SatpalSDeol7ਉਸ ਦੀ ਰਹੱਸਮਈ ਜ਼ਿੰਦਗੀ ਬਾਰੇ ਮੈਂ ਪਿੰਡ ਦੇ ਕਈ ਪੁਰਾਣੇ ਵਿਅਕਤੀਆਂ ਨੂੰ ਪੁੱਛਿਆ ...
(4 ਨਵੰਬਰ 2020)

 

ਬਚਪਨ ਦੀਆਂ ਯਾਦਾਂ, ਜੋ ਦਿਲ ਦਿਮਾਗ ਵਿੱਚ ਡੂੰਘਾਈ ਵਿੱਚ ਉੱਤਰੀਆਂ ਹੁੰਦੀਆਂ ਹਨ ਅਕਸਰ ਖਾਲੀ ਸਮੇਂ ਵਿੱਚ ਤਰੋ ਤਾਜ਼ਾ ਹੋ ਜਾਂਦੀਆਂ ਹਨਕੁਝ ਵਿਅਕਤੀ ਜਿਨ੍ਹਾਂ ਦੀ ਸਮਾਜ ਲਈ ਕੋਈ ਅਹਿਮੀਅਤ ਨਹੀਂ ਹੁੰਦੀ, ਕਿਸੇ ਵੀ ਵਿਅਕਤੀ ਦੇ ਜ਼ਿਹਨ ਉੱਪਰ ਗਹਿਰੀ ਛਾਪ ਛੱਡ ਜਾਂਦੇ ਹਨਉਨ੍ਹਾਂ ਵਿਅਕਤੀਆਂ ਨੂੰ ਚੇਤਿਆਂ ਵਿੱਚੋਂ ਵਿਸਾਰਨਾ ਸੰਜੀਦਾ ਵਿਅਕਤੀ ਦੇ ਵੱਸ ਵਿੱਚ ਨਹੀਂ ਹੁੰਦਾਅਜਿਹੀ ਇੱਕ ਸ਼ਖਸੀਅਤ ਬਚਪਨ ਤੋਂ ਮੈਂਨੂੰ ਚੰਗੀ ਤਰ੍ਹਾਂ ਆਸ ਪਾਸ ਮਹਿਸੂਸ ਹੁੰਦੀ ਹੈ

ਉਹ ਵਿਅਕਤੀ ਪੂਰੇ ਇਲਾਕੇ ਵਿੱਚ ਆਪਣੇ ਆਪ ਵਿੱਚ ਇਕਲੌਤਾ ਅਜਿਹਾ ਵਿਅਕਤੀ ਸੀ ਜੋ ਕੁੱਲੇ ਵਾਲੀ ਪੱਗ ਬੰਨ੍ਹਦਾ ਸੀਕਈ ਵਾਰ ਉਹ ਹਰੇ ਰੰਗ ਦੀ ਪੱਗ ਬੰਨ੍ਹਦਾ ਅਤੇ ਕੁੱਲਾ ਲਾਲ ਰੰਗ ਦਾ ਸਜਾਇਆ ਹੁੰਦਾਸ਼ਾਇਦ ਇਸੇ ਕਾਰਨ ਹੀ ਬੱਚਿਆਂ ਨੇ ਉਸ ਦਾ ਨਾਮ ਮਿੱਠੂ ਤੋਤਾ ਰੱਖ ਦਿੱਤਾ ਸੀ ਜੋ ਕਿ ਉਸ ਦਾ ਆਮ ਪ੍ਰਚਲਿਤ ਨਾਮ ਸੀਕਈ ਲੋਕ ਉਸ ਨੂੰ ਮਿੱਠੂ ਰਾਮ ਵੀ ਕਹਿਣ ਲੱਗ ਪਏ ਇਸ ਤੋਂ ਇਲਾਵਾ ਉਸ ਨੂੰ ਲੋਕ ਸੁੰਦਰ ਤੋਤਾ ਵੀ ਆਖਦੇਉਸ ਦਾ ਅਸਲ ਨਾਮ ਕਿਸੇ ਨੂੰ ਪਤਾ ਨਹੀਂ ਸੀ ਨਾ ਹੀ ਕਿਸੇ ਨੂੰ ਉਸ ਦੇ ਘਰ ਬਾਰ ਪਤਾ ਸੀ ਨਾ ਹੀ ਕਦੇ ਕੋਈ ਉਸ ਨੂੰ ਉਸ ਦਾ ਰਿਸ਼ਤੇਦਾਰ ਮਿਲਣ ਆਉਂਦਾ ਸੀਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਇਕਲਾਪੇ ਵਾਲੀ ਸੀਮਿੱਟੀ ਦੇ ਤੇਲ ਵਾਲਾ ਸਟੋਵ, ਕੁਝ ਭਾਂਡੇ ਉਸ ਦੀ ਨਿੱਜੀ ਜਾਇਦਾਦ ਸਨ ਮੈਂਨੂੰ ਉਹ ਵਿਅਕਤੀ ਨਾਨਕ ਸਿੰਘ ਦੇ ਨਾਵਲ ਦੇ ਘੜੀ ਸਾਜ਼ ਪਾਤਰ ਵਾਂਗ ਜਾਪਦਾ ਸੀਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਰਹੱਸਮਈ ਸੀਵੈਸੇ ਪਿੰਡ ਵੱਡਾ ਹੋਣ ਕਰਕੇ ਕਿਸੇ ਨੂੰ ਉਸ ਦੀ ਜ਼ਿੰਦਗੀ ਨਾਲ ਬਹੁਤਾ ਵਾਸਤਾ ਵੀ ਨਹੀਂ ਸੀਪਟਵਾਰੀ ਜਾਂ ਮਾਲ ਅਫਸਰ ਤਕ ਪਹੁੰਚ ਕਰਨ ਲਈ ਮਿੱਠੂ ਰਾਮ ਨੂੰ ਲੋਕ ਯਾਦ ਕਰਦੇ ਸੀਹੋ ਸਕਦਾ ਹੈ ਪਟਵਾਰੀ ਜਾਂ ਮਾਲ ਅਫਸਰਾਂ ਵਿਚਕਾਰ ਉਹ ਰਿਸ਼ਵਤ ਲੈਣ ਲਈ ਇੱਕ ਵਿਚੋਲੇ ਵਜੋਂ ਵਿਚਰਦਾ ਹੋਵੇ ਪਰ ਉਸ ਦੀਆਂ ਖੁਦ ਦੀਆਂ ਜਰੂਰਤਾਂ ਬਹੁਤੀਆਂ ਨਹੀਂ ਸਨ ਆਪਣੇ ਝੋਲੇ ਵਿੱਚ ਉਹ ਹਮੇਸ਼ਾ ਟਾਫੀਆਂ ਤੇ ਇੱਕ ਡਾਂਗ ਆਪਣੇ ਕੋਲ ਜ਼ਰੂਰ ਰੱਖਦਾ

ਪਿੰਡ ਦੇ ਪਟਵਾਰਖਾਨੇ ਵਿੱਚ ਇੱਕ ਕਮਰਾ ਉਸ ਦੀ ਰਿਹਾਇਸ਼ ਸੀ, ਪਰ ਪੱਕੀ ਰਿਹਾਇਸ਼ ਨਹੀਂਪਟਵਾਰੀ ਜਾਂ ਹੋਰ ਮਾਲ ਅਫਸਰਾਂ ਦੀ ਉਹ ਦਿਲ ਲਾ ਕੇ ਸੇਵਾ ਕਰਦਾ ਚਾਹ ਪਾਣੀ ਤੋਂ ਲੈ ਕੇ ਮੀਟ ਮੁਰਗੇ ਤਕ ਖਾਣਾ ਬਣਾਉਣ ਤੇ ਤੜਕੇ ਲਾਉਣ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀਜੇ ਕੋਈ ਉਸ ਨੂੰ ਕੁੱਲੇ ਬਾਰੇ ਪੁੱਛਦਾ ਤਾਂ ਉਹ ਕਹਿ ਦਿੰਦਾ ਕਿ ਇਹ ਉਸ ਨੂੰ ਸਰਕਾਰ ਨੇ ਦਿੱਤਾ ਹੈ ਅਤੇ ਹਾਰੀ ਸਾਰੀ ਨੂੰ ਸਰਕਾਰਾਂ ਕੁੱਲਾ ਨਹੀਂ ਦਿੰਦੀਆਂਉਹ ਖਾਕੀ ਵਰਦੀ ਵੀ ਪਹਿਨ ਲੈਂਦਾ, ਜਿਸ ਤੋਂ ਉਸ ਦੇ ਕਿਸੇ ਰਿਟਾਇਰਡ ਸਰਕਾਰੀ ਮੁਲਾਜ਼ਮ ਹੋਣ ਦਾ ਭੁਲੇਖਾ ਪੈਂਦਾ ਪੜ੍ਹੇ ਲਿਖੇ ਲੋਕਾਂ ਦੀ ਉਹ ਬਹੁਤ ਇੱਜ਼ਤ ਕਰਦਾ ਅਤੇ ਅਨਪੜ੍ਹ ਲੋਕ ਉਸ ਨੂੰ ਪਟਵਾਰੀ ਦੇ ਨਾਲ ਨਿਯੁਕਤ ਕੋਈ ਮੁਲਾਜ਼ਮ ਹੀ ਸਮਝਦੇ, ਜਿਸਦਾ ਉਹ ਪੂਰਾ ਪੂਰਾ ਫਾਇਦਾ ਵੀ ਉਠਾਉਂਦਾਕਈ ਵਾਰ ਪਿੰਡ ਦੇ ਲੋਕਾਂ ਦੇ ਘਰੋਂ ਉਹ ਰੋਟੀ ਸਬਜ਼ੀ ਮੰਗ ਲਿਆਉਦਾ ਤੇ ਖੁਦ ਤੜਕੇ ਨਾਲ ਜ਼ਾਇਕਾ ਬਣਾਉਂਦਾ ਆਂਢ ਗਵਾਂਢ ਦੇ ਲੋਕ ਖੁਸ਼ਬੂ ਤੋਂ ਅੰਦਾਜ਼ਾ ਲਾ ਲੈਂਦੇ ਕਿ ਮਿੱਠੂ ਤੜਕਾ ਭੁੰਨ ਰਿਹਾ ਹੈਆਪਣੇ ਹਮ ਉਮਰ ਬੰਦਿਆਂ ਨੂੰ ਉਹ ਸਾਬਕਾ ਮੁਲਾਜ਼ਮ ਹੋਣ ਬਾਰੇ ਦੱਸਦਾਪਟਵਾਰੀ ਤੇ ਮਾਲ ਅਫਸਰਾਂ ਦਾ ਸੇਵਾਦਾਰ ਬਣ ਕੇ ਰਹਿੰਦਾ

ਬੱਚਿਆਂ ਵਿੱਚ ਉਹ ਬਿਲਕੁਲ ਬੱਚਿਆਂ ਵਾਂਗ ਵਿਵਹਾਰ ਕਰਨ ਲੱਗਦਾਬਚਪਨ ਵਿੱਚ ਕਈ ਵਾਰ ਉਹ ਰਸਤੇ ਵਿੱਚ ਮਿਲਦਾ ਤੇ ਮੇਰੇ ਹਮਉਮਰ ਬੱਚੇ ਉਸ ਨੂੰ ‘ਮਿੱਠੂ ਤੋਤਾ - ਮਿੱਠੂ ਤੋਤਾ’ ਕਹਿ ਕੇ ਚਿੜਾ ਰਹੇ ਹੁੰਦੇਉਹ ਬੱਚਿਆਂ ਤੋਂ ਚਿੜਦਾ ਤਾਂ ਰਹਿੰਦਾ ਪਰ ਹਮੇਸ਼ਾ ਆਪਣੇ ਝੋਲੇ ਵਾਲੀਆਂ ਟਾਫੀਆਂ ਬੱਚਿਆਂ ਨੂੰ ਵੰਡਦਾ ਰਹਿੰਦਾ ਆਪਣੇ ਕੋਲ ਰੱਖੀ ਡਾਂਗ ਵੀ ਉਹ ਚੇਤਨ ਹੋ ਕੇ ਫੜੀ ਰੱਖਦਾਫਕੀਰਾਂ ਦੀ ਮੌਜ ਵਾਂਗ ਕਿਸੇ ਬੱਚੇ ਨੂੰ ਟਾਫੀ ਦੇ ਕੇ ਪੁਚਕਾਰਦਾ ਪਰ ਉਸ ਦਾ ਸੁਭਾਅ ਸੀ ਕਿ ਕਿਸੇ ਨੂੰ ਡੰਡਾ ਵੀ ਮਾਰ ਦਿੰਦਾਪਰ ਜਿਹੜੇ ਬੱਚੇ ਉਸ ਨੂੰ ਮਿੱਠੂ ਤੋਤਾ ਕਹਿੰਦੇ ਉਹਨਾਂ ਨੂੰ ਟਾਫੀਆਂ ਦੀ ਬਜਾਏ ਡੰਡਾ ਜ਼ਰੂਰ ਮਾਰਦਾਪਰ ਉਸ ਦੇ ਡੰਡੇ ਵਿੱਚ ਵੀ ਬੱਚਿਆਂ ਪ੍ਰਤੀ ਪਿਆਰ ਦੀ ਮਿਠਾਸ ਹੁੰਦੀਬਚਪਨ ਵਿੱਚ ਬੜਾ ਡਰ ਲੱਗਦਾ ਕਿ ਮਿੱਠੂ ਰਾਮ ਕਿਤੇ ਡੰਡਾ ਲੈ ਕੇ ਮਗਰ ਨਾ ਪੈ ਜਾਵੇ ਪਰ ਹਮੇਸ਼ਾ ਟਾਫੀਆਂ ਦਾ ਲਾਲਚ ਹੁੰਦਾ ਤੇ ਸੁੰਦਰ ਤੋਤੇ ਦਾ ਝੋਲਾ ਸਾਡੇ ਲਈ ਕਿਸੇ ਖਜ਼ਾਨੇ ਤੋਂ ਘੱਟ ਨਹੀਂ ਸੀ ਹੁੰਦਾਅੱਜ ਵੀ ਸੁੰਦਰ ਤੋਤੇ ਦੇ ਸੋਟੇ ਦੀ ਪਿਆਰੀ ਸੱਟ ਦੀ ਟੀਸ ਮਹਿਸੂਸ ਹੁੰਦੀ ਹੈਲੱਗਦਾ ਹੈ ਕਿ ਉਹ ਕਿਸੇ ਗਲੀ ਵਿੱਚ ਦੁਬਾਰਾ ਟੱਕਰੇਗਾਉਹ ਪਿੰਡ ਵਿੱਚ ਹੀ ਲਾਵਾਰਿਸ ਹਾਲਤ ਵਿੱਚ ਮਰਿਆ ਸੀ ਮਰਿਆਂ ਨੂੰ ਵਿਸਾਰ ਦੇਣਾ ਸਾਡੇ ਸਮਾਜ ਦਾ ਆਮ ਵਰਤਾਰਾ ਹੈ ਇਸੇ ਕਾਰਨ ਸ਼ਾਇਦ ਮੇਰੀ ਉਮਰ ਦੇ ਬੰਦੇ ਉਸ ਦੀ ਮੌਤ ਬਾਰੇ ਕੁਝ ਨਹੀਂ ਜਾਣਦੇ

ਮੈਂਨੂੰ ਉਸ ਦਾ ਪੱਗ ਵਾਲਾ ਕੁੱਲਾ ਵੀ ਅਜੀਬ ਲੱਗਦਾ ਕਿਉਂਕਿ ਪਤਾ ਨਹੀਂ ਹੁੰਦਾ ਸੀ ਕਿ ਕੁੱਲਾ ਕੀ ਚੀਜ਼ ਹੈਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਸੀ ਕਿ ਮਿੱਠੂ ਤੋਤਾ ਪੱਗ ਉੱਪਰ ਇਹ ਕੀ ਰੱਖਦਾ ਹੈਕਦੇ ਕਦੇ ਕੁੱਲੇ ਦੇ ਨਾਲ ਟੌਰਾ ਵੀ ਛੱਡ ਲੈਂਦਾ ਕਦੇ ਕਦੇ ਤੁਰ੍ਹਲਾ ਵੀ ਛੱਡਿਆ ਹੁੰਦਾ ਪਰ ਤੁਰ੍ਹਲਾ ਹਮੇਸ਼ਾ ਛੋਟੇ ਸਾਇਜ਼ ਵਿੱਚ ਹੁੰਦਾ ਜਿਸ ਨੂੰ ਅਸੀਂ ਤੁਰ੍ਹਲੀ ਆਖਦੇਅੱਜ ਦੇ ਜ਼ਮਾਨੇ ਦੇ ਨੌਜਵਾਨਾਂ ਨੂੰ ਤੁਰ੍ਹਲੇ ਤੇ ਟੌਰੇ ਦਾ ਫਰਕ ਬਿਲਕੁਲ ਨਹੀਂ ਪਤਾਮੌਜੂਦਾ ਸਮੇਂ ਉਸ ਦੀ ਰਹੱਸਮਈ ਜ਼ਿੰਦਗੀ ਬਾਰੇ ਮੈਂ ਪਿੰਡ ਦੇ ਕਈ ਪੁਰਾਣੇ ਵਿਅਕਤੀਆਂ ਨੂੰ ਪੁੱਛਿਆ ਪਰ ਉਸ ਦੇ ਨਾਲ ਵਿਚਰਣ ਵਾਲੇ ਕਿਸੇ ਵਿਅਕਤੀ ਨੂੰ ਵੀ ਉਸ ਬਾਰੇ ਕੁਝ ਪਤਾ ਨਹੀਂ, ਨਾ ਹੀ ਕਿਸੇ ਨੇ ਕਦੇ ਜਾਨਣ ਦੀ ਕੋਸ਼ਿਸ਼ ਕੀਤੀਪਿੰਡ ਦੇ ਕੁਝ ਪੁਰਾਣੇ ਬਜ਼ੁਰਗਾਂ ਅਨੁਸਾਰ ਅਜਿਹੇ ਕਈ ਬੰਦੇ ਪਿੰਡ ਵਿੱਚ ਰਹਿੰਦੇ ਰਹੇ ਹਨ ਜਿਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਹੁੰਦਾ ਸੀਕਈਆਂ ਨੇ ਦੱਸਿਆ, ਸ਼ਾਇਦ ਅਜਿਹੇ ਵਿਅਕਤੀ ਸੰਗੀਨ ਜੁਰਮਾਂ ਦੇ ਅਪਰਾਧੀ ਹੁੰਦੇ ਸੀ ਜੋ ਪਛਾਣ ਛੁਪਾ ਕੇ ਦੂਰ ਦੁਰਾਡੇ ਲੁਕ ਛਿਪ ਕੇ ਰਹਿੰਦੇ ਸੀਬਿਨਾਂ ਸ਼ੱਕ ਕੁਝ ਵੀ ਹੋਵੇ ਪਰ ਬੱਚਿਆਂ ਪ੍ਰਤੀ ਸੁੰਦਰ ਤੋਤੇ ਦਾ ਚਰਿੱਤਰ ਕਿਸੇ ਸਾਂਤਾ ਕਲਾਜ਼ ਤੋਂ ਘੱਟ ਨਹੀਂ ਸੀ

***** 

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2406)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author