“ਭਾਰਤ ਉਸ ਅਲੋਕਾਰ ਦੌਰ ਵਿੱਚ ਦਾਖਲ ਹੋ ਚੁੱਕਾ ਹੈ, ਜਿੱਥੇ ਵਗਦੇ ਵਹਿਣ ਨਾਲ ਵਗਣ ਲਈ ਤਾਂ ਸੈਂਕੜੇ ਜਾਂ ਹਜ਼ਾਰਾਂ ਨਹੀਂ ...”
(20 ਫਰਵਰੀ 2024)
ਇਸ ਸਮੇਂ ਪਾਠਕ: 535.
ਭਵਿੱਖ ਦੇ ਭਾਰਤ ਦੀ ਕਿਸੇ ਤਸਵੀਰ ਦੀ ਕਲਪਨਾ ਕੀਤੇ ਬਗੈਰ ਇਸ ਦੇਸ਼ ਦੇ ਆਮ ਲੋਕ ਵੀ ਅਤੇ ਰਾਜਸੀ ਆਗੂ ਵੀ ਇਸ ਗੱਲ ਵੱਲ ਅੱਖਾਂ ਲਾਈ ਬੈਠੇ ਹਨ ਕਿ ਪਾਰਲੀਮੈਂਟ ਦੀ ਚੋਣ ਆਉਣ ਵਾਲੀ ਹੈ। ਜਿਨ੍ਹਾਂ ਦਾ ਪੱਲਾ ਸੱਖਣਾ ਰਹਿਣ ਬਾਰੇ ਬਹੁਤ ਸਾਰੇ ਚੋਣ ਮਾਹਰ ਖੁੱਲ੍ਹੇ ਸ਼ਬਦਾਂ ਵਿੱਚ ਕਹੀ ਜਾਂਦੇ ਹਨ, ਉਹ ਵੀ ਇਸ ਵਾਰ ਲੋਕ ਸਭਾ ਚੋਣ ਮੌਕੇ ਭਾਰਤ ਦੀ ਤਕਦੀਰ ਬਦਲਣ ਦੇ ਦਾਅਵੇ ਕਰਦੇ ਪਏ ਹਨ। ਇਸ ਦੇਸ਼ ਦੀ ਆਜ਼ਾਦੀ ਲਈ ਹੋਏ ਸੰਗਰਾਮ ਵਿੱਚ ਭੂਮਿਕਾ ਕਈ ਧਿਰਾਂ ਦੀ ਸੀ, ਪਰ ਜਿਹੜੀ ਪਾਰਟੀ ਹੋਰ ਕਿਸੇ ਨੂੰ ਵੀ ਕੋਈ ਸਿਹਰਾ ਨਹੀਂ ਦੇਣਾ ਚਾਹੁੰਦੀ ਤੇ ਸਾਰੀ ਕੁਰਬਾਨੀ ਦਾ ਕਿੱਸਾ ਸਿਰਫ ਆਪਣੇ ਉਸ ਵਕਤ ਦੇ ਰਾਜਸੀ ਵਡੇਰਿਆਂ ਸਿਰ ਬੰਨ੍ਹੀ ਰੱਖਣ ਲਈ ਬਜ਼ਿੱਦ ਹੈ, ਉਹ ਇਸ ਵੇਲੇ ਜਿਸ ਹਾਲ ਵਿੱਚ ਪਹੁੰਚੀ ਹੋਈ ਹੈ, ਉਸ ਉੱਤੇ ਕਈ ਲੋਕਾਂ ਨੂੰ ਤਰਸ ਆਉਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਦੇ ਆਗੂ ਅਜੇ ਵੀ ਹੋਰ ਸਾਰਿਆਂ ਤੋਂ ਆਪਣੇ ਪਿਛਲੱਗ ਬਣ ਕੇ ਚੱਲਣ ਦੀ ਉਹ ਆਸ ਕਰੀ ਜਾਂਦੇ ਹਨ, ਜਿਹੜੀ ਇਸ ਪਾਰਟੀ ਅੰਦਰਲੇ ਲੋਕਾਂ ਵਿੱਚੋਂ ਕੀਤੀ ਜਾਣੀ ਵੀ ਮੁਸ਼ਕਲ ਹੁੰਦੀ ਜਾਂਦੀ ਹੈ। ਪਾਰਟੀ ਦੀ ਕਾਰਜਕਾਰੀ ਮੁਖੀ ਸੋਨੀਆ ਗਾਂਧੀ ਵਧਦੀ ਉਮਰ ਕਾਰਨ ਰਾਜਸੀ ਮੈਦਾਨ ਛੱਡਣ ਲਈ ਮਜਬੂਰ ਹੋ ਚੁੱਕੀ ਹੈ, ਅਗਲੀ ਪੀੜ੍ਹੀ ਦੇ ਪੈਰ ਅਜੇ ਲੱਗ ਨਹੀਂ ਰਹੇ, ਪਰ ਪਾਰਟੀ ਅਜੇ ਵੀ ਆਸ ਰੱਖਦੀ ਹੈ ਕਿ ਇਸ ਚੋਣ ਵਿੱਚ ਉਹ ਅਟਲ ਬਿਹਾਰੀ ਵਾਜਪਾਈ ਦੇ ਦੌਰ ਪਿੱਛੋਂ ਮਿਲੀ ਜਿੱਤ ਵਰਗੀ ਅਣਕਿਆਸੀ ਜਿੱਤ ਫਿਰ ਜਿੱਤਣ ਦਾ ਕ੍ਰਿਸ਼ਮਾ ਕਰ ਜਾਵੇਗੀ। ਮਰਹੂਮ ਸ਼ਾਇਰ ਮੁਨੱਵਰ ਰਾਣਾ ਨੇ ਉਰਦੂ ਭਾਸ਼ਾ ਦੀ ਗੱਲ ਕਰਦਿਆਂ ਕਿਹਾ ਸੀ: ‘ਹਰ ਇੱਕ ਆਵਾਜ਼ ਅਬ ਉਰਦੂ ਕੋ ਫਰਿਆਦੀ ਬਤਾਤੀ ਹੈ, ਯੇ ਪਗਲੀ ਫਿਰ ਵੀ ਅਬ ਤਕ ਖੁਦ ਕੋ ਸ਼ਹਿਜ਼ਾਦੀ ਬਤਾਤੀ ਹੈ।’ ਉਸ ਦੀ ਇਹ ਗੱਲ ਉਰਦੂ ਭਾਸ਼ਾ ਬਾਰੇ ਬਿਲਕੁਲ ਠੀਕ ਸੀ, ਕਾਂਗਰਸ ਵੀ ਉਸੇ ਵਰਗੀ ਹਾਲਤ ਵਿੱਚ ਹੈ। ਜਦੋਂ ਹਰ ਕੋਈ ਇਸ ਪਾਰਟੀ ਦੀ ਨਿੱਘਰਦੀ ਹਾਲਤ ਦੀ ਚਰਚਾ ਕਰਦਾ ਪਿਆ ਹੈ ਅਤੇ ਇਸਦੇ ਦੁਬਾਰਾ ਉੱਠ ਸਕਣ ਦੀ ਆਸ ਦਾ ਸ਼ਬਦ ਕਿਸੇ ਪਾਸੇ ਕੋਈ ਨਹੀਂ ਬੋਲਦਾ, ਉਸ ਵਕਤ ਵੀ ਇਸਦੇ ਲੀਡਰ ਹਕੀਕਤਾਂ ਨੂੰ ਮੰਨਣਾ ਨਹੀਂ ਚਾਹੁੰਦੇ।
ਹਕੀਕਤਾਂ ਕੂਕ-ਕੂਕ ਕੇ ਕਹਿ ਰਹੀਆਂ ਹਨ ਕਿ ਸਿਰਫ ਕਾਂਗਰਸ ਪਾਰਟੀ ਨਹੀਂ, ਸਮੁੱਚੀ ਭਾਰਤੀ ਰਾਜਨੀਤੀ ਇਹੋ ਜਿਹੀ ਨੀਵਾਣ ਵੱਲ ਰਿੜ੍ਹਨ ਲੱਗ ਚੁੱਕੀ ਹੈ, ਜਿੱਧਰ ਉਸ ਦੇ ਅੱਗੇ ਕੋਈ ਸਪੀਡ-ਬਰੇਕਰ ਦਿਖਾਈ ਨਹੀਂ ਦੇ ਰਿਹਾ। ਕਦੀ ਇਸ ਦੇਸ਼ ਵਿੱਚ ਇੱਕ ਪਾਰਟੀ ਤੇ ਉਸ ਦੀ ਇੱਕਲੌਤੀ ਆਗੂ ਵਜੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਿੱਡਾ ਅਕਸ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਸੀ, ਅੱਜ ਦੇਸ਼ ਦਾ ਇੱਕ ਖਾਸ ਕਾਰੋਬਾਰੀ ਵਰਗ ਤੇ ਖਾਸ ਮੀਡੀਆ ਲਾਬੀ ਮਿਲ ਕੇ ਨਰਿੰਦਰ ਮੋਦੀ ਦਾ ਉਸੇ ਵਰਗਾ ਅਕਸ ਬਣਾ ਕੇ ਪੇਸ਼ ਕਰਦੇ ਪਏ ਹਨ। ਜਦੋਂ ਕੋਈ ਆਗੂ ਉਸ ਪਾਰਟੀ ਤੋਂ ਵੱਡਾ ਦਿਸਣ ਲਗਦਾ ਹੈ, ਜਿਹੜੀ ਪਾਰਟੀ ਨੇ ਉਸ ਨੂੰ ਪੈਦਾ ਕੀਤਾ ਸੀ ਤਾਂ ਦੋ ਹੀ ਗੱਲਾਂ ਹੋਇਆ ਕਰਦੀਆਂ ਹਨ। ਜਾਂ ਉਸ ਲੀਡਰ ਦੇ ਪਤਨ ਦਾ ਦੌਰ ਸ਼ੁਰੂ ਹੋ ਜਾਂਦਾ ਹੈ, ਪਰ ਇੱਦਾਂ ਹਮੇਸ਼ਾ ਨਹੀਂ ਹੋਇਆ ਕਰਦਾ, ਜਾਂ ਫਿਰ ਉਹ ਆਗੂ ਇੱਡਾ ਕੱਦਾਵਰ ਬਣ ਜਾਂਦਾ ਹੈ ਕਿ ਆਪਣਿਆਂ-ਪਰਾਇਆਂ ਵਿੱਚੋਂ ਕਈ-ਕਈ ਸਾਲਾਂ ਤਕ ਉਸ ਵੱਲ ਉਂਗਲ ਉਠਾਉਣ ਦੀ ਹਿੰਮਤ ਕਰਨ ਵਾਲਾ ਕੋਈ ਨਹੀਂ ਉੱਠ ਸਕਦਾ। ਜਿਹੜੀਆਂ ਕੌਮਾਂ ਇਹੋ ਜਿਹੇ ਆਗੂ ਦਾ ਉਭਾਰ ਹੁੰਦਾ ਇੱਕ ਵਾਰ ਵੇਖ ਚੁੱਕੀਆਂ ਹਨ, ਉਨ੍ਹਾਂ ਦਾ ਹੰਢਾਇਆ ਤਜਰਬਾ ਬਾਕੀ ਦੇਸ਼ਾਂ ਅਤੇ ਕੌਮਾਂ ਲਈ ਰਾਹ-ਦਿਖਾਵਾ ਹੋ ਸਕਦਾ ਹੈ, ਪਰ ਦੇਖਣ ਵਾਲੀ ਅੱਖ ਚਾਹੀਦੀ ਹੈ।
ਮੌਜੂਦਾ ਹਾਲਾਤ ਵਿੱਚ ਭਾਰਤ ਦੀ ਰਾਜਨੀਤੀ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਜਿਸ ਰੌਂ ਦੀ ਝਲਕ ਦਿਖਾ ਰਹੀ ਹੈ, ਉਸ ਦੇ ਲੱਛਣ ਚੰਗੇ ਨਹੀਂ ਅਤੇ ਜਿਨ੍ਹਾਂ ਆਗੂਆਂ ਅਤੇ ਪਾਰਟੀਆਂ ਨੇ ਇਸ ਮੁਹਾਣ ਮੂਹਰੇ ਇੱਕ-ਮੁੱਠ ਅੜਿੱਕਾ ਬਣਨ ਵਾਲੀ ਸ਼ਕਤੀ ਹੋਣ ਦਾ ਦਾਅਵਾ ਕੀਤਾ ਸੀ, ਉਨ੍ਹਾਂ ਦੀ ਏਕਤਾ ਵਿੱਚ ਮਘੋਰੇ ਹੋਣ ਲੱਗ ਪਏ ਹਨ। ਵਿਰੋਧੀ ਗਠਜੋੜ ਵੱਲੋਂ ਪ੍ਰਧਾਨ ਮੰਤਰੀ ਬਣਨ ਵਾਸਤੇ ਉਮੀਦਵਾਰ ਹੋਣ ਦਾ ਸਭ ਤੋਂ ਵੱਡਾ ਦਾਅਵੇਦਾਰ ਨਿਤੀਸ਼ ਕੁਮਾਰ ਸਭ ਤੋਂ ਪਹਿਲਾਂ ਗਠਜੋੜ ਨੂੰ ਠਿੱਬੀ ਲਾ ਕੇ ਭਾਜਪਾ ਨਾਲ ਜਾ ਜੁੜਿਆ ਅਤੇ ਇੱਕੋ ਛੜੱਪੇ ਵਿੱਚ ਕਈ ਲਾਭ ਖੱਟ ਗਿਆ ਹੈ। ਅਗਲੀ ਲੋਕ ਸਭਾ ਚੋਣ ਵਿੱਚ ਉਸ ਨੂੰ ਭਾਜਪਾ ਨਾਲ ਗਠਜੋੜ ਵਿੱਚ ਕੁਝ ਸੀਟਾਂ ਜਿੱਤ ਜਾਣ ਦੀ ਝਾਕ ਹੋ ਗਈ ਤੇ ਆਪਣੇ ਰਾਜ ਦੀ ਸਰਕਾਰ ਦਾ ਮੁਖੀ ਬਣੇ ਰਹਿਣ ਦਾ ਜੁਗਾੜ ਵੀ ਉਸ ਨੇ ਨਾਲ ਹੀ ਕਰ ਲਿਆ ਹੈ। ਵਿਰੋਧ ਦੀਆਂ ਪਾਰਟੀਆਂ ਉਸ ਬੰਦੇ ਦੀ ਫਿਤਰਤ ਦਾ ਰਿਕਾਰਡ ਜਾਣਨ ਦੇ ਬਾਵਜੂਦ ਉਸ ਨੂੰ ਆਪਣਾ ਆਗੂ ਬਣਾਉਣ ਦੀ ਤਿਆਰੀ ਕਰੀ ਜਾਂਦੀਆਂ ਸਨ, ਪਰ ਕੁਝ ਧਿਰਾਂ ਵੱਲੋਂ ਵਿਰੋਧ ਕਾਰਨ ਉਹ ਖੇਡ ਸਿਰੇ ਨਹੀਂ ਸੀ ਚੜ੍ਹ ਸਕੀ। ਜੇ ਉਸ ਨੂੰ ਆਗੂ ਬਣਾ ਲਿਆ ਹੁੰਦਾ ਤਾਂ ਅਗਲੀ ਚਲਾਕੀ ਇਹ ਵੀ ਕਰ ਸਕਦਾ ਸੀ ਕਿ ਉਮੀਦਵਾਰ ਐਲਾਨੇ ਜਾਣ ਮਗਰੋਂ ਜਾ ਕੇ ਨਰਿੰਦਰ ਮੋਦੀ ਨਾਲ ਸਮਝੌਤਾ ਕਰ ਲੈਂਦਾ ਅਤੇ ਸਾਰੇ ਦੇਸ਼ ਵਿੱਚ ਭਾਜਪਾ ਨੂੰ ਇਹ ਪ੍ਰਚਾਰ ਕਰਨ ਦਾ ਮੌਕਾ ਦੇ ਦਿੰਦਾ ਕਿ ਵਿਰੋਧੀ ਧਿਰ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੀ ਉਸ ਨੂੰ ਛੱਡ ਕੇ ਨਰਿੰਦਰ ਮੋਦੀ ਦੀ ਅਗਵਾਈ ਕਬੂਲ ਕਰ ਗਿਆ ਹੈ। ਉਹ ਖੇਡ ਸਿਰੇ ਚੜ੍ਹ ਜਾਂਦੀ ਤਾਂ ਅਗਲੀ ਲੋਕ ਸਭਾ ਚੋਣ ਲਈ ਪ੍ਰਚਾਰ ਸ਼਼ੁਰੂ ਹੋਣ ਤੋਂ ਪਹਿਲਾਂ ਉਸ ਨੇ ਵਿਰੋਧੀ ਧਿਰਾਂ ਦੇ ਗੁਬਾਰੇ ਵਿੱਚ ਤਿੱਖੀ ਸੂਈ ਮਾਰ ਕੇ ਸਾਰੀ ਫੂਕ ਕੱਢ ਦੇਣੀ ਸੀ। ਵਿਰੋਧੀ ਧਿਰਾਂ ਅਜੇ ਵੀ ਇੱਦਾਂ ਦੇ ਕੁਝ ਆਗੂਆਂ ਨੂੰ ਟੋਂਹਦੀਆਂ ਪਈਆਂ ਹਨ।
ਦੂਸਰੇ ਪਾਸੇ ਨਰਿੰਦਰ ਮੋਦੀ ਅਤੇ ਉਸ ਨਾਲ ਜੁੜੀ ਹੋਈ ਚੋਣਵੇਂ ਸਿਰਾਂ ਦੀ ਇੱਕ ਟੀਮ ਇੱਕ-ਸਾਰ ਰਣਨੀਤੀ ਦਾ ਹਰ ਨਵਾਂ ਦਾਅ ਸੋਚ ਕੇ ਉਸ ਮੁਤਾਬਕ ਪੈਂਤੜੇ ਤੈਅ ਕਰਨ ਦਾ ਕੰਮ ਕਰਦੇ ਰਹਿੰਦੇ ਹਨ। ਪਿਛਲੇ ਸਮੇਂ ਵਿੱਚ ਕਈ ਵਾਰ ਬਹੁਤ ਅਣਕਿਆਸੇ ਅਦਾਲਤੀ ਫੈਸਲਿਆਂ ਪਿੱਛੋਂ ਲੱਗਣ ਲੱਗਾ ਸੀ ਕਿ ਭਾਜਪਾ ਲੀਡਰਸ਼ਿੱਪ ਕੋਲ ਇਸ ਕਾਨੂੰਨੀ ਉਲਝਣ ਤੋਂ ਨਿਕਲਣ ਦਾ ਕੋਈ ਰਾਹ ਨਹੀਂ ਰਿਹਾ, ਪਰ ਉਹ ਹਰ ਵਾਰ ਸਾਰੀ ਗੱਲ ਤਿਲਕਾ ਕੇ ਅਗਲਾ ਕਦਮ ਅਚਾਨਕ ਇੱਦਾਂ ਦਾ ਚੁੱਕ ਲੈਂਦੇ ਰਹੇ ਸਨ ਕਿ ਹਰ ਕੋਈ ਹੈਰਾਨ ਰਹਿ ਜਾਂਦਾ ਸੀ। ਫਿਰ ਵੀ ਇਸ ਮਹੀਨੇ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਚੋਣ-ਬਾਂਡ ਰਾਹੀਂ ਵੱਖ-ਵੱਖ ਪਾਰਟੀਆਂ ਨੂੰ ਚੰਦੇ ਦੇਣ ਦੇ ਕਾਨੂੰਨਾਂ ਨੂੰ ਗੈਰ-ਸੰਵਿਧਾਨਕ ਐਲਾਨਣ ਵਾਲਾ ਕੀਤਾ ਹੈ, ਉਹ ਮੋਦੀ ਸਰਕਾਰ ਅਤੇ ਭਾਜਪਾ ਲੀਡਰਸ਼ਿੱਪ ਲਈ ਪਿਛਲੀਆਂ ਸਾਰੀਆਂ ਸੱਟਾਂ ਤੋਂ ਵੱਧ ਮਾਰੂ ਸੀ। ਭਾਰਤ ਦੀ ਸੁਪਰੀਮ ਕੋਰਟ ਦਾ ਇਹ ਫੈਸਲਾ ਸੰਵਿਧਾਨਕ ਬੈਂਚ ਨੇ ਦਿੱਤਾ ਤੇ ਇਹ ਦਿੱਤਾ ਵੀ ਸਰਬ ਸੰਮਤੀ ਨਾਲ ਹੈ, ਜਿਸ ਵਿੱਚ ਕਿਸੇ ਇੱਕ ਵੀ ਜੱਜ ਨੇ ਵਿਰੋਧਤਾ ਕਰਨ ਦੀ ਟਿੱਪਣੀ ਨਹੀਂ ਲਿਖਾਈ। ਆਮ ਪ੍ਰਭਾਵ ਹੈ ਕਿ ਭਾਜਪਾ ਤੇ ਇਸਦੇ ਲੀਡਰਾਂ ਲਈ ਇਸ ਫੈਸਲੇ ਦਾ ਤੋੜ ਲੱਭਣਾ ਮੁਸ਼ਕਲ ਹੈ, ਪਰ ਇਹ ਧਾਰਨਾ ਬਣਾਉਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਸੁਪਰੀਮ ਕੋਰਟ ਨੇ ਜਦੋਂ ਦੇਸ਼ ਦੇ ਚੋਣ ਕਮਿਸ਼ਨ ਦੀ ਨਿਯੁਕਤੀ ਦੇ ਢੰਗ ਬਾਰੇ ਫੈਸਲਾ ਦਿੱਤਾ ਸੀ, ਉਦੋਂ ਵੀ ਸਰਕਾਰ ਫਸੀ ਜਾਪਦੀ ਸੀ। ਹੋਇਆ ਫਿਰ ਇਹ ਸੀ ਕਿ ਸਰਕਾਰ ਨੇ ਬਹੁਤ ਕਾਹਲੀ ਵਿੱਚ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਨਿਯਮ ਬਣਾਉਣ ਲਈ ਆਪਣੀ ਮਰਜ਼ੀ ਦਾ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਅਤੇ ਝਟਾਪਟ ਪਾਸ ਕਰਵਾ ਕੇ ਉਸ ਪ੍ਰਕਿਰਿਆ ਤੋਂ ਭਾਰਤ ਦੀ ਸੁਪਰੀਮ ਕੋਰਟ ਨੂੰ ਬਾਹਰ ਕਰ ਦਿੱਤਾ ਸੀ। ਕਿਉਂਕਿ ਇੱਦਾਂ ਦੇ ਕਾਨੂੰਨ ਬਣਾਉਣ ਦਾ ਸਾਰਾ ਅਧਿਕਾਰ ਪਾਰਲੀਮੈਂਟ ਨੂੰ ਸੀ, ਅਤੇ ਅਜੇ ਵੀ ਹੈ, ਇਸ ਲਈ ਸੁਪਰੀਮ ਕੋਰਟ ਨੇ ਪਹਿਲਾਂ ਜੋ ਵੀ ਹਦਾਇਤਾਂ ਦਿੱਤੀਆਂ ਹੋਈਆਂ ਸਨ, ਇਸ ਸਰਕਾਰੀ ਪੈਂਤੜੇ ਨੂੰ ਰੱਦ ਕਰਨ ਜਾਂ ਮੁੜ ਵਿਚਾਰ ਲਈ ਕਹਿਣ ਦੀ ਥਾਂ ਜੱਜ ਸਾਹਿਬਾਨ ਨੇ ਚੁੱਪ ਵੱਟ ਜਾਣ ਵਿੱਚ ਭਲਾਈ ਸਮਝੀ ਸੀ।
ਇਸਦਾ ਅਰਥ ਹੈ ਕਿ ਭਾਰਤ ਉਸ ਅਲੋਕਾਰ ਦੌਰ ਵਿੱਚ ਦਾਖਲ ਹੋ ਚੁੱਕਾ ਹੈ, ਜਿੱਥੇ ਵਗਦੇ ਵਹਿਣ ਨਾਲ ਵਗਣ ਲਈ ਤਾਂ ਸੈਂਕੜੇ ਜਾਂ ਹਜ਼ਾਰਾਂ ਨਹੀਂ, ਲੱਖਾਂ ਲੋਕ ਬਿਨਾਂ ਕਿਸੇ ਝਿਜਕ ਮੰਨ ਸਕਦੇ ਹਨ, ਪਰ ਵਹਿਣ ਮੂਹਰੇ ਕਿਸੇ ਤਰ੍ਹਾਂ ਦਾ ਅੜਿੱਕਾ ਬਣਨ ਦੀ ਜੁਰਅਤ ਕਰਨ ਵਾਲਾ ਕੋਈ ਵਿਰਲਾ-ਟਾਵਾਂ ਵੀ ਲੱਭਣਾ ਸੌਖਾ ਨਹੀਂ। ਅਗਲੇ ਦਿਨੀਂ ਜਦੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਵੇਗਾ ਅਤੇ ਇਸਦਾ ਚੋਣ-ਜ਼ਾਬਤਾ ਲਾਗੂ ਕੀਤਾ ਜਾਵੇਗਾ, ਉਸ ਦੇ ਬਾਅਦ ਅਚਾਨਕ ਉਹ ਟੀਮ ਕਈ ਧਿਰਾਂ ਤੋਂ ਆਪੋ-ਆਪਣੇ ਰਾਜਸੀ ਕਿੱਲੇ ਦਾ ਰੱਸਾ ਤੁੜਵਾ ਕੇ ਇੱਕੋ ਵੱਡੀ ਧਿਰ ਨਾਲ ਜੁੜਨ ਦੇ ਐਲਾਨ ਕਰਵਾਉਣ ਲਈ ਇੱਦਾਂ ਦੀ ਸਰਗਰਮੀ ਕਰਨ ਵਾਲੀ ਸੁਣੀਂਦੀ ਹੈ, ਜਿਸਦਾ ਤੋੜ ਵਿਰੋਧੀ ਧਿਰ ਕੋਲ ਨਹੀਂ ਹੋਣਾ। ਚੋਣ ਦਾ ਐਲਾਨ ਹੋਣ ਤੋਂ ਪਹਿਲਾਂ ਫਾਰੂਖ ਅਬਦੁੱਲਾ ਵਰਗੇ ਲੀਡਰਾਂ ਦਾ ਕਸ਼ਮੀਰ ਵਿੱਚ ਆਪੇ ਸ਼ੁਰੂ ਕੀਤੇ ਰਾਜਸੀ ਪੜੁੱਲ ‘ਗੁਪਕਾਰ ਅੰਦੋਲਨ’ ਤੋਂ ਵੱਖਰੇ ਹੋਣ ਤੇ ਆਪਣੇ ਸਿਰ ਇਕੱਲੇ ਚੋਣਾਂ ਲੜਨ ਦਾ ਬਿਆਨ ਇਸੇ ਦਾ ਸੰਕੇਤ ਹੈ। ਜਿਸ ਦਿਨ ਧਾਰਾ ਤਿੰਨ ਸੌ ਸੱਤਰ ਤੋੜਨ ਦਾ ਐਲਾਨ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਸੀ, ਉਦੋਂ ਇਸਦੇ ਵਿਰੋਧ ਵਿੱਚ ਹਰ ਹੱਦ ਤਕ ਲੜਨ ਦੇ ਨਾਅਰੇ ਮਾਰਨ ਵਾਲੇ ਗੁਲਾਮ ਨਬੀ ਆਜ਼ਾਦ ਵਰਗੇ ਕਾਂਗਰਸੀ ਸਾਬਕਾ ਮੁੱਖ ਮੰਤਰੀ ਬਾਅਦ ਵਿੱਚ ਪਾਰਟੀ ਤੇ ਪੈਂਤੜਾ ਦੋਵੇਂ ਛੱਡ ਗਏ ਸਨ ਤੇ ਅੱਜਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਦੀਆਂ ਸਿਫਤਾਂ ਕਰਦੇ ਪਏ ਹਨ। ਲੋਕ ਸਭਾ ਚੋਣਾਂ ਵਿੱਚ ਉਹ ਸਿੱਧਾ ਭਾਵੇਂ ਭਾਜਪਾ ਨਾਲ ਕੋਈ ਸਮਝੌਤਾ ਨਾ ਕਰਨ, ਵਲਾਵਾਂ ਪਾ ਕੇ ਤਾਲਮੇਲ ਕਰਨ ਦੇ ਜਿੱਦਾਂ ਦੇ ਸੰਕੇਤ ਦੋਵਾਂ ਪਾਸਿਆਂ ਤੋਂ ਮਿਲਦੇ ਹਨ, ਓਦਾਂ ਦੇ ਸੰਕੇਤ ਮਹਾਰਾਸ਼ਟਰ ਵੱਲ ਵੀ ਇੱਕ ਵਾਰ ਫਿਰ ਸ਼ਿਵ ਸੈਨਾ ਨਾਲ ਗਠਜੋੜ ਕਰ ਕੇ ਊਧਵ ਠਾਕਰੇ ਨੂੰ ਨਾਲ ਲੈਣ ਦੇ ਯਤਨਾਂ ਤੋਂ ਮਿਲਣ ਲੱਗੇ ਹਨ। ਆਂਧਰਾ ਪ੍ਰਦੇਸ਼ ਦੇ ਦੋਵੇਂ ਪ੍ਰਮੁੱਖ ਆਗੂ, ਮੁੱਖ ਮੰਤਰੀ ਜਗਨ ਮੋਹਨ ਰੈਡੀ ਤੇ ਉਸ ਦੇ ਧੁਰ ਵਿਰੋਧੀ ਚੰਦਰ ਬਾਬੂ ਨਾਇਡੂ ਦਾ ਭਾਜਪਾ ਦੇ ਨਾਲ ਜੁੜਨ ਲਈ ਆਪਸ ਵਿੱਚ ਮੁਕਾਬਲਾ ਚੱਲ ਰਿਹਾ ਹੈ। ਦੋਵਾਂ ਵਿੱਚੋਂ ਅਸਲ ਵਿੱਚ ਕੋਈ ਵੀ ਦਿਲ ਤੋਂ ਭਾਜਪਾ ਨਾਲ ਜੁੜਨਾ ਪਸੰਦ ਨਹੀਂ ਕਰਦਾ, ਪਰ ਦੋਵਾਂ ਜਣਿਆਂ ਦੇ ਖਿਲਾਫ ਕੇਂਦਰੀ ਏਜੰਸੀਆਂ ਦੀਆਂ ਫਾਈਲਾਂ ਦੇ ਥੱਬੇ ਉਨ੍ਹਾਂ ਨੂੰ ਇਸ ਜੀ-ਹਜ਼ੂਰੀ ਲਈ ਮਜਬੂਰ ਕਰਦੇ ਹਨ ਤੇ ਦੋਵਾਂ ਵਿੱਚੋਂ ਨਾਲ ਕਿਸ ਨੂੰ ਲੈਣਾ ਹੈ, ਇਹ ਭਾਜਪਾ ਲੀਡਰਸ਼ਿੱਪ ਦੀ ਮਰਜ਼ੀ ਉੱਤੇ ਨਿਰਭਰ ਕਰੇਗਾ। ਕੀ ਕਾਂਗਰਸ ਜਾਂ ਉਸ ਦੇ ਸਹਿਯੋਗੀਆਂ ਵਿੱਚੋਂ ਕਿਸੇ ਇੱਕ ਧਿਰ ਕੋਲ ਵੀ ਇਹੋ ਜਿਹੀ ਕੋਈ ਮਨ-ਮਰਜ਼ੀ ਦੀ ਸਥਿਤੀ ਵਾਲਾ ਰਾਜ ਹੈ!
ਜਦੋਂ ਹਾਲਾਤ ਇੱਦਾਂ ਦੇ ਮੰਝਧਾਰ ਵਾਲੇ ਹੋਣ ਤਾਂ ਘੱਟੋ-ਘੱਟ ਇੱਕ ਸਾਂਝੇ ਵਿਰੋਧੀ ਨਾਲ ਸਿੱਝਣ ਲਈ ਤਾਲਮੇਲ ਦੇ ਕੋਈ ਨੁਕਤੇ ਲੱਭਣੇ ਹੁੰਦੇ ਹਨ, ਪਰ ਇਹ ਕੰਮ ਵੇਲੇ ਦੀ ਮੁੱਖ ਵਿਰੋਧੀ ਧਿਰ ਨੂੰ ਕਰਨਾ ਪੈਂਦਾ ਹੈ। ਕਾਂਗਰਸੀ ਆਗੂਆਂ ਦੇ ਸਿਰ ਇਸ ਵੇਲੇ ਇਹ ਜ਼ਿੰਮੇਵਾਰੀ ਸੀ ਕਿ ਉਹ ਇੱਦਾਂ ਦਾ ਮਾਹੌਲ ਬਣਾਉਂਦੇ ਕਿ ਬਾਕੀ ਧਿਰਾਂ ਉਸ ਨਾਲ ਜੁੜ ਕੇ ਚੱਲਣ ਨੂੰ ਸੁਖਾਲਾ ਤਿਆਰ ਹੋ ਸਕਦੀਆਂ, ਪਰ ਜਿਹੜੇ ਰਾਜ ਵਿੱਚ ਕਾਂਗਰਸ ਦਾ ਬਾਰੀਂ ਕੋਹੀਂ ਦੀਵਾ ਨਹੀਂ ਜਗਦਾ ਦਿਸਦਾ, ਉਹ ਉਸ ਰਾਜ ਵਿੱਚ ਵੀ ਖੁਦ ਨੂੰ ਮੋਹਰੀ ਵਜੋਂ ਪੇਸ਼ ਕਰਨਾ ਚਾਹੁੰਦੇ ਹਨ। ਜਦੋਂ ਇਹ ਗੱਲ ਪਤਾ ਹੈ ਕਿ ਅਖਿਲੇਸ਼ ਯਾਦਵ ਦੇ ਜੋ ਵੀ ਨੁਕਸ ਹੋਣ, ਉੱਤਰ ਪ੍ਰਦੇਸ਼ ਵਿੱਚ ਉਸ ਨੂੰ ਲਾਂਭੇ ਕਰ ਕੇ ਕਾਂਗਰਸ ਪਾਰਟੀ ਉੱਥੇ ਭਾਜਪਾ ਵਿਰੁੱਧ ਕੁਝ ਕਰ ਸਕਣ ਦੀ ਸਥਿਤੀ ਵਿੱਚ ਨਹੀਂ ਤਾਂ ਇਸ ਹਾਲਤ ਮੁਤਾਬਕ ਚੱਲਣਾ ਪੈਣਾ ਹੈ, ਪਰ ਕਾਂਗਰਸ ਦਾ ਕੋੜਮਾ ਆਪਣੇ ਰਿਵਾਇਤੀ ਆਗੂ ਪਰਿਵਾਰ ਦੇ ਦੋ ਮੈਂਬਰਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਉੱਥੇ ਵੀ ਅੱਗੇ ਰੱਖਣਾ ਚਾਹੁੰਦਾ ਹੈ। ਉਸ ਰਾਜ ਵਿੱਚ ਬਿਨਾਂ ਸੋਚੇ ਉਨ੍ਹਾਂ ਦੀ ਅਖਿਲੇਸ਼ ਸਿੰਘ ਯਾਦਵ ਅਤੇ ਸਮਾਜਵਾਦੀ ਪਾਰਟੀ ਦੇ ਵਿਰੁੱਧ ਬਿਆਨਬਾਜ਼ੀ ਵੀ ਕੁਵੇਲੇ ਦਾ ਰਾਗ ਬਣ ਕੇ ਸਿਰ ਚੁੱਕਦੀ ਅਤੇ ਹਰ ਸੰਭਾਵਨਾ ਦਾ ਰਸਤਾ ਰੋਕ ਦਿੰਦੀ ਹੈ। ਇਨ੍ਹਾਂ ਹਰਕਤਾਂ ਕਾਰਨ ਹੀ ਰਾਹੁਲ ਗਾਂਧੀ ਨੂੰ ਪਿਛਲੀ ਵਾਰੀ ਆਪਣੀ ਅਮੇਠੀ ਦੀ ਸੀਟ ਦੇ ਨਾਲ ਅਚਾਨਕ ਕੇਰਲਾ ਦੇ ਵਾਇਨਾਡ ਦੀ ਸੀਟ ਤੋਂ ਚੋਣ ਲੜਨ ਦਾ ਰਾਹ ਫੜਨਾ ਪਿਆ ਸੀ ਅਤੇ ਜੇ ਇੱਦਾਂ ਨਾ ਕੀਤਾ ਹੁੰਦਾ ਤਾਂ ਉਹ ਉਦੋਂ ਹੀ ਪਾਰਲੀਮੈਂਟ ਤੋਂ ਪਾਸੇ ਹੋ ਗਿਆ ਹੁੰਦਾ। ਇਸ ਵਾਰੀ ਅਮੇਠੀ ਦੇ ਬਾਅਦ ਨਾਲ ਲਗਦੀ ਰਾਏ ਬਰੇਲੀ ਦੀ ਖਾਨਦਾਨੀ ਵਿਰਾਸਤ ਸਮਝੀ ਜਾਂਦੀ ਸੀਟ ਵੀ ਜਿੱਤ ਸਕਣ ਦੇ ਕੋਈ ਸੰਕੇਤ ਨਹੀਂ ਮਿਲਦੇ, ਪਰ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੂੰ ਉੱਥੋਂ ਚੋਣ ਲੜਾਉਣ ਦਾ ਮਨ ਬਣਾਈ ਬੈਠੇ ਹਨ। ਭਾਜਪਾ ਦੇ ਆਗੂ ਇਸ ਐਲਾਨ ਦੀ ਉਡੀਕ ਵਿੱਚ ਹਨ ਕਿ ਪ੍ਰਿਅੰਕਾ ਗਾਂਧੀ ਉਸ ਹਲਕੇ ਤੋਂ ਚੋਣ ਲੜੇਗੀ, ਇਸਦੇ ਬਾਅਦ ਕੋਈ ਵੱਡੀ ਚਰਚਿਤ ਹਸਤੀ ਅਚਾਨਕ ਲਿਆ ਕੇ ਉਸ ਦਾ ਰਾਹ ਰੋਕਣ ਦਾ ਯਤਨ ਕਰਨ ਲਈ ਭਾਜਪਾ ਵੱਲੋਂ ਅਗੇਤੀ ਤਿਆਰੀ ਹੋਈ ਪਈ ਹੈ।
ਕਾਂਗਰਸ ਪਾਰਟੀ ਨੂੰ ਉਹ ਵਕਤ ਯਾਦ ਕਰਨਾ ਚਾਹੀਦਾ ਹੈ, ਜਦੋਂ ਸੋਨੀਆ ਗਾਂਧੀ ਨੇ ਪਹਿਲੀ ਚੋਣ ਲੜਨ ਵਾਸਤੇ ਕਾਗਜ਼ ਭਰਨੇ ਸਨ ਤਾਂ ਉਸ ਦੇ ਲੀਡਰਾਂ ਦੇ ਸਾਰਾ ਕੁਝ ਗੁਪਤ ਰੱਖਣ ਦੇ ਬਾਵਜੂਦ ਭਾਜਪਾ ਵਾਲਿਆਂ ਨੇ ਸੁਸ਼ਮਾ ਸਵਰਾਜ ਦਾ ਹੈਲੀਕਾਪਟਰ ਚੁੱਪ-ਚੁਪੀਤੇ ਤਿਆਰ ਕਰ ਛੱਡਿਆ ਸੀ। ਜਦੋਂ ਸੋਨੀਆ ਗਾਂਧੀ ਦਾ ਹੈਲੀਕਾਪਟਰ ਉੱਡਿਆ ਤਾਂ ਸੁਸ਼ਮਾ ਦਾ ਹੈਲੀਕਾਪਟਰ ਵੀ ਉੱਡ ਪਿਆ ਅਤੇ ਸਾਰਾ ਦਿਨ ਦੋਵੇਂ ਹੈਲੀਕਾਪਟਰ ਅੱਗੜ-ਪਿੱਛੜ ਅਸਮਾਨ ਵਿੱਚ ਉਡਾਰੀਆਂ ਦੇ ਬਾਅਦ ਕਾਗਜ਼ ਦਾਖਲ ਕਰਨ ਦਾ ਸਮਾਂ ਮੁੱਕਣ ਤੋਂ ਕੁਝ ਪਲ ਪਹਿਲਾਂ ਸੋਨੀਆ ਗਾਂਧੀ ਕਰਨਾਟਕ ਦੇ ਬੇਲਾਰੀ ਹਲਕੇ ਵਿੱਚ ਚੋਣ ਅਧਿਕਾਰੀ ਕੋਲ ਕਾਗਜ਼ ਭਰਨ ਜਾ ਪਹੁੰਚੀ ਸੀ। ਉਹ ਅਜੇ ਕਾਗਜ਼ ਭਰਦੀ ਪਈ ਸੀ ਕਿ ਚੋਣ ਅਫਸਰ ਦੇ ਦਰਵਾਜ਼ੇ ਮੂਹਰੇ ਕਾਗਜ਼ ਭਰਨ ਵਾਸਤੇ ਸੁਸ਼ਮਾ ਸਵਰਾਜ ਆ ਖੜੋਤੀ ਅਤੇ ਉੱਥੇ ਉਨ੍ਹਾਂ ਦੋਵਾਂ ਦਾ ਇਹੋ ਜਿਹਾ ਚੋਣ ਭੇੜ ਹੋਇਆ ਸੀ ਕਿ ਸੋਨੀਆ ਗਾਂਧੀ ਲਈ ਬਾਕੀ ਦੇਸ਼ ਵਿੱਚ ਜਾਣਾ ਔਖਾ ਹੋਇਆ ਰਿਹਾ ਸੀ। ਇਸ ਵਾਰੀ ਭਾਜਪਾ ਲੀਡਰਸ਼ਿੱਪ ਫਿਰ ਓਦਾਂ ਦੀ ਤਿਆਰੀ ਵਿੱਚ ਹੈ ਤੇ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੋਵਾਂ ਨੂੰ ਬੁਰੀ ਤਰ੍ਹਾਂ ਘੇਰਿਆ ਜਾਣਾ ਤੈਅ ਸੁਣਿਆ ਜਾਂਦਾ ਹੈ। ਉਸ ਹਾਲਤ ਵਿੱਚ ਕਾਂਗਰਸ ਪਾਰਟੀ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ਮੁਨੱਵਰ ਰਾਣਾ ਦੇ ਕਹੇ ਹੋਏ ਸ਼ਬਦਾਂ ਮੁਤਾਬਕ ‘ਖੁਦ ਕੋ ਸ਼ਹਿਜ਼ਾਦੀ’ ਸਮਝਣ ਅਤੇ ਪ੍ਰਚਾਰਨ ਦੇ ਵਹਿਮ ਤੋਂ ਬਾਹਰ ਨਿਕਲੇ। ਜਿਹੜੇ ਹਾਲਾਤ ਦੇਸ਼ ਦੇ ਬਣਦੇ ਜਾਂਦੇ ਹਨ, ਇਨ੍ਹਾਂ ਸਾਰੇ ਪੱਖਾਂ ਬਾਰੇ ਕਾਂਗਰਸ ਪਾਰਟੀ ਦੇ ਨਾਲ ਉਨ੍ਹਾਂ ਸਭਨਾਂ ਸਿਆਸੀ ਧਿਰਾਂ ਲਈ ਸੋਚਣ ਦੀ ਜ਼ਿੰਮੇਵਾਰੀ ਵੀ ਹਨ, ਜਿਨ੍ਹਾਂ ਦੀ ਨਜ਼ਰ ਆਪਣੇ ਪੈਰਾਂ ਤਕ ਸੀਮਤ ਨਹੀਂ। ਭਵਿੱਖ ਦਾ ਭਾਰਤ ਕਿਹੋ ਜਿਹਾ ਹੋਵੇਗਾ, ਇਸ ਵਾਰ ਦੀਆਂ ਲੋਕ ਸਭਾ ਚੋਣਾਂ ਉਸ ਆਖਰੀ ਫੈਸਲੇ ਦੀ ਘੜੀ ਵੀ ਸਾਬਤ ਹੋ ਸਕਦੀਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4737)
(ਸਰੋਕਾਰ ਨਾਲ ਸੰਪਰਕ ਲਈ: (