“ਨਿੰਮ ਦੇ ਦਰਖਤ ਨੇ ਅਮਰੀਕਨ ਸੁੰਡੀ ਨਾਲ ਬਰਬਾਦ ਹੋਏ ਨਰਮੇ ਦੇ ਝੰਬੇ ਕਿਸਾਨ ਦੇ ...”
(2 ਅਗਸਤ 2019)
ਬਹੁਤ ਅਰਸਾ ਪਹਿਲਾਂ ਸਾਡੇ ਪਿੰਡ ਤੋਂ ਕਰੀਬ ਚਾਰ ਕਿਲੋਮੀਟਰ ਦੀ ਦੂਰੀ ਉੱਤੇ ਕਿਸੇ ਵਿਅਕਤੀ ਦੇ ਖੇਤ ਵਿੱਚਲੇ ਨਿੰਮ ਦੇ ਦਰਖਤ ਵਿੱਚੋਂ ਅਚਾਨਕ ਦੁੱਧ ਨੁਮਾ ਤਰਲ ਪਦਾਰਥ ਰਿਸਣ ਲੱਗਾ। ਨੇੜਲੇ ਪਿੰਡ ਦੇ ਕੁਝ ਮੇਰੇ ਮਿੱਤਰ ਜੋ ਕਾਲਜ ਵਿੱਚ ਮੇਰੇ ਸਹਿਪਾਠੀ ਸੀ ਹਰ ਰੋਜ਼ ਪਿੰਡ ਵਿੱਚੋਂ ਨਿੰਮ ਦੇ ਦੁੱਧ ਦੀਆਂ ਕਰਾਮਾਤਾਂ ਦੀਆਂ ਅਖੌਤੀ ਕਹਾਣੀਆਂ ਸੁਣਾਇਆ ਕਰਨ। ਭਾਵੇਂ ਕਿ ਉਹਨਾਂ ਦਾ ਖੁਦ ਇਸ ਵਿੱਚ ਯਕੀਨ ਬਿਲਕੁਲ ਨਹੀਂ ਸੀ ਪਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਸੁਣ ਕੇ ਇੱਕ ਵਾਰ ਤਾਂ ਉਹ ਵੀ ਨਿੰਮ ਸਾਹਬ ਦੇ ਦਰਸ਼ਨਾਂ ਨੂੰ ਜਾਣ ਵਾਸਤੇ ਜ਼ੋਰ ਪਾਉਣ ਲੱਗੇ। ਕਈ ਦਿਨਾਂ ਵਿੱਚ ਇਸ ਨਿੰਮ ਸਾਹਬ ਦੀ ਸ਼ੋਭਾ ਨੇੜੇ ਤੇੜੇ ਦੇ ਪਿੰਡਾਂ ਵਿੱਚ ਫੈਲ ਗਈ। ਲੋਕ ਵਹੀਰਾਂ ਘੱਤ ਕੇ ਨਿੰਮ ਸਾਹਬ ਦੇ ਦਰਸ਼ਨਾਂ ਨੂੰ ਟਰੈਕਟਰ ਟਰਾਲੀਆਂ, ਟਰੱਕਾਂ, ਕਾਰਾਂ ਉੱਤੇ ਜਾਣ ਲੱਗੇ। ਦੂਰ ਦੂਰ ਤੱਕ ਨਿੰਮ ਸਾਹਬ ਤੋਂ ਸੁਖਣਾਂ ਪੂਰੀਆਂ ਹੋਣ ਦੇ ਦਾਅਵੇ ਹੋਣ ਲੱਗੇ। ਆਖਿਰ ਅਸੀਂ ਵੀ ਕਾਲਜ ਦੇ ਕੁਝ ਸਹਿਪਾਠੀਆਂ ਨੇ ਇਸ ਪਖੰਡ ਨੂੰ ਦੇਖਣ ਦਾ ਫੈਸਲਾ ਕੀਤਾ।
ਅਸੀਂ ਨੇੜਲੇ ਪਿੰਡ ਕੁਝ ਮਿੱਤਰ ਇਕੱਠੇ ਹੋਏ। ਇਸ ਨਿੰਮ ਨੂੰ ਪਰਗਟ ਕਰਨ ਵਾਲਾ ਵਿਅਕਤੀ ਇਸੇ ਹੀ ਪਿੰਡ ਦਾ ਸੀ ਜੋ ਜਮਾਂਦਰੂ ਕਿਸੇ ਰੋਗ ਤੋਂ ਪੀੜਤ ਸੀ। ਉਸਦਾ ਸਰੀਰ ਅਕਸਰ ਹੀ ਜਕੜਿਆ ਰਹਿੰਦਾ ਸੀ ਤੇ ਉਹ ਸਧਾਰਨ ਤਰੀਕੇ ਨਾਲ ਚੱਲ ਫਿਰ ਵੀ ਨਹੀਂ ਸਕਦਾ ਸੀ। ਉਹ ਵਿਅਕਤੀ ਸਾਨੂੰ ਉਸੇ ਪਿੰਡ ਦੇ ਚੌਕ ਵਿੱਚ ਮਿਲ ਪਿਆ। ਉਸ ਨੇ ਦੱਸਿਆ ਕਿ ਉਹ ਨਿੰਮ ਸਾਹਬ ਵਾਲੇ ਖੇਤ ਵਿੱਚ ਹੀ ਰਾਖੀ ਲਈ ਰਹਿੰਦਾ ਸੀ, ਇੱਕ ਦਿਨ ਅਚਾਨਕ ਗੁੜ ਗੁੜ ਦੀ ਅਵਾਜ ਆਈ ਤੇ ਨਿੰਮ ਵਿੱਚੋਂ ਦੁੱਧ ਨਿਕਲਣ ਲੱਗਾ। ਮੈਂ ਸੋਚਿਆ ਇਹ ਰੱਬ ਨੇ ਮੇਰੇ ਉੱਤੇ ਮਿਹਰ ਕੀਤੀ ਹੈ। ਮੈਂ ਉਹ ਦੁੱਧ ਪੀ ਲਿਆ ਅਤੇ ਮੈਂ ਠੀਕ ਹੋ ਗਿਆ।
ਦੇਖਣ ਵਿੱਚ ਉਹ ਵਿਅਕਤੀ ਠੀਕ ਹੋਇਆ ਜਾਪਦਾ ਨਹੀਂ ਸੀ। ਉਸ ਦੀ ਚਾਲ ਢਾਲ ਅਜੇ ਵੀ ਠੀਕ ਨਹੀਂ ਸੀ। ਰਸਤੇ ਵਿੱਚ ਅਸੀਂ ਨੇੜਲੇ ਸ਼ਹਿਰ ਦੇ ਕਈ ਧਨਾਢ ਅਤੇ ਪੜ੍ਹੇ ਲਿਖੇ ਲੋਕਾਂ ਨੂੰ ਪਰਿਵਾਰਾਂ ਸਮੇਤ ਡੰਡਾਉਤ ਕਰਦੇ ਜਾਂਦੇ ਦੇਖਿਆ। ਮੈਂ ਉਸ ਸਮੇਂ ਪਹਿਲੀ ਵਾਰ ਡੰਡਾਉਤ ਹੁੰਦੀ ਵੇਖੀ ਸੀ। ਔਰਤਾਂ ਬੱਚੇ ਲੇਟ ਲੇਟ ਕੇ ਨਿੰਮ ਵੱਲ ਜਾ ਰਹੇ ਸੀ। ਧਰਮਾਂ ਦੇ ਨਾਂ ਤੇ ਇੱਕ ਦੂਜੇ ਨੂੰ ਵੱਡ ਟੁੱਕ ਦੇਣ ਵਾਲੇ ਲੋਕ ਇੱਕ ਮੁਠ ਹੋ ਕੇ ਨਿੰਮ ਸਾਹਬ ਦੇ ਸੋਹਲੇ ਗਾ ਰਹੇ ਸੀ।
ਮੌਕੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਕਾਫੀ ਸਾਰੀਆਂ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਸੀ। ਇਹਨਾਂ ਵਿੱਚ ਧੂਫ, ਅਗਰ ਬੱਤੀਆਂ, ਪ੍ਰਸ਼ਾਦ ਵੀ ਸੀ। ਨਿੰਮ ਦਾ ਦਰਖਤ ਖੇਤ ਦੀ ਵੱਟ ਉੱਤੇ ਸੀ, ਜਿਸ ਵਿੱਚੋਂ ਤਰਲ ਪਦਾਰਥ ਸਾਂਭਣ ਲਈ ਬੋਤਲ ਨਾਲ ਰੱਸੀ ਲਮਕਾ ਕੇ ਬੰਨ੍ਹੀ ਹੋਈ ਸੀ ਤੇ ਲੋਕ ਇਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਲੈ ਰਹੇ ਸਨ। ਪਰ ਇਹ ਪ੍ਰਸ਼ਾਦ ਪੂਰਾ ਨਹੀਂ ਸੀ ਆ ਰਿਹਾ। ਲੋਕ ਇਕੱਠਾ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਧੂਫ ਦੀ ਪੂਰੀ ਡੱਬੀ ਵੱਟ ਕੇ ਜਲਾਈ ਹੋਈ ਸੀ ਅਤੇ ਮਾਹੌਲ ਪੂਰਾ ਧੁੰਆਂਧਾਰ ਕੀਤਾ ਹੋਇਆ ਸੀ। ਖੇਤ ਦਾ ਮਾਲਕ ਇੱਕ ਸਿੱਖ ਵਿਅਕਤੀ ਸੀ ਜੋ ਨਿੰਮ ਦੀਆਂ ਕਰਾਮਾਤਾਂ ਦਾ ਜ਼ੋਰ ਸ਼ੋਰ ਨਾਲ ਪਰਚਾਰ ਕਰ ਰਿਹਾ ਸੀ। ਦਰਖਤ ਦੀਆਂ ਜੜ੍ਹਾਂ ਵਿੱਚ ਕੁਝ ਇੱਟਾਂ ਰੱਖੀਆਂ ਹੋਈਆਂ ਸਨ, ਜਿਨ੍ਹਾਂ ਉੱਪਰ ਨੋਟਾਂ ਦਾ ਢੇਰ ਲੱਗਾ ਹੋਇਆ ਸੀ। ਖੇਤ ਮਾਲਕ ਦੇ ਕੁਝ ਪਿੰਡ ਵਾਲੇ ਵਿਅਕਤੀਆ ਨੇ ਦੱਸਿਆ ਕਿ ਰੋਜ਼ਾਨਾ ਦਸ ਤੋਂ ਪੰਦਰਾਂ ਹਜ਼ਾਰ ਦਾ ਚੜ੍ਹਾਵਾ ਚੜ੍ਹ ਰਿਹਾ ਹੈ। ਖੇਤ ਮਾਲਕ ਨੇ ਖੇਤ ਵਿੱਚ ਮੰਦਰ ਬਣਾਉਣ ਦਾ ਵੀ ਐਲਾਨ ਕਰ ਦਿੱਤਾ ਅਤੇ ਇਕ ਟਰਾਲੀ ਇੱਟਾਂ ਦੀ ਵੀ ਮੰਗਵਾ ਲਈ। ਇਸਦਾ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ, ਜੋ ਕੀਤਾ ਜਾਣਾ ਬਣਦਾ ਸੀ।
ਤਰਕ ਦਿਸ਼ਟੀਕੋਣ ਰੱਖਣ ਵਾਲੇ ਵਿਅਕਤੀਆ ਨੇ ਦੁੱਧ ਰਿਸਣ ਦਾ ਕਾਰਨ ਪਤਾ ਕਰ ਲਿਆ ਸੀ। ਵੈਸੇ ਵੀ ਇਹ ਕੋਈ ਪਹਿਲੀ ਘਟਨਾ ਨਹੀਂ ਸੀ। ਅਸਲ ਵਿੱਚ ਇਹ ਪਫਦੇ ਦੀਆਂ ਜੜ੍ਹਾਂ ਵੱਲੋਂ ਬਾਕੀ ਭਾਗ ਨੂੰ ਤਰਲ ਪਹੁੰਚਾਉਣ ਦੀ ਸਧਾਰਨ ਪ੍ਰਕਿਰਿਆ ਹੁੰਦੀ ਹੈ ਜੋ ਕਿ ਦਰਖਤ ਵਿੱਚੋਂ ਸੂਖਮ ਪਾਈਪ ਨੁਮਾ ਭਾਗ ਵਿੱਚੋਂ ਹੋ ਕੇ ਲੰਘਦਾ ਹੈ। ਕਿਸੇ ਵਜਾਹ ਕਾਰਨ ਇਹ ਪੰਕਚਰ ਹੋ ਜਾਵੇ ਤਾਂ ਤਰਲ ਪਦਾਰਥ ਸੁਰਾਖ ਵਿੱਚੋਂ ਰਿਸਣ ਲੱਗ ਜਾਂਦਾ ਹੈ। ਇਹ ਹੋਰ ਵੀ ਕਈ ਕਿਸਮ ਦੇ ਦਰਖਤਾਂ ਵਿੱਚੋਂਰਿ ਸ ਸਕਦਾ ਹੈ ਪਰ ਨਿੰਮ ਇੱਕ ਚੰਗਾ ਕੁਦਰਤੀ ਐਂਟੀਬਾਇਉਟਿਕ ਹੈ, ਇਸ ਲਈ ਇਸਦੀ ਖਾਸ ਮਹੱਤਤਾ ਹੈ। ਪਰ ਲਗਾਤਾਰ ਰਿਸਣ ਨਾਲ ਦਰਖਤ ਕਮਜ਼ੋਰ ਹੋ ਕੇ ਸੁੱਕਣ ਲੱਗ ਜਾਂਦਾ ਹੈ। ਦਰਖਤ ਨੂੰ ਬਚਾਉਣ ਲਈ ਰਿਸਣ ਤੋਂ ਬੰਦ ਕਰਨਾ ਜ਼ਰੂਰੀ ਹੈ। ਪਰ ਅੰਧਵਿਸ਼ਵਾਸੀ ਲੋਕਾਂ ਦੀ ਮਾਨਸਿਕਤਾ ਦਾ ਫਾਇਦਾ ਉਠਾਉਣ ਲਈ ਇਹ ਕਾਫੀ ਹੈ। ਨਿੰਮ ਦੇ ਦਰਖਤ ਨੇ ਅਮਰੀਕਨ ਸੁੰਡੀ ਨਾਲ ਬਰਬਾਦ ਹੋਏ ਨਰਮੇ ਦੇ ਝੰਬੇ ਕਿਸਾਨ ਦੇ ਵਾਰੇ ਨਿਆਰੇ ਕਰ ਦਿੱਤੇ।
ਲੋਕਾਂ ਨੂੰ ਕੁਝ ਦਿਨਾਂ ਵਿੱਚ ਨਿੰਮ ਦੀ ਅਸਲੀਅਤ ਦਾ ਪਤਾ ਲੱਗ ਗਿਆ। ਪਹਿਲਾਂ ਹੀ ਕਮਜ਼ੋਰ ਹੋਣ ਕਾਰਨ ਝੱਖੜ ਨਾਲ ਉਹ ਦਰਖਤ ਇੱਕ ਦਿਨ ਟੁੱਟ ਗਿਆ। ਅੱਜ ਉਸ ਦਾ ਨਾਮ ਨਿਸ਼ਾਨ ਵੀ ਬਾਕੀ ਨਹੀਂ। ਮੰਦਰ ਵੀ ਉਸ ਖੇਤ ਵਿੱਚ ਨਹੀਂ ਬਣਿਆ। ਸੁਣਨ ਵਿੱਚ ਆਇਆ ਸੀ, ਜੋ ਇੱਟਾਂ ਮੰਦਰ ਲਈ ਆਈਆਂ ਸਨ, ਉਹਨਾਂ ਦੀ ਹਵੇਲੀ ਵਿੱਚ ਖੁਰਲੀ ਬਣਾ ਲਈ ਗਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1685)
(ਸਰੋਕਾਰ ਨਾਲ ਸੰਪਰਕ ਲਈ: