“ਐੱਸ ਐੱਚ ਓ ਨੂੰ ਕਿਸੇ ਲੀਡਰ ਦਾ ਫੋਨ ਆ ਗਿਆ ਕਿ ਸਾਰੇ ਭਰਾਵਾਂ ਨੂੰ ...”
(21 ਦਸੰਬਰ 2019)
ਅਪਰਾਧ ਅਤੇ ਅਪਰਾਧੀ ਦਾ ਬੜਾ ਗੂੜ੍ਹਾ ਰਿਸ਼ਤਾ ਹੁੰਦਾ ਹੈ। ਫੜੇ ਜਾਣ ਤੋਂ ਬਾਅਦ ਹਰ ਅਪਰਾਧੀ ਆਪਣੇ ਆਪ ਨੂੰ ਨਿਰਦੋਸ਼ ਦੱਸਦਾ ਹੈ। ਸਾਡੀ ਨਿਆਂ ਪ੍ਰਣਾਲੀ ਵਿੱਚ ਵੀ ਵਿਵਸਥਾ ਹੈ ਕਿ ਸਜ਼ਾ ਹੋਣ ਤੱਕ ਹਰ ਦੋਸ਼ੀ ਨਿਰਦੋਸ਼ ਹੁੰਦਾ ਹੈ। ਕੋਈ ਸ਼ੱਕ ਨਹੀਂ ਸਮਾਜ ਵਿੱਚ ਫੈਲਣ ਵਾਲੇ ਅਪਰਾਧ ਲਈ ਪੂਰਾ ਸਮਾਜ ਜ਼ਿੰਮੇਵਾਰ ਹੁੰਦਾ ਹੈ। ਪਰ ਅਜੋਕੇ ਹਾਲਾਤ ਵਿੱਚ ਆਪਣੀ ਜ਼ਿੰਮੇਵਾਰੀ ਸਮਝਣ ਦੀ ਬਜਾਏ ਦੂਸਰਿਆਂ ਤੇ ਇਲਜਾਮਬਾਜ਼ੀ ਕਰਕੇ ਖਹਿੜਾ ਛੁਡਾ ਲਿਆ ਜਾਂਦਾ ਹੈ। ਬਿਨਾਂ ਸ਼ੱਕ ਪੁਲਿਸ ਦੀ ਨੌਕਰੀ ਕਰਨਾ ਤੇ ਉਹ ਵੀ ਨਿਰਪੱਖ ਤਰੀਕੇ ਨਾਲ, ਬਹੁਤ ਮੁਸ਼ਕਿਲ ਕੰਮ ਹੈ। ਇਹੀ ਕਾਰਨ ਹੈ ਪੁਲਿਸ ਦੇ ਬਹੁਤੇ ਕੇਸ ਅਦਾਲਤਾਂ ਵਿੱਚ ਜਾ ਕੇ ਫੇਲ ਹੋ ਜਾਂਦੇ ਹਨ ਸਿਆਸੀ ਆਕਾ ਝੂਠੇ ਕੇਸ ਦੀ ਆੜ ਵਿੱਚ ਪੁਲਿਸ ਦਾ ਡੰਡਾ ਆਪਣੇ ਪੱਖ ਵਿੱਚ ਵਰਤ ਜਾਂਦੇ ਹਨ।
ਕਰੀਬ ਦਸ ਸਾਲ ਪਹਿਲਾਂ ਸਰਦੂਲਗੜ੍ਹ ਥਾਣੇ ਦੀ ਹਦੂਦ ਅੰਦਰ ਪੈਂਦੇ ਇੱਕ ਪਿੰਡ ਦੇ ਛੇ ਸਕੇ ਭਰਾਵਾਂ ਦੇ ਖਿਲਾਫ 353, 323 ਆਈ.ਪੀ.ਸੀ. ਦੇ ਤਹਿਤ ਮੁਕੱਦਮਾ ਦਰਜ ਹੋਇਆ। ਸਾਰੇ ਭਰਾਵਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਸਾਰੇ ਹੀ ਸਾਹਿਬੇ ਜਾਇਦਾਦ, ਚੰਗੀ ਸ਼ੋਹਰਤ ਰੱਖਣ ਵਾਲੇ ਸਨ। ਸਾਰੇ ਭਰਾਵਾਂ ਵਿੱਚੋਂ ਕਿਸੇ ਨੇ ਵੀ ਕਦੇ ਅਪਰਾਧਿਕ ਕੇਸ ਦਾ ਸਾਹਮਣਾ ਨਹੀਂ ਕੀਤਾ ਸੀ। ਪੁਲਿਸ ਵੱਲੋਂ ਦੋਸ਼ ਲਾਏ ਗਏ ਸਨ ਕਿ ਇੱਕ ਬਿਜਲੀ ਮੁਲਾਜ਼ਮ ਦੀ ਕੁੱਟਮਾਰ ਕਰਕੇ ਇਹਨਾਂ ਨੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਹੈ। ਦੋਸ਼ੀਆਨ ਧਿਰ ਨੇ ਮੇਰੇ ਰਾਹੀਂ ਦੀਵਾਨੀ ਦਾਵਾ ਦਾਇਰ ਕਰਕੇ ਹੁਕਮ ਬੰਦੀ ਅਦਾਲਤ ਪਾਸੋਂ ਹਾਸਲ ਕੀਤਾ ਹੋਈ ਸੀ।
ਇਹਨਾਂ ਸਾਰਿਆਂ ਦੇ ਜਮਾਨਤ ਉੱਤੇ ਰਿਹਾ ਹੋਣ ਤੋਂ ਬਾਅਦ ਅਸੀਂ ਆਪਣੇ ਕੇਸ ਦੀ ਤਿਆਰੀ ਸ਼ੁਰੂ ਕੀਤੀ। ਇੱਕ ਦਿਨ ਅਚਾਨਕ ਇਸ ਕੇਸ ਦਾ ਮੁਦਈ ਜੋ ਬਿਜਲੀ ਬੋਰਡ ਵਿੱਚ ਲਾਇਨਮੈਨ ਸੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਦੋਸ਼ੀਆਨ ਧਿਰ ਬੇਕਸੂਰ ਹੈ। ਅਸਲ ਵਿੱਚ ਇਹ ਸਾਰੇ ਭਰਾ ਸੱਤਾਧਾਰੀ ਧਿਰ ਦੇ ਖਿਲਾਫ਼ ਵੋਟਾਂ ਪਾਉਂਦੇ ਹਨ। ਇਹਨਾਂ ਦੇ ਘਰ ਤੋਂ ਅੱਗੇ ਸੱਤਾਧਾਰੀ ਧਿਰ ਦੇ ਵਰਕਰ ਦੀ ਢਾਣੀ ਹੈ ਜੋ ਆਪਣੇ ਘਰ ਲਈ ਚੌਵੀ ਘੰਟੇ ਬਿਜਲੀ ਸਪਲਾਈ ਨਿਯਮਾਂ ਨੂੰ ਛਿੱਕੇ ਟੰਗ ਕੇ ਲੱਕੜੀ ਦੇ ਟੰਬੇ ਗੱਡ ਕੇ ਲੰਘਾਉਣਾ ਚਾਹੁੰਦਾ ਸੀ। ਇਸਦਾ ਇਹ ਸਾਰੇ ਭਰਾ ਵਿਰੋਧ ਕਰਦੇ ਸਨ। ਖੰਭੇ ਲਗਾ ਕੇ ਸਪਲਾਈ ਲੈਣ ਵਿੱਚ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ।
ਕੁੱਟਮਾਰ ਦੇ ਸੰਬੰਧ ਵਿੱਚ ਉਸ ਨੇ ਦੱਸਿਆ ਕਿ ਉਸ ਸਮੇਂ ਦੇ ਐੱਸ ਐੱਚ ਓ ਨੇ ਮੈਂਨੂੰ ਥਾਣੇ ਬੁਲਾਇਆ ਤੇ ਕਿਹਾ ਕਿ ਤੂੰ ਸਪਲਾਈ ਚਾਲੂ ਕਰ। ਮੈਂ ਕਿਹਾ ਕਿ ਅਦਾਲਤ ਦੀ ਸਟੇਅ ਹੋਣ ਕਾਰਨ ਮੈਂ ਨਹੀਂ ਕਰ ਸਕਦਾ। ਇੰਨੇ ਵਿੱਚ ਹੀ ਐੱਸ ਐੱਚ ਓ ਨੂੰ ਕਿਸੇ ਲੀਡਰ ਦਾ ਫੋਨ ਆ ਗਿਆ ਕਿ ਸਾਰੇ ਭਰਾਵਾਂ ਨੂੰ ਫਸਾਉਣਾ ਹੈ। ਉਹ ਕੁਰਸੀ ਤੋਂ ਉੱਠ ਕੇ ਮੇਰੇ ਗੱਲ ਪੈ ਗਿਆ। ਮੇਰਾ ਕਮੀਜ਼ ਉਸ ਨੇ ਪਾੜ ਦਿੱਤਾ ਤੇ ਮੇਰੇ ਜ਼ੋਰ ਨਾਲ ਢੂਹੀ ਵਿੱਚ ਡੰਡਾ ਮਾਰਿਆ। ਫਿਰ ਉਸ ਨੇ ਨੇੜੇ ਖੜ੍ਹੇ ਹੌਲਦਾਰ ਨੂੰ ਕਿਹਾ ਕਿ ਸਾਰੇ ਭਰਾਵਾਂ ’ਤੇ ਕੇਸ ਬਣਾ ਦੇ। - ਮੇਰੀ ਕੁੱਟਮਾਰ ਪੁਲਿਸ ਨੇ ਕੀਤੀ ਹੈ, ਮੈਂ ਮੁਲਾਜ਼ਮ ਯੂਨੀਅਨ ਅਤੇ ਆਪਣੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਹੋਈਆਂ ਹਨ।
ਉਸ ਤੋਂ ਬਾਅਦ ਉਸ ਨੇ ਮੈਂਨੂੰ ਦਿੱਤੀਆਂ ਹੋਈਆਂ ਦਰਖਾਸਤਾਂ ਦੀ ਫੋਟੋ ਸਟੇਟ ਕਾਪੀਆਂ ਦਿੱਤੀਆਂ। ਜਦੋਂ ਕੇਸ ਗਵਾਹੀ ’ਤੇ ਆਇਆ ਤਾਂ ਮੁਦਈ ਦੀ ਮੌਤ ਹੋ ਗਈ। ਸਾਡੇ ਵੱਲੋਂ ਮਜ਼ਬੂਤ ਸਫਾਈ ਤਿਆਰ ਕੀਤੀ ਗਈ। ਬਿਜਲੀ ਬੋਰਡ ਦੇ ਐੱਸ ਡੀ ਓ ਵੱਲੋਂ ਜੋ ਮੁਦਈ ਧਿਰ ਦਾ ਗਵਾਹ ਸੀ ਜਿਰਾਹ ਵਿੱਚ ਮੁਦਈ ਦੀ ਦਰਖਾਸਤ ਨੂੰ ਸਾਬਤ ਕਰ ਗਿਆ। ਦੋਸ਼ੀਆਨ ਦਾ ਪੱਖ ਮਜ਼ਬੂਤ ਹੋ ਗਿਆ।
ਬਹਿਸ ਤੋਂ ਬਾਅਦ ਦੋਸ਼ੀਆਨ ਵਿੱਚੋਂ ਇੱਕ ਭਰਾ (ਜੋ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ) ਫੈਸਲੇ ਵਾਲੇ ਦਿਨ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਵਕੀਲ ਸਾਹਿਬ ਅੱਜ ਜੱਜ ਆਪਾਂ ਨੂੰ ਬਰੀ ਕਰੂ। ਮੈਂ ਕਿਹਾ, ਚੁੱਪ ਕਰ, ਕਿਤੇ ਅਜਿਹਾ ਪ੍ਰਚਾਰ ਕਰ ਕੇ ਸਜ਼ਾ ਨਾ ਕਰਵਾ ਲਿਓ। ਪਰ ਫਿਰ ਵੀ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਤੈਨੂੰ ਕਿਵੇਂ ਪਤਾ ਲੱਗਾ? ਉਸ ਨੇ ਜਵਾਬ ਬੜਾ ਹਾਸੋਹੀਣਾ ਦਿੱਤਾ। ਉਹ ਕਹਿਣ ਲੱਗਾ ਕਿ ਜਦੋਂ ਅਸੀਂ ਮੱਝ ਚੋਨੇ ਆਂ ਜੀ ਜੇ ਉਹਨੇ ਮਿਲਣਾ ਹੋਵੇ ਤਾਂ ਕਟੜੂ ਵੱਲ ਗੌਰ ਨਾਲ ਦੇਖਦੀ ਹੈ ਜੇ ਨਾ ਮਿਲਣਾ ਹੋਵੇ ਤਾਂ ਉਹ ਝਾਕਦੀ ਵੀ ਨਹੀਂ। ਅੱਜ ਜੱਜ ਨੇ ਸਾਨੂੰ ਛੇਆਂ ਨੂੰ ਬੜੇ ਗੌਰ ਨਾਲ ਦੇਖਿਆ ਹੈ। ਮੈਂ ਇੱਥੋਂ ਹੀ ਅੰਦਾਜ਼ਾ ਲਾਇਆ।
ਅਖੀਰ ਸੱਚ ਦੀ ਜਿੱਤ ਹੋਈ ਅਤੇ ਅਦਾਲਤ ਨੇ ਸਾਰੇ ਨਿਰਦੋਸ਼ ਭਰਾਵਾਂ ਨੂੰ ਬਰੀ ਕਰ ਦਿੱਤਾ।
**
ਦੋ ਕਵਿਤਾਵਾਂ
(1) ਵਿਛੋੜੇ ਦੀ ਟੀਸ
ਕਦੇ ਆਵੀਂ ਤੇ ਸੁਣੀ ਪਲ ਕੋਲ ਬਹਿ ਕੇ,
ਕਿਵੇਂ ਜਿੰਦਗੀ ਵਿੱਚ ਵੀਰਾਨੀ ਚੜ੍ਹ ਆਈ।
ਖੰਭ ਲਾ ਕੇ ਖੁਸ਼ੀਆਂ ਉਡ ਗਈਆਂ,
ਅੱਖ ਹੰਝੂਆਂ ਦੇ ਨਾਲ ਹੜ੍ਹ ਆਈ।
ਮੁੜ ਤੂੰ ਨਾ ਆਇਆ ਹੋ ਗਈ ਖ਼ਾਕ ਜ਼ਿੰਦਗੀ,
ਜਿੰਦ ਵਿਛੋੜੇ ਦੀ ਭੱਠ ਵਿੱਚ ਸੜ ਆਈ।
ਲੱਖ ਛੁਪਾਇਆ ਸੀ ਮੈਂ ਤਾਂ ਦਰਦ ਤੇਰਾ,
ਲੁਕ ਸਕਿਆ ਨਾ ਵੈਰੀ, ਭੀੜ ਚੜ੍ਹ ਆਈ।
ਮਾੜੀ ਘੜੀ ਤੇ ਵੇਲਾ ਨਾ ਪੁੱਛ ਆਉਂਦਾ,
ਉਡੀਕ ਤੈਨੂੰ ਥੱਕ ਹਾਰ ਕੇ ਤੇਰੇ ਦਰ ਆਈ।
ਹੁਣ ਜਾਵਾਂ ਤੇ ਜਾਵਾਂ ਦੱਸ ਕਿਸ ਪਾਸੇ,
ਤੇਰੇ ਪਿੱਛੇ ਤਾਂ ਮੈਂ ਦੁਨੀਆਂ ਨਾਲ ਲੜ ਆਈ।
ਲੰਘੇ ਵਕਤਾਂ ਦੇ ਵਾਂਗ ‘ਦਿਉਲ’ ਨਾ ਮੁੜ ਆਇਆ,
ਕਸੀਦੇ ਵਿਛੜ ਗਿਆਂ ਦੇ ਮੈਂ ਪੜ੍ਹ ਆਈ।
**
(2) ਵੰਡ
ਭਰੋਸਾ ਦਮ ਦਾ ਨਹੀਂ ਹੈ ਯਾਰ ਕੋਈ,
ਕਿਸ ਘੜੀ ਇਹ ਸਰੀਰ ਨੂੰ ਛੱਡ ਜਾਵੇ।
ਦਗੇਬਾਜ਼ ਦਾ ਵੀ ਯਕੀਨ ਨਹੀਂ ਹੁੰਦਾ,
ਜੁੜੀ ਚਿਰਾਂ ਦੀ ਕਦੋਂ ਕੋਈ ਵੱਢ ਜਾਵੇ।
ਕਦੋਂ ਪਾਣੀ ਬਣੇ ਖੂਨ ਸਕੇ ਭਾਈਆਂ ਦਾ,
ਕਦੋਂ ਰੰਗਾਂ ਵਿੱਚ ਰਹਿੰਦਾ ਹੋ ਅੱਡ ਜਾਵੇ।
ਵੰਡ ਹੋਇਆਂ ‘ਦਿਉਲ’ ਘਿਰ ਜਾਣਾ ਹੈ,
ਦੁਸ਼ਮਣ ਕੀ ਪਤਾ ਕਦੋਂ ਦੁਸ਼ਮਣੀ ਕੱਢ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1854)
(ਸਰੋਕਾਰ ਨਾਲ ਸੰਪਰਕ ਲਈ: