“ਕੁਝ ਖਾਂਦੇ ਪੀਂਦੇ ਘਰਾਂ ਦੇ ਅਧਿਆਪਕ ਜੋ ਸਿਰਫ ਤਨਖਾਹ ਲੈਣ ਵਾਸਤੇ ਹੀ ...”
(30 ਅਗਸਤ 2019)
ਅਧਿਆਪਕ ਦਾ ਦਰਜਾ ਸਮਾਜ ਵਿੱਚ ਦੂਸਰੇ ਮਾਤਾ ਪਿਤਾ ਵਜੋਂ ਜਾਣਿਆ ਜਾਂਦਾ ਹੈ। ਸਮਾਜ ਵਿੱਚ ਇਨਸਾਨ ਨੂੰ ਸਲੀਕੇ ਨਾਲ ਰਹਿਣ ਦੀ ਅਕਲ ਮਾਤਾ ਪਿਤਾ ਤੋਂ ਬਾਅਦ ਅਧਿਆਪਕ ਹੀ ਦਿੰਦਾ ਹੈ। ਕਿੱਤੇ ਪ੍ਰਤੀ ਸਮਰਪਨ ਦੀ ਭਾਵਨਾ ਅੱਜ ਦੀ ਪੀੜ੍ਹੀ ਦੇ ਅਧਿਆਪਕਾਂ ਵਿੱਚ ਵੀ ਬਹੁਤ ਮਿਲਦੀ ਹੈ ਭਾਵੇਂ ਕਿ ਪੁਰਾਣੇ ਸਮੇਂ ਵਿੱਚ ਇਹ ਬਹੁਤ ਜ਼ਿਆਦਾ ਸੀ। ਅੱਜਕੱਲ ਕਈ ਪਿੰਡਾਂ ਦੇ ਸਕੂਲਾਂ ਦੇ ਨੌਜਵਾਨ ਅਧਿਆਪਕਾਂ ਨੇ ਸਕੂਲਾਂ ਦੀ ਨੁਹਾਰ ਬਗੈਰ ਕਿਸੇ ਸਰਕਾਰੀ ਮਦਦ ਤੋਂ ਖੁਦ ਲੋਕਾਂ ਦੇ ਸਹਿਯੋਗ ਨਾਲ ਬਦਲ ਦਿੱਤੀ ਹੈ ਪਰ ਹਰ ਇੱਕ ਸਰਕਾਰੀ ਵਿਭਾਗ ਦੀ ਤਰ੍ਹਾਂ ਇਸ ਵਿੱਚ ਵੀ ਸਾਰੇ ਲੋਕ ਇੱਕੋ ਤਰ੍ਹਾਂ ਦੇ ਨਹੀਂ ਹਨ। ਸਮਾਜ ਵਿੱਚ ਜਦੋਂ ਸਮਾਜਿਕ ਕੁਰੀਤੀਆਂ ਫੈਲਦੀਆਂ ਹਨ, ਉਹ ਸਮੁੱਚੇ ਸਮਾਜ ਦੀ ਦੇਣ ਹੁੰਦੀਆਂ ਹਨ। ਇਹੀ ਕੁਰੀਤੀਆਂ ਅੱਗੇ ਜਾ ਕੇ ਘਿਨਾਉਣੇ ਅਪਰਾਧਾਂ ਵਿੱਚ ਤਬਦੀਲ ਹੋ ਜਾਂਦੀਆਂ ਹਨ।
ਆਪਣੇ ਸਕੂਲ ਟਾਈਮ ਵਿੱਚ ਮੈਂਨੂੰ ਅਤੇ ਮੇਰੇ ਸਹਿਪਾਠੀਆਂ ਨੂੰ ਵੀ ਕਈ ਅਧਿਆਪਕਾਂ ਨੇ ਪੜ੍ਹਾਇਆ ਸੀ। ਉਸ ਵਕਤ ਸਰਕਾਰੀ ਸਕੂਲ ਤੋਂ ਇਲਾਵਾ ਹੋਰ ਕੋਈ ਬਦਲ ਸਾਡੇ ਕੋਲ ਮੌਜੂਦ ਨਹੀਂ ਸੀ। ਅਗਰ ਸਕੂਲ ਦੂਰ ਹੁੰਦਾ ਤੇ ਆਉਣ ਜਾਣ ਦੇ ਸਾਧਨ ਨਾ ਹੁੰਦੇ ਤਾਂ ਪੜ੍ਹਾਈ ਛੱਡਣ ਤੋਂ ਇਲਾਵਾ ਕੋਈ ਬਦਲ ਨਹੀਂ ਹੁੰਦਾ ਸੀ। ਬੜੇ ਹੀ ਦਰਵੇਸ਼ ਅਧਿਆਪਕਾਂ ਨੇ ਸਾਨੂੰ ਪੜ੍ਹਾਇਆ ਪਰ ਕਈ ਅਧਿਆਪਕ ਅਜਿਹੇ ਵੀ ਸਨ ਜੋ ਸ਼ਾਇਦ ਅਧਿਆਪਕ ਕਹਾਉਣ ਦੇ ਕਾਬਲ ਵੀ ਨਹੀਂ ਸਨ। ਇਸਦਾ ਅਹਿਸਾਸ ਜ਼ਿੰਦਗੀ ਦੇ ਜਫਰ ਜਾਲਣ ਤੋਂ ਬਾਅਦ ਅੱਜ ਹੁੰਦਾ ਹੈ। ਪਰ ਸਾਡੇ ਮਾਤਾ ਪਿਤਾ ਅਤੇ ਸਿੱਖਿਆ ਸਿਸਟਮ ਨੇ ਸਾਨੂੰ ਸਿਖਾਇਆ ਸੀ ਕਿ ਅਧਿਆਪਕ ਦੀ ਇੱਜ਼ਤ ਕਰਨੀ ਹੈ। ਸਾਡੇ ਇੱਕ ਅਧਿਆਪਕ ਜੋ ਸਾਨੂੰ ਗਣਿਤ ਪੜ੍ਹਾਉਂਦੇ ਸਨ ਪੂਰੇ ਸਾਲ ਵਿੱਚ ਸਾਨੂੰ ਚਾਰ ਚਾਰ ਵਾਰ ਸਮਝਾ ਕੇ ਸਿਲੇਬਸ ਦੁਹਰਾ ਦਿੰਦੇ ਸਨ। ਉਸ ਵਕਤ ਤੱਕ ਗਾਈਡਾਂ ਦਾ ਜ਼ਮਾਨਾ ਆ ਚੁੱਕਾ ਸੀ ਪਰ ਸਾਡੇ ਉਹ ਇਕੱਲੇ ਅਧਿਆਪਕ ਸਨ ਜਿਨ੍ਹਾਂ ਨੇ ਸਾਨੂੰ ਕਦੇ ਗਾਈਡ ਵੱਲ ਝਾਕਣ ਵੀ ਨਹੀਂ ਦਿੱਤਾ ਸੀ। ਉਹਨਾਂ ਦਾ ਰਹਿਣ ਸਹਿਣ ਅਤਿਅੰਤ ਸਾਦਾ ਸੀ, ਉਹ ਸਾਨੂੰ ਬਾਕੀ ਵਿਸ਼ਿਆਂ ਬਾਰੇ ਵੀ ਵਿਹਲੇ ਟਾਈਮ ਪੜ੍ਹਾ ਦਿੰਦੇ ਸੀ। ਅੱਜ ਵੀ ਮੇਰੇ ਜ਼ਿਹਨ ਵਿੱਚ ਉਹ ਯਾਦ ਤਾਜ਼ਾ ਹੈ ਜਦੋਂ ਬਲੈਕਬੋਰਡ ਸਾਫ ਕਰਨ ਲਈ ਕਲਾਸ ਵਿੱਚ ਕੁਝ ਨਾ ਮਿਲਣ ਤੇ ਉਹਨਾਂ ਨੇ ਆਪਣੇ ਕੰਬਲ ਨਾਲ ਬਲੈਕ ਬੋਰਡ ਸਾਫ ਕਰਕੇ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਚਲੋ ਛੱਡੋ, ਕਿਉਂ ਟਾਈਮ ਖਰਾਬ ਕਰਨਾ ਹੈ। ਪਰ ਇਸਦੇ ਉਲਟ ਉਸ ਸਮੇਂ ਕੁਝ ਖਾਂਦੇ ਪੀਂਦੇ ਘਰਾਂ ਦੇ ਅਧਿਆਪਕ ਜੋ ਸਿਰਫ ਤਨਖਾਹ ਲੈਣ ਵਾਸਤੇ ਹੀ ਭਰਤੀ ਹੋਏ ਜਾਪਦੇ ਸੀ, ਇੰਝ ਜਾਪਦਾ ਹੈ ਉਹਨਾਂ ਦਾ ਖਮਿਆਜਾ ਅੱਜ ਵੀ ਅਸੀਂ ਭੁਗਤ ਰਹੇ ਹਾਂ।
ਹਾਈ ਸਕੂਲ ਦੇ ਇੱਕ ਅਧਿਆਪਕ ਦੀ ਸਾਡੇ ਮੁੱਖ ਅਧਿਆਪਕ ਨਾਲ ਕਿਸੇ ਗੱਲੋਂ ਬਹਿਸ ਹੋ ਗਈ। ਉਸ ਨੇ ਆਪਣੇ ਪੀਰੀਅਡ ਸਮੇਂ ਦੋ ਦੋ ਦੇ ਗਰੁੱਪ ਬਣਾ ਕੇ ਸਕੂਲ ਵਿੱਚੋਂ ਬੱਚੇ ਕੰਧ ਟਪਾ ਕੇ ਭਜਾਉਣੇ ਸ਼ੁਰੂ ਕਰ ਦਿੱਤੇ। ਕਈ ਦਿਨ ਤੱਕ ਸਾਡਾ ਸਕੂਲ ਅੱਧੇ ਤੋਂ ਵੱਧ ਅੱਧੀ ਛੁੱਟੀ ਵੇਲੇ ਖਾਲੀ ਹੁੰਦਾ ਰਿਹਾ। ਮੈਂਨੂੰ ਵੀ ਕਈ ਵਾਰ ਉਸ ਨੇ ਕਿਹਾ ਕਿ ਘਰ ਜਾਣਾ ਹੈ ਤਾਂ ਜਾਉ। ਪਰ ਮੈਂ ਕਿਹਾ ਕਿ ਘੰਟੀ ਵਜਾ ਦਿਉ ਜੀ, ਸਕੂਲੋਂ ਭੱਜਣਾ ਨਹੀਂ, ਛੁੱਟੀ ਸਮੇਂ ਹੀ ਜਾਣਾ ਹੈ। ਇਸ ਸੰਬੰਧ ਵਿੱਚ ਮੈਂਨੂੰ ਉਸ ਅਧਿਆਪਕ ਨੇ ਕੁੱਟਿਆ ਵੀ ਸੀ ਕਿ ਤੇਰੇ ਨਾਲ ਵਾਲੇ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ। ਕਈ ਵਾਰ ਉਹ ਅਧਿਆਪਕ ਮੇਰੇ ਸਹਿਪਾਠੀਆਂ ਤੋਂ ਕੱਚੇ ਆਂਡੇ ਮੰਗਵਾਉਂਦਾ ਤੇ ਕਲਾਸ ਵਿੱਚ ਹੀ ਤੋੜ ਤੋੜ ਕੇ ਉਨ੍ਹਾਂ ਨੂੰ ਕੱਚੇ ਹੀ ਪੀ ਜਾਂਦਾ। ਪੜ੍ਹਾਈ ਦੇ ਨਾਮ ’ਤੇ ਨਸ਼ਾ ਕਰਕੇ ਕੁਰਸੀ ਤੇ ਹੀ ਸੌ ਜਾਂਦਾ। ਪਰ ਸਕੂਨ ਦੀ ਗੱਲ ਇਹ ਹੈ ਕਿ ਅੱਜ ਜਦੋਂ ਵੀ ਮੇਰਾ ਕੋਈ ਸਹਿਪਾਠੀ ਮਿਲਦਾ ਹੈ ਤਾਂ ਮੇਰੀਆਂ ਬਚਪਨ ਦੀਆਂ ਮਿਹਨਤਾਂ ਮੈਂਨੂੰ ਯਾਦ ਜਰੂਰ ਕਰਾਉਂਦਾ ਹੈ। ਮੇਰੇ ਇੱਕ ਸਹਿਪਾਠੀ ਨੂੰ ਕਿਸੇ ਕੰਮ ਲਈ ਵਕੀਲ ਦੀ ਜ਼ਰੂਰਤ ਪਈ। ਉਸ ਨੂੰ ਕਿਸੇ ਹੋਰ ਵਕੀਲ ਕੋਲ ਭੇਜਿਆ ਗਿਆ ਸੀ ਪਰ ਉਸ ਦੀ ਨਿਗਾਹ ਮੇਰੇ ਨਾਮ ’ਤੇ ਪਈ ਤਾਂ ਉਸ ਨੇ ਮੈਂਨੂੰ ਆਖਿਆ ਕਿ ਜਦੋਂ ਬਚਪਨ ਵਿੱਚ ਅਧਿਆਪਕ ਸਵਾਲ ਪਾਉਂਦਾ ਸੀ ਤਾਂ ਤੂੰ ਸਭ ਤੋਂ ਪਹਿਲਾ ਹੱਲ ਕਰ ਦਿੰਦਾ ਸੀ, ਇਸ ਕਰਕੇ ਮੈਂ ਤੈਨੂੰ ਵਕੀਲ ਮੁਕੱਰਰ ਕਰ ਰਿਹਾ ਹਾਂ।
ਹਾਲ ਹੀ ਵਿੱਚ ਇੱਕ ਅਧਿਆਪਕ ਦਾ ਐਕਸੀਡੈਂਟ ਕੇਸ ਮੈਂ ਝਗੜਿਆ। ਉਹ ਐਕਸੀਡੈਂਟ ਕਾਰਨ ਚੱਲਣ ਫਿਰਨ ਤੋਂ ਅਸਮਰੱਥ ਹੈ। ਉਸ ਦੇ ਖਾਸ ਮਿੱਤਰ ਨੇ ਮੈਂਨੂੰ ਦੱਸਿਆ ਕਿ ਇਹ ਬੱਚਿਆਂ ਦੇ ਮਿੱਡ ਡੇ ਮੀਲ ਖਾਣੇ ਨੂੰ ਖੁਦ ਹੜੱਪ ਕਰ ਜਾਂਦਾ ਸੀ ਇਸ ਲਈ ਇਸ ਨੂੰ ਇਸਦੇ ਸਕੂਲ ਦੇ ਨਿਆਣਿਆਂ ਦਾ ਸਰਾਪ ਲੱਗਾ ਹੈ। ਮੈਂਨੂੰ ਮੇਰੇ ਉੱਪਰ ਦੱਸੇ ਗੈਰ ਜ਼ਿੰਮੇਵਾਰ ਅਧਿਆਪਕਾਂ ਦੀ ਬੁਢਾਪੇ ਦੀ ਕਸ਼ਟ ਭਰੀ ਜ਼ਿੰਦਗੀ ਯਾਦ ਗਈ। ਸ਼ਾਇਦ ਉਹਨਾਂ ਨੂੰ ਵੀ ਸਕੂਲ ਦੇ ਨਿਆਣਿਆਂ ਦਾ ਸਰਾਪ ਲੱਗਾ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1716)
(ਸਰੋਕਾਰ ਨਾਲ ਸੰਪਰਕ ਲਈ: