“ਸਾਡੇ ਨੌਜਵਾਨਾਂ ਨੂੰ ਆਪਣੇ ਭਵਿੱਖ ਦਾ ਫੈਸਲਾ ਜਲਦਬਾਜ਼ੀ ਵਿੱਚ ਕਦੇ ਨਹੀਂ ਲੈਣਾ ਚਾਹੀਦਾ ...”
(9 ਜੂਨ 2021)
ਮੇਰੇ ਬਹੁਤ ਹੀ ਕਰੀਬੀ ਮਿੱਤਰ ਰਾਹੀਂ ਮਸ਼ਵਰਾ ਲੈਣ ਵਾਸਤੇ ਕਨੇਡਾ ਦੇ ਸ਼ਹਿਰ ਰਿਜਾਇਨਾ ਤੋਂ ਫ਼ੋਨ ਆਇਆ। ਬਹੁਤ ਹੀ ਘਬਰਾਇਆ ਹੋਇਆ ਨੌਜਵਾਨ ਦੂਸਰੇ ਪਾਸੇ ਤੋਂ ਬੋਲ ਰਿਹਾ ਸੀ ਅਤੇ ਪੰਜਾਬ ਵਿੱਚ ਕਾਨੂੰਨ ਦੀ ਮਦਦ ਲੈਣ ਲਈ ਸਲਾਹ ਲੈਣੀ ਚਾਹੁੰਦਾ ਸੀ। ਪਰ ਉਸ ਦੀਆਂ ਗੱਲਾਂ ਸੁਣ ਕੇ ਸਿਰਫ ਉਸ ਨੂੰ ਹੌਸਲਾ ਦਿੱਤਾ ਜਾ ਸਕਦਾ ਸੀ ਕਿ ਖੇਤ ਉੱਜੜ ਜਾਵੇ ਤਾਂ ਹੌਸਲਾ ਨਹੀਂ ਹਾਰਨਾ ਚਾਹੀਦਾ, ਨਵੇਂ ਸਿਰੇ ਤੋਂ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਵਿਕਰਮ (ਫਰਜ਼ੀ ਨਾਂ) ਜਿਸ ਨੂੰ ਸਾਰੇ ਵਿੱਕੀ ਕਹਿ ਕੇ ਬੁਲਾਉਂਦੇ ਹਨ, ਦੀ ਜ਼ਿੰਦਗੀ ਪੰਜਾਬ ਦੇ ਹੋਰ ਬਹੁਤ ਸਾਰੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਮੇਲ ਖਾਂਦੀ ਹੈ। ਵਿੱਕੀ ਪੰਜਾਬ ਦੇ ਪੱਛਮੀ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਦਾ ਵਸਨੀਕ ਹੈ। ਉਹ ਬੜੇ ਹੀ ਮਿਹਨਤੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਹਦੇ ਬਜ਼ੁਰਗਾਂ ਨੇ ਬਹੁਤ ਮਿਹਨਤ ਕਰਕੇ ਜੈਕ ਬਣਾੳਣ ਦਾ ਇੱਕ ਛੋਟਾ ਜਿਹਾ, ਪਰ ਕਾਮਯਾਬ ਉਦਯੋਗ ਲਗਾਇਆ ਹੋਇਆ ਸੀ। ਉਸ ਦਾ ਪਰਿਵਾਰ ਪੰਜਾਬ ਵਿੱਚ ਬੜੀ ਵਧੀਆ ਤੇ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਸੀ। ਪਰ ਅਚਾਨਕ ਵਿੱਕੀ ਦੇ ਦਿਮਾਗ ਵਿੱਚ ਵੀ ਹੋਰਨਾਂ ਨੌਜਵਾਨਾਂ ਵਾਂਗ ਵਿਦੇਸ਼ ਜਾਣ ਦੀ ਚਾਹਤ ਪੈਦਾ ਹੋ ਗਈ। ਪੰਜਾਬ ਦੇ ਬਹੁਤੇ ਨੌਜਵਾਨ ਹਰ ਹੀਲਾ ਵਰਤ ਕੇ ਜਹਾਜ਼ ਚੜ੍ਹ ਜਾਣਾ ਚਾਹੁੰਦੇ ਹਨ, ਇਸਦਾ ਅੰਜਾਮ ਕੀ ਹੋਵੇਗਾ, ਉਨ੍ਹਾਂ ਨੇ ਕਦੇ ਨਹੀਂ ਸੋਚਿਆ ਹੁੰਦਾ।
ਜਿਹੜੇ ਨੌਜਵਾਨ ਆਈਲੈੱਟਸ ਪਾਸ ਕਰ ਜਾਂਦੇ ਹਨ, ਉਹਨਾਂ ਦਾ ਸੁਪਨਾ ਜਲਦੀ ਪੂਰਾ ਹੋ ਜਾਂਦਾ ਹੈ ਕਿਉਂਕਿ ਅਗਰ ਉਹਨਾਂ ਕੋਲ ਰੁਪਇਆ ਦੀ ਕਮੀ ਹੁੰਦੀ ਹੈ ਤਾਂ ਵਿਆਹ ਕਰਵਾ ਕੇ ਅਗਲੀ ਧਿਰ ’ਤੇ ਬੋਝ ਪਾ ਦਿੱਤਾ ਜਾਂਦਾ ਹੈ। ਬੇਸ਼ਕ ਉਹ ਧਿਰ ਆਪਣੀ ਸਾਰੀ ਉਮਰ ਦੀ ਪੂੰਜੀ ਹੀ ਗਵਾ ਲਵੇ। ਅਜਿਹਾ ਕਰਦਿਆਂ ਬੇਜੋੜ ਵਿਆਹ ਵੀ ਬਹੁਤ ਹੋਣ ਲੱਗ ਪਏ ਹਨ। ਇਸ ਤੋਂ ਇਲਾਵਾ ਸਿਰਫ ਵਿਦੇਸ਼ ਜਾਣ ਲਈ ਫਰਜ਼ੀ ਵਿਆਹ ਕਰਨ ਦੀ ਨਵੀਂ ਰੀਤ ਵੀ ਚੱਲ ਪਈ ਹੈ।
ਵਿੱਕੀ ਲਈ ਵੀ ਕਨੇਡਾ ਤੋਂ ਕੁੜੀ ਲੱਭੀ ਗਈ। ਪੰਜਾਬ ਦੇ ਇੱਕ ਮਸ਼ਹੂਰ ਏਜੰਟ ਪਾਸੋਂ ਪੁੱਛ ਪੜਤਾਲ ਕੀਤੀ ਗਈ। ਸਾਰਾ ਹਿਸਾਬ ਕਿਤਾਬ ਸੈੱਟ ਹੋਣ ’ਤੇ ਲੜਕੀ ਕਨੇਡਾ ਤੋਂ ਭਾਰਤ ਆ ਕੇ ਵਿਆਹ ਕਰਵਾ ਕੇ ਵਾਪਸ ਚਲੀ ਗਈ। ਪੰਜਾਬ ਦੇ ਆਮ ਮੱਧਵਰਗੀ ਪਰਿਵਾਰਾਂ ਵਿੱਚ ਅਜਿਹੇ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਕਿੱਲਾ, ਦੋ ਕਿੱਲੇ ਜ਼ਮੀਨ ਵੇਚੀ ਜਾਂਦੀ ਹੈ ਪਰ ਵਿੱਕੀ ਦੇ ਪਰਿਵਾਰ ਨੇ ਮਿਹਨਤ ਨਾਲ ਇਕੱਠਾ ਕੀਤਾ ਪੰਤਾਲੀ ਲੱਖ ਰੁਪਇਆ ਇਸ ਕੰਮ ਦੀ ਭੇਂਟ ਚੜ੍ਹਾ ਦਿੱਤਾ। ਇੱਥੋਂ ਹੀ ਵਿੱਕੀ ਦੇ ਪਰਿਵਾਰ ਉੱਤੇ ਮੁਸੀਬਤਾਂ ਦਾ ਦੌਰ ਸ਼ੁਰੂ ਹੋਇਆ।
ਵਿੱਕੀ ਦੀ ਦੀ ਮਾਤਾ ਦੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਅਤੇ ਉਸ ਦੇ ਪਿਤਾ ਅਧਰੰਗ ਹੋਣ ਕਾਰਨ ਉਹ ਮੰਜੇ ’ਤੇ ਪੈ ਗਿਆ। ਪਰ ਫਿਰ ਵੀ ਉਹ ਕਨੇਡਾ ਆਪਣੀ ਪਤਨੀ ਕੋਲ ਪਹੁੰਚ ਗਿਆ। ਪਿੱਛੇ ਵਿੱਕੀ ਦਾ ਭਰਾ ਤੇ ਬਿਮਾਰ ਪਿਤਾ ਰਹਿ ਗਏ।
ਕੈਨੇਡਾ ਦੇ ਸ਼ਹਿਰ ਰਿਜਾਇਨਾ ਵਿੱਚ ਮੇਰੇ ਕਰੀਬੀ ਮਿੱਤਰ ਦੇ ਦੋਂਹ ਲੜਕਿਆਂ ਕੋਲ ਵਿੱਕੀ ਨੂੰ ਜ਼ਰੂਰਤ ਜਿੰਨਾ ਕੰਮ ਮਿਲ ਗਿਆ। ਵਿੱਕੀ ਦੇ ਭੂਆ-ਫੁੱਫੜ ਵੀ ਉਸੇ ਸ਼ਹਿਰ ਵਿੱਚ ਹੀ ਰਹਿੰਦੇ ਹਨ।
ਵਿੱਕੀ ਦੀ ਜ਼ਿੰਦਗੀ ਨੇ ਉਦੋਂ ਨਵਾਂ ਮੋੜ ਲਿਆ ਜਦੋਂ ਵਿੱਕੀ ਨੂੰ ਆਪਣੀ ਪਤਨੀ ਦੇ ਕਿਸੇ ਹੋਰ ਨਾਲ ਸੰਬੰਧਾਂ ਦਾ ਪਤਾ ਲੱਗਾ। ਇਹ ਸੰਬੰਧ ਵਿੱਕੀ ਦੇ ਵਿਆਹ ਤੋਂ ਪਹਿਲਾਂ ਦੇ ਹੀ ਕਾਇਮ ਸਨ ਤੇ ਵਿਆਹ ਤੋਂ ਬਾਅਦ ਵੀ ਚੱਲ ਰਹੇ ਸਨ। ਅਖੀਰ ਉਸ ਦੀ ਪਤਨੀ ਦਾ ਉਹ ਮਿੱਤਰ ਇੱਕ ਦਿਨ ਉਸ ਦੇ ਘਰ ਹੁੰਦਿਆਂ ਹੀ ਆ ਟਪਕਿਆ, ਜਿੱਥੋਂ ਅਸਲ ਕਲੇਸ਼ ਸ਼ੁਰੂ ਹੋਇਆ। ਵਿੱਕੀ ਦੇ ਪੰਜਾਬੀ ਖੂਨ ਨੇ ਉਬਾਲ਼ਾ ਖਾਧਾ ਤੇ ਗੱਲ ਕੁੱਟ-ਮਾਰ ਤਕ ਜਾ ਪਹੁੰਚੀ।
ਵਿੱਕੀ ਆਪਣੇ ਕੰਮ ’ਤੇ ਚਲਾ ਗਿਆ ਜਿੱਥੇ ਮੇਰੇ ਮਿੱਤਰ ਦੇ ਦੋਵਾਂ ਲੜਕਿਆਂ ਦੀ ਮੌਜੂਦਗੀ ਵਿੱਚ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਵਿੱਕੀ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਮੇਰੇ ਮਿੱਤਰ ਦੇ ਲੜਕਿਆਂ ਨੇ ਉਸ ਦੀ ਭੂਆ ਅਤੇ ਫੁੱਫੜ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਨੇ ਸਿਰਫ ਇੱਕ ਵਾਰ ਫ਼ੋਨ ਸੁਣਿਆ, ਬਾਅਦ ਵਿੱਚ ਉਹਨਾਂ ਨੇ ਫ਼ੋਨ ਸੁਣਨਾ ਹੀ ਬੰਦ ਕਰ ਦਿੱਤਾ। ਫਿਰ ਵਿੱਕੀ ਦੀ ਮਦਦ ਮੇਰੇ ਮਿੱਤਰ ਦੇ ਦੋਵਾਂ ਲੜਕਿਆਂ ਨੇ ਕੀਤੀ ਅਤੇ ਇੱਕ ਪੰਜਾਬੀ ਵਕੀਲ ਰਾਹੀਂ ਉਸ ਦੀ ਜ਼ਮਾਨਤ ਕਰਾਉਣੀ ਚਾਹੀ ਪਰ ਜ਼ਮਾਨਤ ਨਹੀਂ ਹੋ ਸਕੀ। ਫਿਰ ਗੋਰਾ ਵਕੀਲ ਕਰਕੇ ਉਹਨਾਂ ਨੂੰ ਜ਼ਮਾਨਤ ਕਰਾਉਣੀ ਪਈ। ਪੰਜਾਬੀ ਵਕੀਲ ਦੀਆਂ ਪੰਜਾਬੀ ਗੱਲਾਂ ਉਹਨਾਂ ਨੂੰ ਦੋ ਹਜ਼ਾਰ ਡਾਲਰ ਵਿੱਚ ਪਈਆਂ। ਵਿੱਕੀ ਮਾਨਸਿਕ ਤੌਰ ’ਤੇ ਬੀਮਾਰ ਹੋ ਚੁੱਕਾ ਸੀ ਪਰ ਉਸ ਨੂੰ ਪ੍ਰੇਰਨਾ ਦੇ ਕੇ ਵਾਪਸ ਕੰਮ ਕਾਰ ’ਤੇ ਪਰਤਾ ਮੇਰੇ ਮਿੱਤਰ ਦੇ ਦੋਵਾਂ ਲੜਕਿਆਂ ਨੇ ਭਰਪੂਰ ਸਹਿਯੋਗ ਦਿੱਤਾ ਅਤੇ ਉਸ ਨੂੰ ਮਾਨਸਿਕ ਰੂਪ ਵਿੱਚ ਮਜ਼ਬੂਤ ਕੀਤਾ।
ਇਸ ਦੌਰਾਨ ਵਿੱਕੀ ਦੀ ਪਤਨੀ ਦੂਸਰਾ ਵਿਆਹ ਕਰਵਾ ਕੇ ਹੋਰ ਸ਼ਹਿਰ ਚਲੀ ਗਈ ਹੈ। ਹੋ ਸਕਦਾ ਹੈ ਉਹ ਬਿਨਾ ਵਿਆਹ ਹੀ ਆਪਣੇ ਮਿੱਤਰ ਨਾਲ ਰਹਿ ਰਹੀ ਹੋਵੇ। ਪਰ ਦੂਜਾ ਵਿਆਹ ਸਾਬਤ ਕਰਨ ਲਈ ਉਸ ਕੋਲ ਸਬੂਤ ਨਹੀਂ ਹਨ। ਉਹ ਹੁਣ ਵੀ ਕੇਸ ਝਗੜ ਰਿਹਾ ਹੈ। ਕੇਸ ਦਾ ਰਿਜ਼ਲਟ ਪਤਾ ਨਹੀਂ ਕੀ ਹੋਵੇਗਾ। ਉਸ ਦੀ ਪਤਨੀ ਦਾ ਉਦੇਸ਼ ਸਿਰਫ ਉਸ ਤੋਂ ਮੋਟੀ ਰਕਮ ਵਸੂਲਣਾ ਹੈ। ਪੰਜਾਬ ਵਿੱਚ ਵੀ ਉਸ ਨੇ ਪੁਲਿਸ ਮਹਿਕਮੇ ਪਾਸ ਠੱਗੀ ਸੰਬੰਧੀ ਅਰਜ਼ ਕੀਤੀ ਹੈ ਪਰ ਉਸ ਦੇ ਵਿਦੇਸ਼ ਵਿੱਚ ਹੋਣ ਕਾਰਨ ਅਤੇ ਵਿਦੇਸ਼ ਵਿੱਚ ਹੋਏ ਪਤੀ ਪਤਨੀ ਦੇ ਝਗੜੇ ਕਾਰਨ ਲੱਗਦਾ ਨਹੀਂ ਕਿ ਉਸ ਨੂੰ ਕੁਝ ਹਾਸਲ ਹੋਵੇਗਾ। ਭਾਰਤੀ ਕਾਨੂੰਨ ਦੀ ਪਰਿਭਾਸ਼ਾ ਵਿੱਚ ਵੀ ਕੋਈ ਵੀ ਜੁਰਮ ਭਾਰਤ ਦੀ ਧਰਤੀ ’ਤੇ ਨਹੀਂ ਬਣਦਾ। ਸਾਡੇ ਮੁਲਕ ਵਿੱਚ ਮਾਮੂਲੀ ਕੁੱਟ-ਮਾਰ ਨੂੰ ਬਹੁਤਾ ਵੱਡਾ ਜੁਰਮ ਨਹੀਂ ਮੰਨਿਆ ਜਾਂਦਾ। ਅਕਸਰ ਰਾਜ਼ੀਨਾਮਾ ਕਰਨ ਵੱਲ ਪ੍ਰੇਰਿਤ ਕੀਤਾ ਜਾਂਦਾ ਹੈ। ਪਰ ਕਨੇਡਾ ਵਿੱਚ ਇਹ ਬਹੁਤ ਵੱਡਾ ਜੁਰਮ ਹੈ। ਇਹ ਵਿੱਕੀ ਦੇ ਕਨੇਡਾ ਵਿਚਲੇ ਭਵਿੱਖ ਨੂੰ ਬਰਬਾਦ ਕਰ ਸਕਦਾ ਹੈ। ਸਾਡੇ ਨੌਜਵਾਨਾਂ ਨੂੰ ਆਪਣੇ ਭਵਿੱਖ ਦਾ ਫੈਸਲਾ ਜਲਦਬਾਜ਼ੀ ਵਿੱਚ ਕਦੇ ਨਹੀਂ ਲੈਣਾ ਚਾਹੀਦਾ। ਉਹਨਾਂ ਦੀ ਆਪਣੀ ਤੇ ਪਰਿਵਾਰ ਦੀ ਜ਼ਿੰਦਗੀ ਉਹਨਾਂ ਨਾਲ ਜੁੜੀ ਹੁੰਦੀ ਹੈ ਜਿਸਦੇ ਮੱਦੇਨਜ਼ਰ ਜ਼ਿੰਦਗੀ ਦਾ ਫੈਸਲਾ ਲੈਣਾ ਚਾਹੀਦਾ ਹੈ। ਸਿਰਫ ਵਿਦੇਸ਼ੀ ਧਰਤੀ ’ਤੇ ਜਾਣ ਲਈ ਵਿਆਹ ਵਰਗਾ ਫੈਸਲਾ ਲੈਣ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2833)
(ਸਰੋਕਾਰ ਨਾਲ ਸੰਪਰਕ ਲਈ: