“ਕਾਕਾ, ਤੇਰਾ ਤਾਂ ਦਾਖਲਾ ਮੈਂ ਹੋਣ ਹੀ ਨਹੀਂ ਦੇਣਾ, ਤੂੰ ਜੋ ਮਰਜ਼ੀ ਕਰ ਲੈ ...”
(10 ਜੁਲਾਈ 2021)
ਅੱਜ ਮੈਂ ਅਜਿਹੇ ਵਿਸ਼ੇ ਬਾਰੇ ਲਿਖਣ ਲੱਗਾ ਹਾਂ, ਜਿਸ ਬਾਰੇ ਕੋਈ ਵੀ ਲਿਖਣਾ ਨਹੀਂ ਚਾਹੇਗਾ। ਸਾਡੇ ਸਮਾਜ ਵਿੱਚ ਅਧਿਆਪਕ ਨੂੰ ਗੁਰੂ ਦਾ ਸਥਾਨ ਦਿੱਤਾ ਜਾਂਦਾ ਹੈ, ਜੋ ਸਾਡੀ ਪਰੰਪਰਾ ਅਨੁਸਾਰ ਢੁੱਕਵਾਂ ਵੀ ਹੈ। ਪੱਖਪਾਤ ਸਾਡੇ ਸਮਾਜ ਦਾ ਆਮ ਵਰਤਾਰਾ ਹੈ। ਹਰ ਸੰਸਥਾ ਵਿੱਚ ਬਹੁਤ ਸਾਰੇ ਕਾਬਲ ਲੋਕ ਹੁੰਦੇ ਹਨ ਪਰ ਕੁਝ ਲੋਕ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਵੱਧ ਕਾਬਲ ਸਮਝਣ ਦੀ ਭੁੱਲ ਕਰ ਲੈਂਦੇ ਹਨ। ਔਰਤਾਂ ਨੂੰ ਹਮੇਸ਼ਾ ਸਮਾਜ ਵਿੱਚ ਵਿਤਕਰੇ ਨਾਲ ਵੇਖਿਆ ਜਾਂਦਾ ਹੈ। ਪਰ ਅਜਿਹਾ ਸਿਰਫ ਈਰਖਾਲੂ ਲੋਕਾਂ ਦੇ ਮਨਾਂ ਦਾ ਵਹਿਮ ਹੀ ਕਿਹਾ ਜਾ ਸਕਦਾ ਹੈ। ਈਰਖਾ ਦਾ ਕੋਈ ਪੈਮਾਨਾ ਨਿਰਧਾਰਿਤ ਨਹੀਂ ਹੈ। ਇੱਕ ਵਿਦਵਾਨ ਵਿਅਕਤੀ ਵੀ ਕਿਸੇ ਪ੍ਰਤੀ ਈਰਖਾ ਰੱਖ ਸਕਦਾ ਹੈ।
ਹਰਿਆਣੇ ਦੇ ਇੱਕ ਕਾਲਜ ਵਿੱਚ ਦੋ ਪਤੀ ਪਤਨੀ ਪੰਜਾਬੀ ਪ੍ਰੋਫੈਸਰ ਦੇ ਅਹੁਦੇ ’ਤੇ ਤਾਇਨਾਤ ਸਨ। ਮੈਂ ਵੀ ਬੀ ਏ ਕਰਨ ਲਈ ਉੱਥੇ ਦਾਖਲਾ ਲੈ ਲਿਆ। ਪੰਜਾਬੀ ਹਰਿਆਣਾ ਵਿੱਚ ਚੋਣਵੇਂ ਵਿਸ਼ੇ ਵਜੋਂ ਤੇ ਹਿੰਦੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਸੀ। ਪੰਜਾਬ ਵਿੱਚ ਪੰਜਾਬੀ ਮੀਡੀਅਮ ਨਾਲ ਪੜ੍ਹਾਈ ਕੀਤੀ ਹੋਣ ਕਰਕੇ ਪੰਜਾਬੀ ਚੁਣਨਾ ਸੁਭਾਵਿਕ ਹੀ ਸੀ। ਪੰਜਾਬੀ ਦੀ ਲਿਖਾਈ ਸੁੰਦਰ ਹੋਣ ਕਰਕੇ ਤੇ ਆਪਣੀ ਭਾਸ਼ਾ ਵਿੱਚ ਉੱਚ ਵਿੱਦਿਆ ਹਾਸਲ ਕਰਨ ਦਾ ਟੀਚਾ ਲੈ ਕੇ ਮੈਂ ਪੰਜਾਬੀ ਵਿਸ਼ਾ ਚੁਣਿਆ ਸੀ। ਬੀ ਏ ਦੇ ਪਹਿਲੇ ਭਾਗ ਵਿੱਚ ਦੋਵਾਂ ਵਿੱਚੋਂ ਪਤਨੀ ਪ੍ਰੋਫੈਸਰ ਨੂੰ ਸਾਨੂੰ ਪੰਜਾਬੀ ਪੜ੍ਹਾਉਣ ਲਈ ਨਿਯੁਕਤ ਕੀਤਾ ਗਿਆ ਸੀ। ਉਹ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਤੇ ਬਹੁਤ ਹੀ ਪਿਆਰ ਨਾਲ ਪੜ੍ਹਾਉਂਦੇ ਸੀ। ਉਹਨਾਂ ਦੀ ਸ਼ਖ਼ਸੀਅਤ ਦਾ ਅਸਰ ਵਿਦਿਆਰਥੀਆਂ ਉੱਪਰ ਪੈਣਾ ਸੁਭਾਵਿਕ ਹੀ ਸੀ। ਪਰ ਪ੍ਰੋਫੈਸਰ ਸਾਹਬ ਕਦੇ ਕਦੇ ਉਹਨਾਂ ਦੇ ਛੁੱਟੀ ’ਤੇ ਜਾਣ ਸਮੇਂ ਪੜ੍ਹਾਉਣ ਆਉਂਦੇ ਸਨ। ਜਾਪਦਾ ਇੰਜ ਸੀ ਜਿਵੇਂ ਉਹ ਲੜਕਿਆਂ ਨੂੰ ਖ਼ਾਸ ਤੌਰ ’ਤੇ ਨਫ਼ਰਤ ਕਰਦੇ ਹੋਣ। ਗੱਲ ਗੱਲ ਉੱਤੇ ਜ਼ਲੀਲ ਜਿਹਾ ਕਰਨਾ ਉਹਨਾਂ ਦਾ ਸੁਭਾਅ ਸੀ ਪਰ ਅਧਿਆਪਕ ਨੂੰ ਗੁਰੂ ਸਮਝ ਕੇ ਆਪਣੇ ਵਿੱਚ ਅਸੀਂ ਕਮੀਆਂ ਲੱਭਦੇ ਰਹਿੰਦੇ। ਉਹ ਕਈ ਵਾਰ ਉੱਚ ਵਿੱਦਿਆ ਹਾਸਲ ਕਰਨ ਵਾਲੀ ਇੱਕ ਲੜਕੀ ਨੂੰ ਚੁਣ ਲੈਂਦੇ ਤੇ ਉਸ ਨੂੰ ਵੱਖਰਾ ਇਕੱਲਿਆਂ ਪੜ੍ਹਾਉਣ ਲੱਗ ਪੈਂਦੇ। ਉਹਨਾਂ ਦੀ ਇਹ ਪੜ੍ਹਾਈ ਕੁਝ ਸਾਲਾਂ ਤੋਂ ਚਰਚਾ ਵਿੱਚ ਸੀ। ਲੱਗਦਾ ਸੀ ਅਜਿਹਾ ਉਹਨਾਂ ਦੀ ਪ੍ਰੋਫੈਸਰ ਪਤਨੀ ਨੂੰ ਚੰਗਾ ਨਹੀਂ ਲੱਗਦਾ ਸੀ। ਪਰ ਸਾਡੇ ਲਈ ਦੋਵੇਂ ਪਤੀ ਪਤਨੀ ਪ੍ਰੋਫੈਸਰ ਉਸਤਾਦ ਸਨ, ਜਿਨ੍ਹਾਂ ਦੀ ਇੱਜ਼ਤ ਵਿਦਿਆਰਥੀ ਮਨਾਂ ਵਿੱਚ ਬਹੁਤ ਸੀ।
ਬੀ ਏ ਦੇ ਆਖਰੀ ਵਰ੍ਹੇ ਦਾ ਮੇਰਾ ਨਤੀਜਾ ਲੇਟ ਹੋ ਗਿਆ ਜੋ ਯੂਨੀਵਰਸਿਟੀ ਜਾ ਕੇ ਘੋਸ਼ਿਤ ਕਰਾਉਣਾ ਪਿਆ। ਰੁਚੀ ਮੁਤਾਬਕ ਮੈਂ ਐੱਮ ਏ ਪੰਜਾਬੀ ਵਿੱਚ ਦਾਖਲਾ ਲੈਣ ਦੁਬਾਰਾ ਕਾਲਜ ਗਿਆ ਤਾਂ ਉਹ ਪ੍ਰੋਫੈਸਰ ਸਾਹਬ ਬੋਲੇ ਆਖਰੀ ਮਿਤੀ ਤੋਂ ਪਹਿਲਾਂ ਮੈਂ ਫਾਰਮ ਜਮ੍ਹਾਂ ਨਹੀਂ ਕਰਵਾਇਆ ਇਸ ਕਾਰਨ ਮੇਰਾ ਦਾਖਲਾ ਨਹੀਂ ਹੋ ਸਕਦਾ। ਪਰ ਨਿਯਮਾਂ ਅਨੁਸਾਰ ਨਤੀਜਾ ਲੇਟ ਵਾਲੇ ਵਿਦਿਆਰਥੀਆਂ ਨੂੰ ਇਸ ਤੋਂ ਛੋਟ ਹੁੰਦੀ ਹੈ। ਮੇਰੇ ਵੱਲੋਂ ਵਾਰ ਵਾਰ ਬੇਨਤੀ ਕਰਨ ’ਤੇ ਪ੍ਰੋਫੈਸਰ ਸਾਹਬ ਬੋਲੇ, “ਕਾਕਾ, ਤੇਰਾ ਤਾਂ ਦਾਖਲਾ ਮੈਂ ਹੋਣ ਹੀ ਨਹੀਂ ਦੇਣਾ, ਤੂੰ ਜੋ ਮਰਜ਼ੀ ਕਰ ਲੈ।”
ਮੈਂ ਉਹਨਾਂ ਦੇ ਸਾਹਮਣੇ ਹੀ ਦਾਖਲਾ ਫਾਰਮ ਪਾੜ ਕੇ ਸੁੱਟ ਦਿੱਤਾ ਅਤੇ ਕਿਹਾ, “ਨਹੀਂ ਤਾਂ ਨਾ ਸਹੀ, ਮੈਂ ਐੱਲ ਐਲ ਬੀ ਕਰ ਲਵਾਂਗਾ।”
ਮੈਂਨੂੰ ਜਵਾਬ ਮਿਲਿਆ, “ਬਥੇਰੇ ਕਾਲੇ ਕੋਟਾਂ ਵਾਲੇ ਧੱਕੇ ਖਾਂਦੇ ਫਿਰਦੇ ਹਨ।”
ਪ੍ਰੋਫੈਸਰ ਸਾਹਬ ਦੇ ਅਜਿਹੇ ਵਤੀਰੇ ਦੀ ਵਜਾਹ ਮੈਂਨੂੰ ਅੱਜ ਤਕ ਨਹੀਂ ਪਤਾ ਲੱਗੀ। ਉਸ ਵਕਤ ਮੈਨੂੰ ਲੱਗਣ ਲੱਗਾ ਕਿ ਸ਼ਾਇਦ ਲਾਅ ਵਾਲੇ ਪਾਸੇ ਜਾ ਕੇ ਮੈਂ ਭੁੱਲ ਕਰ ਰਿਹਾ ਹਾਂ। ਮੇਰੇ ਨੇੜਲੇ ਸਾਥੀ ਵੀ ਲਾਅ ਦੇ ਨਾਂ ’ਤੇ ਮੇਰਾ ਮਜ਼ਾਕ ਬਣਾਉਂਦੇ ਸੀ ਤੇ ਰਿਸ਼ਤੇਦਾਰ ਵੀ। ਉਹ ਕਹਿੰਦੇ ਸੀ ਕਿ ਲਾਅ ਵਿੱਚ ਕੁਝ ਨਹੀਂ ਰੱਖਿਆ। ਪਰ ਪੱਕੇ ਇਰਾਦੇ ਨਾਲ ਲਾਅ ਕੀਤਾ। ਸਖ਼ਤ ਮਿਹਨਤ ਕੀਤੀ। ਕੁਝ ਸਾਲਾਂ ਵਿੱਚ ਪੰਜ ਸੌ ਤਕ ਫਾਇਲ ਇਕੱਠੀ ਹੋ ਗਈ, ਜੋ ਸਖ਼ਤ ਮਿਹਨਤ ਦਾ ਨਤੀਜਾ ਸੀ। ਵਕਾਲਤ ਸ਼ੁਰੂ ਕਰਨ ਤੋਂ ਅੱਜ ਤਕ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂਨੂੰ ਸੀਨੀਅਰਜ਼ ਦੱਸਦੇ ਸਨ ਕਿ ਇੱਕ ਨਾਮੀ ਵਕੀਲ ਨੂੰ ਸਰਕਾਰ ਵੱਲੋਂ ਸਪੈਸ਼ਲ ਅਦਾਲਤ ਦਾ ਨਿਆਇਕ ਅਫਸਰ ਨਿਯੁਕਤ ਕਰਨਾ ਚਾਹਿਆ ਤਾਂ ਉਹਨਾਂ ਦਾ ਜਵਾਬ ਸੀ, “ਜਿੰਨੀ ਤਨਖ਼ਾਹ ਤੁਸੀਂ ਅਫਸਰ ਨੂੰ ਸਾਲ ਵਿੱਚ ਦਿੰਦੇ ਹੋ, ਉੰਨੀ ਮੈਂ ਮਹੀਨੇ ਵਿੱਚ ਤਲਵੰਡੀ ਸਾਬੋ ਗੁਰਦੁਆਰੇ ਦਾਨ ਕਰਦਾ ਹਾਂ।”
ਵਕਾਲਤ ਦੇ ਕਿੱਤੇ ਦਾ ਜੋ ਅਨੰਦ ਹੈ, ਹੋਰ ਕਿਧਰੇ ਵੀ ਨਹੀਂ। ਹੁਣ ਕੁਝ ਨਾ ਕੁਝ ਲਿਖ ਕੇ ਆਪਣੀ ਮਾਤਰ ਭਾਸ਼ਾ ਦਾ ਕਰਜ਼ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਅਧੂਰੀ ਹਸਰਤ ਪੂਰੀ ਕਰ ਰਿਹਾ ਹਾਂ। ਬੇਸ਼ਕ ਮੇਰਾ ਲਿਖਿਆ ਹੋਇਆ ਕੁਝ ਵੀ ਉੱਚ ਪਾਏ ਦਾ ਨਹੀਂ ਹੁੰਦਾ, ਨਾ ਹੀ ਸ਼ਾਇਦ ਲਿਖ ਸਕਾਂਗਾ। ਹਮੇਸ਼ਾ ਮਲਾਲ ਰਹੇਗਾ ਕਿ ਪੰਜਾਬੀ ਵਿੱਚ ਉੱਚ ਪੱਧਰੀ ਸਿੱਖਿਆ ਹਾਸਲ ਨਹੀਂ ਕਰ ਸਕਿਆ। ਉਸ ਪ੍ਰੋਫੈਸਰ ਸਾਹਬ ਦਾ ਧੰਨਵਾਦ ਜਿਨ੍ਹਾਂ ਨੇ ਈਰਖਾਵੱਸ ਹੀ ਪੰਜਾਬੀ ਐੱਮ ਏ ਵਿੱਚ ਦਾਖਲਾ ਨਹੀਂ ਦਿੱਤਾ। ਉਹਨਾਂ ਨੇ ਮੇਰੇ ਤੋਂ ਬਾਅਦ ਦੋ ਹੋਰ ਵਿਦਿਆਰਥੀਆਂ ਨੂੰ ਦਾਖਲਾ ਦੇ ਦਿੱਤਾ ਸੀ। ਜੇ ਦਾਖਲਾ ਹੋ ਜਾਂਦਾ ਸ਼ਾਇਦ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਖੜ੍ਹਾ ਹੁੰਦਾ। ਬਾਅਦ ਵਿੱਚ ਇਹ ਵੀ ਪਤਾ ਲੱਗਾ ਕਿ ਪ੍ਰੋਫੈਸਰ ਸਾਹਬ ਦੀ ਪਰਿਵਾਰਕ ਜ਼ਿੰਦਗੀ ਕਿਸੇ ਕਾਰਨ ਬਿਖਰ ਗਈ। ਇਹ ਸੁਣ ਕੇ ਬਹੁਤ ਦੁੱਖ ਹੋਇਆ। ਉਹ ਹੋਰ ਕਿਸੇ ਉੱਚੇ ਅਹੁਦੇ ਤਕ ਪਹੁੰਚ ਗਏ ਹਨ। ਸੰਪਰਕ ਕਰਨ ਦੀ ਕੋਸ਼ਿਸ਼ ਕਰਨ ’ਤੇ ਵੀ ਸੰਪਰਕ ਨਹੀਂ ਹੋ ਸਕਿਆ। ਅੱਜ ਵੀ ਉਹਨਾਂ ਦਾ ਨਾਮ ਸੁਚੱਜੀਆਂ ਲਿਖਤਾਂ ਦੇ ਵਿਦਵਾਨਾਂ ਵਿੱਚ ਆਉਂਦਾ ਹੈ। ਉਹਨਾਂ ਦੀ ਵਿਦਵਤਾ ਦਾ ਕੋਈ ਮੁਕਾਬਲਾ ਨਹੀਂ ਪਰ ਇਸ ਪੱਖਪਾਤ ਦੀ ਪੀੜ ਵਾਲੀ ਚੀਕ ਨੂੰ ਮੈਂ ਹਮੇਸ਼ਾ ਦਬਾਅ ਕੇ ਰੱਖਿਆ। ਤੇ ਅੱਜ ਆਪਣੇ ਪੜ੍ਹਨ ਵਾਲਿਆਂ ਦੇ ਸਾਹਮਣੇ ਇਹ ਜ਼ੋਰਦਾਰ ਅਵਾਜ਼ ਨਾਲ ਜ਼ਾਹਰ ਹੋ ਗਈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2889)
(ਸਰੋਕਾਰ ਨਾਲ ਸੰਪਰਕ ਲਈ: