“ਜਵਾਨ ਬੱਚੇ ਉਹਨਾਂ ਤੀਹ ਕਿੱਲਿਆਂ ਦਾ ਹਿਸਾਬ ਕਿਤਾਬ ਡਾਲਰਾਂ ਵਿੱਚ ਲਗਾਉਣ ਲੱਗਦੇ ...”
(30 ਸਤੰਬਰ 2021)
ਸਵੇਰਸਾਰ ਅਜੇ ਮੈਂ ਆਪਣੇ ਚੈਂਬਰ ਵਿੱਚ ਬੈਠਾ ਕੁਝ ਘੱਟ ਕੰਮ ਵਾਲ਼ੀਆਂ ਫਾਇਲਾਂ ’ਤੇ ਸਰਸਰੀ ਜਿਹਾ ਧਿਆਨ ਮਾਰ ਰਿਹਾ ਸੀ, ਇੱਕ ਵਧੀਆ ਸੂਟ ਬੂਟ ਵਾਲੇ ਬੰਦੇ ਨੇ ਆ ਕੇ ਸਤਿ ਸ੍ਰੀ ਅਕਾਲ ਬੁਲਾਈ। ਰਸਮੀ ਗੱਲਬਾਤ ਤੋਂ ਬਾਅਦ ਉਸ ਨੇ ਆਪਣੀ ਪੂਰੀ ਦਰਦ ਕਹਾਣੀ ਬਿਆਨ ਕੀਤੀ, ਜਿਸ ਨੂੰ ਸੁਣ ਕੇ ਮੈਨੂੰ ਬਹੁਤ ਦੁੱਖ ਮਹਿਸੂਸ ਹੋਇਆ। ਉਹ ਮੇਰੇ ਕੋਲੋਂ ਵਕਤ ਲੈ ਕੇ ਮੈਂਨੂੰ ਮਿਲਣ ਆਇਆ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਖੁਸ਼ਗਵਾਰ, ਮੋਹ ਭਿੱਜੇ ਤੇ ਕੜਵਾਹਟ ਵਾਲੇ ਰਿਸ਼ਤੇ ਅੱਖੀਂ ਦੇਖੇ ਹਨ ਪਰ ਉਸ ਵਿਅਕਤੀ ਦੀ ਕਹਾਣੀ ਰਿਸ਼ਤਿਆਂ ਵਿੱਚ ਲਾਲਚ ਦੀ ਨਵੇਕਲੀ ਉਦਾਹਰਣ ਸੀ।
ਜਸਵੀਰ ਸਿੰਘ (ਫਰਜ਼ੀ ਨਾਮ) ਬਹੁਤ ਸਾਰੇ ਪਾਪੜ ਵੇਲ ਕੇ ਪੰਜਾਬ ਦੇ ਮਾਹੌਲ ਤੋਂ ਡਰਦਾ ਅਮਰੀਕਾ ਚਲਾ ਗਿਆ ਸੀ। ਅਮਰੀਕਾ ਜਾ ਕੇ ਉਸ ਨੇ ਰਾਜਨੀਤਿਕ ਸ਼ਰਨ ਲਈ ਸੀ। ਪੰਜਾਬ ਵਿੱਚ ਉਸ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਸੀ ਬਲਕਿ ਮਾੜੇ ਮਾਹੌਲ ਦਾ ਫ਼ਾਇਦਾ ਚੁੱਕਦਿਆਂ ਸੁਨਹਿਰੇ ਭਵਿੱਖ ਲਈ ਵਿਦੇਸ਼ ਚਲਾ ਗਿਆ ਸੀ। ਸਾਰੀਆਂ ਪੁਲਿਸ ਦੀਆਂ ਪੜਤਾਲਾਂ ਜਿਵੇਂ ਤਿਵੇਂ ਅਮਰੀਕਾ ਵਿੱਚ ਜ਼ਰੂਰਤ ਅਨੁਸਾਰ ਅਫਸਰਾਂ ਪਾਸੋਂ ਤਿਆਰ ਕਰਵਾ ਕੇ ਉਸ ਦੇ ਪਰਿਵਾਰ ਨੇ ਭੇਜੀਆਂ ਸਨ। ਜਸਵੀਰ ਨੇ ਅਮਰੀਕਾ ਵਿੱਚ ਹੱਡ ਭੰਨਵੀਂ ਮਿਹਨਤ ਕਰਕੇ ਗਰੀਨ ਕਾਰਡ ਲੈ ਲਿਆ। ਉੱਥੇ ਹੀ ਵਿਆਹ ਕਰਵਾ ਲਿਆ ਤੇ ਦੋ ਬੱਚੇ ਵੀ ਹੋ ਗਏ। ਉਸ ਉੱਪਰ ਉਸ ਦੇ ਭਰਾਵਾਂ ਦਾ ਹਮੇਸ਼ਾ ਪੈਸੇ ਭੇਜਣ ਲਈ ਦਬਾਅ ਬਣਿਆ ਰਹਿੰਦਾ। ਕੋਈ ਜ਼ਮੀਨ ਖਰੀਦਣੀ ਹੁੰਦੀ ਜਾਂ ਕਿਸੇ ਦਾ ਵਿਆਹ ਹੁੰਦਾ, ਜਸਵੀਰ ਵਿਦੇਸ਼ ਵਿੱਚ ਕਰਜ਼ਾ ਚੁੱਕ ਕੇ ਵੀ ਪੈਸੇ ਭੇਜਦਾ ਰਿਹਾ। ਜਸਵੀਰ ਦੇ ਦੋਵਾਂ ਭਰਾਵਾਂ ਨੇ ਮਹਿਲ ਨੁਮਾ ਕੋਠੀਆਂ ਉਸਾਰ ਲਈਆਂ। ਉਹ ਦੋ ਕੋਠੀਆਂ ਸਿਰਫ ਦੋ ਪਰਿਵਾਰਾਂ ਨੂੰ ਮੁੱਖ ਰੱਖ ਕੇ ਬਣਾਈਆਂ ਗਈਆਂ ਸਨ। ਜਸਵੀਰ ਬਾਰੇ ਇਹ ਕਿਹਾ ਜਾਂਦਾ ਰਿਹਾ ਕਿ ਉਹਨੇ ਕਿਹੜਾ ਇੱਥੇ ਰਹਿਣਾ ਹੈ। ਜਸਵੀਰ ਦਾ ਪਰਿਵਾਰ, ਜਿਹੜਾ ਦਸ ਏਕੜ ਜ਼ਮੀਨ ਦਾ ਮਾਲਕ ਹੁੰਦਾ ਸੀ, ਹੁਣ ਨੱਬੇ ਏਕੜ ਦਾ ਮਾਲਕ ਬਣ ਚੁੱਕਾ ਸੀ। ਜਸਵੀਰ ਨੇ ਵਿਦੇਸ਼ ਵਿੱਚ ਕੋਈ ਜਾਇਦਾਦ ਨਹੀਂ ਬਣਾਈ, ਹਮੇਸ਼ਾ ਕਿਰਾਏ ਉੱਪਰ ਰਹਿੰਦਾ ਰਿਹਾ। ਬਲਕਿ ਜ਼ਿੰਦਗੀ ਦੀ ਅਹਿਮ ਕਮਾਈ ਆਪਣੇ ਭਰਾਵਾਂ ਪਾਸ ਭੇਜ ਕੇ ਪੂਰੇ ਪਰਿਵਾਰ ਲਈ ਜਾਇਦਾਦ ਬਣਾਉਂਦਾ ਰਿਹਾ।
ਹਰ ਸਾਲ ਕਦੇ ਉਹ ਇਕੱਲਾ, ਕਦੇ ਪਰਿਵਾਰ ਨਾਲ ਵਾਪਸ ਆ ਕੇ ਖੁਸ਼ਨੁਮਾ ਮਾਹੌਲ ਵਿੱਚ ਰਹਿ ਕੇ ਜਾਂਦਾ। ਵਾਪਸੀ ਸਮੇਂ ਉਸ ਦਾ ਦਿਲ ਨਾ ਕਰਦਾ ਕਿ ਉਹ ਵਾਪਸ ਜਾਵੇ। ਜਦੋਂ ਜਸਵੀਰ ਦੇ ਬੱਚੇ ਜਵਾਨ ਹੋ ਗਏ, ਉਹ ਆਪਣੇ ਪਿਤਾ ਨੂੰ ਉਸ ਦੀ ਕਮਾਈ, ਜਾਇਦਾਦ ਬਾਰੇ ਪੁੱਛਣ ਲੱਗੇ। ਜਵਾਬ ਵਿੱਚ ਜਸਵੀਰ ਆਪਣੇ ਦੋਵਾਂ ਬੱਚਿਆਂ ਨੂੰ ਦੱਸਦਾ ਕਿ ਉਹਨਾਂ ਪਾਸ ਪੰਜਾਬ ਵਿੱਚ ਤੀਹ ਕਿੱਲੇ ਜ਼ਮੀਨ ਹੈ। ਜਵਾਨ ਬੱਚੇ ਉਹਨਾਂ ਤੀਹ ਕਿੱਲਿਆਂ ਦਾ ਹਿਸਾਬ ਕਿਤਾਬ ਡਾਲਰਾਂ ਵਿੱਚ ਲਗਾਉਣ ਲੱਗਦੇ ਅਤੇ ਉਨ੍ਹਾਂ ਡਾਲਰਾਂ ਨੂੰ ਅਮਰੀਕਾ ਵਿੱਚ ਨਿਵੇਸ਼ ਕਰਨ ਦੀਆਂ ਗੱਲਾਂ ਕਰਨ ਲੱਗਦੇ। ਪਰ ਜਸਵੀਰ ਜ਼ਮੀਨ ਵੇਚਣ ਨੂੰ ਮੌਤ ਸਮਾਨ ਸਮਝਦਾ ਤੇ ਬੱਚਿਆਂ ਨੂੰ ਕਹਿੰਦਾ ਕਿ ਉਸ ਦੇ ਮਰਨ ਮਗਰੋਂ ਜੋ ਮਰਜ਼ੀ ਕਰਨ। ਜਸਵੀਰ ਦੀ ਪਤਨੀ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਜਸਵੀਰ ਦਾ ਦਿਲ ਕੀਤਾ ਕਿ ਉਹ ਵਾਪਸ ਪੰਜਾਬ ਆ ਕੇ ਰਹੇ ਤੇ ਆਪਣੀ ਆਖਰੀ ਉਮਰ ਆਪਣੇ ਪਰਿਵਾਰ ਅਤੇ ਪਿੰਡ ਵਿੱਚ ਬਤੀਤ ਕਰੇ। ਜਸਵੀਰ ਦੇ ਬੱਚੇ ਆਪੋ ਆਪਣੇ ਕਾਰੋਬਾਰਾਂ ਵਿੱਚ ਰੁੱਝ ਗਏ ਸਨ, ਉਹਨਾਂ ਦੇ ਵਿਆਹ ਹੋ ਚੁੱਕੇ ਸਨ। ਮੈਂਨੂੰ ਜਸਵੀਰ ਦੀ ਕਹਾਣੀ ਡਾਕਟਰ ਆਤਮਜੀਤ ਦੇ ਨਾਟਕ ‘ਕੈਮਲੂਪਸ ਦੀਆਂ ਮੱਛੀਆਂ’ ਵਾਂਗ ਜਾਪੀ।
ਮੇਰੇ ਕੋਲ ਆਉਣ ਤੋਂ ਛੇ ਮਹੀਨੇ ਪਹਿਲਾਂ ਜਸਵੀਰ ਭਾਰਤ ਆਇਆ ਸੀ। ਉਸ ਦੇ ਪਰਿਵਾਰ ਨੇ ਇੱਕ ਦੋ ਮਹੀਨੇ ਉਸ ਨੂੰ ਹੱਥਾਂ ’ਤੇ ਚੁੱਕੀ ਰੱਖਿਆ। ਫਿਰ ਜਦੋਂ ਜਸਵੀਰ ਨੇ ਸਦਾ ਇੱਥੇ ਰਹਿਣ ਵਾਲਾ ਆਪਣਾ ਇਰਾਦਾ ਜ਼ਾਹਰ ਕੀਤਾ ਤਾਂ ਪਰਿਵਾਰ ਦੇ ਹਾਲਾਤ ਹੀ ਬਦਲ ਗਏ। ਉਹ ਆਪਣੇ ਭਰਾਵਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਦੇ ਠੇਕੇ ਬਾਰੇ ਕਹਿਣ ਲੱਗਾ ਤਾਂ ਉਹਦੇ ਭਰਾ ਕਹਿਣ ਲੱਗੇ ਕਿ ਤੂੰ ਕਿਹੜਾ ਹਲ ਵਾਹੁੰਦਾ ਰਿਹਾ ਹੈਂ, ਜ਼ਮੀਨ ਤਾਂ ਸਾਰੀ ਅਸੀਂ ਬਣਾਈ ਹੈ।
ਜਸਵੀਰ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਨ ਲੱਗਾ। ਉਸ ਦੇ ਭਰਾ ਉਸ ਨੂੰ ਸਿਰਫ ਪੁਸ਼ਤੈਨੀ ਜ਼ਮੀਨ ਦੇ ਹਿੱਸੇ ਵਿੱਚੋਂ ਸਵਾ ਤਿੰਨ ਕਿੱਲੇ ਦੇਣ ਲਈ ਤਿਆਰ ਸਨ ਪਰ ਉਹ ਕਹਿੰਦਾ ਸੀ ਕਿ ਉਸ ਦਾ ਤਾਂ ਹਿੱਸਾ ਤੀਹ ਕਿੱਲੇ ਬਣਦੀ ਹੈ। ਆਖਰ ਉਸ ਨੇ ਮਾਲ ਰਿਕਾਰਡ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਭਰਾਵਾਂ ਨੇ ਉਸ ਦੇ ਅਮਰੀਕਾ ਹੁੰਦਿਆਂ ਜੋ ਜ਼ਮੀਨ ਖਰੀਦੀ ਸੀ, ਉਹ ਆਪਣੇ ਨਾਮ ਹੀ ਕਰਵਾ ਲਈ ਸੀ। ਜਸਵੀਰ ਦਾ ਮਾਲ ਰਿਕਾਰਡ ਵਿੱਚ ਸਿਰਫ ਦਸ ਕਿੱਲਿਆਂ ਵਿੱਚ ਤੀਜਾ ਹਿੱਸਾ ਬੋਲਦਾ ਸੀ। ਉਹ ਆਪਣੀ ਕਹਾਣੀ ਸੁਣਾਉਂਦਿਆਂ ਕਈ ਵਾਰ ਰੋਇਆ ਤੇ ਕਈ ਵਾਰ ਪਾਗਲਾਂ ਵਾਂਗ ਵਾਰ ਵਾਰ ਗੱਲ ਦੁਹਰਾਉਣ ਲੱਗਦਾ। ਹੁਣ ਉਹ ਆਪਣੇ ਬੱਚਿਆਂ ਨੂੰ ਵੀ ਕੁਝ ਦੱਸਣ ਜੋਗਾ ਨਹੀਂ ਸੀ। ਗੱਲ ਕਰਦਾ ਕਰਦਾ ਉਹ ਆਪਣੇ ਆਪ ਨੂੰ ਕੋਸਣ ਲੱਗ ਪੈਂਦਾ। ਕਦੀ ਕਦੀ ਗੱਲ ਕਰਦਾ ਕਰਦਾ ਬਿਲਕੁਲ ਚੁੱਪ ਕਰ ਜਾਂਦਾ। ਇੰਝ ਲੱਗਦਾ ਜਿਵੇਂ ਉਹ ਚੰਗੇ ਦਿਨਾਂ ਨੂੰ ਯਾਦ ਕਰ ਰਿਹਾ ਹੋਵੇ।
ਮੈਂਨੂੰ ਜਸਵੀਰ ਸਾਰਾ ਮਾਲ ਰਿਕਾਰਡ ਘੋਖਣ ਲਈ ਵਾਰ ਵਾਰ ਕਹਿੰਦਾ। ਅਖਬਾਰ ਵਿੱਚ ਮੇਰੇ ਵੱਲੋਂ ਲਿਖੇ ਹੋਏ ਪਹਿਲਾਂ ਵਾਲੇ ਲੇਖਾਂ ਤੋਂ ਪ੍ਰਭਾਵਿਤ ਹੋ ਕੇ ਉਹ ਮੈਂਨੂੰ ਡੇਢ ਸੌ ਕਿਲੋਮੀਟਰ ਤੋਂ ਮਿਲਣ ਆਇਆ ਸੀ। ਉਸ ਨੂੰ ਮਾਲ ਰਿਕਾਰਡ ਨਾਲ਼ੋਂ ਆਪਣੇ ਪਰਿਵਾਰ ਉੱਤੇ ਜ਼ਿਆਦਾ ਭਰੋਸਾ ਸੀ। ਉਸ ਦੀ ਕੋਈ ਮਦਦ ਨਹੀਂ ਕੀਤੀ ਜਾ ਸਕੀ, ਕਿਉਂਕਿ ਕੁਝ ਹਾਸਲ ਕਰਨ ਲਈ ਮਾਲ ਰਿਕਾਰਡ ਵਿੱਚ ਉਸ ਦੀ ਮਾਲਕੀ ਦਾ ਇੰਦਰਾਜ ਹੋਣਾ ਜ਼ਰੂਰੀ ਸੀ। ਮੈਂ ਉਸ ਨੂੰ ਇਹ ਵੀ ਦੱਸਿਆ ਕਿ ਜੇ ਨਿਯਮਾਂ ਅਨੁਸਾਰ ਉਹ ਸਵਾ ਤਿੰਨ ਕਿੱਲਿਆਂ ਦਾ ਕਬਜ਼ਾ ਲੈਣਾ ਚਾਹੇ ਤਾਂ ਉਸ ਦੀ ਜ਼ਿੰਦਗੀ ਵਿੱਚ ਇਹ ਸੰਭਵ ਨਹੀਂ। ਇਸ ਲਈ ਉਹ ਸਵਾ ਤਿੰਨ ਕਿੱਲੇ ਸਹਿਮਤੀ ਨਾਲ ਹੀ ਲੈ ਲਵੇ। ਉਹ ਬਹੁਤ ਨਿਰਾਸ਼ ਹੋ ਕੇ ਮੇਰੇ ਕੋਲੋਂ ਗਿਆ। ਸ਼ਾਇਦ ਉਸ ਨੇ ਪਹਿਲਾਂ ਵੀ ਕਈ ਵਕੀਲਾਂ ਨਾਲ ਮਸ਼ਵਰਾ ਕੀਤਾ ਹੋਵੇ। ਉਹ ਕਈ ਵਾਰ ਮੈਂਨੂੰ ਫ਼ੋਨ ਕਰਦਾ ਰਿਹਾ।
ਇੱਕ ਦਿਨ ਜਸਵੀਰ ਨੇ ਦੱਸਿਆ ਕਿ ਉਹ ਵਾਪਸ ਜਾ ਰਿਹਾ ਹੈ ਅਤੇ ਬਿਲਕੁਲ ਖਾਲ਼ੀ ਹੱਥ। ਮੈਂਨੂੰ ਉਸ ਨੇ ਇਹ ਵੀ ਕਿਹਾ ਕਿ ਜਦੋਂ ਉਹ ਫਿਰ ਭਾਰਤ ਵਾਪਸ ਆਇਆ ਤਾਂ ਆਪਣੀ ਜ਼ਮੀਨ ਕਿਸੇ ਸਕੂਲ ਨੂੰ ਦਾਨ ਕਰ ਜਾਵੇਗਾ। ਉਹ ਵਾਪਸ ਜਾ ਕੇ ਵੀ ਫ਼ੋਨ ਕਰਦਾ ਰਿਹਾ।
ਪਿਛਲੇ ਦੋ ਸਾਲ ਤੋਂ ਮੇਰਾ ਜਸਵੀਰ ਨਾਲ ਸੰਪਰਕ ਨਹੀਂ ਹੋ ਸਕਿਆ। ਹੁਣ ਮੇਰੇ ਕੋਲ ਉਸ ਦਾ ਕੋਈ ਸੰਪਰਕ ਨਹੀਂ ਹੈ। ਦੁਨਿਆਵੀ ਅਦਾਲਤਾਂ ਵਿੱਚ ਉਹ ਬੰਦਾ ਕਿਸੇ ਵੀ ਕੀਮਤ ’ਤੇ ਇਨਸਾਫ ਹਾਸਲ ਨਹੀਂ ਕਰ ਸਕਦਾ ਸੀ। ਉਸ ਦੇ ਆਪਣੇ ਭਰਾਵਾਂ ਨੇ ਉਸ ਦਾ ਵਿਸ਼ਵਾਸ ਤੋੜ ਕੇ ਉਸ ਨੂੰ ਮਧੋਲ ਸੁੱਟਿਆ ਸੀ। ਆਪਣੇ ਵਤਨ ਵੱਲ ਉਹ ਭੱਜ ਭੱਜ ਆਉਂਦਾ ਰਿਹਾ ਪਰ ਸ਼ਾਇਦ ਉਹ ਹੁਣ ਕਦੇ ਵੀ ਵਾਪਸ ਨਾ ਆਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3045)
(ਸਰੋਕਾਰ ਨਾਲ ਸੰਪਰਕ ਲਈ: