“ਉਸ ਔਰਤ ਨੂੰ ਬਲੀ ਦੇਵ ਲਈ ਹੋਰ ਤਾਂ ਕੋਈ ਲੱਭਿਆ ਨਹੀਂ, ਉਸਨੇ ਆਪਣੇ ਇਕਲੌਤੇ ਪੁੱਤਰ ਨੂੰ ...”
(18 ਅਪ੍ਰੈਲ 2023)
ਇਸ ਸਮੇਂ ਪਾਠਕ: 182.
ਅੰਧਵਿਸ਼ਵਾਸ ਮਾਨਸਿਕ ਰੋਗ ਦੀ ਹੀ ਇੱਕ ਕਿਸਮ ਹੈ। ਸਮਾਜ ਵਿੱਚ ਇਹ ਬੀਮਾਰੀ ਮੱਠੇ ਜ਼ਹਿਰ ਦੀ ਤਰ੍ਹਾਂ ਫੈਲੀ ਹੋਈ ਹੈ। ਅੰਧਵਿਸ਼ਵਾਸੀ ਲੋਕਾਂ ਦੀ ਮਾਨਸਿਕਤਾ ਦਾ ਫਾਇਦਾ ਉਠਾ ਕੇ ਕਈ ਟੂਣੇ-ਟਾਮਣੇ ਕਰਨ ਵਾਲੇ ਬਾਬੇ ਆਰਥਿਕ ਲੁੱਟ ਦੇ ਨਾਲ ਨਾਲ ਘਿਨਾਉਣੇ ਅਪਰਾਧ ਤਕ ਕਰ ਦਿੰਦੇ ਹਨ।
ਦਸ ਸਾਲ ਪਹਿਲਾਂ ਦੋ ਸਕੇ ਭਰਾਵਾਂ ਦੀ ਲੜਾਈ ਦਾ ਕੇਸ ਅਦਾਲਤ ਵਿੱਚ ਚਲਦਾ ਸੀ। ਇੱਕ ਭਰਾ ਨੇ ਦੂਸਰੇ ਭਰਾ ਦੇ ਸੱਟਾਂ ਮਾਰੀਆਂ ਸਨ, ਇਸ ਕਾਰਨ ਉਸ ਨੂੰ ਅਦਾਲਤ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗੱਲ ਅੰਧਵਿਸ਼ਵਾਸ ਦੁਆਰਾ ਪੈਦਾ ਕੀਤੀ ਤੂੰ-ਤੂੰ ਮੈਂ-ਮੈਂ ਤੋਂ ਸ਼ੁਰੂ ਹੋ ਕੇ ਅਦਾਲਤੀ ਕੇਸ ਤਕ ਜਾ ਪਹੁੰਚੀ ਸੀ। ਦੋਵਾਂ ਭਰਾਵਾਂ ਦੀਆਂ ਪਤਨੀਆਂ ਨੂੰ ਸ਼ੱਕ ਸੀ ਕਿ ਉਹਨਾਂ ਉੱਪਰ ਕਿਸੇ ‘ਸਿਆਣੇ’ ਤੋਂ ਕਰਾ ਕੇ ਢਾਲਾ ਲਾਹਿਆ ਜਾਂਦਾ ਹੈ। ਕਈ ਵਾਰ ਉਹਨਾਂ ਦੇ ਘਰੋਂ ਤਵੀਤ ਨਿਕਲਦੇ ਸਨ। ਗੱਲ ਵਧਦੀ ਵਧਦੀ ਮਾਰਾਮਾਰੀ ਤਕ ਪਹੁੰਚ ਗਈ। ਨਤੀਜੇ ਵਜੋਂ ਪਿਛਲੇ ਚਾਰ ਸਾਲਾਂ ਤੋਂ ਇੱਕ ਭਰਾ ਕੇਸ ਦਾ ਸਾਹਮਣਾ ਕਰ ਰਿਹਾ ਸੀ, ਦੂਸਰਾ ਗਵਾਹੀ ਵਾਸਤੇ ਅਦਾਲਤ ਵਿੱਚ ਕਈ ਗੇੜੇ ਮਾਰ ਚੁੱਕਾ ਸੀ। ਪੁਲਿਸ ਨੇ ਵੀ ਵਜਾਹ-ਰੰਜਿਸ਼ ਇਹ ਬਣਾਈ ਸੀ ਕਿ ਦੂਸਰੇ ਭਰਾ ਨੂੰ ਸ਼ੱਕ ਸੀ ਕਿ ਉਸਨੇ ਉਹਨਾਂ ਪਿੱਛੇ ਕਿਸੇ ਸਿਆਣੇ ਤੋਂ ਕਰਾ ਕੇ ਢਾਲਾ ਲਾਹ ਦਿੱਤਾ ਹੈ, ਜਿਸ ਕਾਰਨ ਉਹਨਾਂ ਦੀ ਮੱਝ ਮਰ ਗਈ। ਇਸੇ ਵਜਾਹ-ਰੰਜਿਸ਼ ਵਿੱਚ ਸੱਟ ਮਾਰੀ ਗਈ। ਗੌਰ ਕਰਨ ਵਾਲੀ ਗੱਲ ਇਹ ਹੈ ਟੂਣਿਆਂ-ਟਾਮਣਿਆਂ ਨੂੰ ਲੋਕਾਂ ਦੇ ਦਿਮਾਗਾਂ ਵਿੱਚ ਭਰਨ ਵਾਲੇ ਬਾਬਿਆਂ ਨੇ ਇੱਕ ਪਰਿਵਾਰ ਦਾ ਇੰਨਾ ਆਰਥਿਕ ਤੇ ਭਾਈਚਾਰਕ ਸਾਂਝ ਦਾ ਨੁਕਸਾਨ ਕਰ ਦਿੱਤਾ ਸੀ ਕਿ ਉਸ ਦੀ ਭਰਪਾਈ ਨਹੀਂ ਹੋ ਸਕਦੀ ਸੀ।
ਜਿਰਾਹ ਦੇ ਦੌਰਾਨ ਮੈਂ ਮੁਦਈ ਭਰਾ ਨੂੰ ਪੁੱਛਿਆ ਕਿ ਤੈਨੂੰ ਕਿਸਨੇ ਦੱਸਿਆ ਕਿ ਢਾਲਾ ਲਾਹਿਆ ਗਿਆ ਹੈ। ਉਸ ਨੇ ਕਿਸੇ ਹੋਰ ਢਾਲੇ ਵਾਲੇ ਬਾਬੇ ਦਾ ਨਾਮ ਲੈ ਦਿੱਤਾ। ਅਕਸਰ ਦੇਖਣ ਵਿੱਚ ਆਉਂਦਾ ਹੈ ਅਖੌਤੀ ਬਾਬੇ ਜਾਂ ਸਿਆਣੇ ਅਸਲ ਵਿੱਚ ਲੜਾਈ ਦਾ ਮੁੱਢ ਬੰਨ੍ਹ ਦਿੰਦੇ ਹਨ। ਬਹੁਤ ਸਮਝਾਉਣ ’ਤੇ ਵੀ ਦੋਵੇਂ ਭਰਾ ਨਹੀਂ ਸਮਝੇ। ਮਨਾਂ ਵਿੱਚ ਲਾਈ ਹੋਈ ਅੰਧਵਿਸ਼ਵਾਸ ਦੀ ਚਿੰਗਾੜੀ ਹੌਲੀ ਹੌਲੀ ਭਾਂਬੜ ਦਾ ਰੂਪ ਲੈ ਲੈਂਦੀ ਹੈ। ਪੜ੍ਹੇ ਲਿਖੇ ਤੇ ਚੰਗਾ ਮਾੜਾ ਸਮਝਣ ਵਾਲੇ ਲੋਕ ਵੀ ਅੰਧਵਿਸ਼ਵਾਸ ਫੈਲਾਉਣ ਵਾਲੇ ਬਾਬਿਆਂ ਦੇ ਚੱਕਰਾਂ ਵਿੱਚ ਪੈ ਜਾਂਦੇ ਹਨ। ਇਹਨਾਂ ਲੋਕਾਂ ਵੱਲ ਵੇਖ ਕੇ ਬਹੁਤ ਸਾਰੇ ਹੋਰ ਲੋਕ ਉਹਨਾਂ ਬਾਬਿਆਂ ਦੇ ਚੱਕਰਾਂ ਵਿੱਚ ਪੈ ਜਾਂਦੇ ਹਨ। ਬਹੁਤ ਸਾਰੇ ਅਪਰਾਧਾਂ ਦਾ ਮੁੱਢ ਇਹਨਾਂ ਬਾਬਿਆਂ ਵੱਲੋਂ ਬੰਨ੍ਹਿਆ ਜਾਂਦਾ ਹੈ।
ਇਸੇ ਤਰ੍ਹਾਂ ਦੇ ਇੱਕ ਕੇਸ ਵਿੱਚ ਕਿਸੇ ਟੂਣੇ-ਟੋਟਕੇ ਵਾਲੇ ਬਾਬੇ ਨੇ ਇੱਕ ਔਰਤ ਨੂੰ ਸੋਨੇ ਦਾ ਭਰਿਆ ਕੜਾਹਾ ਉਸ ਦੇ ਘਰੋਂ ਕੱਢਣ ਦਾ ਵਹਿਮ ਪਾ ਦਿੱਤਾ। ਸੋਨੇ ਦਾ ਭਰਿਆ ਕੜਾਹਾ ਉਸ ਦੇ ਘਰ ਵਿੱਚੋਂ ਲੱਭਣ ਲਈ ਉਸ ਔਰਤ ਨੇ ਕਿਸੇ ਨੌਜਵਾਨ ਲੜਕੇ ਦੀ ਬਲੀ ਦੇਣੀ ਸੀ। ਉਸ ਔਰਤ ਨੂੰ ਬਲੀ ਦੇਵ ਲਈ ਹੋਰ ਤਾਂ ਕੋਈ ਲੱਭਿਆ ਨਹੀਂ, ਉਸਨੇ ਆਪਣੇ ਇਕਲੌਤੇ ਪੁੱਤਰ ਨੂੰ ਬਲੀ ਦੇ ਨਾਮ ’ਤੇ ਮਾਰ ਦਿੱਤਾ। ਕਿਹੜਾ ਕੜਾਹਾ ਤੇ ਕਿੱਥੋ ਲੱਭਣਾ ਸੀ, ਉਹ ਔਰਤ ਸਲਾਖਾਂ ਪਿੱਛੇ ਚਲੀ ਗਈ। ਇਲਾਕਾ ਮਜਿਸਟਰੇਟ ਨੇ ਤਫਤੀਸ਼ੀ ਨੂੰ ਹਦਾਇਤ ਕੀਤੀ ਕਿ ਜੇ ਜ਼ਾਹਰ ਹੈ ਕਿ ਬਾਬੇ ਨੇ ਇਹ ਕਾਰਾ ਕਰਾਇਆ ਹੈ, ਉਹਨੂੰ ਵੀ ਕੇਸ ਵਿੱਚ ਸ਼ਾਮਲ ਕਰਕੇ ਗ੍ਰਿਫਤਾਰ ਕਰੋ। ਪੁਲਿਸ ਵੱਲੋਂ ਬਾਬਾ ਯੂ ਪੀ ਤੋਂ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਜਿਹੇ ਕਾਰਿਆਂ ਲਈ ਤਾਂ ਕਾਨੂੰਨ ਮੌਜੂਦ ਹੈ ਪਰ ਇਹ ਸਾਰਾ ਕਾਨੂੰਨ ਅਪਰਾਧ ਹੋਣ ਤੋਂ ਬਾਅਦ ਹਰਕਤ ਵਿੱਚ ਆਉਂਦਾ ਹੈ। ਅੰਧਵਿਸ਼ਵਾਸ ਨੂੰ ਰੋਕਣ ਲਈ ਪੰਜਾਬ ਵਿੱਚ ਅਜੇ ਕਾਰਗਾਰ ਕਾਨੂੰਨ ਨਹੀਂ ਬਣਾਇਆ ਗਿਆ।
ਪੰਜਾਬੀ ਵਿੱਚ ਛਪਦੇ ਬਹੁਤ ਸਾਰੇ ਅਖਬਾਰਾਂ ਵਿੱਚ ਟੂਣਿਆਂ-ਟੋਟਕਿਆਂ ਦੇ ਇਸ਼ਤਿਹਾਰ ਦਿੱਤੇ ਹੁੰਦੇ ਹਨ। ਵਸ਼ੀਕਰਨ, ਦੁਸ਼ਮਣ ਨੂੰ ਤਬਾਹ ਕਰਨ ਤੇ ਹੋਰ ਅਜੀਬ ਅਜੀਬ ਜਿਹੇ ਸਿਰਲੇਖਾਂ ਹੇਠ ਛਪਣ ਵਾਲੇ ਇਸ਼ਤਿਹਾਰ ਆਰਥਿਕ ਲੁੱਟ ਦਾ ਕਾਰਨ ਤਾਂ ਬਣਦੇ ਹੀ ਹਨ ਪਰ ਸਮਾਜ ਵਿੱਚ ਅਪਰਾਧ ਪੈਦਾ ਕਰਨ ਦੇ ਵੀ ਮੁੱਖ ਕਾਰਨ ਹਨ। ਇਹਨਾਂ ਇਸ਼ਤਿਹਾਰਾਂ ’ਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਪਾਬੰਦੀ ਲਗਾ ਦੇਣੀ ਚਾਹੀਦੀ ਹੈ।
ਮਹਾਰਾਸ਼ਟਰ ਵਿੱਚ ਕਾਲਾ ਜਾਦੂ ਤੇ ਟੂਣੇ-ਟੋਟਕੇ ਰੋਕਣ ਲਈ ਇੱਕ ਕਾਨੂੰਨ ਮੌਜੂਦ ਹੈ। ਉਸੇ ਤਰਜ਼ ’ਤੇ ਪੰਜਾਬ ਵਿੱਚ ਵੀ ਜਿੰਨਾ ਜਲਦੀ ਹੋ ਸਕੇ ਅਜਿਹਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਭੋਲੇ ਭਾਲੇ ਲੋਕਾਂ ਨੂੰ ਮਾਨਸਿਕ ਰੋਗੀ ਹੋਣ ਤੋਂ ਬਚਾਇਆ ਜਾ ਸਕੇ।
****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3918)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)