“ਪੰਜਾਬੀਆਂ ਨੂੰ ਆਪਣੀ ਜਵਾਨੀ, ਪਾਣੀ ਅਤੇ ਜ਼ਮੀਨ ਬਚਾਉਣ ਲਈ ਅਗੇਤੀ ਤਿਆਰੀ ...”
(16 ਅਗਸਤ 2019)
ਆਜ਼ਾਦੀ ਤੋਂ ਪਹਿਲਾਂ ਪੁਰਾਣੇ ਪੰਜਾਬ ਵਿੱਚ ਪੈਦਾ ਹੋਣ ਵਾਲੇ ਬਜ਼ੁਰਗਾਂ ਨੇ ਕਦੇ ਅਜੋਕੇ ਪੰਜਾਬ ਵਿਚਲੇ ਹਾਲਾਤ ਬਾਰੇ ਸੋਚਿਆ ਵੀ ਨਹੀਂ ਹੋਵੇਗਾ। ਰਾਜਨੀਤਕ ਦਲਾਂ ਨੇ ਪੰਜਾਬ ਦੀ ਹਰ ਸਮੱਸਿਆ ਨੂੰ ਵਰਤ ਕੇ ਸਰਕਾਰਾਂ ਤਕ ਬਣਾ ਲਈਆਂ ਹਨ। ਪੰਜਾਬੀ ਹਮੇਸ਼ਾ ਵੱਡੇ ਵੱਡੇ ਘੱਲੂਘਾਰਿਆਂ ਵਿੱਚੋਂ ਗੁਜ਼ਰਦੇ ਰਹੇ ਹਨ। ਇਹ ਬਹਾਦਰ ਕੌਮ ਵੱਡੀਆਂ ਵੱਡੀਆਂ ਘਾਲਣਾ ਘਾਲ ਕੇ ਸਿਰਮੌਰ ਬਣੀ ਹੈ। ਸਮੇਂ ਦੇ ਨਾਲ ਨਾਲ ਹਰ ਪੰਜਾਬੀ ਪਰਿਵਾਰ ਨੇ ਮਿਹਨਤ ਕਰ ਕੇ ਸੁਖ ਸੁਵਿਧਾਵਾਂ ਜੁਟਾਈਆਂ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਬਚਾਉਣ ਲਈ ਕੁਰਬਾਨੀਆਂ ਵੀ ਕੀਤੀਆਂ। ਅੰਗਰੇਜ਼ੀ ਰਾਜ ਸਮੇਂ ਮਿਹਨਤੀ ਪੰਜਾਬੀਆਂ ਨੇ ਬਾਰਾਂ ਵਸਾਈਆਂ ਅਤੇ ਜਾਨਾਂ ਵਾਰ ਕੇ ਜੰਗੀਰਾਂ ਕਾਇਮ ਵੀ ਕੀਤੀਆਂ। ਅੰਗਰੇਜ਼ੀ ਹਕੂਮਤ ਨੂੰ ਭਾਵੇਂ ਸਾਡੀ ਤਰੱਕੀ ਨਾਲ ਕੋਈ ਵਾਸਤਾ ਨਹੀਂ ਸੀ ਫਿਰ ਵੀ ਉਹਨਾਂ ਵਲੋਂ ਰੇਲ ਲਾਈਨਾਂ ਵਿਛਾਈਆ ਗਈਆਂ ਜੋ ਗਾਹੇ ਬਗਾਹੇ ਪੰਜਾਬ ਲਈ ਲਾਹੇਵੰਦ ਸਾਬਤ ਹੋਈਆਂ। ਉਸ ਸਮੇਂ ਵੀ ਪੰਜਾਬੀਆਂ ਨੇ ਨਰੋਈਆਂ ਖੁਰਾਕਾਂ ਖਾਧੀਆਂ, ਤੰਗੀਆਂ ਤੁਰਸ਼ੀਆਂ ਦੇ ਆਲਮ ਵਿੱਚ ਵੀ ਨਰੋਏ ਪੰਜਾਬ ਦੀ ਸਥਾਪਨਾ ਵਲ ਵਧਦੇ ਰਹੇ।
ਅੱਜ ਦੀ ਭਾਰਤੀ ਕਾਨੂੰਨ ਵਿਵਸਥਾ ਦਾ ਸਾਰਾ ਢਾਂਚਾ ਅੰਗਰੇਜ਼ਾਂ ਦੀ ਦੇਣ ਹੈ। ਭਾਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ ਅੰਗਰੇਜ਼ਾਂ ਦਾ ਵਡਾ ਹਮਲਾ ਸਾਡੇ ਸਿੱਖਿਆ ਅਦਾਰਿਆਂ ਉੱਤੇ ਹੋਇਆ, ਅੰਗਰੇਜ ਹਾਕਮ ਜਾਣਦੇ ਸੀ ਕਿ ਸਿੱਖਿਆ ਦੇ ਰੂਪ ਵਿੱਚ ਜੋ ਪੰਜਾਬੀਆਂ ਦੇ ਮਨਾਂ ਅੰਦਰ ਬਿਠਾ ਦਿੱਤਾ ਜਾਵੇਗਾ, ਉਸ ਦਾ ਫਾਇਦਾ ਉਹਨਾਂ ਨੂੰ ਹੀ ਹੋਵੇਗਾ। ਅਜਾਦੀ ਤੋਂ ਪਹਿਲਾਂ ਅੰਗਰੇਜ਼ਾਂ ਵੱਲੋਂ ਵਿਵਸਥ ਕੀਤਾ ਨਹਿਰ ਸਿੰਚਾਈ ਢਾਂਚਾ ਦੁਨੀਆਂ ਦਾ ਮੋਹਰੀ ਸਿੰਚਾਈ ਪਰਬੰਧ ਸੀ। ਪੰਜਾਬ, ਜਿਸ ਵਿੱਚ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਪੰਜਾਬ ਵੀ ਸ਼ਾਮਲ ਸੀ, ਖੁਸ਼ਹਾਲ ਧਰਤੀ ਸੀ। ਸੰਨ 1935 ਦੇ ਨੇੜੇ ਤੇੜੇ ਅਕਾਲ ਪੈਣ ’ਤੇ ਅੰਗਰੇਜ਼ੀ ਹਕੂਮਤ ਨੇ ਛੱਪੜ ਪੁਟਵਾਏ ਜੋ ਪੰਜਾਬੀਆਂ ਲਈ ਲਾਹੇਵੰਦ ਸਾਬਤ ਹੋਏ। ਇਹ ਪੇਂਡੂ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਏ। ਉਹੀ ਛੱਪੜ ਅੱਜ ਸਾਡੇ ਪਿੰਡਾਂ ਵਿੱਚ ਗੰਦਗੀ ਅਤੇ ਬਿਮਾਰੀ ਦਾ ਮੁੱਖ ਸਰੋਤ ਹਨ। ਇੱਕ ਸਮਾਂ ਸੀ ਜਦੋਂ ਇਹ ਛੱਪੜ ਬਰਸਾਤ ਦਾ ਪਾਣੀ ਸਾਂਭਦੇ ਸਨ ਅਤੇ ਜਮੀਨਦੋਜ਼ ਪਾਣੀ ਦਾ ਲੈਵਲ ਸਹੀ ਰੱਖਣ ਵਿੱਚ ਸਹਾਈ ਹੁੰਦੇ ਸਨ। ਕਿਸਾਨੀ ਅਗਰ ਖੁਸ਼ਹਾਲ ਨਹੀਂ ਸੀ ਤਾਂ ਅਜੋਕੇ ਹਾਲਾਤ ਵਾਂਗ ਕਰਜ਼ੇ ਥੱਲੇ ਦੱਬੀ ਹੋਈ ਵੀ ਨਹੀਂ ਸੀ। ਵਸਤ ਵਟਾਂਦਰੇ ਦੇ ਢੰਗ ਨਾਲ ਸਭ ਦੀਆਂ ਰੋਟੀ, ਕਪੜਾ, ਮਕਾਨ ਦੀਆਂ ਸੀਮਤ ਜ਼ਰੂਰਤਾਂ ਪੂਰੀਆਂ ਹੁੰਦੀਆਂ ਸਨ। ਪਰ ਧਰਮਾਂ ਦੇ ਪਾੜਿਆਂ ਨੇ ਉਦੋਂ ਵੀ ਲੋਕਾਂ ਨੂੰ ਅੱਜ ਵਾਂਗ ਜਕੜਿਆ ਹੋਇਆ ਸੀ।
ਸੰਨ ਸੰਤਾਲੀ ਵਿੱਚ ਆਈ ਅਜ਼ਾਦੀ ਪੰਜਾਬ ਲਈ ਮਾਰੂ ਸਾਬਤ ਹੋਈ, ਜਿਸ ਨੇ ਪੰਜਾਬ ਦਾ ਮੂੰਹ ਮੁਹਾਂਦਰਾ ਲਹੂ ਲੁਹਾਣ ਕਰ ਸੁੱਟਿਆ, ਜਿਸਦੇ ਜਖਮ ਅਜੇ ਵੀ ਅੱਲੇ ਤੁਰੇ ਆਉਂਦੇ ਹਨ। ਸੰਨ 1958 ਵਿੱਚ ਰਾਜਸਥਾਨ ਨਹਿਰ ਕੱਢਕੇ ਪੰਜਾਬ ਦੇ ਕੁਦਰਤੀ ਸਰੋਤ ਪਾਣੀ ਨੂੰ ਲੁੱਟ ਲਿਆ ਗਿਆ ਜਿਹੜਾ ਕਿ ਪੰਜਾਬ ਦੀ ਸਾਹ ਰਗ ਹੈ। ਸੰਨ 1984 ਵਿੱਚ ਇਸਦਾ ਨਾਂ ਬਦਲ ਕੇ ਇੰਦਰਾ ਗਾਂਧੀ ਨਹਿਰ ਰੱਖ ਦਿੱਤਾ ਗਿਆ।
ਸੰਨ 1966 ਵਿੱਚ ਪੰਜਾਬ ਨੂੰ ਫਿਰ ਬੇਰਹਿਮੀ ਨਾਲ ਵੰਡਿਆ ਗਿਆ। ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਬਣਾ ਕੇ ਪੰਜਾਬ ਦਾ ਨੁਕਸਾਨ ਖੂਨ ਖਰਾਬੇ ਤੋਂ ਵੱਧ ਕਰ ਦਿੱਤਾ। ਸਾਡੀਆਂ ਸਿਆਸੀ ਪਾਰਟੀਆਂ ਇਸ ਸੰਬੰਧੀ ਇੱਕ ਦੂਜੇ ਉੱਪਰ ਦੂਸ਼ਣਬਾਜ਼ੀ ਜਰੂਰ ਕਰਦੀਆਂ ਹਨ, ਇਸੇ ਦੂਸ਼ਣਬਾਜ਼ੀ ਦਾ ਭੋਲੇ ਭਾਲੇ ਪੰਜਾਬੀ ਸ਼ਿਕਾਰ ਹੁੰਦੇ ਰਹੇ ਹਨ। ਇਸੇ ਕਰਕੇ ਇਸ ਦਾ ਵਿਰੋਧ ਕਰਨ ਦੀ ਬਜਾਏ ਕੋਝੀਆਂ ਸਿਆਸਤਾਂ ਦਾ ਸ਼ਿਕਾਰ ਹੋ ਗਏ। ਸੁਹਿਰਦ ਤਰੀਕੇ ਨਾਲ ਸੋਚਿਆ ਜਾਵੇ ਤਾਂ ਅਗਰ ਪੰਜਾਬ ਆਪਣੇ ਮੂਲ ਅਕਾਰ ਵਿੱਚ ਹੁੰਦਾ ਤਾਂ ਸਤਲੁਜ ਜਮੁਨਾ ਲਿੰਕ ਨਹਿਰ ਦਾ ਮੁੱਦਾ ਪੈਦਾ ਹੀ ਨਹੀਂ ਹੋਣਾ ਸੀ। ਪੰਜਾਬ ਅਤੇ ਹਰਿਆਣਾ ਦੇ ਭੋਲੇ ਲੋਕਾਂ ਲਈ ਪਾਣੀ ਦਾ ਇਹ ਪਵਾੜਾ ਚੋਣਾਂ ਸਮੇਂ ਹਮੇਸ਼ਾ ਪਿਆ ਰਹਿਣਾ ਜਦੋਂ ਕਿ ਜੱਗ ਜ਼ਾਹਰ ਹੈ ਪੰਜਾਬ ਦੇ ਇੱਕ ਸਿਆਸੀ ਆਕਾ ਦੇ ਫਾਰਮ ਹਾਊਸ ਲਈ ਉੱਥੋਂ ਦੀ ਸਰਕਾਰ ਨੇ ਉਚੇਚੇ ਤੌਰ ’ਤੇ ਨਹਿਰ ਕੱਢੀ ਹੈ, ਜਿਸਦਾ ਪੰਜਾਬ ਜਾਂ ਹਰਿਆਣਾ ਨੂੰ ਕੋਈ ਲਾਭ ਨਹੀਂ।
ਸਿਆਸੀ ਦਲਾਂ ਨੂੰ ਅਜਿਹੇ ਮੁੱਦੇ ਸਿਆਸਤ ਕਰਨ ਲਈ ਜਿਉਂਦੇ ਰੱਖਣੇ ਪੈਂਦੇ ਹਨ। ਹਰਿਆਣਾ ਬਣਾ ਕੇ ਪੰਜਾਬ ਨਾਲ ਲੜਾ ਕੇ ਦੋਵੇਂ ਸੂਬਿਆਂ ਵਿੱਚ ਸਰਕਾਰਾਂ ਬਣਦੀਆਂ ਰਹੀਆਂ ਹਨ। ਅਗਰ ਪੰਜਾਬ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਤਾਂ ਹਰਿਆਣਾ ਵੀ ਇਸ ਸੰਕਟ ਤੋਂ ਅਛੂਤਾ ਨਹੀਂ। ਪੰਜਾਬ ਦਾ ਜਮੀਨਦੋਜ਼ ਪਾਣੀ ਖਤਮ ਹੋਣ ਕਿਨਾਰੇ ਹੈ ਤਾਂ ਹਰਿਆਣਾ ਵੀ ਇਸ ਸਮੱਸਿਆ ਤੋਂ ਅਛੂਤਾ ਨਹੀਂ। ਪੰਜਾਬ ਬੰਜਰ ਹੋਵੇਗਾ ਤਾਂ ਹਰਿਆਣਾ ਪਹਿਲਾਂ ਹੋਵੇਗਾ। ਹਰੀ ਕਰਾਂਤੀ ਨੇ ਭਾਰਤ ਦਾ ਤਾਂ ਬਹੁਤ ਕੁਝ ਸੰਵਾਰ ਦਿੱਤਾ ਪਰ ਪੰਜਾਬ ਉੱਤੇ ਮਾਰੂ ਪ੍ਰਭਾਵ ਹੁਣ ਨਜ਼ਰ ਆ ਰਹੇ ਹਨ। ਦੁਨੀਆਂ ਭਰ ਦੇ ਅਗਾਂਹਵਧੂ ਦੇਸ਼ਾਂ ਵੱਲੋਂ ਨਕਾਰੀਆਂ ਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਕੀੜੇਮਾਰ ਦਵਾਈਆਂ ਹਰੀ ਕ੍ਰਾਂਤੀ ਦੇ ਨਾਮ ’ਤੇ ਅਸੀਂ ਅਪਣਾ ਲਈਆਂ ਜਿਸ ਨਾਲ ਸਾਰੀ ਆਬੋ ਹਵਾ ਗੰਧਲੀ ਕਰ ਦਿੱਤੀ ਗਈ। ਰਵਾਇਤੀ ਦਰਖਤਾਂ ਅਤੇ ਜੀਵਾਂ ਲਈ ਹਰੀ ਕ੍ਰਾਂਤੀ ਮਾਰੂ ਸਾਬਤ ਹੋਈ। ਸਫੈਦੇ ਅਤੇ ਪਾਪੂਲਰ ਵਰਗੇ ਵਾਤਾਵਰਣ ਮਾਰੂ ਦਰਖਤ ਲਿਆਂਦੇ ਗਏ। ਖਾਸ ਤੌਰ ’ਤੇ ਪੰਜਾਬ ਵਿੱਚ ਬਾਕੀ ਦੇਸ਼ ਨਾਲੋਂ ਬਗੈਰ ਸੋਚੇ ਸਮਝੇ ਖਤਰਨਾਕ ਗੈਰਜ਼ਰੂਰੀ ਜ਼ਹਿਰਾਂ ਦਾ ਇਸਤੇਮਾਲ ਕੀਤਾ ਗਿਆ ਜਿਸ ਨੇ ਕੈਂਸਰ, ਕਾਲੇ ਪੀਲੀਏ ਜਿਹੀਆਂ ਬੀਮਾਰੀਆਂ ਦਾ ਪੰਜਾਬ ਵਿੱਚ ਮੁੱਢ ਬੰਨ੍ਹ ਦਿੱਤਾ।
ਇਸਦੇ ਨਾਲ ਹੀ ਵਿਦੇਸ਼ੀ ਬੀਜਾਂ ਨੇ ਆਪਣੇ ਨਾਲ ਨਵੇਂ ਹਾਨੀਕਾਰਕ ਨਦੀਨਾਂ ਨੂੰ ਵੀ ਉਗਾਇਆ ਜਿਸ ਨਾਲ ਰਵਾਇਤੀ ਜੜੀ ਬੂਟੀਆਂ ਖਤਮ ਹੋ ਗਈਆਂ। ਗਾਜਰ ਘਾਹ ਵਰਗੇ ਖਤਰਨਾਕ ਨਦੀਨ ਕਣਕ ਨਾਲ ਬਰਾਮਦ ਕੀਤੇ ਗਏ। ਪੰਜਾਬੀਆਂ ਨੇ ਜ਼ਿੰਮੇਵਾਰ ਹੋਣ ਦਾ ਸਬੂਤ ਨਹੀਂ ਦਿੱਤਾ, ਬਗੈਰ ਸੋਚੇ ਸਮਝੇ ਹੀ ਗੈਰਜ਼ਰੂਰੀ ਜ਼ਹਿਰਾਂ ਨੂੰ ਹੱਥੋ ਹੱਥ ਅਪਣਾ ਲਿਆ ਅਤੇ ਇਹ ਧਰਤੀ ਹੇਠਲੇ ਪਾਣੀ ਵਿੱਚ ਜਾ ਰਲੇ ਜਿਸ ਨੂੰ ਸਾਫ ਕਰਨਾ ਤਾਂ ਦੂਰ, ਮਿਲਾਵਟੀ ਤੱਤਾਂ ਦੀ ਜਾਂਚ ਕਰਨਾ ਵੀ ਦੂਰ ਦੀ ਕੌਡੀ ਹੈ। ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਦੀ ਮਜੀਠਾ ਤਹਿਸੀਲ ਦਾ ਜਮੀਨਦੋਜ਼ ਪਾਣੀ ਪੰਜਾਬ ਵਿੱਚ ਸਭ ਤੋਂ ਸ਼ੁਧ ਸੀ, ਜਿਸ ਨੂੰ ਕਿਸੇ ਪਿਉਰੀਫਾਇਰ ਦੀ ਲੋੜ ਨਹੀਂ ਸੀ ਪਰ ਇੰਡਸਟਰੀ ਦਾ ਰਸਾਇਣਯੁਕਤ ਪਾਣੀ ਧਰਤੀ ਹੇਠਾਂ ਨਿਘਾਰ ਕੇ ਉਸ ਪਾਣੀ ਨੂੰ ਕੁਰਲੀ ਕਰਨ ਯੋਗ ਵੀ ਨਹੀਂ ਛੱਡਿਆ ਗਿਆ।
ਧਰਤੀ ਹੇਠਲੇ ਪਾਣੀ ਨੂੰ ਝੋਨੇ ਦੀ ਖੇਤੀ ਨੇ ਚੂਸ ਲਿਆ ਹੈ। ਕਿਸਾਨੀ ਪ੍ਰਤੀ ਸਰਕਾਰਾਂ ਦਾ ਮਾਰੂ ਨਜ਼ਰੀਆ ਰਿਹਾ ਹੈ। ਕਿਸਾਨ ਦੇ ਪੁੱਤ ਕੋਲ ਖੇਤੀ ਉੱਤੇ ਮਾਣ ਕਰਨ ਜੋਗਾ ਕੁਝ ਨਹੀਂ ਰਿਹਾ। ਉਹ ਵਿਦੇਸ਼ਾਂ ਵਲ ਭੱਜ ਤੁਰਿਆ ਹੈ। ਉੱਪਰੋਂ ਸਰਕਾਰਾਂ ਦੀ ਬੇਸ਼ਰਮੀ ਦੇਖੋ ਕਿ ਨੌਜਵਾਨਾਂ ਵਾਸਤੇ ਆਈਲੈਟਸ ਸੈਂਟਰ ਖੋਲ੍ਹ ਕੇ ਉਹਨਾਂ ਨੂੰ ਵਿਦੇਸ਼ਾਂ ਵਲ ਭਜਾਉਣ ਲਈ ਕਾਹਲੀ ਹੈ ਤਾਂ ਕਿ ਉਹ ਪੰਜਾਬ ਵਿੱਚ ਰਹਿ ਕੇ ਰੋਜ਼ਗਾਰ ਦੀ ਮੰਗ ਹੀ ਨਾ ਕਰ ਸਕਣ। ਇੱਕ ਪਾਰਟੀ ਦਾ ਤਾਂ ਚੋਣ ਵਾਅਦਾ ਹੀ ਇਹ ਸੀ ਕਿ ਪੰਜਾਬੀਆਂ ਨੂੰ ਕਨੇਡਾ ਵਿੱਚ ਜ਼ਮੀਨ ਖਰੀਦ ਕੇ ਦਿੱਤੀ ਜਾਵੇਗੀ। ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ, ਪੰਜਾਬ ਦੀ ਹੀ ਜ਼ਮੀਨ, ਪਾਣੀ ਅਤੇ ਜਵਾਨੀ ਬਚਾਉਣ ਦੀ ਲੋੜ ਹੈ।
ਪੰਜਾਬ ਦੇ ਲੋਕ, ਖਾਸ ਤੌਰ ਤੇ ਸਿੱਖ ਤੰਬਾਕੂ ਨੂੰ ਨਫਰਤ ਕਰਦੇ ਰਹੇ ਹਨ। ਅੱਸੀਵੇਂ ਦੇ ਦਹਾਕੇ ਦੇ ਅਖੌਤੀ ਸੱਭਿਆਚਾਰ ਨੇ ਟੇਪ ਰਿਕਾਰਡਾਂ ਦੇ ਗੀਤਾਂ ਰਾਹੀਂ ਤੰਬਾਕੂ ਅਤੇ ਅਫੀਮ ਘਰ ਘਰ ਵਾੜ ਦਿੱਤੀ। ਸ਼ੁਕਰ ਹੈ ਸਰਕਾਰ ਨੂੰ ਸਮਝ ਤਾਂ ਆਈ ਕਿ ਤੰਬਾਕੂ ਸਿਹਤ ਲਈ ਹਾਨੀਕਾਰਕ ਹੈ। ਅਫੀਮ ਦੀਆਂ ਸਿਫਤਾਂ ਅੱਜ ਵੀ ਕੀਤੀਆਂ ਜਾਂਦੀਆਂ ਹਨ।
ਮੌਜੂਦਾ ਨਸ਼ੇ ਦੀ ਭੈੜੀ ਲਤ ਲੰਮੇ ਸਮੇਂ ਤੋਂ ਪੰਜਾਬ ਨੂੰ ਨਸ਼ੇੜੀ ਬਣਾਉਣ ਦੀਆਂ ਕੋਝੀਆਂ ਚਾਲਾਂ ਦਾ ਸਿੱਟਾ ਹੈ। ਸੱਭਿਆਚਾਰ ਦੇ ਨਾਮ ਉੱਤੇ ਪੰਜਾਬੀਆਂ ਦੇ ਸ਼ਾਨਮੱਤੇ ਇਤਿਹਾਸ ਦੀ ਥਾਂ ਮਿਰਜਾ ਸਾਹਿਬਾਂ, ਸੱਸੀ ਪੁਨੂੰ, ਹੀਰ ਰਾਂਝਾ, ਸਕੂਲੀ ਸਿੱਖਿਆ ਤੋਂ ਪੜ੍ਹਾ ਕੇ ਪੰਜਾਬੀ ਨੀ ਜਵਾਨੀ ਨੂੰ ਕੋਝੇ ਪਾਸੇ ਲਾਉਣ ਦੀ ਕਸਰ ਬਾਕੀ ਨਹੀਂ ਛੱਡੀ ਗਈ। ਸ਼ਾਇਦ ਸਰਕਾਰਾਂ ਪੰਜਾਬੀ ਜਵਾਨੀ ਨੂੰ ਆਸ਼ਕ ਮਿਜਾਜ਼ ਹੀ ਵੇਖਣਾ ਚਾਹੁੰਦੀਆਂ ਹਨ ਕਿਉਂ ਜੋ ਬਹਾਦਰ ਪੰਜਾਬੀ ਆਪਣੇ ਬਜ਼ੁਰਗਾਂ ਦੇ ਇਤਿਹਾਸ ਤੋਂ ਜਾਣੂ ਹੋ ਕੇ ਸਰਕਾਰਾਂ ਲਈ ਖਤਰਾ ਨਾ ਬਣਨ। ਸਿੱਖਿਆ ਦੇ ਖੇਤਰ ਵਿੱਚ ਅੱਜ ਵੀ ਇਸ਼ਕ ਮਿਜਾਜ਼ੀ ਕਿੱਸੇ ਜ਼ੋਰ ਸ਼ੋਰ ਨਾਲ ਪੜ੍ਹਾਏ ਜਾਂਦੇ ਹਨ। ਅਖੌਤੀ ਸੱਭਿਆਚਾਰ ਦੇ ਨਾਮ ਉੱਤੇ ਪਹਿਲਾਂ ਅੰਗਰੇਜ਼ਾਂ ਨੇ ਪੰਜਾਬੀਆਂ ਦੀ ਧਾਰਮਿਕ ਬਿਰਤੀ ਦਾ ਨਜਾਇਜ਼ ਫਾਇਦਾ ਉਠਾਇਆ ਅਤੇ ਡੇਰਿਆਂ ਨੂੰ ਜਮੀਨਾਂ ਅਲਾਟ ਕੀਤੀਆਂ। ਵੱਧ ਤੋਂ ਵੱਧ ਸਾਧ ਪੈਦਾ ਕੀਤੇ ਜੋ ਕਿ ਅੱਜ ਤੱਕ ਦੀਆਂ ਸਰਕਾਰਾਂ ਵੀ ਅੰਗਰੇਜ਼ਾਂ ਦੀ ਵਿਰਾਸਤ ਨੂੰ ਰਾਜ ਭਾਗ ਕਾਇਮ ਰੱਖਣ ਲਈ ਜਾਰੀ ਰੱਖ ਰਹੀਆਂ ਹਨ।
ਪੰਜਾਬ ਨੂੰ ਨਸ਼ਿਆਂ ਦੇ ਦਲਦਲ ਵਿੱਚ ਧਕੇਲ ਦਿੱਤਾ ਗਿਆ ਹੈ ਤਾਂ ਜੋ ਪੰਜਾਬੀ ਜਵਾਨੀ ਹੱਕ ਨਾ ਮੰਗੇ, ਨਸ਼ੇੜੀ ਜਵਾਨੀ ਨੂੰ ਸਾਂਭਦਾ ਬਾਕੀ ਪੰਜਾਬ ਹੱਕਾਂ ਵੱਲ ਧਿਆਨ ਦੇਣ ਤੋਂ ਵਾਂਝਾ ਰਹੇ। ਪੰਜਾਬ ਦੀ ਜਵਾਨੀ ਨੂੰ ਨਸ਼ੇ ਉੱਤੇ ਲਾ ਕੇ ਸਿਆਸੀ ਦਲ ਪਿਛਲੱਗੂ ਫੌਜ ਤਿਆਰ ਕਰ ਰਹੇ ਹਨ। ਡਿਕਲੋਫੈਨਿਕ ਵਰਗੀਆਂ ਸਿਹਤ ਨਾਸ਼ਕ ਦਵਾਈਆਂ ਦੀ ਪੰਜਾਬ ਵਿੱਚ ਭਾਰੀ ਖਪਤ ਹੈ ਜੋ ਬਗੈਰ ਡਾਕਟਰੀ ਸਲਾਹ ਦੇ ਅਸਾਨੀ ਨਾਲ ਹਾਸਲ ਹੋ ਜਾਂਦੀ ਹੈ। ਇਹ ਉਹੀ ਦਵਾਈ ਹੈ ਜੋ ਪਸ਼ੂਆਂ ਨੂੰ ਦੇਣ ’ਤੇ ਉਹਨਾਂ ਦੇ ਸ਼ਰੀਰ ਵਿੱਚੋਂ ਜਾਂਦੀ ਨਹੀਂ ਸੀ, ਫਿਰ ਉਹਨਾਂ ਪਸ਼ੂਆਂ ਦਾ ਮੁਰਦਾਰ ਖਾਣ ਕਾਰਨ ਇੱਲਾਂ ਬੀਮਾਰੀ ਗ੍ਰਸਤ ਹੋ ਕੇ ਮਰ ਗਈਆਂ। ਕਮਾਲ ਦੀ ਗੱਲ ਇਹ ਹੈ ਕਿ ਇਹ ਦਵਾਈ ਪਸ਼ੂਆਂ ਨੂੰ ਦੇਣ ਉੱਤੇ ਤਾਂ ਪਾਬੰਦੀ ਹੈ ਪਰ ਇਨਸਾਨ ਲੈ ਸਕਦਾ ਹੈ। ਅਮਰੀਕਾ ਵਿੱਚ ਇਹ ਦਵਾਈ ਬੈਨ ਕੀਤੀ ਹੋਈ ਹੈ ਪਰ ਉਹਨਾਂ ਕੋਲ ਭਾਰਤ ਦੀ ਮੰਡੀ ਸਪਲਾਈ ਕਰਨ ਵਾਸਤੇ ਹੈ।
ਭਾਰਤ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਟੈਕਸ ਫਰੀ ਜੋਨ ਘੋਸ਼ਿਤ ਕੀਤਾ ਹੋਇਆ ਹੈ, ਜਿੱਥੇ ਸਾਰੀ ਇੰਡਸਟਰੀ ਤਬਦੀਲ ਹੋ ਕੇ ਜਾ ਰਹੀ ਹੈ ਅਤੇ ਹਰਿਆਣਾ ਅਤੇ ਪੰਜਾਬ ਦੀਆਂ ਨਦੀਆਂ ਹਿਮਾਚਲ ਪ੍ਰਦੇਸ਼ ਦੀ ਇੰਡਸਟਰੀ ਦਾ ਪ੍ਰਦੂਸ਼ਨ ਸਾਂਭ ਰਹੀਆਂ ਹਨ। ਪੰਜਾਬ ਦਾ ਕੋਈ ਵੀ ਦਰਿਆ ਜਾਂ ਨਦੀ ਸਾਫ ਪਾਣੀ ਉਪਲਬਧ ਨਹੀਂ ਕਰਵਾਉਂਦੀ। ਸਰਕਾਰਾਂ ਦੀ ਸੋਚ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਹੈ। ਆਮ ਇਨਸਾਨ ਵੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਉੱਚੀ ਜਗ੍ਹਾ ਤੋਂ ਇਡਸਟਰੀ ਕਚਰਾ ਮੈਦਾਨਾਂ ਵਲ ਹੀ ਵਧੇਗਾ ਤੇ ਸਮੱਸਿਆ ਖੜ੍ਹੀ ਕਰੇਗਾ। ਰਾਜਸਥਾਨ ਕੋਲ ਗੈਰ ਉਪਜਾਊ ਜਮੀਨ ਦੀ ਬਹੁਤਾਤ ਹੈ, ਜਿੱਥੇ ਇੰਡਸਟਰੀ ਲਗਾ ਕੇ ਪੰਜਾਬ ਅਤੇ ਹਰਿਆਣਾ ਬਚਾਏ ਜਾ ਸਕਦੇ ਹਨ। ਨਦੀਆਂ ਦੀ ਸਫਾਈ ਦੀ ਬਜਾਏ ਵਿੱਚ ਇੰਡਸਟਰੀ ਨੂੰ ਸੁੱਟਿਆ ਜਾਣ ਵਾਲਾ ਕੈਮੀਕਲ ਯੁਕਤ ਪਾਣੀ ਸਾਫ ਕਰਨ ਲਈ ਪਾਬੰਦ ਕੀਤਾ ਜਾ ਸਕਦਾ ਹੈ। ਪੰਜਾਬੀਆਂ ਨੂੰ ਆਪਣੀ ਜਵਾਨੀ, ਪਾਣੀ ਅਤੇ ਜ਼ਮੀਨ ਬਚਾਉਣ ਲਈ ਅਗੇਤੀ ਤਿਆਰੀ ਕਰ ਲੈਣੀ ਚਾਹੀਦੀ ਹੈ। ਨਹੀਂ ਤਾਂ ਬਾਅਦ ਵਿੱਚ ਸਿਵਾਏ ਪਛਤਾਵੇ ਦੇ ਕੁਝ ਹੱਥ ਪੱਲੇ ਨਹੀਂ ਪੈਣਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1701)
(ਸਰੋਕਾਰ ਨਾਲ ਸੰਪਰਕ ਲਈ: