“ਉਸ ਨੇ ਆਪਣੇ ਦੋਵਾਂ ਲੜਕਿਆਂ ਨੂੰ ਪੰਜਾਬ ਦੇ ਮਾਹੌਲ ਤੋਂ ਡਰਦਿਆਂ ...”
(20 ਮਾਰਚ 2021)
(ਸ਼ਬਦ: 790)
ਕਨੇਡਾ ਦੇ ਸਰੀ ਸ਼ਹਿਰ ਤੋਂ ਆਨਲਾਈਨ ਅਖਬਾਰ ਦੇ ਇੱਕ ਪਾਠਕ ਸੁਰਜੀਤ ਸਿੰਘ (ਫਰਜ਼ੀ ਨਾਮ) ਨੇ ਫੋਨ ’ਤੇ ਗੱਲਬਾਤ ਕਰਦਿਆਂ ਇੱਕ ਦਿਨ ਦੱਸਿਆ ਕਿ ਉਹ ਕੁਝ ਹੋਰ ਪੰਜਾਬੀ ਕਾਮਿਆਂ ਨਾਲ ਬੇਰੀਆਂ ਤੋੜਨ ਦਾ ਕੰਮ ਕਰਨ ਲੱਗਾ। ਉਹਨਾਂ ਕਾਮਿਆਂ ਵਿੱਚ ਪੰਜਾਬ ਪੁਲਿਸ ਦਾ ਇੱਕ ਸੇਵਾ ਮੁਕਤ ਡੀ.ਐੱਸ.ਪੀ. ਗੁਰਮੇਲ ਸਿੰਘ (ਫਰਜ਼ੀ ਨਾਮ) ਵੀ ਸ਼ਾਮਲ ਸੀ, ਜਿਸ ਨਾਲ ਉਸਦੀ ਵਧੀਆ ਬੋਲਚਾਲ ਹੋ ਗਈ। ਇਸ ਤੋਂ ਇਲਾਵਾ ਉਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਮੱਖਣ ਸਿੰਘ (ਫਰਜ਼ੀ ਨਾਮ) ਵੀ ਕੰਮ ਕਰਦਾ ਸੀ ਜੋ ਅਕਸਰ ਉਸ ਰਿਟਾਇਰਡ ਅਫਸਰ ਨੂੰ ‘ਓਏ ਡੀ ਐੱਸ ਪੀ’ ਕਹਿ ਕੇ ਚਿੜਾਉਂਦਾ ਰਹਿੰਦਾ ਸੀ। ਕਈ ਵਾਰ ਉਹ ਕਹਿ ਦਿੰਦਾ ਸੀ ਕਿ ਡੀ ਐੱਸ ਪੀ ਸਾਹਬ ਕਰਨਾ ਮੁਕਾਬਲਾ ਅੱਜ ਆਹਮੋ ਸਾਹਮਣੇ ਬੇਰੀਆਂ ਤੋੜਨ ਦਾ? ਪਰ ਉਹ ਰਿਟਾਇਰਡ ਅਫਸਰ ਉਸ ਵਿਅਕਤੀ ਤੋਂ ਹਮੇਸ਼ਾ ਦੂਰ ਰਹਿੰਦਾ ਸੀ। ਲੱਗਦਾ ਸੀ ਜਿਵੇਂ ਉਹਨਾਂ ਦੀ ਕੋਈ ਪੁਰਾਣੀ ਰੰਜਿਸ਼ ਚਲਦੀ ਹੋਵੇ। ਪਰ ਚਿੜਾਉਣ ਵਾਲਾ ਆਦਮੀ ਡੀ.ਐੱਸ.ਪੀ. ਨੂੰ ਲੱਭ ਹੀ ਲੈਂਦਾ ਅਤੇ ਹਰ ਰੋਜ਼ ਟਕੋਰਾਂ ਕਰਦਾ ਰਹਿੰਦਾ।
ਇੱਕ ਦਿਨ ਸੁਰਜੀਤ ਸਿੰਘ ਨੇ ਡੀ.ਐੱਸ.ਪੀ. ਸਾਹਬ ਨਾਲ ਕਨੇਡਾ ਆਉਣ ਦੇ ਸਬੱਬ ਬਾਰੇ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਹ ਪੰਜਾਬ ਪੁਲਿਸ ਵਿੱਚ ਬਹੁਤ ਹੇਠਲੇ ਰੈਂਕ ਵਿੱਚ ਖਾੜਕੂਵਾਦ ਦੌਰਾਨ ਭਰਤੀ ਹੋਇਆ ਸੀ। ਬੜੀ ਛੇਤੀ ਉਸ ਨੇ ਤਰੱਕੀ ਕਰਕੇ ਪੁਲਿਸ ਇੰਨਸਪੈਕਟਰ ਤਕ ਦਾ ਸਫਰ ਤਹਿ ਕਰ ਲਿਆ ਸੀ। ਖਾੜਕੂਵਾਦ ਦਾ ਦੌਰ ਮੁੱਕਣ ਤੋਂ ਬਾਅਦ ਉਹ ਡੀ ਐੱਸ ਪੀ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ। ਪੰਜਾਬ ਦੀ ਰਾਜਧਾਨੀ ਦੇ ਨੇੜਲੇ ਜ਼ਿਲ੍ਹੇ ਵਿੱਚ ਉਸ ਦੀ ਪੁਸ਼ਤੈਨੀ ਜ਼ਮੀਨ ਸੀ। ਉਸ ਨੇ ਆਪਣੇ ਦੋਵਾਂ ਲੜਕਿਆਂ ਨੂੰ ਪੰਜਾਬ ਦੇ ਮਾਹੌਲ ਤੋਂ ਡਰਦਿਆਂ ਕਨੇਡਾ ਭੇਜ ਕੇ ਵਸਾ ਦਿੱਤਾ ਸੀ ਅਤੇ ਚੰਗੇ ਪਰਿਵਾਰਾਂ ਵਿੱਚ ਉਹਨਾਂ ਦੇ ਵਿਆਹ ਕਰ ਦਿੱਤੇ ਸੀ। ਰਿਟਾਇਰਮੈਂਟ ਤੋਂ ਬਾਅਦ ਉਸ ਦੇ ਲੜਕਿਆਂ ਦੇ ਜ਼ੋਰ ਪਾਉਣ ’ਤੇ ਉਹ ਤੇ ਉਸ ਦੀ ਧਰਮ ਪਤਨੀ ਕਨੇਡਾ ਆਪਣੇ ਲੜਕਿਆਂ ਕੋਲ ਆ ਕੇ ਰਹਿਣ ਲੱਗ ਪਏ ਸਨ। ਸਾਲ ਬਾਅਦ ਪੰਜਾਬ ਵਿਚਲੀ ਜ਼ਮੀਨ ਦਾ ਠੇਕਾ ਲੈਣ ਉਹ ਵਾਪਸ ਵੀ ਜਾਂਦੇ ਰਹੇ।
ਡੀ.ਐੱਸ.ਪੀ. ਦੇ ਲੜਕਿਆਂ ਨੇ ਹੌਲੀ ਹੌਲੀ ਪੰਜਾਬ ਵਿਚਲੀ ਸਾਰੀ ਜ਼ਮੀਨ ਵਿਕਵਾ ਦਿੱਤੀ ਤੇ ਆਪਣੇ ਲਈ ਦੋ ਵੱਖਰੇ ਵੱਖਰੇ ਮਕਾਨ ਲੈ ਲਏ। ਡੀ.ਐੱਸ.ਪੀ. ਤੇ ਉਸਦੀ ਪਤਨੀ ਕਦੇ ਇੱਕ ਲੜਕੇ ਪਾਸ ਤੇ ਕਦੇ ਦੂਸਰੇ ਲੜਕੇ ਪਾਸ ਬੇਸਮੈਂਟ ਵਿੱਚ ਰਹਿੰਦੇ ਰਹੇ। ਉਹਨਾਂ ਦੀਆਂ ਨੂੰਹਾਂ ਤੇ ਪੁੱਤਰਾਂ ਦਾ ਵਤੀਰਾ ਉਹਨਾਂ ਨਾਲ ਉੰਨਾ ਚਿਰ ਹੀ ਸਹੀ ਰਿਹਾ ਜਿੰਨਾ ਚਿਰ ਉਹਨਾਂ ਪਾਸੋਂ ਪੰਜਾਬ ਤੋਂ ਆਈ ਪਾਈ-ਪਾਈ ਖਤਮ ਨਹੀਂ ਹੋ ਗਈ। ਉਸ ਤੋਂ ਬਾਅਦ ਉਸ ਦੀਆਂ ਨੂੰਹਾਂ ਨੇ ਆਪਣੇ ਮਾਤਾ ਪਿਤਾ ਬੁਲਾ ਲਏ ਤੇ ਬੇਸਮੈਟਾਂ ਉਹਨਾਂ ਨੇ ਰੋਕ ਲਈਆਂ। ਹੁਣ ਡੀ ਅੱਸ ਪੀ ਤੇ ਉਸ ਦੀ ਪਤਨੀ ਬੁਢਾਪੇ ਵਿੱਚ ਕੰਮ ਕਰਕੇ ਅਤੇ ਪੰਜਾਬ ਵੱਲੋਂ ਮਿਲਦੀ ਪੈਨਸ਼ਨ ਨਾਲ ਬੇਸਮੈਂਟ ਕਿਰਾਏ ’ਤੇ ਲੈ ਕੇ ਗੁਜ਼ਾਰਾ ਕਰ ਰਹੇ ਹਨ। ਆਖਰ ਇੱਕ ਦਿਨ ਡੀ.ਐੱਸ.ਪੀ. ਨੇ ਕਿਹਾ ਕਿ ਹਨੇਰ ਸਾਈਂ ਦਾ, ਇੱਥੇ ਕਿਹੋ ਜਿਹੇ ਲੋਕ ਆ ਗਏ, ਹੁਣ ਉਹਨਾਂ ਮੁਲਜ਼ਮਾਂ ਨਾਲ ਬੇਰੀਆਂ ਤੋੜਨੀਆਂ ਪੈ ਰਹੀਆਂ ਹਨ ਜਿਹੜੇ ਉਸ ਦੇ ਡਰ ਨਾਲ ਕੰਬਦੇ ਸੀ। ਡੀ.ਐੱਸ.ਪੀ. ਦਾ ਇਸ਼ਾਰਾ ਉਸ ਨੂੰ ਚਿੜਾਉਣ ਵਾਲੇ ਵਿਅਕਤੀ ਮੱਖਣ ਸਿੰਘ ਵੱਲ ਸੀ। ਉਹ ਅਕਸਰ ਕਹਿੰਦਾ ਰਹਿੰਦਾ ਕਨੇਡਾ ਦੇਸ਼ ਬਹੁਤ ਵਧੀਆ ਪਰ ਐਵੇਂ ਹੀ ਹਾਰੀ-ਸਾਰੀ ਪੰਜਾਬ ਤੋਂ ਮੂੰਹ ਚੁੱਕ ਕੇ ਆ ਜਾਂਦਾ ਜਿਵੇਂ ਕਿ ਕਨੇਡਾ ਦੀ ਖੋਜ ਹੀ ਉਸ ਵਾਸਤੇ ਹੋਈ ਹੋਵੇ।
ਉਸ ਦੂਸਰੇ ਵਿਅਕਤੀ ਮੱਖਣ ਸਿੰਘ ਨੇ ਸੁਰਜੀਤ ਸਿੰਘ ਨੂੰ ਦੱਸਿਆ ਕਿ ਇਹ ਗੁਰਮੇਲ ਸਿੰਘ ਬਤੌਰ ਐੱਸ ਐੱਚ ਓ ਉਹਨਾਂ ਦੇ ਪਿੰਡ ਨੂੰ ਪੈਂਦੇ ਥਾਣੇ ਵਿੱਚ ਤਾਇਨਾਤ ਸੀ। ਇਹਨੂੰ ਬੜਾ ਅੜਬ ਥਾਣੇਦਾਰ ਮੰਨਿਆ ਜਾਂਦਾ ਸੀ ਤੇ ਇਹ ‘ਕੱਬਾ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਬਹੁਤ ਸਾਰੇ ਨੌਜਵਾਨਾਂ ਨੂੰ ਇਹਨੇ ਫੜ ਕੇ ਘੋਟੇ ਲਾਏ ਸੀ। ਖਾਂਦੇ ਪੀਂਦੇ ਘਰਾਂ ਦੇ ਮੁੰਡੇ ਤਾਂ ਛੁੱਟ ਜਾਂਦੇ ਸੀ ਪਰ ਆਰਥਿਕ ਪੱਖੋਂ ਕਮਜ਼ੋਰ ਘਰਾਂ ਦੇ ਮੁੰਡਿਆਂ ਨੂੰ ਅੱਜ ਤਕ ਉਹਨਾਂ ਦੇ ਰਿਸ਼ਤੇਦਾਰ ਤੇ ਮਾਪੇ ਉਡੀਕਦੇ ਹਨ। ਉਹ (ਮੱਖਣ ਸਿੰਘ) ਖੁਦ ਵੀ ਇੱਕ ਵਾਰ ਇਸਦੇ ਧੱਕੇ ਚੜ੍ਹ ਗਿਆ ਸੀ ਤੇ ਹਵਾਲਾਤ ਵਿੱਚ ਹੋਰ ਵੀ ਕਈ ਉਸ ਨਾਲ ਬੰਦ ਕੀਤੇ ਹੋਏ ਸੀ। ਕਈਆਂ ਨੂੰ ਤਾਂ ਸਵੇਰ ਸਮੇਂ ਹਿਸਾਬ ਕਿਤਾਬ ਕਰਕੇ ਛੱਡ ਦਿੱਤਾ ਗਿਆ ਤੇ ਕਈ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪੈਸੇ ਇਕੱਠੇ ਕਰਨ ਲਈ ਸਮਾਂ ਲੱਗ ਗਿਆ, ਉਹ ਕਈ ਦਿਨ ਇਸ ਤੋਂ ਕੁੱਟ ਖਾਂਦੇ ਰਹੇ। ਕਈ ਰਾਤ ਨੂੰ ਬਾਹਰ ਕੱਢ ਲਏ ਗਏ ਤੇ ਬਾਅਦ ਵਿੱਚ ਕਿਤੇ ਵੀ ਦੇਖੇ ਨਹੀਂ ਗਏ। ਉਸ ਦੇ ਪਿਤਾ ਨੇ ਵੀ ਦੋ ਕਿੱਲੇ ਗਹਿਣੇ ਕਰ ਕੇ ਉਸ ਨੂੰ ਛੁਡਾਇਆ ਸੀ। ਇਹ ਸਿਲਸਿਲਾ ਬਹੁਤ ਦੇਰ ਤਕ ਚੱਲਦਾ ਰਿਹਾ। ਆਖਰ ਉਸ ਦੇ ਪਿਤਾ ਨੇ ਦੋ ਕਿੱਲੇ ਜ਼ਮੀਨ ਬੈਅ ਕਰਕੇ ਜਰਮਨ ਭੇਜ ਦਿੱਤਾ ਸੀ। ਉਹ (ਮੱਖਣ ਸਿੰਘ) ਵਾਇਆ ਜਰਮਨ ਕੋਈ ਤਰਕੀਬ ਲਗਾ ਕੇ ਕਨੇਡਾ ਦੀ ਪੀਆਰ ਲੈਣ ਵਿੱਚ ਸਫਲ ਹੋਇਆ ਸੀ। ਇੱਥੇ ਆ ਕੇ ਉਹੀ ਗੁੱਸਾ ਮੱਖਣ ਸਿੰਘ ਰਿਟਾਇਰਡ ਡੀ.ਐੱਸ.ਪੀ. ਗੁਰਮੇਲ ਸਿੰਘ ’ਤੇ ਕੱਢ ਰਿਹਾ ਸੀ। ਹੋਰ ਤਾਂ ਮੱਖਣ ਸਿੰਘ ਕੁਝ ਕਰਨ ਜੋਗਾ ਨਹੀਂ ਸੀ ਪਰ ਬੇਰੀਆਂ ਤੋੜਨ ਸਮੇਂ ਡੀ.ਐੱਸ.ਪੀ. ਗੁਰਮੇਲ ਸਿੰਘ ਨੂੰ ਪੁਰਾਣਾ ਸਮਾਂ ਯਾਦ ਜ਼ਰੂਰ ਕਰਾ ਸਕਦਾ ਸੀ।
ਆਪਣੀ ਔਲਾਦ ਨੂੰ ਕਨੇਡਾ ਸੈੱਟ ਕਰਨ ਲਈ ਡੀ.ਐੱਸ.ਪੀ. ਗੁਰਮੇਲ ਸਿੰਘ ਨੇ ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਸੀ। ਅੱਜ ਉਸੇ ਦੀ ਔਲਾਦ ਨੇ ਉਸ ਲਈ ਢੁੱਕਵੀਂ ਸਜ਼ਾ ਦਾ ਪ੍ਰਬੰਧ ਕਰ ਦਿੱਤਾ ਸੀ। ਤਾਹਨੇ ਦੇਣ ਵਾਲਾ ਬੰਦਾ (ਮੱਖਣ ਸਿੰਘ) ਕਨੇਡਾ ਵਿੱਚ ਬੇਰੀਆਂ ਤੋੜਨ ਨੂੰ ਡੀ.ਐੱਸ.ਪੀ. ਸਾਹਬ ਨੂੰ ਰੱਬ ਵੱਲੋਂ ਦਿੱਤੀ ਸਜ਼ਾ ਵਜੋਂ ਦੇਖਦਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2656)
(ਸਰੋਕਾਰ ਨਾਲ ਸੰਪਰਕ ਲਈ: