“ਸਾਧਾਂ ਵੱਲੋਂ ਯਭਲੀਆਂ ਮਾਰ ਕੇ ਦੱਸੇ ਸੱਟੇ ਨੂੰ ਮਲਵਈ ਬੋਲੀ ਵਿੱਚ ...”
(7 ਦਸੰਬਰ 2019)
ਸਾਡੇ ਦੇਸ਼ ਦੇ ਕਈ ਇਲਾਕੇ ਸਿੱਖਿਆ ਤੋਂ ਕਈ ਸਾਲ ਤੱਕ ਵਾਂਝੇ ਰਹੇ ਹਨ। ਅਜਾਦੀ ਤੋਂ ਬਾਅਦ ਸਰਕਾਰਾਂ ਵੱਲੋਂ ਸਿੱਖਿਆ ਸੁਧਾਰ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਸਾਡੇ ਦੇਸ਼ ਦੇ ਬਹੁਤ ਲੋਕ ਕੁਝ ਦਹਾਕੇ ਪਹਿਲਾਂ ਅੰਧ ਵਿਸ਼ਵਾਸ ਦੇ ਸ਼ਿਕਾਰ ਸਨ। ਅੱਜ ਵੀ ਅੰਧ ਵਿਸ਼ਵਾਸੀ ਲੋਕਾਂ ਦੀ ਸਮਾਜ ਵਿੱਚ ਕੋਈ ਥੁੜ ਨਹੀਂ ਪਰ ਪਹਿਲਾਂ ਨਾਲੋਂ ਬਹੁਤ ਲੋਕ ਸਿੱਖਿਅਤ ਹੋ ਕੋ ਅੰਧ ਵਿਸ਼ਵਾਸ ਨੂੰ ਅਲਵਿਦਾ ਕਹਿ ਚੁੱਕੇ ਹਨ। ਸਮਾਜ ਵਿੱਚ ਜਿਹੜੇ ਵਰਗ ਵਿੱਚ ਆਰਥਿਕ ਤੰਗੀ ਹੁੰਦੀ ਹੈ, ਉਸ ਵਰਗ ਵਿੱਚ ਅੰਧ ਵਿਸ਼ਵਾਸ ਆਪਣੀ ਉੱਚ ਸੀਮਾ ਤੱਕ ਵਿਕਸਤ ਹੋ ਜਾਂਦਾ ਹੈ। ਪੰਜਾਬ ਦਾ ਮਾਲਵਾ ਖਿੱਤਾ ਮਿਆਰੀ ਸਿੱਖਿਆ ਤੋਂ ਬਹੁਤ ਦੇਰ ਤੱਕ ਵਾਂਝਾ ਰਿਹਾ ਹੈ। ਸਿੱਖਿਆ ਦੀ ਕਮੀ ਨੇ ਮਾਲਵੇ ਵਿੱਚ ਡੇਰਾਵਾਦ ਨੂੰ ਪ੍ਰਫੁੱਲਤ ਹੀ ਨਹੀਂ ਕੀਤਾ, ਸਗੋਂ ਡੇਰਿਆਂ ਦੀ ਆਮਦਨ ਨੂੰ ਸਰਕਾਰ ਦੇ ਬਜਟ ਬਰਾਬਰ ਲਿਆ ਖੜ੍ਹਾਇਆ। ਨਤੀਜੇ ਵਜੋਂ ਸਾਡੇ ਲੋਕਤੰਤਰ ਨੇ ਧਰਮ ਦੀ ਆੜ ਹੇਠਾਂ ਵਿਕਰਾਲ ਰੂਪ ਧਾਰਨ ਕਰ ਲਿਆ ਹੈ।
ਜੂਏ ਸੱਟੇ ਦਾ ਜੁਰਮ ਸਾਡੇ ਸਮਾਜ ਵਿੱਚ ਬਹੁਤ ਦੇਰ ਤੋਂ ਫੈਲਿਆ ਹੋਇਆ ਹੈ। ਇਸ ਜੁਰਮ ਦੀਆਂ ਜੜ੍ਹਾਂ ਅਜਾਦੀ ਤੋਂ ਪਹਿਲਾਂ ਦੀਆਂ ਸਾਡੇ ਦੇਸ਼ ਵਿੱਚ ਫੈਲੀਆਂ ਹਨ। ਦਰਅਸਲ ਇਹ ਇੱਕ ਨੰਬਰਾਂ ਦੀ ਖੇਡ ਹੈ ਜੋ ਸ਼ਾਤਿਰ ਬੰਦੇ ਚਲਾਉਂਦੇ ਹਨ। ਪਹਿਲਾਂ ਇਹ ਵੱਡੇ ਸੱਟਾ ਮਾਫੀਆਂ ਵੱਲੋਂ ਵੱਡੇ ਪੱਧਰ ’ਤੇ ਚਲਾਇਆ ਜਾਂਦਾ ਸੀ ਪਰ ਹੁਣ ਹੇਠਲੇ ਪੱਧਰ ਉੱਤੇ ਪੂਰੇ ਦੇਸ਼ ਵਿੱਚ ਫੈਲਿਆ ਹੋਇਆ ਹੈ। ਨਿਗੂਣੀ ਸਜ਼ਾ ਹੋਣ ਕਰਕੇ ਅਪਰਾਧੀ ਵਾਰ ਵਾਰ ਇਸ ਜੁਰਮ ਨੂੰ ਦੁਹਰਾਉਂਦੇ ਹਨ। ਲੋਕਾਂ ਦੀ ਦੰਦ ਕਥਾ ਅਨੁਸਾਰ ਇੱਕ ਨੰਬਰ ਤੋਂ ਸੌ ਨੰਬਰ ਤੱਕ ਦੇ ਅੰਕਾਂ ਵਿੱਚੋਂ ਇੱਕ ਨੰਬਰ ਹਰ ਰੋਜ਼ ਘੋਸ਼ਿਤ ਕੀਤਾ ਜਾਂਦਾ ਹੈ। ਨੰਬਰ ਆਉਣ ’ਤੇ ਇੱਕ ਰੁਪਏ ਬਦਲੇ ਸੌ ਰੁਪਇਆ ਦੇਣ ਦਾ ਇਕਰਾਰ ਕੀਤਾ ਜਾਂਦਾ ਹੈ। ਇਹ ਸਭ ਤੋਂ ਪਹਿਲਾਂ ਬੰਬੇ ਸ਼ਹਿਰ ਤੋਂ ਸ਼ੁਰੂ ਹੋਇਆ ਸੀ, ਜਿੱਥੇ ਇੱਕ ਵਿਅਕਤੀ ਜਿਸ ਨੂੰ ਮਟਕਾ ਕਿੰਗ ਕਿਹਾ ਜਾਂਦਾ ਸੀ, ਇੱਕ ਨੰਬਰ ਤੋਂ ਸੌ ਨੰਬਰ ਤੱਕ ਮਟਕੇ ਵਿੱਚ ਰਲਾ ਕੇ ਇੱਕ ਨੰਬਰ ਕੱਢਦਾ ਸੀ। ਹੇਠਲੇ ਸੱਟਾ ਲਵਾਉਣ ਵਾਲੇ ਵਿਅਕਤੀ, ਜਿਨ੍ਹਾਂ ਨੂੰ ਖਾਈਵਾਲ ਕਿਹਾ ਜਾਂਦਾ ਹੈ, ਉਹ ਆਪਣਾ ਕਮਿਸ਼ਨ ਕੱਟ ਕੇ ਲੋਕਾਂ ਨੂੰ ਅਦਾਇਗੀ ਕਰਦੇ ਸਨ। ਉਸ ਵਕਤ ਸੰਚਾਰ ਦੇ ਸਾਧਨ ਨਹੀਂ ਹੁੰਦੇ ਸਨ। ਇਹਨਾਂ ਨੰਬਰਾਂ ਨੂੰ ਰੇਲਗੱਡੀ ਦੇ ਅਖੀਰਲੇ ਡੱਬੇ ਉੱਤੇ ਲਿਖ ਦਿੱਤਾ ਜਾਂਦਾ ਸੀ, ਜਿੱਥੋਂ ਪੂਰੇ ਦੇਸ਼ ਵਿੱਚ ਨੰਬਰ ਪਤਾ ਲੱਗਦਾ ਸੀ। ਪਰ ਲੱਗਦਾ ਨਹੀਂ ਇਸ ਵਿੱਚ ਕੋਈ ਸੱਚਾਈ ਹੋਵੇਗੀ। ਇੰਝ ਜਾਪਦਾ ਹੈ ਕਿ ਸੱਟੇ ਦਾ ਕਾਰੋਬਾਰ ਕਰਨ ਵਾਲਿਆਂ ਨੇ ਸਿਰਫ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਇਹ ਅਫਵਾਹ ਫੈਲਾ ਰੱਖੀ ਹੋਵੇਗੀ। ਕੋਈ ਵੀ ਵਿਅਕਤੀ ਇਸ ਕੁਕਰਮ ਤੋਂ ਸ਼ਾਹ ਹੁੰਦਾ ਅੱਜ ਤੱਕ ਨਹੀਂ ਦੇਖਿਆ ਪਰ ਉੱਜੜਦੇ ਬਹੁਤ ਵੇਖੇ ਹਨ। ਇਸ ਜੁਰਮ ਨੇ ਵੀ ਕਈ ਘਰ ਪੱਟੇ ਹਨ ਅਤੇ ਕਈ ਸਾਧਾਂ ਦੇ ਡੇਰੇ ਵਸਾਉਣ ਵਿੱਚ ਵੀ ਯੋਗਦਾਨ ਪਾਇਆ ਹੈ।
ਅਸਲ ਵਿੱਚ ਇਸ ਜੁਰਮ ਨੂੰ ਵਧਾਉਣ ਵਿੱਚ ਸਾਧਾਂ ਦੀ ਵੱਡੀ ਹਿੱਸੇਦਾਰੀ ਹੈ ਤੇ ਕਈ ਸਾਧਾਂ ਦਾ ਕਾਰੋਬਾਰ ਹੀ ਇਸ ਗੋਰਖਧੰਦੇ ਤੋਂ ਚਲਦਾ ਹੈ। ਕਈ ਸਾਧ ਆਪਣੇ ਡੇਰੇ ਵਿੱਚ ਗੱਲਾਂਬਾਤਾਂ ਕਰਦੇ ਜਾਣ ਬੁੱਝ ਕੇ ਕਿਸੇ ਨੰਬਰ ਦਾ ਜ਼ਿਕਰ ਕਰ ਦਿੰਦੇ ਹਨ। ਹੋ ਸਕਦਾ ਹੈ ਉਹ ਕਿਸੇ ਸੱਟਾ ਕਾਰੋਬਾਰੀ ਨਾਲ ਰਲ ਕੇ ਅਜਿਹਾ ਕਰਦੇ ਹੋਣ। ਨੰਬਰ ਆਉਣ ’ਤੇ ਸੱਟੇ ਦੇ ਗਾਹਕ ਸਾਧ ਨੂੰ ਰੱਬ ਬਣਾ ਦਿੰਦੇ ਹਨ। ਸਾਧਾਂ ਵੱਲੋਂ ਯਭਲੀਆਂ ਮਾਰ ਕੇ ਦੱਸੇ ਸੱਟੇ ਨੂੰ ਮਲਵਈ ਬੋਲੀ ਵਿੱਚ ਬੌੜ ਮਾਰਨਾ ਕਹਿੰਦੇ ਹਨ। ਠੇਠ ਪੰਜਾਬੀ ਵਿੱਚ ਇਸ ਨੂੰ ਸਾਧ ਦਾ ਕਮਲ ਕੁਦਾਉਣਾ ਵੀ ਕਿਹਾ ਜਾ ਸਕਦਾ ਹੈ। ਕਈ ਸਾਧ ਤਾਂ ਡੇਰੇ ਵਿੱਚ ਗੰਦੀਆਂ ਗਾਲ੍ਹਾਂ ਵੀ ਕੱਢਦੇ ਹਨ ਜਿਸ ਤੋਂ ਸੱਟੇ ਵਾਲੇ ਸੱਟਾ ਬਣਾਉਂਦੇ ਹਨ। ਖਾਈਵਾਲ ਵੀ ਪੂਰੇ ਸ਼ਾਤਿਰ ਹੁੰਦੇ ਹਨ। ਜਿਸ ਨੰਬਰ ’ਤੇ ਘੱਟ ਅਦਾਇਗੀ ਕਰਨੀ ਪਵੇ, ਉਹ ਉਹੀ ਨੰਬਰ ਘੋਸ਼ਿਤ ਕਰਦੇ ਹਨ। ਕਈ ਵਾਰ ਅਦਾਇਗੀ ਨਾ ਕਰਨ ਨੂੰ ਲੈ ਕੇ ਝਗੜੇ ਹੁੰਦੇ ਵੀ ਦੇਖੇ ਹਨ। ਪਰ ਹੁਣ ਨਸ਼ੇ ਦੇ ਕਾਰੋਬਾਰ ਉੱਤੇ ਧਿਆਨ ਹੋਣ ਨਾਲ ਇਸ ਅਪਰਾਧ ਤੋਂ ਸਭ ਦਾ ਧਿਆਨ ਹਟ ਚੁੱਕਾ ਹੈ। ਪੂਰੇ ਬੁਲੰਦ ਹੌਸਲਿਆਂ ਨਾਲ ਇਹ ਜੁਰਮ ਪਨਪ ਰਿਹਾ ਹੈ।
ਕਾਫੀ ਸਮਾਂ ਪਹਿਲਾਂ ਸਾਡੇ ਕਾਲਜ ਦੀ ਕੰਧ ਨਾਲ ਇੱਕ ਪਾਗਲ ਵਿਅਕਤੀ ਆ ਕੇ ਬੈਠ ਗਿਆ ਜਿਸਦੇ ਤਨ ਉੱਪਰ ਕੋਈ ਕੱਪੜਾ ਨਹੀਂ ਸੀ। ਉਹ ਵਿਅਕਤੀ ਹਰ ਰੋਜ਼ ਧਰਤੀ ਉੱਤੇ ਨੰਬਰ ਲਿਖਦਾ ਰਹਿੰਦਾ। ਜਾਪਦਾ ਸੀ ਕਿ ਉਸ ਨੂੰ ਕੋਈ ਸੂਝ ਨਹੀਂ ਸੀ ਕਿ ਉਹ ਕੀ ਲਿਖ ਰਿਹਾ ਹੈ। ਨੇੜੇ ਤੋਂ ਲੰਘਣ ਵਾਲੇ ਕਿਸੇ ਸੱਟੇਬਾਜ਼ ਦੀ ਨਿਗਾਹ ਉਸ ਦੇ ਲਿਖੇ ਨੰਬਰਾਂ ਉੱਤੇ ਪੈ ਗਈ ਤਾਂ ਅਗਲੇ ਦਿਨ ਤੋਂ ਉਸ ਪਾਗਲ ਵਿਅਕਤੀ ਨੂੰ ਲੋਕਾਂ ਨੇ ਕਰਨੀ ਵਾਲਾ ਸਾਧ ਸਮਝ ਲਿਆ ਤੇ ਉਸ ਨੂੰ ਵਧੀਆ ਭਗਵੇਂ ਕੱਪੜੇ ਪਵਾ ਦਿੱਤੇ । ਇੱਕ ਬਾਂਸ ਦਾ ਛੱਪਰ ਵੀ ਸੜਕ ਕੰਢੇ ਸਰਕਾਰੀ ਜਗ੍ਹਾ ਨਜਾਇਜ਼ ਰੋਕ ਕੇ ਪਾ ਦਿੱਤਾ। ਲੋਕ ਕਹਿਣ ਲੱਗ ਪਏ ਕਿ ਸੰਤ ਆਪਣਾ ਦੁਨਿਆਵੀ ਰੂਪ ਲੁਕਾ ਕੇ ਰੱਖਦੇ ਹਨ। ਫਿਰ ਪਤਾ ਨਹੀਂ ਉਸ ਪਾਗਲ ਦੇ ਦਿਮਾਗ ਵਿੱਚ ਕੀ ਆਇਆ, ਹਰ ਰੋਜ਼ ਕਈ ਨੰਬਰ ਧਰਤੀ ਉੱਤੇ ਲਿਖਣ ਲੱਗ ਪਿਆ ਜੋ ਸੱਟੇਬਾਜ਼ਾਂ ਲਈ ਸੰਤਾਂ ਦਾ ਬੌੜ ਹੁੰਦਾ ਸੀ।
ਇਸੇ ਦੌਰਾਨ ਇੱਕ ਸਖਤ ਮਿਜਾਜ਼ ਅਫਸਰ ਦੀ ਨਿਯੁਕਤੀ ਉਸ ਸ਼ਹਿਰ ਵਿੱਚ ਹੋ ਗਈ ਜਿਸ ਨੇ ਨਜਾਇਜ਼ ਕਬਜਾ ਕਰੀ ਬੈਠੇ ਕਰਨੀ ਵਾਲੇ ਕਮਲੇ ਦੇ ਤੱਪੜ ਸ਼ਹਿਰੋਂ ਬਾਹਰ ਸੁੱਟ ਦਿੱਤੇ। ਉਸ ਤੋਂ ਬਾਅਦ ਉਹ ਕਦੇ ਨਜ਼ਰ ਨਹੀਂ ਆਇਆ। ਲੋਕਾਂ ਨੇ ਪਾਗਲ ਬਾਬੇ ਨੂੰ ਲੱਭਣ ਦੀ ਕੋਸ਼ਿਸ਼ ਬਹੁਤ ਕੀਤੀ ਪਰ ਉਹ ਮਿਲਿਆ ਨਹੀਂ। ਪਰ ਮਾਨਸਿਕ ਰੂਪ ਵਿੱਚ ਕਮਜ਼ੋਰ ਲੋਕ ਬਗੈਰ ਮਿਹਨਤ ਤੋਂ ਅਮੀਰ ਹੋਣ ਵਾਸਤੇ ਕੋਈ ਹੋਰ ਪਾਗਲ ਬਾਬਾ ਸੱਟੇ ਵਾਲਾ ਲੱਭ ਹੀ ਲੈਣਗੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1835)
(ਸਰੋਕਾਰ ਨਾਲ ਸੰਪਰਕ ਲਈ: