“ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਦੂਜਿਆਂ ਨਾਲ ਉਹੋ ਜਿਹਾ ਵਿਵਹਾਰ ਕਰੋ, ਜਿਹੋ ਜਿਹਾ ...”
(30 ਅਗਸਤ 2023)
ਪੰਜਾਬੀ ਦਾ ਇੱਕ ਨਾਮ ਹੈ ਵੀਰਪਾਲ ਕੌਰ। ਨਾਮ ਦੀ ਮਨਸ਼ਾ ਸਾਫ ਜਾਹਰ ਹੈ। ਪਰ ਕਦੇ ਕਿਸੇ ਨੇ ਭੈਣਪਾਲ ਸਿੰਘ ਨਾਮ ਸੁਣਿਆ ਹੈ?
ਮੁਸਲਿਮ ਨਾਮ ਹੈ ਅੱਲਾਦਿੱਤਾ, ਕਦੇ ਕਿਸੇ ਨੇ ਅੱਲਾਦਿੱਤੀ ਨਾਮ ਸੁਣਿਆ ਹੈ?
ਕਦੇ ਕਿਸੇ ਨੇ ਸੋਚਿਆ ਹੈ ਕਿ ਗੁਰਦੁਆਰਿਆਂ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਤੇ ਪੁੱਤਰਾਂ ਲਈ ਹੀ ਕਿਉਂ ਸੁੱਖਾਂ ਸੁੱਖੀਆਂ ਜਾਂਦੇ ਹਨ? ਕਹਿਣ ਨੂੰ ਹੀ ਲੜਕੇ-ਲੜਕੀ ਵਿੱਚ ਫਰਕ ਨਹੀਂ, ਪਰ ਫਰਕ ਬਹੁਤ ਹੈ। ਕਾਨੂੰਨ ਵਿੱਚ ਬਰਾਬਰੀ ਕਰਨ ਨਾਲ ਕੁਝ ਨਤੀਜਾ ਨਹੀਂ ਨਿਕਲਦਾ। ਦੋਸ਼ ਸਾਡੀ ਮਾਨਸਿਕਤਾ ਦਾ ਹੈ। ਜਿਸ ਵਕਤ ਜਵਾਨ ਉਮਰ ਵਿੱਚ ਸਾਡੀਆਂ ਕੌਮਾਂ ਦੀਆਂ ਬਹਾਦਰ ਇਸਤਰੀਆਂ ਦੀਆਂ ਕਹਾਣੀਆਂ ਸੁਣਾਈਆਂ ਜਾਣੀਆਂ ਚਾਹੀਦੀਆਂ ਸਨ, ਉਸ ਵਕਤ ਛੋਟੀ ਉਮਰ ਵਿੱਚ ਹੀ ਸਕੂਲਾਂ ਵਿੱਚ ਸੱਸੀ-ਪੁਨੂੰ,ਹੀਰ-ਰਾਂਝਾ,ਮਿਰਜਾ-ਸਹਿਬਾਂ, ਇਸ਼ਕ ਮੁਹੱਬਤ ਦੇ ਕਿੱਸੇ ਦਿਮਾਗ ’ਤੇ ਡੂੰਘੀ ਛਾਪ ਛੱਡ ਜਾਂਦੇ ਹਨ। ਹਰ ਕੋਈ ਮਿਰਜਾ, ਪੁਨੂੰ, ਰਾਂਝਾ, ਬਣਨਾ ਚਾਹੁੰਦਾ ਹੈ ਪਰ ਹੀਰ, ਸੱਸੀ, ਸਹਿਬਾਂ ਕੋਈ ਜੰਮਣੀ ਨਹੀਂ ਚਾਹੁੰਦਾ। ਸਾਰਾ ਦੋਸ਼ ਸਾਡੇ ਸਿਲੇਬਸ ਛਾਪਣ ਵਾਲਿਆਂ ਦੀ ਮਾਨਸਿਕਤਾ ਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਭੈਣ ਸੱਚੇ ਸੁੱਚੇ ਚਰਿੱਤਰ ਅਤੇ ਹਰ ਪੱਖ ਤੋਂ ਸੰਪੂਰਨ ਆਦਰਸ਼ਵਾਦੀ ਹੋਵੇ ਪਰ ਦੂਜੇ ਦੀ ਭੈਣ ਸੱਸੀ,ਸਹਿਬਾਂ,ਜਾਂ ਹੀਰ ਹੋਵੇ। ਜੇ ਰਾਂਝੇ ਸਮਾਜ ਵਿੱਚ ਬਣੋਗੇ ਤਾਂ ਹੀਰਾਂ ਤਾਂ ਪੈਦਾ ਹੋਣਗੀਆਂ ਹੀ, ਕਿਉਂ ਜੋ ਰਾਂਝਿਆਂ ਨੂੰ ਲੋੜ ਹੀਰਾਂ ਦੀ ਹੈ।
ਅਜਿਹਾ ਨਹੀਂ ਕਿ ਸਾਡਾ ਅਤੀਤ ਸਾਨੂੰ ਸਿੱਖਿਆ ਨਹੀਂ ਦਿੰਦਾ ਪਰ ਇਸ ਨੂੰ ਗੰਧਲਾ ਕਰਨ ਦੀ ਕੋਸ਼ਿਸ ਨਿਰੰਤਰ ਜਾਰੀ ਹੈ। ਅਕਸਰ ਵਡੇਰਿਆਂ ਤੋਂ ਜਵਾਨ ਪੁੱਤਰਾਂ ਨੂੰ ਸਿੱਖਿਆ ਦੇਣ ਸਮੇਂ ਸੁਣਿਆ ਹੋਵੇਗਾ ਕਿ ,“ਆਪਣੇ ਘਰ ਭੈਣ ਹੈ”। ਅਜਿਹੇ ਨਿੱਗਰ ਸਮਾਜ ਵਿੱਚ ਬਹੁਤ ਕੁਝ ਗਲਤ ਕਰਨ ਵਿੱਚ ਸਰਕਾਰਾਂ ਅਤੇ ਸਮਾਜ ਵਿਰੋਧੀਆਂ ਅਤੇ ਵਿਦਵਾਨਾਂ ਨੇ ਕਸਰ ਨਹੀਂ ਛੱਡੀ।
ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਦੂਜਿਆਂ ਨਾਲ ਉਹੋ ਜਿਹਾ ਵਿਵਹਾਰ ਕਰੋ, ਜਿਹੋ ਜਿਹਾ ਤੁਸੀਂ ਦੂਜਿਆਂ ਤੋਂ ਉਮੀਦ ਰੱਖਦੇ ਹੋ। ਦੂਸਰੇ ਦੀ ਭੈਣ ਨੂੰ ਉੰਨਾ ਸਤਿਕਾਰ ਦਿਓ, ਜਿੰਨੇ ਸਤਿਕਾਰ ਦੀ ਤੁਸੀਂ ਆਪਣੀ ਭੈਣ ਲਈ ਦੂਸਰੇ ਪਾਸੋਂ ਉਮੀਦ ਰੱਖਦੇ ਹੋ। ਨਹੀਂ ਤਾਂ ਸਾਇੰਸ ਦੇ ਸਿਧਾਂਤ ਅਨੁਸਾਰ ਗੇਂਦ ਜਿੰਨੇ ਜੋਰ ਨਾਲ ਕੰਧ ਵਿੱਚ ਮਾਰੋਗੇ, ਉਸ ਤੋਂ ਦੁੱਗਣੇ ਜੋਰ ਨਾਲ ਤੁਹਾਡੇ ਮੱਥੇ ਵਿੱਚ ਵੱਜੇਗੀ।
*****
ਹਲਕਾ ਫੁਲਕਾ --- ਸਰੋਕਾਰ ਦੀ ਪੇਸ਼ਕਸ਼
ਪਿਛਲੇ ਦਿਨੀਂ ਇੱਕ ਮਹਿਫਲ ਵਿੱਚ ਇੱਕ ਬੰਦਾ ਗੱਲ ਸੁਣਾਉਣ ਲੱਗਾ:
ਇੱਕ ਉਸਤਾਦ ਆਪਣੇ ਸ਼ਗਿਰਦਾਂ ਨੂੰ ਸ਼ਾਇਰੀ ਸਿਖਾਇਆ ਕਰਦਾ ਸੀ। ਇੱਕ ਸ਼ਗਿਰਦ ਪੁੱਛਣ ਲੱਗਾ, “ਉਸਤਾਦ ਜੀ, ਆਪਣੇ ਨਾਂ ਨਾਲ ਤਖੱਲਸ ਕਿਹੋ ਜਿਹਾ ਜੋੜਨਾ ਚਾਹੀਦਾ ਹੈ?”
ਉਸਤਾਦ ਬੋਲਿਆ, “ਜਿਹੋ ਜਿਹਾ ਮਰਜ਼ੀ ਜੋੜ ਲਵੋ ਪਰ ਅਜਿਹਾ ਹਰਗਿਜ਼ ਨਾ ਜੋੜੋ ਕਿ ਜਦੋਂ ਕੋਈ ਵਿਆਖਿਆ ਪੁੱਛ ਲਵੇ ਤਾਂ ਜ਼ਬਾਨ ਤਾਲ਼ੂਏ ਜਾ ਲੱਗੇ।”
“ਕੀ ਮਤਲਬ ਉਸਤਾਦ ਜੀ?” ਸ਼ਗਿਰਦ ਨੇ ਪੁੱਛਿਆ।
ਉਸਤਾਦ ਦੱਸਣ ਲੱਗਾ, “ਕਈ ਸ਼ਾਇਰ ਆਪਣੇ ਨਾਮ ਦੇ ਪਹਿਲੇ ਅੱਖਰ ਨਾਲ ਲਿਖਿਆ ਜਾਣ ਵਾਲਾ ਤਖੱਲਸ ਆਪਣੇ ਨਾਮ ਨਾਮ ਲੋੜ ਲੈਂਦੇ ਹਨ, ਜਿਵੇਂ ਰਣਜੀਤ ‘ਰਾਣਾ’, ਰਣਜੀਤ ‘ਰੌਣਕੀ’, ਰਣਜੀਤ ‘ਰੰਗੀਲਾ’ ਰਣਜੀਤ ‘ਰੌਸ਼ਨ’ ਆਦਿ। ਇੱਕ ਸ਼ਾਇਰ ਦਾ ਨਾਮ ‘ਯ’ ਨਾਲ ਸ਼ੁਰੂ ਹੁੰਦਾ ਸੀ, ਉਹਨੇ ‘ਯ’ ਨਾਲ ਸ਼ੁਰੂ ਹੋਣ ਵਾਲਾ ਹੀ ਨਾਲ ਤਖੱਲਸ ਜੋੜ ਲਿਆ। ਤਾਜ਼ਾ ਲਿਖੀ ਗਜ਼ਲ ਸੁਣਾਉਣ ਲਈ ਉਹ ਆਪਣੇ ਇੱਕ ਮਿੱਤਰ ਦੇ ਘਰ ਵਲ ਭੱਜਿਆ। ਜਾ ਦਰਵਾਜ਼ਾ ਖੜਕਾਇਆ। ਉਹਦੇ ਮਿੱਤਰ ਦੇ ਛੋਟੇ ਭਰਾ ਨੇ ਦਰਵਾਜ਼ਾ ਖੋਲ੍ਹਿਆ। ਸ਼ਾਇਰ ਬੋਲਿਆ.,“ਜਾ ਮੀਕੇ ਨੂੰ ਦੱਸ ,ਬਾਹਰ ‘ਯਾਰ’ ਆਇਆ ਐ।”
ਮੀਕੇ ਦਾ ਛੋਟਾ ਭਰਾ ਬੋਲਿਆ, “ਵੀਰ ਜੀ ਨੇ ਜੇ ਪੁੱਛ ਲਿਆ ਤਾਂ ਕੀ ਦੱਸਾਂ, ਮਾਂ ਦਾ ਕਿ ਭੈਣ ਦਾ?”
ਸ਼ਾਇਰ ਦੀ ਜ਼ਬਾਨ ਤਾਲ਼ੂਏ ਜਾ ਲੱਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(ਸਰੋਕਾਰ ਨਾਲ ਸੰਪਰਕ ਲਈ: (