”ਅਸੀਂ ਹਰ ਰੋਜ਼ ਲਿਸਟਾਂ ਭੇਜ ਭੇਜ ਕੇ ਥੱਕ ਚੁੱਕੇ ਹਾਂ। ਲੋੜਵੰਦ ਲੋਕ ਸਾਨੂੰ ਪੁੱਛ ਪੁੱਛ ਕੇ ...”
(31 ਮਾਰਚ 2020)
ਪਿਛਲੇ ਕਈ ਦਿਨਾਂ ਤੋਂ ਜ਼ਿੰਮੇਵਾਰ ਨਾਗਰਿਕਾਂ ਦੇ ਵਾਂਗ ਘਰਾਂ ਵਿੱਚ ਬੈਠੇ ਹਾਂ। ਸ੍ਰੀਮਤੀ ਪਿੰਡ ਦੇ ਸਰਪੰਚ ਹਨ ਅਤੇ ਉਹ ਕੁਝ ਦਿਨਾਂ ਲਈ ਬੱਚਿਆਂ ਪਾਸ ਕਨੇਡਾ ਗਏ ਸੀ। ਪਰ ਅੰਤਰਰਾਸ਼ਟਰੀ ਫਲੈਟਾਂ ਬੰਦ ਹੋਣ ਕਰਕੇ ਵਾਪਸੀ ਸੰਭਵ ਨਹੀਂ ਸੀ। ਪ੍ਰਸ਼ਾਸਨ ਵੱਲੋਂ ਕਦੇ ਕੋਈ ਕਮੇਟੀ ਬਣਾਉਣ ਦਾ ਸੱਦਾ ਆ ਜਾਂਦਾ ਹੈ ਤੇ ਕਦੇ ਕੋਈ ਵਟਸ ਐਪ ਗਰੁੱਪ। ਸ੍ਰੀਮਤੀ ਦੀ ਗੈਰਹਾਜ਼ਰੀ ਵਿੱਚ ਸਮੂਹ ਪੰਚਾਇਤ ਦੇ ਨਾਲ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਸਾਰਾ ਪਿੰਡ ਕਰ ਰਿਹਾ ਹੈ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਸਾਰੇ ਪਿੰਡ ਵਾਸੀ ਘਰਾਂ ਵਿੱਚ ਬੈਠੇ ਹਨ। ਸਾਰਾ ਦਿਨ ਖਬਰਾਂ ਤੇ ਸੋਸ਼ਲ ਮੀਡੀਆ ਨਾਲ ਵਕਤ ਗੁਜ਼ਾਰਿਆ ਜਾ ਰਿਹਾ ਹੈ। ਵਿਦੇਸ਼ ਵਿੱਚ ਬੈਠੇ ਪਰਿਵਾਰ ਦੀ ਵੀ ਚਿੰਤਾ ਹੈ। ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਹਰ ਤਰੀਕੇ ਨਾਲ ਪਾਲਣਾ ਕੀਤੀ ਜਾ ਰਹੀ ਹੈ ਤਾਂ ਕਿ ਪੂਰਾ ਦੇਸ਼ ਕਰੋਨਾ ਦੀ ਨਾਮੁਰਾਦ ਬੀਮਾਰੀ ਤੋਂ ਬਚਿਆ ਰਹੇ।
ਮੇਰੇ ਵਰਗੇ ਬਹੁਤ ਸਾਰੇ ਬਦਕਿਸਮਤ ਪੰਜਾਬੀ ਆਪਣੇ ਪਰਿਵਾਰ ਨਾਲ ਨਹੀਂ ਹੋਣਗੇ ਕਿਉਂਕਿ ਬਹੁਗਿਣਤੀ ਪੰਜਾਬੀਆਂ ਦੇ ਬੱਚੇ ਵਿਦੇਸ਼ਾਂ ਵਿੱਚ ਬੈਠੇ ਹਨ। ਨੇੜੇ ਵਗ ਰਹੇ ਘੱਗਰ ਦਰਿਆਂ ਦੇ ਬਦਬੂਦਾਰ ਪਾਣੀ ਤੋਂ ਸਾਰਾ ਇਲਾਕਾ ਪਰੇਸ਼ਾਨ ਸੀ, ਹੁਣ ਉਹ ਬਦਬੂ ਬੰਦ ਹੋ ਗਈ ਹੈ। ਅਸਮਾਨ ਸਾਫ ਸਾਫ ਨਜ਼ਰ ਆ ਰਿਹਾ ਹੈ। ਸਵੇਰੇ ਸਵੇਰੇ ਪੰਛੀ ਬੋਲਦੇ ਸੁਣਨ ਲੱਗ ਪਏ ਹਨ। ਮਨੁੱਖ ਤੋਂ ਬਚੇ ਹੋਏ ਪੰਛੀ ਘਰਾਂ ਵੱਲ ਵੀ ਆਉਣ ਲੱਗ ਪਏ ਹਨ। ਇੰਝ ਲੱਗਦਾ ਹੈ ਜਿਵੇਂ ਸਾਨੂੰ ਕਹਿੰਦੇ ਹੋਣ ਕਿ ਸਾਡੀਆਂ ਨਸਲਾਂ ਤਬਾਹ ਕਰਨ ਵਾਲਿਉ ਹੁਣ ਜਦੋਂ ਤੁਹਾਡੀਆਂ ਨਸਲਾਂ ਤੇ ਬਣ ਆਈ ਹੈ, ਕਿੱਥੇ ਲੁਕ ਰਹੇ ਹੋ?
ਇਸ ਮੁਸੀਬਤ ਦੇ ਸਮੇਂ ਵੀ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਇੱਕ ਧਰਮ ਵੱਲੋਂ ਦੂਜੇ ਧਰਮ ਦੇ ਖਿਲਾਫ ਟਿੱਪਣੀਆਂ ਨਜ਼ਰ ਆ ਜਾਂਦੀਆਂ ਹਨ। ਕਦੇ ਕਦੇ ਸਰਕਾਰ ਵੱਲੋਂ ਸੰਦੇਸ਼ ਆ ਜਾਂਦਾ ਹੈ ਕਿ ਹਰ ਕਿਸੇ ਨੂੰ ਮਦਦ ਪਹੁੰਚਾਈ ਜਾਵੇਗੀ ਪਰ ਮਦਦ ਦਾ ਨਾਮ ਨਿਸ਼ਾਨ ਨਜ਼ਰ ਨਹੀਂ ਆਉਂਦਾ। ਵਾਰ ਵਾਰ ਵਟਸਐਪ ਗਰੁੱਪਾਂ ’ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਬਣਾਏ ਗਰੁੱਪਾਂ ਦੇ ਸੰਦੇਸ਼ ਪਰੇਸ਼ਾਨ ਕਰ ਛੱਡਦੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਗੈਰ ਜ਼ਰੂਰੀ ਹੁੰਦੇ ਹਨ। ਅਖੌਤੀ ਸਾਧਾਂ ਵੱਲੋਂ ਫੈਲਾਏ ਜਾਣ ਵਾਲੇ ਭਰਮ ਜਾਲ ਬੰਦ ਹੋ ਗਏ ਹਨ ਪਰ ਰਾਸ਼ੀਫਲ ਵਿੱਚ ਫਿਰ ਵੀ ਲਿਖਿਆ ਮਿਲ ਜਾਂਦਾ ਹੈ ਕਿ ਯਾਤਰਾ ਸ਼ੁਭ ਰਹੇਗੀ। ਦਿਲ ਕਰਦਾ ਹੈ ਸਾਰੀਆਂ ਰਾਸ਼ੀਆਂ ਉੱਤੇ ਲਿਖ ਦਿੱਤਾ ਜਾਵੇ ਕਿ ਘਰ ਰਹੋ, ਇਹੀ ਸ਼ੁਭ ਰਹੇਗਾ।
ਬਹੁਤ ਸਾਰੇ ਪਰਵਾਸੀ ਮਜ਼ਦੂਰ ਲਾਕਡਾਊਨ ਦੀ ਸਥਿਤੀ ਤੋਂ ਬੇਖਬਰ ਹੋ ਕੇ ਪੈਦਲ ਹੀ ਦਿੱਲੀ ਵੱਲ ਕੂਚ ਕਰ ਰਹੇ ਹਨ। ਇਹਨਾਂ ਵਿੱਚ ਹੋਟਲਾਂ, ਢਾਬਿਆਂ ’ਤੇ ਕੰਮ ਕਰਨ ਵਾਲੇ ਰਸੋਈਏ, ਵੇਟਰ, ਮਜ਼ਦੂਰ ਹਨ। ਸਭ ਦਾ ਨਿਸ਼ਾਨਾ ਦਿੱਲੀ ਪਹੁੰਚਣਾ ਹੈ। ਜਿੱਥੋਂ ਸ਼ਾਇਦ ਉਹਨਾਂ ਨੂੰ ਉਮੀਦ ਹੈ ਕਿ ਅੱਗੇ ਰੇਲਗੱਡੀ ਉਹਨਾਂ ਨੂੰ ਮੰਜ਼ਿਲ ’ਤੇ ਪਹੁੰਚਾ ਦੇਵੇਗੀ। ਬਹੁਤੇ ਇਸ ਵਿਸ਼ਵਾਸ ਨਾਲ ਵੀ ਬੈਠੇ ਹਨ ਕਿ ਪੰਜਾਬ ਦੇ ਲੋਕ ਉਹਨਾਂ ਨੂੰ ਭੁੱਖੇ ਨਹੀਂ ਮਰਨ ਦੇਣਗੇ।
ਜਦੋਂ ਵੀ ਨੇੜਲੇ ਕਿਸੇ ਪਿੰਡ ਵਿੱਚੋਂ ਪਤਾ ਲੱਗਦਾ ਹੈ ਕਿ ਕੋਈ ਵਿਅਕਤੀ ਅਨੰਦਪੁਰ ਸਾਹਬ ਹੋਲੇ ਮੁਹੱਲੇ ’ਤੇ ਗਿਆ ਸੀ ਤੇ ਬੀਮਾਰ ਹੈ ਸਾਰੇ ਲੋਕ ਸਹਿਮ ਜਾਂਦੇ ਹਨ। ਸੋਸ਼ਲ ਮੀਡੀਆ ਗਰੁੱਪ ਵਾਲੇ ਸੰਤ ਪ੍ਰਵਚਨ ਦੇਣ ਲੱਗ ਜਾਂਦੇ ਹਨ। ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀਆਂ ਪਤਾ ਨਹੀਂ ਗੁਰਦੁਆਰੇ ਤੋਂ ਕਿੰਨੀਆਂ ਕੁ ਅਨਾਊਸਮੈਟਾਂ ਕਰਾ ਚੁੱਕੇ ਹਾਂ। ਹਰ ਗੱਲ ’ਤੇ ਰਾਜਨੀਤੀ ਹੀ ਨਜ਼ਰ ਆ ਰਹੀ ਹੈ।
ਬਿਪਤਾ ਦੀ ਘੜੀ ਵਿੱਚ ਵੀ ਸਿਆਸੀ ਲੋਕ ਸਿਆਸੀ ਤੰਦੂਰ ਤਪਾ ਰਹੇ ਹਨ ਤਾਂ ਕਿ ਕਰੋਨਾ ਦਾ ਵੀ ਸਿਆਸੀ ਰੋਟੀਆਂ ਸੇਕ ਕੇ ਲਾਹਾ ਲਿਆ ਜਾ ਸਕੇ। ਇੱਕ ਲੀਡਰ ਸਰਕਾਰ ਪਾਸੋਂ ਲੋਕਾਂ ਦੀ ਸੇਵਾ ਲਈ ਪਾਸ ਮੰਗ ਰਿਹਾ ਹੈ। ਪੰਜਾਬ ਦੇ ਲੋਕ ਸਭਾ ਹਲਕਿਆਂ ਦਾ ਕਈ ਕਰੋੜ ਦਾ ਫੰਡ ਪੀਐੱਮ ਕੇਅਰ ਵਿੱਚ ਦਿੱਤਾ ਜਾ ਰਿਹਾ ਹੈ, ਸ਼ਾਇਦ ਕੇਂਦਰ ਦੇ ਕਿਸੇ ਅਹਿਸਾਨ ਦਾ ਬਦਲਾ ਚੁਕਾਇਆ ਜਾ ਰਿਹਾ ਹੋਵੇ। ਜੇਕਰ ਇਹ ਪੰਜਾਬ ਅਤੇ ਉਸਦੇ ਹਲਕੇ ਦੇ ਵਸਨੀਕਾਂ ਨਾਲ ਗੱਦਾਰੀ ਨਹੀਂ ਤਾਂ ਹੋਰ ਕੀ ਹੈ? ਅੰਦਰ ਵੜ ਕੇ ਹੱਥ ਜੋੜ ਕੇ ਲੀਡਰਾਂ ਵੱਲੋਂ ਲੋਕਾਂ ਨੂੰ ਫੰਡ ਜਾਰੀ ਕਰਨ ਦੀਆਂ ਪੋਸਟਾਂ ਦੀ ਭਰਮਾਰ ਹੈ। ਇੰਝ ਲੱਗਦਾ ਸਾਡੀਆਂ ਵੋਟਾਂ ਲੈ ਕੇ ਸਾਡੇ ’ਤੇ ਅਹਿਸਾਨ ਕੀਤਾ ਗਿਆ ਹੋਵੇ।
ਉਪਰੋਕਤ ਸਭ ਦੇ ਬਾਵਜੂਦ ਵਾਰ ਵਾਰ ਪ੍ਰਸ਼ਾਸਨ ਵੱਲੋਂ ਗਰੀਬ ਲੋਕਾਂ ਦੀਆਂ ਲਿਸਟਾਂ ਮੰਗੀਆਂ ਜਾ ਰਹੀਆਂ ਹਨ ਤਾਂ ਕਿ ਉਹਨਾਂ ਨੂੰ ਭੋਜਨ ਦੇ ਪੈਕਟ ਮੁਹੱਈਆ ਕਰਾਏ ਜਾ ਸਕਣ। ਸਾਡੇ ਵੱਲੋਂ ਵੀ ਗਰੀਬ ਪਰਿਵਾਰਾਂ ਦੀ ਲਿਸਟ ਪ੍ਰਸ਼ਾਸਨ ਦੇ ਵੱਖਰੇ ਵੱਖਰੇ ਗਰੁੱਪਾਂ ਵਿੱਚ ਭੇਜੀ ਗਈ। ਅਸੀਂ ਹਰ ਰੋਜ਼ ਲਿਸਟਾਂ ਭੇਜ ਭੇਜ ਕੇ ਥੱਕ ਚੁੱਕੇ ਹਾਂ। ਲੋੜਵੰਦ ਲੋਕ ਸਾਨੂੰ ਪੁੱਛ ਪੁੱਛ ਕੇ ਘਰ ਬੈਠ ਗਏ ਹਨ। ਪ੍ਰਸ਼ਾਸਨ ਦਾ ਕਦੇ ਕੋਈ ਗਰੁੱਪ ਕਹਿੰਦਾ ਹੈ ਕਿ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ, ਕਦੇ ਕੋਈ। ਕੁਝ ਘਰਾਂ ਵੱਲੋਂ ਰਾਸ਼ਨ ਮੰਗਣ ਤੇ ਪ੍ਰਸ਼ਾਸਨ ਨਾਲ ਸੰਪਰਕ ਕਰਨ ’ਤੇ ਪਤਾ ਲੱਗਾ ਕਿ ਖੁਦ ਪਿੰਡ ਵਿੱਚੋਂ ਇਕੱਠਾ ਕਰ ਲਉ। ਪਰ ਉਸ ਤੋਂ ਬਾਅਦ ਇੱਕ ਮੁਲਾਜ਼ਮ ਪਿੰਡ ਵਿੱਚ ਪੜਤਾਲ ਕਰਨ ਆਇਆ ਤੇ ਦੱਸਣ ਲੱਗਾ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦੀਆਂ ਛੱਤਾਂ ਕੱਚੀਆਂ ਹਨ ਉਹ ਲੋਕ ਹੀ ਪ੍ਰਸ਼ਾਸਨ ਦੀ ਮਦਦ ਦੇ ਹੱਕਦਾਰ ਹਨ। ਸਾਰੀ ਜ਼ਿੰਦਗੀ ਗਰੀਬਾਂ ਨੇ ਮਨਰੇਗਾ ਵਿੱਚ ਦਿਹਾੜੀਆਂ ਕਰਕੇ, ਸਰਕਾਰਾਂ ਦੀਆਂ ਲੇਹਲੜੀਆਂ ਕੱਢ ਕੇ ਖੇਤ ਮਜ਼ਦੂਰ ਬਣ ਕੇ, ਪੱਕੀ ਛੱਤ ਬਣਾ ਹੀ ਲਈ ਤਾਂ ਕੀ ਗੁਨਾਹ ਕਰ ਲਿਆ? ਪ੍ਰਸ਼ਾਸਨ ਦਾ ਸਹਾਇਤਾ ਦੇਣ ਦਾ ਤਰੀਕਾ ਸੁਣ ਕੇ ਮਨ ਬਹੁਤ ਦੁਖੀ ਹੋਇਆ। ਗਰੀਬ ਲਈ ਘਰ ਦੀ ਪੱਕੀ ਛੱਤ ਹੋਣਾ ਵੀ ਕੋਈ ਗੁਨਾਹ ਹੈ। ਪੱਕੀਆਂ ਛੱਤਾਂ ਪਤਾ ਨਹੀਂ ਕਿੰਨੇ ਕੁ ਪਾਪੜ ਵੇਲ ਕੇ ਹਾਸਲ ਹੋਈਆਂ ਨੇ। ਪਰ ਪ੍ਰਸ਼ਾਸਨ ਨੂੰ ਅੱਜ ਕੱਚੀ ਛੱਤਾਂ ਵਾਲੇ ਘਰਾਂ ਦੀ ਲੋੜ ਹੈ। ਸ਼ਾਇਦ ਪੰਜਾਬ ਵਿੱਚੋਂ ਉਹਨਾਂ ਦੀ ਇਹ ਲੋੜ ਪੂਰੀ ਨਾ ਹੋਵੇ ਤੇ ਉਹਨਾਂ ਨੂੰ ਮਦਦ ਕਰਨ ਦੀ ਲੋੜ ਹੀ ਨਾ ਪਵੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2030)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)