“ਉਹ ਬਚਪਨ ਵਿੱਚ ਹੀ ਬੱਚੇ ਤੋਂ “ਕੁਲਫ਼ੀਆਂ ਵੇਚਣ ਵਾਲਾ ਭਾਈ” ਬਣ ਗਿਆ ਸੀ। ਜਿਸ ਦਿਨ ਅੱਧੇ ਦਿਨ ਦਾ ਸਕੂਲ ਹੁੰਦਾ ...”
(1 ਜਨਵਰੀ 2023)
ਮਹਿਮਾਨ: 27.
ਸਰਕਾਰੀ ਸਕੂਲ ਵਿੱਚ ਪੜ੍ਹਦਿਆਂ ਉਹ ਛੇਵੀਂ ਜਮਾਤ ਵਿੱਚ ਮੇਰਾ ਜਮਾਤੀ ਸੀ। ਨੇੜਲੇ ਪਿੰਡ ਵਿੱਚ ਹੀ ਮਿਡਲ ਸਕੂਲ ਹੁੰਦਾ ਸੀ। ਮੈਂ ਪਿੰਡ ਵਾਲੇ ਸਕੂਲ ਵਿੱਚੋਂ ਪੰਜਵੀਂ ਪਾਸ ਕਰਕੇ ਉਹਨਾਂ ਦੇ ਪਿੰਡ ਵਾਲੇ ਸਕੂਲ ਵਿੱਚ ਦਾਖਲਾ ਲਿਆ ਸੀ। ਮੇਰੇ ਪਿੰਡ ਤੋਂ ਉਹਦਾ ਪਿੰਡ ਢਾਈ ਕਿਲੋਮੀਟਰ ਦੂਰ ਸੀ। ਪਹਿਲਾਂ ਪਹਿਲ ਮੈਂ ਤੁਰ ਕੇ ਸਕੂਲ ਜਾਂਦਾ ਸੀ ਪਰ ਕੁਝ ਸਮੇਂ ਬਾਅਦ ਮੈਂ ਪਿੰਡ ਤੋਂ ਸਾਈਕਲ ਤੇ ਸਕੂਲ ਜਾਣ ਲੱਗ ਪਿਆ। ਬਹੁਤ ਸਾਰੇ ਨਵੇਂ ਤੇ ਪੁਰਾਣੇ ਸਹਿਪਾਠੀ ਮੇਰੇ ਨਾਲ ਹੀ ਅਗਲੀ ਕਲਾਸ ਵਿੱਚ ਦਾਖਲ ਹੋਏ ਸੀ। ਉਹ ਬਹੁਤ ਹੀ ਗਰੀਬ ਮਹਾਜਨ ਪਰਿਵਾਰ ਦਾ ਮੁੰਡਾ ਸੀ। ਉਸ ਦੀਆਂ ਦੋ ਭੈਣਾਂ ਤੇ ਇੱਕ ਭਰਾ ਸਨ। ਮਾਤਾ ਪਿਤਾ ਛੋਟੀ ਜਿਹੀ ਦੁਕਾਨ ਤੋਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਸਨ। ਪਰਿਵਾਰ ਵਿੱਚ ਉਹ ਵੱਡਾ ਸੀ। ਕੋਈ ਸ਼ਰਾਰਤ ਜਾਂ ਹਾਸਾ ਮਜ਼ਾਕ ਉਹ ਕਦੇ ਕਿਸੇ ਨਾਲ ਨਹੀਂ ਕਰਦਾ ਸੀ। ਹਮੇਸ਼ਾ ਉਸ ਦਾ ਚਿਹਰਾ ਗੰਭੀਰ ਬਣਿਆ ਰਹਿੰਦਾ ਸੀ।
ਅਸੀਂ ਅਕਸਰ ਹੀ ਉਸ ਮੁੰਡੇ ਨੂੰ ਸਕੂਲ ਦੇ ਵਕਤ ਤੋਂ ਬਾਅਦ ਸਾਈਕਲ ਉੱਪਰ ਸਾਈਕਲ ਦੀ ਟਿਊਬ ਨਾਲ ਬੰਨ੍ਹੇ ਹੋਏ ਬਕਸੇ ਵਿੱਚ ਕੁਲਫ਼ੀਆਂ ਵੇਚਦੇ ਹੋਏ ਦੇਖਦੇ। ਛੁੱਟੀ ਵਾਲੇ ਦਿਨ ਤਾਂ ਉਹ ਸਾਰਾ ਸਾਰਾ ਦਿਨ ਸਾਈਕਲ ਤੇ ਕੁਲਫ਼ੀਆਂ ਲੈ ਕੇ ਆਸ ਪਾਸ ਦੇ ਪਿੰਡਾਂ ਵਿੱਚ ਬਗੈਰ ਧੁੱਪ ਗਰਮੀ ਦੀ ਪ੍ਰਵਾਹ ਕੀਤੇ ਫਿਰਦਾ ਰਹਿੰਦਾ। ਬਾਰਾਂ ਤੇਰਾਂ ਸਾਲ ਦਾ ਬੱਚਾ ਅਜਿਹੀ ਮਿਹਨਤ ਕਰ ਸਕਦਾ ਹੈ, ਸੋਚਿਆ ਵੀ ਨਹੀਂ ਜਾ ਸਕਦਾ। ਖਾਸ ਤੌਰ ’ਤੇ ਉਦੋਂ ਜਦੋਂ ਖੁਦ ਉਸ ਦੀ ਉਮਰ ਕੁਲਫ਼ੀ ਦੇਖ ਕੇ ਮਨ ਲਲਚਾਉਣ ਵਾਲੀ ਸੀ। ਉਹ ਬਚਪਨ ਵਿੱਚ ਹੀ ਬੱਚੇ ਤੋਂ ਕੁਲਫ਼ੀਆਂ ਵੇਚਣ ਵਾਲਾ ਭਾਈ ਬਣ ਗਿਆ ਸੀ। ਜਿਸ ਦਿਨ ਅੱਧੇ ਦਿਨ ਦਾ ਸਕੂਲ ਹੁੰਦਾ ਮੇਰੇ ਸਮੇਤ ਸਾਰੇ ਸਾਡੇ ਸਹਿਪਾਠੀ ਕਿਲਕਾਰੀਆਂ ਮਾਰਦੇ ਹਾਸੇ ਠੱਠੇ ਕਰਦੇ ਘਰਾਂ ਵੱਲ ਭੱਜਦੇ ਪਰ ਉਸ ਦੇ ਚਿਹਰੇ ’ਤੇ ਪਹਿਲਾਂ ਛੁੱਟੀ ਹੋਣ ਦੀ ਕੋਈ ਖੁਸ਼ੀ ਨਾ ਹੁੰਦੀ। ਸ਼ਾਇਦ ਉਸ ਦੇ ਦਿਮਾਗ ਵਿੱਚ ਸ਼ਾਮ ਦੀ ਰੋਟੀ ਦਾ ਜੁਗਾੜ ਕਰਨ ਦੀ ਚਿੰਤਾ ਹੁੰਦੀ ਸੀ। ਇਸਦਾ ਭੇਤ ਮੈਨੂੰ ਬਹੁਤ ਦੇਰ ਬਾਅਦ ਉਸ ਨਾਲ ਬੀਤੀ ਘਟਨਾ ਬਾਰੇ ਸੋਚ ਕੇ ਪਤਾ ਲੱਗਾ। ਚਾਲੀ ਸਾਲ ਪੁਰਾਣੇ ਉਸ ਨਾਲ ਸੰਬੰਧਤ ਵਾਕਿਆਤ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ। ਮੇਰੇ ਨਾਲ ਉਸ ਦੀ ਨਾ ਤਾਂ ਦੋਸਤੀ ਸੀ ਅਤੇ ਨਾ ਹੀ ਉਹ ਕਿਸੇ ਨਾਲ ਕੋਈ ਬਹੁਤਾ ਬੋਲਚਾਲ ਜਾਂ ਸਹਿਚਾਰ ਰੱਖਦਾ ਸੀ। ਨਾ ਹੀ ਉਹ ਕਦੇ ਕਿਸੇ ਨਾਲ ਲੜਦਾ ਸੀ। ਬਚਪਨ ਵਿੱਚ ਉਸ ਨਾਲ ਹੋਈ ਇੱਕ ਘਟਨਾ ਮੇਰੇ ਦਿਮਾਗ ਵਿੱਚੋਂ ਕਦੇ ਵੀ ਵਿਸਾਰੀ ਨਹੀਂ ਜਾ ਸਕੀ।
ਬਚਪਨ ਹਮੇਸ਼ਾ ਅਣਭੋਲ ਹੁੰਦਾ ਹੈ। ਸੰਸਕਾਰ ਜਾਂ ਪਾਲਣ ਪੋਸ਼ਣ ਇਨਸਾਨ ਨੂੰ ਇਨਸਾਨ ਵਾਂਗ ਵਿਚਰਣਾ ਸਿਖਾਉਂਦੇ ਹਨ। ਸਾਡੇ ਨਾਲ ਪੜ੍ਹਨ ਵਾਲੇ ਕਈ ਘਰਾਂ ਦੇ ਮੁੰਡੇ ਆਪਣੇ ਤਕੜੇ ਹੋਣ ਦੇ ਭਰਮ ਵਿੱਚ ਫਸੇ ਹੋਏ ਸਨ। ਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਉਹ ਕੁਲਫ਼ੀਆਂ ਲੈਕੇ ਉਹਨਾਂ ਹੈਂਕੜਬਾਜ਼ ਮੁੰਡਿਆਂ ਦੇ ਮਹੱਲੇ ਆ ਗਿਆ। ਮੈਂ ਵੀ ਉਹਨਾਂ ਨਾਲ ਖੇਡਣ ਲਈ ਉੱਥੇ ਗਿਆ ਹੋਇਆ ਸੀ। ਸਭ ਨੂੰ ਇਹੋ ਜਾਪਦਾ ਸੀ ਕਿ ਇਹ ਮਹਾਜਨਾਂ ਦਾ ਮੁੰਡਾ ਹੈ, ਇਹਦੇ ਤੋਂ ਕੁਲਫ਼ੀਆਂ ਖੋਹੀਆਂ ਜਾ ਸਕਦੀਆਂ ਹਨ। ਸ਼ਾਇਦ ਉਹ ਬੱਚਿਆਂ ਨੂੰ ਦੇਖ ਕੇ ਅਣਭੋਲ ਜਿਹੇ ਮਨ ਨਾਲ ਹੀ ਉੱਧਰ ਆ ਵੜਿਆ ਸੀ। ਮੇਰੇ ਨਾਲ ਵਾਲੇ ਲੜਕਿਆਂ ਦੇ ਪਰਿਵਾਰਿਕ ਮੈਂਬਰ ਵੀ ਨੇੜੇ ਹੀ ਮੰਜਿਆਂ ਉੱਪਰ ਬੈਠੇ ਸਨ। ਸਾਰੇ ਹੈਂਕੜਬਾਜ਼ ਉਸ ਦੇ ਸਾਈਕਲ ਦੁਆਲੇ ਇਕੱਠੇ ਹੋ ਗਏ। ਉਹਨਾਂ ਦੇ ਵੱਡੇ ਪਰਿਵਾਰਿਕ ਮੈਂਬਰ ਉਹਨਾਂ ਦੀ ਇਸ ਕਰਤੂਤ ’ਤੇ ਖੁਸ਼ ਹੋ ਰਹੇ ਸਨ ਜਿਵੇਂ ਉਹਨਾਂ ਦੇ ਹੈਂਕੜਬਾਜ਼ ਪੁੱਤ ਕਾਬਲ ਕੰਧਾਰ ਜਿੱਤ ਰਹੇ ਹੋਣ। ਇੱਕ ਨੇ ਤਾਂ ਆਖ ਹੀ ਦਿੱਤਾ - ਸਾਡੇ ਨਿਆਣੇ ਤਾਂ ਧਾਕੜ ਨੇ, ਚੀਜ਼ ਖੋਹਣ ਲੱਗੇ ਮਿੰਟ ਲਾਉਂਦੇ ਨੇ। ਉਹ ਮੁੰਡਾ ਰੋਣ ਲੱਗ ਪਿਆ ਤੇ ਆਪਣਾ ਸਾਈਕਲ ਤੇ ਕੁਲਫ਼ੀਆਂ ਬਚਾਉਣ ਲੱਗਾ। ਗਿਣਤੀ ਵਿੱਚ ਖੋਹਣ ਵਾਲੇ ਦੋ ਹੀ ਸਨ। ਉਹਨਾਂ ਨੇ ਉਸ ਦੇ ਸਾਈਕਲ ਦੇ ਟਾਇਰਾਂ ਵਿੱਚੋਂ ਹਵਾ ਕੱਢ ਦਿੱਤੀ। ਮੇਰੇ ਕੋਲ਼ੋਂ ਰਿਹਾ ਨਾ ਗਿਆ। ਮੈਂ ਉਸ ਨੂੰ ਛੁਡਾਉਣ ਲੱਗ ਪਿਆ। ਮੈ ਕਿਸੇ ਤਰ੍ਹਾਂ ਉਹਨਾਂ ਦੀ ਹੱਥੋਪਾਈ ਵਿੱਚੋਂ ਉਸ ਨੂੰ ਛੁਡਾ ਲਿਆ। ਉਹ ਦੁਬਾਰਾ ਉਸ ਮਹੱਲੇ ਕਦੇ ਨਹੀਂ ਆਇਆ। ਇਹ ਸਾਰੀ ਘਟਨਾ ਹਮੇਸ਼ਾ ਜ਼ਿੰਦਗੀ ਦੇ ਸੰਘਰਸ਼ ਵਿੱਚ ਤਰੋਤਾਜ਼ਾ ਰਹੀ ਹੈ ਤੇ ਰਹੇਗੀ।
ਹੁਣ ਕੁਝ ਸਾਲ ਪਹਿਲਾਂ ਉਹੋ ਮਹਾਜਨ ਲੜਕਾ ਮੈਨੂੰ ਜ਼ਮੀਨ ਦੇ ਕੇਸ ਵਿੱਚ ਵਕੀਲ ਮੁਕੱਰਰ ਕਰਨ ਆਇਆ। ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਉਸ ਨਾਲ ਤਾਜ਼ਾ ਕੀਤੀਆਂ। ਮੈਂ ਉਹ ਬਚਪਨ ਦੀ ਘਟਨਾ ਉਸ ਨਾਲ ਸਾਂਝੀ ਕੀਤੀ। ਉਸ ਨੇ ਆਪਣੇ ਬਾਰੇ ਸਾਰਾ ਕੁਝ ਦੱਸਿਆ ਕਿ ਕਿੰਝ ਉਸ ਨੇ ਸਖ਼ਤ ਮਿਹਨਤ ਕਰਕੇ ਕਰੋੜਾਂ ਦੀ ਜਾਇਜ਼ ਜਾਇਦਾਦ ਬਣਾਈ ਹੈ ਅਤੇ ਉਸ ਦੇ ਪਰਿਵਾਰ ਨੇ ਬਹੁਤ ਪਹਿਲਾਂ ਪਿੰਡ ਛੱਡ ਕੇ ਸ਼ਹਿਰ ਰਿਹਾਇਸ਼ ਕਰ ਲਈ ਹੈ। ਹੁਣ ਉਹ ਤੇ ਉਸ ਦਾ ਪਰਿਵਾਰ ਰੰਗਾਂ ਵਿੱਚ ਵਸਦੇ ਹਨ। ਜਿਸ ਜ਼ਮੀਨ ਦਾ ਕੇਸ ਮੇਰੇ ਕੋਲ ਲੈ ਕੇ ਆਇਆ ਸੀ, ਉਹ ਵੀ ਬਹੁਤ ਮਹਿੰਗੀ ਸ਼ਹਿਰੀ ਜ਼ਮੀਨ ਸੀ। ਕਿਸੇ ਨੇ ਈਰਖਾ ਵੱਸ ਉਸ ਨੂੰ ਡਰਾਉਣ ਲਈ ਕੇਸ ਦਾਇਰ ਕੀਤਾ ਸੀ। ਉਸ ਨੇ ਖਾਸ ਤੌਰ ’ਤੇ ਉਹਨਾਂ ਦੋ ਲੜਕਿਆਂ ਦੇ ਕਾਰੋਬਾਰ ਤੇ ਜ਼ਿੰਦਗੀ ਬਾਰੇ ਪੁੱਛਿਆ। ਮੈਂ ਉਸ ਨੂੰ ਦੱਸਿਆ ਕਿ ਉਹ ਹੁਣ ਸਾਡੇ ਵਾਲੀ ਉਮਰ ਵਿੱਚ ਪੋਸਤੀਆਂ ਵਾਲੀ ਜ਼ਿੰਦਗੀ ਜੀ ਰਹੇ ਹਨ। ਉਸ ਨੇ ਇੱਕ ਸਕੂਨ ਭਰਿਆ ਹੌਕਾ ਜਿਹਾ ਲਿਆ ਤੇ ਮੇਰੇ ਵੱਲ ਵੇਖ ਕੇ ਕਹਿਣ ਲੱਗਾ ਕਿ ਰੱਬ ਬੰਦੇ ਨੂੰ ਉਹੀ ਦਿੰਦਾ ਹੈ ਜਿਸਦਾ ਉਹ ਹੱਕਦਾਰ ਹੁੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3717)
(ਸਰੋਕਾਰ ਨਾਲ ਸੰਪਰਕ ਲਈ: