“ਚੁੱਪ ਕਰ ਓਏ ਸਿਧਰਿਆ ... ਬਹੁਤਾ ਸਿਆਣਾ ਨਾ ਬਣ, ਬਾਬਾ ਜੀ ਤੋਂ ਵੱਡਾ ਗਿਆਨੀ ...”
(9 ਦਸੰਬਰ 2023)
ਇਸ ਸਮੇਂ ਪਾਠਕ: 250.
ਪਿੰਡ ਵਿੱਚ ਉਸ ਦਾ ਨਾਮ ਸਿੱਧਰਾ ਪਿਆ ਹੋਇਆ ਸੀ। ਉਹ ਪੰਜ ਕੁ ਜਮਾਤਾਂ ਪੜ੍ਹ ਕੇ ਦਿਹਾੜੀ ਮਜ਼ਦੂਰੀ ਦਾ ਕੰਮ ਕਰਨ ਲੱਗ ਪਿਆ ਸੀ। ਪਾਕਿਸਤਾਨ ਤੋਂ ਉਜਾੜੇ ਸਮੇਂ ਉਸ ਦਾ ਪਿਤਾ ਆਪਣਾ ਘਰ ਬਾਰ ਛੱਡ ਕੇ ਭਾਰਤੀ ਪੰਜਾਬ ਦੇ ਮਾਲਵਾ ਖਿੱਤੇ ਵਿੱਚ ਅਬਾਦ ਹੋ ਗਿਆ ਸੀ। ਪਾਕਿਸਤਾਨ ਵਿੱਚਲੀ ਉਹਨਾਂ ਦੇ ਹਿੱਸੇ ਦੀ ਜ਼ਮੀਨ ਦੇ ਬਦਲੇ ਦੀ ਜ਼ਮੀਨ ਉਸ ਦੇ ਤਾਏ ਨੇ ਕਿਸੇ ਤਰੀਕੇ ਨਾਲ ਇਸ ਪੰਜਾਬ ਵਿੱਚ ਆਪਣੇ ਨਾਮ ਅਲਾਟ ਕਰਾ ਲਈ ਸੀ। ਇਸ ਲਈ ਉਹ ਪਿੰਡ ਵਿੱਚ ਬੇਜਮੀਨੇ ਜੱਟ ਅਖਵਾਉਂਦੇ ਸੀ। ਉਹਨਾਂ ਦੇ ਪਰਿਵਾਰ ਨਾਲ ਕਿਸੇ ਨੂੰ ਕੋਈ ਹਮਦਰਦੀ ਨਹੀਂ ਹੁੰਦੀ ਸੀ ਬਲਕਿ ਉਸ ਨੂੰ ਲੋਕ ਜ਼ਮੀਨ ਨਾ ਹੋਣ ਦਾ ਦੋਸ਼ੀ ਸਮਝਦੇ ਸਨ। ਹਰ ਕੋਈ ਸਿੱਧਰਾ ਸਮਝ ਕੇ ਉਸ ਨੂੰ ਮਜ਼ਾਕ ਕਰਕੇ ਲੰਘਦਾ। ਉਹ ਕਿਸੇ ਦੇ ਖੇਤਾਂ ਵਿੱਚ ਕੰਮ ਕਰਕੇ ਕਦੇ ਕਿਸੇ ਤੋਂ ਦਿਹਾੜੀ ਨਾ ਮੰਗਦਾ। ਉਹ ਇੱਕ ਖਣ ਦੇ ਕੋਠੇ ਵਿੱਚ ਇਕੱਲਾ ਰਹਿੰਦਾ ਸੀ। ਜ਼ਿੰਦਗੀ ਵਿੱਚ ਉਹਦੇ ਕੋਲ ਗਵਾਉਣ ਲਈ ਕੁਝ ਵੀ ਨਹੀਂ ਸੀ। ਮਾਂ-ਬਾਪ ਉਸਦਾ ਸਾਥ ਛੱਡ ਕੇ ਰੱਬ ਨੂੰ ਪਿਆਰੇ ਹੋ ਗਏ ਸੀ। ਉਸ ਕੋਲੋਂ ਕੰਮ ਕਰਾਉਣ ਵਾਲੇ ਪਿੰਡ ਦੇ ਕੁਝ ਘਟੀਆ ਲੋਕ ਉਸ ਸ਼ਰਾਬ ਪਿਲਾ ਦਿੰਦੇ ਸਨ। ਪਰ ਉਹ ਇਸਦਾ ਆਦੀ ਨਹੀਂ ਸੀ।
ਉਸ ਦਾ ਹਮਉਮਰ ਮੇਜਰ ਉਹਦੇ ਨਾਲ ਪੰਜਵੀਂ ਤਕ ਪੜ੍ਹਿਆ ਸੀ। ਮੇਜਰ ਦੇ ਕੋਲ ਜੱਦੀ ਜ਼ਮੀਨ ਸੀ। ਉਹ ਮੇਜਰ ਦੇ ਨਾਲ ਖੇਤਾਂ ਵਿੱਚ ਕੰਮ ਕਰਾਉਂਦਾ ਰਹਿੰਦਾ। ਮੇਜਰ ਦੇ ਘਰੋਂ ਉਹ ਵੇਲੇ ਕੁਵੇਲੇ ਰੋਟੀ ਵੀ ਖਾ ਜਾਂਦਾ। ਕਦੇ ਵੀ ਉਹ ਮੇਜਰ ਨਾਲ ਹਿਸਾਬ ਕਿਤਾਬ ਦੇ ਚੱਕਰਾਂ ਵਿੱਚ ਨਾ ਪੈਂਦਾ। ਕਈ ਵਾਰ ਉਹ ਬਹੁਤ ਗਿਆਨ ਦੀਆਂ ਗੱਲਾਂ ਵੀ ਕਰ ਜਾਂਦਾ, ਇਸ ਕਰ ਕੇ ਮੇਜਰ ਨੇ ਓਸਦਾ ਦਾ ਨਾਮ ਫ਼ੱਕਰ ਰੱਖ ਦਿੱਤਾ। ਫ਼ੱਕਰ ਸੁਭਾਅ ਦਾ ਹੋਣ ਕਰਕੇ ਉਹ ਅਸਲ ਵਿੱਚ ਫ਼ੱਕਰ ਹੀ ਸੀ। ਅਗਲੀ ਪੀੜ੍ਹੀ ਦੇ ਲੋਕ ਉਹਨੂੰ ਫ਼ੱਕਰ ਹੀ ਕਹਿਣ ਲੱਗ ਪਏ।
ਜਦੋਂ ਗੁਰਦੁਆਰੇ ਵਿੱਚ ਕੋਈ ਪ੍ਰੋਗਰਾਮ ਹੁੰਦਾ, ਫ਼ੱਕਰ ਬੜੇ ਚਾਅ ਨਾਲ ਜਾਂਦਾ। ਕਈ-ਕਈ ਦਿਨ ਸ਼ਰਾਬ ਨੂੰ ਹੱਥ ਨਾ ਲਾਉਂਦਾ। ਉਹ ਮੱਥਾ ਟੇਕ ਕੇ ਔਖੇ ਤੋਂ ਔਖੇ ਕੰਮ ਦੀ ਸੇਵਾ ਕਰਦਾ। ਲੰਗਰ ਛਕ ਰਹੀਆਂ ਸੰਗਤਾਂ ਦੇ ਜੂਠੇ ਬਰਤਨ ਸਾਫ਼ ਕਰਦਾ ਰਹਿੰਦਾ। ਸਭ ਤੋਂ ਬਾਅਦ ਵਿੱਚ ਲੰਗਰ ਛਕਦਾ। ਕਈ ਵਾਰ ਹੋ ਰਹੀਆਂ ਵਿਚਾਰਾਂ ਨੂੰ ਫ਼ੱਕਰ ਬੜੇ ਗ਼ੌਰ ਨਾਲ ਸੁਣਦਾ। ਇੱਕ ਵਾਰ ਕਿਸੇ ਮਹਾਂਪੁਰਸ਼ ਕਹਾਉਣ ਵਾਲੇ ਨੇ ਕਿਹਾ, “ਮਨੁੱਖਾ ਜਨਮ ਬਹੁਤ ਦੁਰਲੱਭ ਹੈ, ਹੇ ਬੰਦੇ! ਯਾਦ ਕਰ ਜਦੋਂ ਤੂੰ ਮਾਂ ਦੇ ਗਰਭ ਵਿੱਚ ਗੰਦਗੀ ਵਿੱਚ ਪੁੱਠਾ ਲਟਕਿਆ ਸੀ, ਤੂੰ ਰੱਬ ਅੱਗੇ ਤਰਲੇ ਕਰਦਾ ਸੀ ਕਿ ਇਸ ਨਰਕ ਵਿੱਚੋਂ ਕੱਢ। ...”
ਫ਼ੱਕਰ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹਨੇ ਕੋਲ ਬੈਠੇ ਮੇਜਰ ਨੂੰ ਕਿਹਾ, “ਕਿੰਨਾ ਗ਼ਲਤ ਕਹਿੰਦਾ ਇਹ ਬਾਬਾ, ਭਲਾ ਮਾਂ ਦੀ ਕੁੱਖ ਨਰਕ ਥੋੜ੍ਹੀ ਆ, ਉਹ ਤਾਂ ਸੁਰਗ ਆ ਸੁਰਗ।”
ਫ਼ੱਕਰ ਗੱਲ ਕਰਦਾ-ਕਰਦਾ ਅੱਖਾਂ ਭਰ ਆਇਆ। ਸ਼ਾਇਦ ਉਸ ਨੂੰ ਆਪਣੀ ਮਾਂ ਯਾਦ ਆ ਗਈ ਸੀ। ਮੇਜਰ ਨੂੰ ਉਹਦੀ ਗਿਆਨ ਭਰੀ ਗੱਲ ਪ੍ਰਚਾਰ ਕਰਨ ਵਾਲੇ ਦੀਆਂ ਗੋਲ-ਮੋਲ ਗੱਲਾਂ ਤੋਂ ਵਧੇਰੇ ਵਜ਼ਨਦਾਰ ਜਾਪੀ। ਪਰ ਕੋਲ ਬੈਠੇ ਅਧੇੜ ਬੰਦੇ ਨੇ ਕਿਹਾ ਸੀ, “ਚੁੱਪ ਕਰ ਓਏ ਸਿਧਰਿਆ ... ਬਹੁਤਾ ਸਿਆਣਾ ਨਾ ਬਣ, ਬਾਬਾ ਜੀ ਤੋਂ ਵੱਡਾ ਗਿਆਨੀ ਨਹੀਂ ਤੂੰ ...।”
ਨੇੜਲੇ ਇੱਕ ਪਿੰਡ ਦੇ ਇੱਕ ਬੰਦੇ ਨੇ ਜ਼ਮੀਨ ਲਈ ਸਕੇ ਭਰਾ ਨੂੰ ਕਤਲ ਕਰ ਦਿੱਤਾ ਸੀ। ਸਜ਼ਾ ਕੱਟਣ ਤੋਂ ਬਾਅਦ ਉਹ ਬੰਦਾ ਧਾਰਮਿਕ ਬਿਰਤੀ ਦਾ ਹੋ ਕੇ ਧਰਮ ਦਾ ਪ੍ਰਚਾਰ ਕਰਨ ਲੱਗਾ। ਨੇੜੇ ਪਿੰਡਾਂ ਵਿੱਚ ਉਹ ਪੰਡਾਲ ਲਾ ਕੇ ਚੰਗੀ ਭੀੜ ਇਕੱਠੀ ਕਰ ਲੈਂਦਾ ਤੇ ਚੰਗਾ ਚੜ੍ਹਾਵਾ ਉਗਰਾਹੁਣ ਲੱਗ ਪਿਆ। ਫ਼ੱਕਰ ਦੇ ਪਿੰਡ ਵਿੱਚ ਵੀ ਉਹਨੇ ਧਾਰਮਿਕ ਦੀਵਾਨ ਲਗਾਉਣ ਲਈ ਕੁਝ ਦਿਨ ਮੁਕੱਰਰ ਕਰ ਲਏ। ਕਈ ਦਿਨ ਸੇਵਾ ਚੱਲਦੀ ਰਹੀ। ਪਿੰਡਾਂ ਵਿੱਚੋਂ ਉਗਰਾਹੀ ਇਕੱਠੀ ਕਰ ਕੇ ਲੰਗਰ ਲਾਏ ਗਏ। ਹਰ ਦਿਨ ਲੋਕ ਹੁੰਮ-ਹੁਮਾ ਕੇ ਪਹੁੰਚਦੇ ਤੇ ਵਿਚਾਰਾਂ ਸੁਣਦੇ। ਫ਼ੱਕਰ ਤਨਦੇਹੀ ਨਾਲ ਸੇਵਾ ਕਰਦਾ। ਆਖਰੀ ਦਿਨ ਦੇ ਦੀਵਾਨ ਵਿੱਚ ਬਾਬਾ ਜੀ ਨੇ ਕਥਾ ਕਰਦਿਆਂ ਕਿਹਾ, “ਮਨੁੱਖ ਪੈਸੇ ਦਾ ਘਮੰਡ ਕਰਦਾ ਹੈ, ਪਾਪ ਕਰਦਾ ਹੈ, ਭੁੱਲ ਜਾਂਦਾ ਹੈ, ਪਰਮਾਤਮਾ ਤੋਂ ਕੁਝ ਵੀ ਲੁਕਿਆ ਨਹੀਂ, ... ਸਾਰੇ ਪਾਪਾਂ ਦਾ ਲੇਖਾ ਚਿੱਤਰਗੁਪਤ ਨੂੰ ਦੇਣਾ ਪਊ, ... ਹੇ ਮਨੁੱਖ! ਮਨੁੱਖਾ ਜਨਮ ਸਫਲ ਕਰਨ ਲਈ ਚੰਗੇ ਕਰਮ ਕਰ ...।”
ਫ਼ੱਕਰ ਨੇ ਪੰਡਾਲ ਵਿੱਚ ਖੜ੍ਹੇ ਹੋ ਕੇ ਪੁੱਛ ਲਿਆ, “ਬਾਬਾ ਜੀ, ਚਿਤਰਗੁਪਤ ਲੇਖਾ ਸਾਡੇ ’ਕੱਲਿਆਂ ਤੋਂ ਮੰਗੂ ਜਾਂ ਫਿਰ ਥੋਡੇ ਤੋਂ ਵੀ?”
ਪੰਡਾਲ ਵਿੱਚ ਰੌਲਾ ਪੈ ਗਿਆ। ਲੋਕ ਕਹਿਣ ਲੱਗੇ, ਸਿਧਰੇ ਨੇ ਸ਼ਰਾਬ ਪੀਤੀ ਹੋਈ ਹੈ ... ਘੋਰ ਪਾਪ ਕੀਤਾ ਹੈ ... ਇਹਨੂੰ ਪੰਡਾਲ ਵਿੱਚੋਂ ਬਾਹਰ ਕੱਢੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4532)
(ਸਰੋਕਾਰ ਨਾਲ ਸੰਪਰਕ ਲਈ: (