“ਉਹ ਮਣਾਂ ਮੂੰਹੀਂ ਮਿਹਨਤ ਕਰਕੇ ਆਪਣੀ ਜ਼ਿੰਦਗੀ ਵਿੱਚ ...”
(26 ਸਤੰਬਰ 2019)
ਅੱਜ ਉਹ ਵਿਹੜੇ ਵਿੱਚ ਡਾਹੇ ਮੰਜੇ ’ਤੇ ਪਿਆ ਅਤੀਤ ਦੀਆਂ ਯਾਦਾਂ ਨਾਲ ਗੁੱਥਮ ਗੁੱਥਾ ਹੋ ਰਿਹਾ ਸੀ। ਜਦੋਂ ਉਹ ਆਪਣੇ ਬਾਬੇ ਦੀ ਉਂਗਲੀ ਫੜ ਕੇ ਤੁਰਨ ਜੋਗਾ ਹੋਇਆ ਸੀ ਉਦੋਂ ਤੋਂ ਚਲਿਆ ਆ ਰਿਹਾ ਤੰਗੀਆਂ ਤੁਰਸ਼ੀਆਂ ਦਾ ਦੌਰ ਅਜੇ ਤੱਕ ਵੀ ਜਾਰੀ ਸੀ। ਬਾਬਾ ਖੇਤ ਪੱਠੇ ਵੱਢਣ ਵੇਲੇ ਉਹਨੂੰ ਗੱਡੇ ਉੱਤੇ ਬਿਠਾ ਕੇ ਲੈ ਜਾਂਦਿਆਂ ਕਈ ਵਾਰ ਉੱਚੀ ਅਵਾਜ ਵਿੱਚ ਗਾਉਂਦਾ ਹੁੰਦਾ ਸੀ ‘ਜੱਟਾ ਤੇਰੀ ਜੂਨ ਬੁਰੀ ਹਲ ਛੱਡ ਕੇ ਚਰੀ ਨੂੰ ਜਾਣਾ’ ਅੱਜ ਉਸ ਨੂੰ ਬਾਬੇ ਦੀ ਗੱਲ ਬਿਲਕੁਲ ਆਪਣੇ ਉੱਤੇ ਢੁੱਕਦੀ ਲੱਗਦੀ ਸੀ। ਪਹਿਲਾਂ ਬਾਬੇ ਨੇ ਉਸਦੇ ਬਾਪੂ ਨੂੰ ਪੜ੍ਹਾਉਣ ਦੀ ਕੋਸ਼ਿਸ ਕੀਤੀ ਪਰ ਬਾਪੂ ਪੜ੍ਹ ਨਾ ਸਕਿਆ ਫਿਰ ਬਾਪੂ ਨੇ ਉਹਨੂੰ ਕਈ ਵਾਰ ਪੜ੍ਹਾ ਕੇ ਕਾਨੂੰਨਗੋ ਲਵਾਉਣ ਦਾ ਸੁਪਨਾ ਦਿਖਾਇਆ। ਉਹਨੇ ਕਈ ਵਾਰ ਬਾਪੂ ਨੂੰ ਪੁੱਛਿਆ ਸੀ ਕਿ ਕਾਨੂੰਨਗੋ ਕੀ ਹੁੰਦਾ? ਬਾਪੂ ਜਵਾਬ ਦਿੰਦਾ ਸੀ ਕਿ ਪਟਵਾਰੀ ਤੋਂ ਉੱਤੋਂ ਦਾ ਅਫਸਰ ਹੁੰਦਾ। ਬਾਬਾ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਮਿੱਟੀ ਨਾਲ ਮਿੱਟੀ ਹੁੰਦਾ ਰਿਹਾ। ਫਿਰ ਲੱਗਦਾ ਸੀ ਬਾਪੂ ਸਿਰਫ ਆੜ੍ਹਤੀਆਂ ਵਾਸਤੇ ਹੀ ਹੱਡ ਚੀਰਵੀਂ ਠੰਢ ਵਿੱਚ ਰਾਤ ਨੂੰ ਖੇਤਾਂ ਵਿੱਚ ਪਾਣੀ ਲਾਉਦਾ ਸੀ।
ਫਸਲ ਸਾਂਭਣ ਤੋਂ ਪਹਿਲਾਂ ਬਾਪੂ ਮਣਾਂ ਦੇ ਹਿਸਾਬ ਨਾਲ ਫਸਲ ਦਾ ਅੰਦਾਜ਼ਾ ਲਾਉਂਦਾ ਰਹਿੰਦਾ ਸੀ। ਹਰ ਵਾਰ ਆੜ੍ਹਤੀ ਦਾ, ਸੌਦੇ ਵਾਲੇ ਦਾ ਤੇ ਹੋਰ ਦੁਕਾਨਾਂ ਵਾਲਿਆਂ ਦਾ ਹਿਸਾਬ ਪਹਿਲਾਂ ਹੀ ਆਪਣੇ ਜ਼ਿਹਨ ਵਿੱਚ ਜੋੜ ਕੇ ਰੱਖਦਾ ਜੋ ਕਦੇ ਵੀ ਫਸਲ ਵੇਚਣ ਤੋਂ ਬਾਅਦ ਪੂਰਾ ਨਾ ਢੁੱਕਦਾ। ਹਰ ਵਾਰ ਬਾਪੂ ਚਾਰ ਪੈਸੇ ਬਚਾਉਣ ਦੀ ਗੱਲ ਕਰਦਾ ਪਰ ਬਚਦੇ ਨਾ ਸਗੋਂ ਕਰਜ਼ੇ ਦੀ ਪੰਡ ਹਰ ਵਾਰ ਭਾਰੀ ਹੁੰਦੀ ਜਾਂਦੀ। ਮੌਸਮ ਹਰ ਵਾਰ ਨਵੀਂ ਮੁਸੀਬਤ ਲੈ ਕੇ ਆਉਂਦਾ। ਕਦੇ ਸੋਕਾ, ਕਦੇ ਹੜ੍ਹ, ਇੰਜ ਲੱਗਦਾ ਸੀ ਜੱਟਾਂ ਨੂੰ ਤਪਾਉਣ ਲਈ ਰੱਬ ਵੀ ਆਪਣਾ ਹਿੱਸਾ ਪਾ ਰਿਹਾ ਹੋਵੇ। ਪਰ ਉਹ ਹਰ ਵਾਰ ਕਾਰ ਸੇਵਾ ਵਾਲੇ ਬਾਬਿਆਂ ਦੀਆਂ ਦੋ ਦੋ ਕੁਇੰਟਲ ਦੀਆਂ ਬੋਰੀਆਂ ਭਰ ਕੇ ਦਾਨ ਦਿੰਦਾ। ਡੇਰੇ ਵਾਲੇ ਸਾਧਾਂ ਦਾ ਹਿੱਸਾ ਵੀ ਦਿੰਦਾ। ਕਦੇ ਕਿਸੇ ਮੰਗਣ ਵਾਲੇ ਨੂੰ ਖਾਲੀ ਨਾ ਮੋੜਦਾ ਕਿਉਂਕਿ ਉਹਨੂੰ ਡਰ ਸੀ ਕਿਤੇ ਰੱਬ ਰੁਸ ਨਾ ਜਾਵੇ। ਰੱਬ ਤਾਂ ਰੁੱਸਿਆ ਹਮੇਸ਼ਾ ਰਿਹਾ ਪਰ ਉਹਨੂੰ ਪਤਾ ਨਾ ਲੱਗਦਾ ਕਿ ਬਾਬਿਆਂ ਦੀ ਗੋਗੜ ਹਰ ਸਾਲ ਦਾਨ ਲੈਣ ਵਾਲੀ ਬੋਰੀ ਵਾਂਗ ਵਧਦੀ ਜਾ ਰਹੀ ਸੀ।
ਉਹ ਮਣਾਂ ਮੂੰਹੀਂ ਮਿਹਨਤ ਕਰਕੇ ਆਪਣੀ ਜ਼ਿੰਦਗੀ ਵਿੱਚ ਆਪਣੇ ਲਈ ਕੁਝ ਨਹੀਂ ਬਚਾ ਸਕਿਆ ਸੀ ਫਿਰ ਵੀ ਪਰਮਾਤਮਾ ਦਾ ਸ਼ੁਕਰ ਕਰਦਾ ਸੀ ਕਿ ਪਰਿਵਾਰ ਵਿੱਚ ਕਦੇ ਕੋਈ ਬਿਮਾਰ ਨਹੀਂ ਸੀ ਹੋਇਆ ਤੇ ਨਾ ਹੀ ਕਦੇ ਕੋਈ ਮੁਕੱਦਮਾ ਗੱਲ ਪਿਆ ਸੀ। ਪਿੰਡ ਵਿੱਚ ਹੋਰ ਘਰਾਂ ਵਾਂਗ ਉਹ ਵੀ ਹੱਟੀ ਵਾਲੇ ਛੋਟੇ ਦੁਕਾਨਦਾਰ ਦਾ ਕਰਜ਼ਈ ਰਹਿੰਦਾ ਸੀ ਜਿਹੜਾ ਆਪਣੇ ਆਪ ਨੂੰ ਸੇਠ ਕਹਾਉਂਦਾ ਸੀ। ਉਹ ਸੇਠ ਆਪਣੇ ਆਪ ਨੂੰ ਪਿੰਡ ਵਿੱਚ ਸਭ ਤੋਂ ਗੁਣੀ ਗਿਆਨੀ ਸਮਝਦਾ ਸੀ। ਲੋਕ ਆਪਣੀਆਂ ਛੋਟੀਆਂ ਛੋਟੀਆਂ ਲੋੜਾਂ ਪੂਰੀਆਂ ਕਰਦੇ ਹੋਣ ਕਰਕੇ ਕਦੇ ਉਸ ਦੀ ਗੱਲ ਦਾ ਮੋੜਵਾਂ ਜਵਾਬ ਨਹੀਂ ਦਿੰਦੇ ਸੀ। ਉਸੇ ਸੇਠ ਦੀ ਦੁਕਾਨ ਦੇ ਅੱਗੋਂ ਲੰਘਦਿਆਂ ਉਸ ਨੂੰ ਸੇਠ ਨੇ ਅਵਾਜ਼ ਦੇ ਕੇ ਬੁਲਾ ਲਿਆ ਤੇ ਫਸਲ ਬਾਰੇ ਪੁੱਛਣ ਲੱਗਾ। ਉਹਨੇ ਦੱਸ ਦਿੱਤਾ ਕਿ ਐੱਸ ਵਾਰ ਕਣਕ ਦੀ ਫਸਲ ਬਹੁਤ ਭਾਰੀ ਹੈ, ਜੱਟਾਂ ਦੇ ਸਾਰੇ ਰੋਣੇ ਧੋਣੇ ਧੋਤੇ ਜਾਣੇ ਆ। ਸੇਠ ਕਹਿਣ ਲੱਗਾ, “ਸਾਡੇ ਬਾਬੇ ਕੱਲ੍ਹ ਆਪਣੇ ਪਿੰਡ ਆਏ ਨੇ। ਉਹ ਜਦੋਂ ਆਉਂਦੇ ਨੇ ਮੀਂਹ ਜਰੂਰ ਪੈਂਦਾ। ਚੱਲ ਨਾਲੇ ਗਰਮੀ ਤੋਂ ਛੁਟਕਾਰਾ ਹੋ ਜਾਊ।”
ਉਹਨੂੰ ਬੁਰਾ ਤਾਂ ਬਹੁਤ ਲੱਗਾ ਪਰ ਸਿਰਫ ਇੰਨਾ ਹੀ ਆਖਿਆ, “ਸੇਠਾ, ਜੱਟਾਂ ਨੂੰ ਕਿਉਂ ਭੁੱਖਾ ਮਾਰਦੈਂ ਕੱਢ ਲੈਣਦੇ ਚਾਰ ਦਾਣੇ।”
ਸ਼ਾਮ ਤੱਕ ਅਸਮਾਨ ਵਿੱਚ ਕਾਲੀਆਂ ਘਟਾਵਾਂ ਛਾ ਗਈਆਂ। ਵੇਖਦੇ ਹੀ ਵੇਖਦੇ ਭਾਰੀ ਮੀਂਹ ਲਹਿ ਪਿਆ। ਸਾਰਾ ਟੱਬਰ ਰੱਬ ਅੱਗੇ ਅਰਦਾਸਾਂ ਕਰਦਾ ਰਿਹਾ ਕਿ ਸਿੱਧ ਪਧਰਾ ਮੀਂਹ ਪੈ ਕੇ ਹਟ ਜਾਵੇ ਪਰ ਗੜਿਆਂ ਦੀ ਮਾਰ ਨੇ ਉਹਦੇ ਸਾਰੇ ਸੁਪਨੇ ਕਣਕ ਦੇ ਝੰਬੇ ਹੋਏ ਸਿੱਟਿਆਂ ਵਾਂਗ ਝੰਬ ਸੁਟੇ। ਕਿਸੇ ਵੀ ਸਾਧ ਨੂੰ ਦਿੱਤਾ ਦਾਨ ਕੰਮ ਨਾ ਆਇਆ। ਅਗਲੀ ਸਵੇਰ ਸੇਠ ਦੀ ਦੁਕਾਨ ਅੱਗੋਂ ਲੰਘਦਿਆਂ ਭਰੇ ਮਨ ਨਾਲ ਸੇਠ ਨੂੰ ਸਿਰਫ ਇੰਨਾ ਹੀ ਕਹਿ ਸਕਿਆ, “ਸੇਠਾ, ਥੋਡੇ ਬਾਬੇ ਤਾਂ ਸੱਚੀਂ ਕਰਾਮਾਤੀ ਨਿਕਲੇ।”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1747)
(ਸਰੋਕਾਰ ਨਾਲ ਸੰਪਰਕ ਲਈ: