“ਪਰਦੇਸ ਵਿੱਚ ਸਿਰਫ ਫ਼ੋਨ ਰਾਹੀਂ ਹੁੰਦੀ ਗੱਲਬਾਤ ਦਾ ਹੀ ਉਸ ਧੀ ਨੂੰ ਦਿਲਾਸਾ ਹੈ। ਵੈਸੇ ਵੀ ਕਨੇਡਾ ਨੂੰ ਨਿਰਦਈ ਧਰਤੀ ...”
(22 ਜੁਲਾਈ 2022)
ਮਹਿਮਾਨ: 538
ਪੰਜਾਬ ਦੇ ਪਰਿਵਾਰਾਂ ਵਿੱਚ ਧੀਆਂ ਦਾ ਦਰਜਾ ਇੱਕ ਅਹਿਮ ਸਥਾਨ ਰੱਖਦਾ ਹੈ। ਸਾਡੇ ਸਮਾਜ ਵਿੱਚ ਧੀਆਂ ਦਾ ਮਾਣ ਸਤਿਕਾਰ ਕਈ ਪੀੜ੍ਹੀਆਂ ਤਕ ਬਰਕਰਾਰ ਰਹਿੰਦਾ ਹੈ। ਪੁਰਾਣੇ ਸਮੇਂ ਵਿੱਚ ਵੀ ਅੱਜ ਦੀ ਲੜਕੀ ਭਰੂਣ ਹੱਤਿਆ ਵਾਂਗ ਕਈ ਕਬੀਲਿਆਂ ਵਿੱਚ ਲੜਕੀਆਂ ਨੂੰ ਜ਼ਾਲਮ ਤਰੀਕੇ ਨਾਲ ਮਾਰ ਦਿੱਤਾ ਜਾਂਦਾ ਸੀ ਪਰ ਧਾਰਮਿਕ ਤੇ ਸਮਾਜਿਕ ਤੌਰ ’ਤੇ ਇਸਦਾ ਵਿਰੋਧ ਹਮੇਸ਼ਾ ਹੁੰਦਾ ਰਿਹਾ। ਕੋਈ ਵੀ ਸਮਾਜ ਸੰਪੂਰਨ ਤੌਰ ’ਤੇ ਅਪਰਾਧ ਮੁਕਤ ਨਹੀਂ ਹੋ ਸਕਦਾ। ਇਸੇ ਕਾਰਨ ਪਹਿਲਾਂ ਵਾਲੀਆਂ ਛੁਪੇ ਤੌਰ ’ਤੇ ਚੱਲ ਰਹੀਆਂ ਕੁਰੀਤੀਆਂ ਭਰੂਣ ਹੱਤਿਆ ਦੇ ਰੂਪ ਵਿੱਚ ਸਾਹਮਣੇ ਆਈਆਂ ਸਨ। ਸਾਡੇ ਪਰਿਵਾਰਾਂ ਵਿੱਚ ਕਈ ਕਈ ਪੀੜ੍ਹੀਆਂ ਤਕ ਧੀਆਂ ਦੀ ਥਾਂ ਲੱਗਦੀਆਂ ਔਰਤਾਂ ਦਾ ਸਨਮਾਨ ਕੀਤਾ ਜਾਂਦਾ ਹੈ ਭਾਵੇਂ ਕਿ ਮਰਦ ਪ੍ਰਧਾਨ ਸਮਾਜ ਵਿੱਚ ਪਰਿਵਾਰਾਂ ਦੇ ਵੱਡੇ ਫੈਸਲੇ ਮਰਦ ਮੁਖੀ ਵੱਲੋਂ ਲਏ ਜਾਂਦੇ ਸਨ। ਪਰ ਫਿਰ ਵੀ ਪਰਿਵਾਰਾਂ ਦੇ ਆਪਸੀ ਝਗੜੇ ਧੀਆਂ ਹੀ ਨਿਪਟਾਉਂਦੀਆਂ ਸਨ ਤੇ ਉਹਨਾਂ ਦੇ ਕੀਤੇ ਫੈਸਲੇ ਨੂੰ ਹੁਕਮ ਸਮਝ ਕੇ ਸਾਰੇ ਮੰਨਦੇ ਸੀ।
ਸਮਾਂ ਬਦਲਣ ’ਤੇ ਸਾਡੇ ਲੋਕ ਲਾਲਚ ਵਿੱਚ ਆ ਕੇ ਦਹੇਜ ਲਈ ਲੜਕੀਆਂ ’ਤੇ ਜ਼ੁਲਮ ਕਰਨ ਲੱਗੇ। ਪਰ ਇਹ ਸਮਾਂ ਵੀ ਬਹੁਤ ਚਿਰ ਚੱਲਣ ਵਾਲਾ ਨਹੀਂ। ਅੱਜ ਆਈਲੈਟਸ ਨੇ ਪੰਜਾਬ ਦੀਆਂ ਧੀਆਂ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਹੈ ਤੇ ਸਮਾਜ ਦੇ ਦਹੇਜ ਵਾਲੇ ਪਹੀਏ ਨੂੰ ਇੱਕ ਦਮ ਪੁੱਠਾ ਗੇੜਾ ਦੇ ਦਿੱਤਾ ਹੈ। ਜਿਹੜੇ ਲੋਕ ਮੁੰਡੇ ਦੇ ਵਿਆਹ ’ਤੇ ਦਹੇਜ ਦੀ ਇੱਛਾ ਰੱਖਦੇ ਸੀ, ਉਹ ਲੱਖਾਂ ਰੁਪਇਆ ਆਈਲੈਟਸ ਵਾਲੀ ਕੁੜੀ ਨੂੰ ਦੇ ਕੇ ਆਪਣੇ ਲੜਕੇ ਨਾਲ ਵਿਆਹ ਕੇ ਉਸ ਨੂੰ ਜਹਾਜ਼ ਚੜ੍ਹਾਉਣਾ ਚਾਹੁੰਦੇ ਹਨ। ਪੰਜਾਬ ਦੇ ਮਾਲਵੇ ਨਾਲ ਸੰਬੰਧਤ ਜ਼ਿਲ੍ਹੇ ਦੇ ਇੱਕ ਗਰੀਬ ਪਰਿਵਾਰ ਦੀ ਧੀ ਕਨੇਡਾ ਵਿੱਚ ਰਹਿੰਦੀ ਹੈ। ਉਸ ਸਮੇਤ ਉਹਨਾਂ ਦਾ ਦੋ ਭੈਣਾਂ ਤੇ ਇੱਕ ਭਰਾ ਦਾ ਆਪਣੇ ਪਿਤਾ ਨਾਲ ਹੱਡ ਭੰਨਵੀਂ ਮਿਹਨਤ ਕਰਨ ਵਾਲਾ ਪਰਿਵਾਰ ਸੀ। ਉਹਨਾਂ ਕੋਲ ਸਿਰਫ ਦੋ ਏਕੜ ਜ਼ਮੀਨ ਸੀ, ਫਿਰ ਵੀ ਜਿਵੇਂ ਕਿਵੇਂ ਉਹ ਸਾਈਪਰਸ ਚਲੀ ਗਈ ਤੇ ਸਖ਼ਤ ਮਿਹਨਤ ਦੀ ਪ੍ਰੀਖਿਆ ਵਿੱਚੋਂ ਗੁਜ਼ਰਨ ਲੱਗੀ। ਪਰਿਵਾਰ ਨੇ ਗਰੀਬੀ ਦੇਖੀ ਸੀ ਪਰ ਉਹ ਮਿਹਨਤ ਕਰਕੇ ਆਪਣੇ ਪਰਿਵਾਰ ਨੂੰ ਚੰਗੇ ਦਿਨ ਦਿਖਾਉਣ ਲਈ ਆਸਵੰਦ ਸੀ। ਉਸ ਨੇ ਕਨੇਡਾ ਦੀ ਕਿਸੇ ਕੰਪਨੀ ਤੋਂ ਕਿਸੇ ਤਰ੍ਹਾਂ ਐੱਲ ਐੱਮ ਆਈ ਹਾਸਲ ਕੀਤੀ ਅਤੇ ਕਨੇਡਾ ਪਹੁੰਚ ਗਈ। ਕਨੇਡਾ ਵਿੱਚ ਸੋਲਾਂ ਸੋਲਾਂ ਘੰਟੇ ਕੰਮ ਕਰਕੇ ਐੱਲ ਐੱਮ ਆਈ ਵਾਲੇ ਬੌਸ ਦਾ ਕਰਜ਼ ਉਤਾਰਨ ਦੇ ਨਾਲ ਨਾਲ ਪੰਜਾਬ ਰਹਿੰਦੇ ਪਰਿਵਾਰ ਨੂੰ ਤਿੰਨ ਏਕੜ ਹੋਰ ਜ਼ਮੀਨ ਲੈ ਕੇ ਦਿੱਤੀ। ਆਲੀਸ਼ਾਨ ਮਕਾਨ ਦੀ ਉਸਾਰੀ ਕਰਵਾਈ ਅਤੇ ਆਪਣੇ ਦੋਵੇਂ ਭੈਣ ਭਰਾਵਾਂ ਨੂੰ ਪੜ੍ਹਾਇਆ।
ਉਸ ਲੜਕੀ ਦੇ ਪਿਤਾ ਨੇ ਗਰੀਬੀ ਵਿੱਚੋਂ ਨਿਕਲ ਕੇ ਸੁਖ ਦਾ ਸਾਹ ਲਿਆ। ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਿਛਲੇ ਦਿਨੀਂ ਉਸ ਦੇ ਪਿਤਾ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ। ਕੁਝ ਦਿਨਾਂ ਵਿੱਚ ਹੀ ਉਹ ਧੀ ਨੂੰ ਮਿਲਣ ਦੀ ਆਸ ਵਿੱਚ ਦੁਨੀਆਂ ਤੋਂ ਚਲਿਆ ਗਿਆ। ਬੇਹੱਦ ਦੁਖੀ ਧੀ ਬੇਵਸੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਅਜੇ ਉਹ ਪੀ ਆਰ ਦੇ ਇੰਤਜ਼ਾਰ ਵਿੱਚ ਹੈ। ਕਿਸੇ ਵਜਾਹ ਕਰਕੇ ਉਹ ਕਨੇਡਾ ਤੋਂ ਭਾਰਤ ਨਹੀਂ ਆ ਸਕਦੀ। ਉਹ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਸਕੀ ਤੇ ਅੰਤਮ ਰਸਮਾਂ ਵਿੱਚ ਸ਼ਾਮਲ ਹੋਣਾ ਵੀ ਬਦਕਿਸਮਤੀ ਨਾਲ ਸੰਭਵ ਨਹੀਂ।
ਪਰਦੇਸ ਵਿੱਚ ਸਿਰਫ ਫ਼ੋਨ ਰਾਹੀਂ ਹੁੰਦੀ ਗੱਲਬਾਤ ਦਾ ਹੀ ਉਸ ਧੀ ਨੂੰ ਦਿਲਾਸਾ ਹੈ। ਵੈਸੇ ਵੀ ਕਨੇਡਾ ਨੂੰ ਨਿਰਦਈ ਧਰਤੀ ਆਖਿਆ ਜਾਂਦਾ ਹੈ, ਕਿਸੇ ਕੋਲ ਦੁੱਖ ਵੰਡਾ ਲੈਣ ਦਾ ਵਕਤ ਹੀ ਨਹੀਂ ਹੁੰਦਾ। ਪੂਰੇ ਪਰਿਵਾਰ ਲਈ ਘਾਲਣਾ ਘਾਲਦਿਆਂ ਉਸ ਧੀ ਦੀ ਉਮਰ ਵੀ ਤੀਹ ਤੋਂ ਉੱਪਰ ਹੋ ਗਈ ਹੈ। ਆਪਣੇ ਬਾਰੇ ਕੁਝ ਸੋਚਣ ਦਾ ਉਸ ਨੂੰ ਕਦੇ ਵਕਤ ਹੀ ਨਹੀਂ ਮਿਲਿਆ। ਉਸ ਧੀ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ ਜਿਸ ਨੇ ਆਪਣੇ ਮਾਪਿਆਂ ਨੂੰ ਬੁੱਢੀ ਉਮਰੇ ਐਸ਼ ਕਰਾਉਣ ਦਾ ਸੁਪਨਾ ਸੰਜੋਇਆ ਸੀ। ਉਸ ਨੂੰ ਸਿਰਫ ਦਿਲਾਸਾ ਦਿੱਤਾ ਜਾ ਸਕਦਾ ਹੈ:
ਜਵਾਨੀ ਵਾਲੇ ਵਰ੍ਹੇ ਤਾਂ ਵਿੱਚ ਸੰਘਰਸ਼ਾਂ ਰੁੜ੍ਹ ਜਾਂਦੇ,
ਐਸ਼ ਕਰਾਉਣ ਦੇ ਵੇਲੇ ਤਾਂ ਲੋਕੋ ਮਾਪੇ ਤੁਰ ਜਾਂਦੇ।
ਰੰਗ ਜ਼ਿੰਦਗੀ ਦੇ ਮੁੱਕ ਜਾਂਦੇ ਬਿਨ ਮਾਪਿਆਂ ਤੋਂ,
ਵਾਪਸ ਮੁੜਦੇ ਹੋਣ ਤਾਂ ਮੋੜਨ ਉਨ੍ਹਾਂ ਨੂੰ ਧੁਰ ਜਾਂਦੇ।
ਪੰਜਾਬ ਵਿੱਚੋਂ ਵਿਦੇਸ਼ ਜਾ ਕੇ ਸਖ਼ਤ ਮਿਹਨਤ ਕਰਨ ਵਾਲੀਆਂ ਧੀਆਂ ਦੀ ਜ਼ਿੰਦਗੀ ਦੇ ਬਹੁਤ ਸਾਰੀਆਂ ਘੜੀਆਂ ਤੇ ਪਲ ਇਸ ਨਾਲ ਮੇਲ ਖਾ ਜਾਣਗੇ। ਜੁਗ ਜੁਗ ਜਿਊਣ ਅਜਿਹੀਆਂ ਧੀਆਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3701)
(ਸਰੋਕਾਰ ਨਾਲ ਸੰਪਰਕ ਲਈ: