹੀਂ ਹੁੰਦਾ ਸੀ। ਆਖਿਰ ਜੇ ਅਜਿਹਾ ਵੀ ਹੋ ਜਾਂਦਾ ਤਾਂ ਕਮਜ਼ੋਰ ਕੇਸ ਹੋਣ ਕਾਰਨ ਜ਼ਮਾਨਤ ’ਤੇ ਛੱਡ ਦਿੱਤਾ ਜਾਂਦਾ। ਉਸ ਪਾਸ ਏ ਕੇ ਸੰਤਾਲੀ ਵਰਗੇ ਹਥਿਆਰ ਸਨ ਜਿਸ ਨਾਲ ਉਸ ਨੇ ਪੂਰੇ ਕਤਲੇਆਮ ਨੂੰ ਅੰਜਾਮ ਦਿੱਤਾ। ਇਸ ਅਪਰਾਧੀ ਵੱਲੋਂ ਕੀਤੇ ਕਾਰੇ ਤੋਂ ਸਰਕਾਰ ਨੂੰ ਅਤੇ ਸਿਆਸੀ ਪਾਰਟੀਆਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਜਿਹੜੇ ਸੱਪਾਂ ਨੂੰ ਉਹ ਦੁੱਧ ਪਿਆ ਰਹੇ ਹਨ ਉਹ ਆਖਿਰ ਉਹਨਾਂ ਨੂੰ ਵੀ ਡੰਗਣਗੇ।
ਗੈਂਗਸਟਰ ਹਮੇਸ਼ਾ ਸਰਕਾਰ ਬਦਲਣ ’ਤੇ ਹੀ ਆਪਣੀ ਪਾਰਟੀ ਬਦਲ ਕੇ ਸੱਤਾਧਾਰੀ ਪਾਰਟੀ ਨਾਲ ਹੋ ਤੁਰਦੇ ਹਨ। ਸਾਡੇ ਆਪਣੇ ਸੂਬੇ ਪੰਜਾਬ ਵਿੱਚ ਇਸਦੀਆਂ ਬਹੁਤ ਉਦਾਹਰਨਾਂ ਹਨ। ਇਸਦਾ ਵੱਡਾ ਕਾਰਨ ਪੁਲਿਸ ਕਾਰਵਾਈ ਤੋਂ ਬਚਣਾ ਤੇ ਅਪਰਾਧਿਕ ਗਤੀਵਿਧੀਆਂ ਬੇਰੋਕਟੋਕ ਚਲਾਉਣਾ ਹੁੰਦਾ ਹੈ। ਕਰੀ ਵਾਰ ਅਖਬਾਰਾਂ ਵਿੱਚ ਸਿਆਸੀ ਨੇਤਾਵਾਂ ਦੇ ਨਾਲ ਉਹਨਾਂ ਦੀਆਂ ਫੋਟੋਆਂ ਛਪਦੀਆਂ ਹਨ ਪਰ ਇਹ ਉਦੋਂ ਹੀ ਸਾਹਮਣੇ ਆਉਂਦਾ ਹੈ ਜਦੋਂ ਉੱਤਰ ਪ੍ਰਦੇਸ਼ ਵਾਂਗ ਕੋਈ ਵੱਡਾ ਅਪਰਾਧ ਹੋ ਜਾਵੇ ਜਾਂ ਫਿਰ ਸਰਕਾਰ ਬਦਲ ਜਾਵੇ। ਸਰਕਾਰ ਬਦਲਣ ਤੋਂ ਕੁਝ ਦਿਨਾਂ ਬਾਅਦ ਪਿਛਲੀ ਸਰਕਾਰ ਦੇ ਨੇਤਾਵਾਂ ਨਾਲ ਸੰਬੰਧ ਹੋਣ ਦੀ ਗੱਲ ਉਛਲਦੀ ਹੈ ਫਿਰ ਅੰਦਰਲੀਆਂ ਸਫਾਂ ਵਿੱਚ ਉਹ ਗੈਂਗਸਟਰ ਰੂਲਿੰਗ ਪਾਰਟੀ ਨਾਲ ਰਲ ਜਾਂਦਾ ਹੈ ਤੇ ਬੇਰੋਕਟੋਕ ਆਪਣੀਆਂ ਕਾਰਵਾਈਆਂ ਅੰਜਾਮ ਦਿੰਦਾ ਹੈ। ਲੋਕਾਂ ਕੋਲ ਅਗਲੀਆਂ ਚੋਣਾਂ ਉਡੀਕਣ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੁੰਦਾ। ਇਹ ਸਭ ਕੁਝ ਅਗਲੀ ਵਾਰ ਫਿਰ ਦੁਹਰਾ ਲਿਆ ਜਾਂਦਾ ਹੈ। ਆਮ ਲੋਕਾਂ ਦੀਆਂ ਸਮੱਸਿਆਵਾਂ ਲਈ ਨੇਤਾਵਾਂ ਕੋਲ ਬੇਸ਼ਕ ਵਕਤ ਨਾ ਹੋਵੇ ਪਰ ਇਹਨਾਂ ਲੋਕਾਂ ਲਈ ਬੜੀ ਛੇਤੀ ਸਭ ਕੁਝ ਉਪਲਬਧ ਹੋ ਜਾਂਦਾ ਹੈ।
ਅਜੋਕੇ ਹਾਲਾਤ ਇਹ ਹਨ ਕਿ ਹਰ ਅਪਰਾਧੀ ਆਪਣੀ ਸਿਆਸੀ ਪਹੁੰਚ ਰੱਖਦਾ ਹੈ। ਕਰੀਬ ਪੰਦਰਾਂ ਸਾਲ ਪਹਿਲਾਂ ਮੇਰੇ ਪਾਸ ਬਚਾਅ ਪੱਖ ਦੀ ਪੈਰਵੀ ਲਈ ਲਗਜ਼ਰੀ ਗੱਡੀਆਂ ਦੀ ਚੋਰੀ ਦਾ ਕੇਸ ਆਇਆ। ਕਰੀਬ ਵੀਹ ਦੇ ਕਰੀਬ ਲਗਜ਼ਰੀ ਗੱਡੀਆਂ ਪੁਲਿਸ ਨੇ ਬਰਾਮਦ ਕੀਤੀਆਂ ਸਨ, ਜਿਨ੍ਹਾਂ ਦੇ ਪੰਜੀਕਰਨ ਵੀ ਫਰਜ਼ੀ ਜ਼ਾਹਰ ਕੀਤੇ ਗਏ ਸਨ। ਪਰ ਉਹਨਾਂ ਗੱਡੀਆਂ ਨੂੰ ਕਿਸੇ ਨੇ ਵੀ ਕਲੇਮ ਨਹੀਂ ਕੀਤਾ, ਨਾ ਹੀ ਇਹ ਸਾਬਤ ਹੋਇਆ ਕਿ ਗੱਡੀਆਂ ਚੋਰੀ ਦੀਆਂ ਹਨ। ਨਾ ਪੁਲਿਸ ਵੱਲੋਂ ਗੱਡੀਆਂ ਦੇ ਮਾਲਕ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਕਿਧਰੇ ਵੀ ਇਹਨਾਂ ਗੱਡੀਆਂ ਦੇ ਚੋਰੀ ਹੋਣ ਸੰਬੰਧੀ ਕੋਈ ਮੁਕੱਦਮਾ ਦਰਜ ਨਹੀਂ ਸੀ। ਇੱਥੋਂ ਤਕ ਕਿ ਪੰਜੀਕਰਨ ਫਰਜ਼ੀ ਦਸਤਾਵੇਜ਼ਾਂ ’ਤੇ ਕਰਾਇਆ ਹੈ, ਇਹ ਵੀ ਸਾਬਤ ਨਹੀਂ ਹੋਇਆ। ਦੋਸ਼ੀ ਦੋਸ਼ ਮੁਕਤ ਹੋ ਗਏ। ਇਹ ਸਭ ਦੋਸ਼ੀਆਂ ਦੇ ਸਿਆਸੀ ਗੱਠਜੋੜ ਦਾ ਨਤੀਜਾ ਸੀ। ਬਾਅਦ ਵਿੱਚ ਉਹਨਾਂ ਗੱਡੀਆਂ ਨੂੰ ਕਈ ਚੋਣਾਂ ਵਿੱਚ ਭੱਜਦਿਆਂ ਦੇਖਣਾ ਇਸ ਗੱਲ ਦਾ ਪ੍ਰਤੱਖ ਸਬੂਤ ਸੀ। ਉਸੇ ਦੋਸ਼ੀ ਦੇ ਖਿਲਾਫ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਅਜਿਹੇ ਢੇਰ ਸਾਰੇ ਮੁਕੱਦਮੇ ਦਰਜ ਸਨ। ਅਜਿਹੀਆਂ ਵਾਰਦਾਤਾਂ ਤੋਂ ਬਹੁਤ ਸਾਰੀ ਜਾਇਦਾਦ ਦੋਸ਼ੀ ਵੱਲੋਂ ਬਣਾਈ ਜਾ ਚੁੱਕੀ ਸੀ। ਉਸ ਅਪਰਾਧੀ ਵੱਲੋਂ ਮੈਂਨੂੰ ਵੀ ਲਗਜ਼ਰੀ ਗੱਡੀ ਆਫਰ ਕੀਤੀ ਗਈ। ਦਲੀਲ ਇਹ ਦਿੱਤੀ ਗਈ ਕਿ ਤੁਹਾਨੂੰ ਤਾਂ ਪਤਾ ਹੈ ਕਿਹੜਾ ਇਹਨਾਂ ਕੇਸਾਂ ਵਿੱਚ ਕੁਝ ਹੁੰਦਾ। ਮੇਰਾ ਜਵਾਬ ਸੀ ਕਿ ਜੇਕਰ ਤੂੰ ਦੋ ਚਾਰ ਵਾਰਦਾਤਾਂ ਅਜਿਹੀਆਂ ਕਰ ਲਈਆਂ ਤਾਂ ਮੇਰੀ ਗੱਡੀ ਤਾਂ ਆਪੇ ਲਾਈਨ ’ਤੇ ਆ ਜਾਊ। ਵੈਸੇ ਵੀ ਮੈਂ ਪੇਸ਼ੇ ਵਜੋਂ ਵਕੀਲ ਹਾਂ। ਤੇਰੀਆਂ ਅਪਰਾਧਿਕ ਗਤੀਵਿਧੀਆਂ ਦਾ ਹਿੱਸਾ ਮੈਂ ਨਹੀਂ ਬਣ ਸਕਦਾ। ਹਾਂ, ਇਹ ਜ਼ਰੂਰ ਹੈ ਕਿ ਅਪਰਾਧੀ ਵੱਲੋਂ ਪੇਸ਼ ਹੋਣਾ ਮੇਰਾ ਪੇਸ਼ਾ ਹੈ, ਬਦਲੇ ਵਿੱਚ ਮੈਂਨੂੰ ਫੀਸ ਚਾਰਜ ਕਰਨ ਦਾ ਹੱਕ ਹਾਸਲ ਹੈ।
ਉਪਰੋਕਤ ਗੱਠਜੋੜ ਨੂੰ ਅਪਰਾਧਿਕ ਗਠਜੋੜ ਕਿਹਾ ਸਕਦਾ ਹੈ, ਜਿਸ ਲਈ ਸਿਆਸਤਦਾਨ, ਗੈਂਗਸਟਰ ਅਤੇ ਪੁਲਿਸ, ਤਿੰਨੋ ਹੀ ਬਰਾਬਰ ਦੇ ਜ਼ਿੰਮੇਵਾਰ ਹਨ। ਜੇਕਰ ਇਸ ਨੂੰ ਨੱਥ ਨਾ ਪਾਈ ਗਈ ਭਵਿੱਖ ਵਿੱਚ ਇਹ ਗੱਠਜੋੜ ਲੋਕਾਂ ਵਾਸਤੇ ਆਫਤ ਲੈ ਕੇ ਆਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2249)
(ਸਰੋਕਾਰ ਨਾਲ ਸੰਪਰਕ ਲਈ: