“ਅਜੋਕੀ ਰਾਜਨੀਤੀ ਦੇ ਧੁਰੰਤਰ ਇਸ ਕਾਣ ਦੇ ਦਬਾਅ ਹੇਠ ਅਗਲੇ ਸਾਲ ਦੀ ਰਾਜਨੀਤੀ ਦਾ ...”
(5 ਜੁਲਾਈ 2021)
ਐਨ ਉਦੋਂ, ਜਦੋਂ ਇਹ ਸਮਝਿਆ ਜਾ ਰਿਹਾ ਹੈ ਕਿ ਅੱਜ ਦੀ ਤਰੀਕ ਵਿੱਚ ਪੰਜਾਬ ਦੇ ਲੋਕਾਂ ਵਿੱਚ ਬਾਕੀ ਸਾਰਿਆਂ ਤੋਂ ਵੱਧ ਅਣਚਾਹੀ ਪਾਰਟੀ ਭਾਜਪਾ ਹੈ, ਉਸ ਵਕਤ ਵੀ ਇਸ ਪਾਰਟੀ ਦੇ ਆਗੂ ਇਹ ਦਾਅਵਾ ਹਿੱਕ ਠੋਕ ਕੇ ਕਰੀ ਜਾ ਰਹੇ ਹਨ ਕਿ ਅਗਲੇ ਸਾਲ ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਸਰਕਾਰ ਉਨ੍ਹਾਂ ਦੀ ਬਣਨੀ ਹੈ। ਇੱਦਾਂ ਦੇ ਕਿਸੇ ਵੀ ਧਿਰ ਵੱਲੋਂ ਕੀਤੇ ਗਏ ਦਾਅਵੇ ਨੂੰ ਚੋਣਾਂ ਕਾਫੀ ਦੂਰ ਹੋਣ ਕਾਰਨ ਵੇਲੇ ਤੋਂ ਪਹਿਲਾਂ ਦੀ ਗੱਲ ਕਹਿ ਕੇ ਅਤੇ ਭਾਜਪਾ ਆਗੂਆਂ ਦੇ ਕਹੇ ਗਏ ਸ਼ਬਦਾਂ ਨੂੰ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਕਹਿ ਕੇ ਛੱਡਿਆ ਜਾ ਸਕਦਾ ਹੈ, ਪਰ ਜਦੋਂ ਭਾਜਪਾ ਦੀ ਚੋਣ ਰਣਨੀਤੀ ਦੇ ਧੁਰੰਤਰਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਜਾਣ ਤਾਂ ਵਿੱਚੋਂ ਇੱਕ ਸਾਜ਼ਿਸ਼ੀ ਯੋਜਨਾਬੰਦੀ ਝਲਕ ਪੈਂਦੀ ਹੈ। ਉਨ੍ਹਾਂ ਦਾ ਸਿਰਫ ਦਾਅਵਾ ਨਹੀਂ, ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਅੰਦਰੋਂ-ਅੰਦਰ ਇੱਦਾਂ ਦਾ ਕੰਮ ਕਰ ਰਹੇ ਹਨ ਅਤੇ ਕਿਸੇ ਇੱਕ ਵੀ ਪਾਰਟੀ ਨੂੰ ਉਨ੍ਹਾਂ ਦੇ ਕੀਤੇ ਦੀ ਜਾਂ ਤਾਂ ਭਿਣਕ ਨਹੀਂ ਪਈ, ਜਾਂ ਫਿਰ ਅੰਦਰ ਦੀ ਕਾਣ ਦੇ ਕਾਰਨ ਸਿਆਸੀ ਆਗੂ ਭਾਜਪਾ ਸਾਹਮਣੇ ਸਿਰ ਚੱਕ ਕੇ ਬੋਲਣ ਦੀ ਜੁਰਅਤ ਨਹੀਂ ਕਰ ਸਕਦੇ। ਦੂਸਰੀ ਗੱਲ ਸਾਨੂੰ ਵੱਧ ਠੀਕ ਜਾਪਦੀ ਹੈ।
ਅਸਲ ਵਿੱਚ ਪੰਜਾਬ ਜਿੱਤਣ ਵਾਸਤੇ ਭਾਜਪਾ ਦੀ ਯੋਜਨਾਬੰਦੀ ਵਿੱਚ ਲੋੜੀਂਦੇ ਬੰਦਿਆਂ ਦਾ ਕਾਣੇ ਹੋਣਾ ਹੀ ਸਭ ਤੋਂ ਵੱਧ ਮਹੱਤਵ ਰੱਖਦਾ ਹੈ। ਕੋਈ ਵਕਤ ਸੀ ਕਿ ਇਹ ਫਾਰਮੂਲਾ ਪੰਜਾਬ ਦੇ ਅਕਾਲੀ ਅਤੇ ਕਾਂਗਰਸੀ ਵਰਤਦੇ ਸਨ। ਅਣਵੰਡੇ ਪੰਜਾਬ ਵਿੱਚ ਅਜੋਕੇ ਹਰਿਆਣਾ ਵੱਲ ਦੇ ਵਿਧਾਇਕ ਪਿਆਰਾ ਰਾਮ ਨੇ ਵਿਧਾਨ ਸਭਾ ਵਿੱਚ ਜਦੋਂ ਕੁਝ ਸਵਾਲ ਤਾਬੜਤੋੜ ਕਰ ਦਿੱਤੇ ਤਾਂ ਪ੍ਰਤਾਪ ਸਿੰਘ ਕੈਰੋਂ ਦਾ ਹਰ ਸਵਾਲ ਬਾਰੇ ਇੱਕੋ ਲਾਈਨ ਦਾ ਜਵਾਬ ਸੀ, ‘ਅਜੇ ਇਸਦੀ ਜਾਣਕਾਰੀ ਨਹੀਂ, ਪਤਾ ਕਰ ਕੇ ਦੱਸ ਸਕਾਂਗਾ।’ ਪਿਆਰਾ ਰਾਮ ਨੇ ਕਿਹਾ ਸੀ, ‘ਪੁੱਤਰਾਂ ਦੇ ਸਿਨਮਿਆਂ ਦੀ ਜਾਣਕਾਰੀ ਤਾਂ ਹੋਵੇਗੀ।’ ਇਸ ਤੋਂ ਹੰਗਾਮਾ ਹੋ ਗਿਆ, ਪਰ ਪਿਆਰਾ ਰਾਮ ਨੇ ਨਵੀਂ ਗੱਲ ਕਹਿ ਦਿੱਤੀ ਕਿ ‘ਤੇਰੀ ਕੈਬਨਿਟ ਵਿੱਚ ਕੇਸਾਂ ਵਿੱਚ ਫਸੇ ਹੋਏ ਕਿੰਨੇ ਮੰਤਰੀ ਹਨ, ਇਸਦਾ ਵੀ ਤੈਨੂੰ ਪਤਾ ਹੋਊਗਾ, ਕਿਉਂਕਿ ਉਨ੍ਹਾਂ ਦੀਆਂ ਫਾਈਲਾਂ ਦਿਖਾ ਕੇ ਉਨ੍ਹਾਂ ਨੂੰ ਆਪਣੇ ਵੱਸ ਵਿੱਚ ਰੱਖਣ ਤੇ ਵਰਤਣ ਦਾ ਢੰਗ ਤੈਨੂੰ ਆਉਂਦਾ ਹੈ।’ ਇਹ ਚੋਟ ਪ੍ਰਤਾਪ ਸਿੰਘ ਤੋਂ ਸਹਾਰੀ ਨਹੀਂ ਸੀ ਗਈ ਅਤੇ ਉਸੇ ਸ਼ਾਮ ਪਿਆਰਾ ਰਾਮ ਦੇ ਘਰ ਇੱਕ ਅਫਸਰ ਉਸ ਨੂੰ ਜੇਲ ਜਾਣ ਜਾਂ ਚੁੱਪ ਦਾ ਮੁੱਲ ਵੱਟਣ ਲਈ ਕਹਿਣ ਚਲਾ ਗਿਆ ਸੀ ਤੇ ਪਿਆਰਾ ਰਾਮ ਨੇ ਇਸਦਾ ਮੁੱਲ ਵੱਟਣ ਦੀ ਥਾਂ ਕੈਰੋਂ ਦੀ ਭੰਡੀ ਜਾਰੀ ਰੱਖਣ ਅਤੇ ਜੇਲ ਜਾਣ ਵਾਲਾ ਰਾਹ ਚੁਣ ਲਿਆ ਸੀ।
ਕੈਰੋਂ ਤੋਂ ਬਾਅਦ ਇਹ ਫਾਰਮੂਲਾ ਜੇ ਕਿਸੇ ਨੇ ਸਭ ਤੋਂ ਵੱਧ ਚੁਸਤੀ ਨਾਲ ਵਰਤਿਆ ਸੀ ਤਾਂ ਉਸ ਦਾ ਨਾਂਅ ਪ੍ਰਕਾਸ਼ ਸਿੰਘ ਬਾਦਲ ਹੈ। ਇਸਦੀਆਂ ਮਿਸਾਲਾਂ ਵਿੱਚੋਂ ਇੱਕੋ ਦੱਸ ਦੇਣੀ ਕਾਫੀ ਹੋਵੇਗੀ। ਇੱਕ ਪੁਰਾਣਾ ਘਾਗ ਅਕਾਲੀ ਮੰਤਰੀ ਤੇ ਇੱਕ ਯੂਥ ਆਗੂ ਪੇਚਾ ਪਾਈ ਰੱਖਦੇ ਸਨ। ਦੋਵੇਂ ਇੱਕੋ ਹਲਕੇ ਤੋਂ ਸਨ। ਉਸ ਮੰਤਰੀ ਦੇ ਪਰਿਵਾਰ ਦਾ ਇੱਕ ਜੀਅ ਪੰਜਾਬ ਸਰਕਾਰ ਦੇ ਅਫਸਰ ਵਜੋਂ ਜਿੱਥੇ ਲਾਇਆ ਸੀ, ਉਸ ਦਾ ਸੀਨੀਅਰ ਆਈ ਏ ਐੱਸ ਅਫਸਰ ਉਸ ਦੇ ਕੰਮਾਂ ਤੋਂ ਖੁਸ਼ ਨਹੀਂ ਸੀ ਤੇ ਰੋਜ਼ ਜਵਾਬ ਤਲਬੀ ਕਰ ਲੈਂਦਾ ਸੀ। ਇੱਕ ਵਾਰੀ ਬੈਠਿਆਂ ਉਸ ਨੇ ਖੁਦ ਦੱਸਿਆ ਕਿ ਉਸ ਨੂੰ ਇੱਦਾਂ ਕਰਨ ਲਈ ਮੁੱਖ ਮੰਤਰੀ ਬਾਦਲ ਨੇ ਕਿਹਾ ਸੀ। ਮੈਂ ਹੱਸ ਕੇ ਕਿਹਾ, “ਤੁਸੀਂ ਨੁਕਸਾਨ ਕਰਵਾ ਲਉਗੇ।” ਉਸ ਨੇ ਕਿਹਾ, “ਬਾਦਲ ਸਾਹਿਬ ਮੇਰਾ ਨੁਕਸਾਨ ਨਹੀਂ ਹੋਣ ਦੇਣਗੇ।” ਮੈਂ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਵੋਟਾਂ ਹਨ?” ਉਹ ਕੁਝ ਦੇਰ ਚੱਪ ਰਹਿ ਕੇ ਪੁੱਛਣ ਲੱਗਾ, “ਇਸਦਾ ਕੀ ਮਤਲਬ?“ ਮੈਂ ਦੱਸਿਆ ਕਿ ਬਾਦਲ ਸਾਹਿਬ ਉਸ ਮੰਤਰੀ ਨੂੰ ਤੰਗ ਕਰਵਾਉਣਗੇ ਤੇ ਜਦੋਂ ਉਹ ਝੁਕ ਗਿਆ ਤਾਂ ਉਸ ਨੂੰ ਖੁਸ਼ ਕਰਨ ਲਈ ਤੁਹਾਡਾ ਰਗੜਾ ਕੱਢ ਦੇਣਗੇ। ਉਹ ਸਹਿਮਤ ਨਹੀਂ ਸੀ। ਆਖਰ ਨੂੰ ਉਹੀ ਹੋਇਆ, ਜੋ ਮੈਂ ਉਸ ਨੂੰ ਕਿਹਾ ਸੀ। ਮੰਤਰੀ ਨੂੰ ਖੁਸ਼ ਕਰਨ ਲਈ ਉਸ ਅਫਸਰ ਨੂੰ ਨਾ ਸਿਰਫ ਬਦਲ ਦਿੱਤਾ ਗਿਆ, ਸਗੋਂ ਉਸ ਦੀ ਇੰਨੀ ਜ਼ਿਆਦਾ ਬੇਇੱਜ਼ਤੀ ਕਰਵਾਈ ਗਈ ਕਿ ਉਸ ਦੀ ਕਹਾਣੀ ਪਾਉਣਾ ਮੈਂਨੂੰ ਅੱਜ ਤਕ ਠੀਕ ਨਹੀਂ ਲੱਗਦਾ। ਮੰਤਰੀ ਦਾ ਕਾਣਾ ਹੋਣਾ ਉਸ ਬੰਦੇ ਦਾ ਉਹ ਗੁਣ ਸੀ, ਜਿਹੜਾ ਅੱਜ ਤਕ ਬਾਦਲ ਪਰਿਵਾਰ ਨੂੰ ਰਾਸ ਆਈ ਜਾ ਰਿਹਾ ਹੈ।
ਦੂਸਰੀ ਗੱਲ ਇਹ ਕਿ ਪਿਛਲੇਰੇ ਮਹੀਨੇ ਜਦੋਂ ਵਿਧਾਇਕ ਪਰਗਟ ਸਿੰਘ ਨੇ ਇਹ ਖਿਲਾਰਾ ਪਾਇਆ ਸੀ ਕਿ ਅੱਧੀ ਰਾਤ ਫੋਨ ਕਰ ਕੇ ਉਸ ਨੂੰ ਦਬਕਾ ਮਾਰਿਆ ਗਿਆ ਹੈ ਕਿ ਤੇਰੀਆਂ ਫਾਈਲਾਂ ਤਿਆਰ ਪਈਆਂ ਹਨ। ਉਸ ਦਾ ਪਰਗਟ ਸਿੰਘ ਨੂੰ ਕੋਈ ਫਰਕ ਨਹੀਂ ਸੀ ਪਿਆ, ਪਰ ਬਾਕੀਆਂ ਨੂੰ ਪਿਆ ਸੀ। ਪੰਜਾਬ ਦਾ ਹਰ ਹਾਕਮ ਆਪਣੇ ਕੋਲ ਵਿਰੋਧੀ ਲੀਡਰਾਂ ਨਾਲੋਂ ਵੱਧ ਆਪਣੇ ਬੰਦਿਆਂ ਦੀਆਂ ਫਾਈਲਾਂ ਰੱਖਦਾ ਹੈ ਤੇ ਜਿਨ੍ਹਾਂ ਵਿੱਚ ਕਾਣ ਹੋਵੇ, ਉਹ ਫਾਈਲਾਂ ਦਾ ਨਾਂਅ ਸੁਣ ਕੇ ਤ੍ਰਹਿਕ ਜਾਂਦੇ ਹਨ, ਪਰ ਜਿਸ ਨੇ ਕੁਝ ਗਲਤ ਨਹੀਂ ਕੀਤਾ, ਉਹ ਅੱਗੋਂ ਆਕੜ ਪਿਆ ਹੈ। ਜਿਹੜਾ ਜਵਾਬੀ ਦਾਅ ਪਰਗਟ ਸਿੰਘ ਨੇ ਵਰਤਿਆ, ਬਾਕੀ ਦੇ ਉੰਨਾ ਚਿਰ ਨਹੀਂ ਸਨ ਵਰਤ ਸਕੇ, ਜਿੰਨਾ ਚਿਰ ਇੱਦਾਂ ਦੀਆਂ ਫਾਈਲਾਂ ਦੇ ਦਾਬੇ ਹੇਠ ਆਏ ਹੋਏ ਕਾਣਿਆਂ ਦੀ ਗਿਣਤੀ ਚੋਖੀ ਨਹੀਂ ਸੀ ਹੋ ਗਈ। ਇਹੀ ਨਹੀਂ, ਕਾਣਿਆਂ ਨੂੰ ਧਮਕੀ ਦੇਣ ਵਾਲਿਆਂ ਦੀਆਂ ਫਾਈਲਾਂ ਵੀ ਕੁਝ ਅਫਸਰਾਂ ਨੇ ਉਨ੍ਹਾਂ ਨੂੰ ਪੁਚਾ ਦਿੱਤੀਆਂ ਸੁਣੀਦੀਆਂ ਹਨ, ਜਿਸ ਤੋਂ ਕਾਂਗਰਸ ਦਾ ਰੱਫੜ ਵਧਿਆ ਹੈ।
ਖੁਦ ਭਾਜਪਾ ਨੇ ਇਹ ਫਾਰਮੂਲਾ ਆਪਣੇ ਰਾਜਾਂ ਵਿੱਚ ਕਈ ਵਾਰ ਵਰਤਿਆ ਹੈ। ਗੁਜਰਾਤ ਨੂੰ ਰਾਜ ਬਣਾਉਣ ਵੇਲੇ ਤੋਂ ਉੱਥੇ ਸ਼ਰਾਬਬੰਦੀ ਲਾਗੂ ਸੁਣੀਂਦੀ ਹੈ ਅਤੇ ਅੱਜ ਵੀ ਲਾਗੂ ਹੈ। ਇਸਦੇ ਬਾਵਜੂਦ ਹਰ ਚਾਰ-ਪੰਜ ਸਾਲਾਂ ਬਾਅਦ ਕਿਤੇ ਨਾ ਕਿਤੇ ਨਾਜਾਇਜ਼ ਸ਼ਰਾਬ ਦੇ ਗੋਦਾਮ ਫੜੇ ਜਾਂਦੇ ਅਤੇ ਉਨ੍ਹਾਂ ਉੱਤੇ ਬੁਲਡੋਜ਼ਰ ਫੇਰਨ ਦਾ ਕੰਮ ਹੁੰਦਾ ਹੈ। ਹਰ ਵਾਰ ਇਸ ਧੰਦੇ ਵਿੱਚ ਕੋਈ ਨਾ ਕੋਈ ਭਾਜਪਾ ਵਿਧਾਇਕ ਜਾਂ ਹੋਰ ਆਗੂ ਸਰਗਣਾ ਨਿਕਲਦਾ ਹੈ। ਪਿਛਲੇ ਵੀਰਵਾਰ ਸ਼ਾਮੀਂ ਗੁਜਰਾਤ ਵਿੱਚ ਇੱਕ ਭਾਜਪਾ ਵਿਧਾਇਕ ਆਪਣੇ ਰਿਜ਼ਾਰਟ ਵਿੱਚ ਵਿਗੜੇ ਅਮੀਰਾਂ ਨਾਲ ਜੂਆ ਖੇਡਣ ਦੇ ਨਾਲ ਸ਼ਰਾਬ ਅਤੇ ਸ਼ਬਾਬ ਦੀ ਮਹਿਫਲ ਲਾਈ ਬੈਠਾ ਫੜਿਆ ਗਿਆ ਹੈ। ਉਸ ਕੋਲੋਂ ਨੇਪਾਲ ਤੋਂ ਲਿਆਂਦੀਆਂ ਲੜਕੀਆਂ ਵੀ ਮਿਲੀਆਂ ਹਨ। ਇਹ ਕੰਮ ਉਹ ਚਿਰਾਂ ਤੋਂ ਕਰਦਾ ਰਿਹਾ ਸੀ, ਕਦੀ ਛਾਪਾ ਨਹੀਂ ਪਿਆ। ਕਾਣਾ ਹੋਣ ਕਾਰਨ ਉਹ ਭਾਜਪਾ ਨੂੰ ਵੱਧ ਵਫਾਦਾਰ ਜਾਪਦਾ ਸੀ। ਪਿਛਲੇ ਸਾਲ ਰਾਜ ਸਭਾ ਚੋਣ ਵਿੱਚ ਉਹ ਕਰਾਸ ਵੋਟਿੰਗ ਕਰ ਕੇ ਕਾਂਗਰਸ ਉਮੀਦਵਾਰ ਨੂੰ ਵੋਟ ਪਾ ਬੈਠਾ ਦੱਸਿਆ ਜਾਂਦਾ ਹੈ। ਇਸ ਕਾਰਨ ਪਾਰਟੀ ਉਸ ਨਾਲ ਨਾਰਾਜ਼ ਹੋ ਗਈ। ਪਿਛਲੇ ਵੀਰਵਾਰ ਤੋਂ ਪਹਿਲਾਂ ਉਸ ਦੀਆਂ ਮਹਿਫਲਾਂ ਵਿੱਚ ਕਦੀ ਸਰਕਾਰ ਦੇ ਕਿਸੇ ਅਫਸਰ ਨੇ ਵਿਘਨ ਪਾਉਣ ਦੀ ਵੀ ਜੁਰਅਤ ਨਹੀਂ ਸੀ ਕੀਤੀ ਤੇ ਜਦੋਂ ਭਾਜਪਾ ਨਾਰਾਜ਼ ਹੋ ਗਈ ਤਾਂ ਉਸ ਦੇ ਆਗੂਆਂ ਨੇ ਸੋਚਿਆ ਕਿ ਜੇ ਬੇਵਫਾਈ ਕਰਦਾ ਇੱਕ ਕਾਣਾ ਸੱਕਾ ਛੱਡ ਦਿੱਤਾ ਤਾਂ ਇਸੇ ਵਾਂਗ ਬਾਕੀ ਦੇ ਕਾਣੇ ਵੀ ਵਿਗੜ ਸਕਦੇ ਹਨ, ਇਸ ਲਈ ਉਹ ਜੂਆ ਖੇਡਦਾ ਮੌਕੇ ਉੱਤੇ ਫੜ ਲਿਆ ਗਿਆ ਹੈ।
ਗੱਲ ਫਿਰ ਭਾਜਪਾ ਦੀ ਅਗਲੇ ਸਾਲ ਦੀ ਉਸ ਚੋਣ ਰਣਨੀਤੀ ਉੱਤੇ ਆਉਂਦੀ ਹੈ, ਜਿਹੜੀ ਅਕਾਲੀ ਅਤੇ ਕਾਂਗਰਸ ਆਗੂ ਬੜੀ ਵਾਰ ਵਰਤਦੇ ਰਹੇ ਸਨ ਤੇ ਇਸ ਵਾਰੀ ਭਾਜਪਾ ਵਰਤਣ ਬਾਰੇ ਸੋਚਦੀ ਪਈ ਹੈ। ਕਰਨਾਟਕਾ ਤੋਂ ਆਰੰਭ ਕਰ ਕੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦਾ ਇੱਕ ਗਰੁੱਪ ਇਸੇ ਫਾਰਮੂਲੇ ਨਾਲ ਤੋੜਨ ਪਿੱਛੋਂ ਭਾਜਪਾ ਨੇ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਤੋੜਨ ਦਾ ਚੱਕਰ ਚਲਾਇਆ, ਪਰ ਗੱਲ ਨਹੀਂ ਬਣੀ। ਫਿਰ ਪੁੱਡੁਚੇਰੀ ਵਿੱਚ ਕਾਂਗਰਸ ਦੇ ਕਈ ਵਿਧਾਇਕ ਅਗਲੀ ਅਸੈਂਬਲੀ ਚੋਣ ਤੋਂ ਪਹਿਲਾਂ ਇਸਤੀਫੇ ਦਿਵਾ ਕੇ ਆਪਣੇ ਵਿੱਚ ਇਸੇ ਫਾਰਮੂਲੇ ਨਾਲ ਸ਼ਾਮਲ ਕਰਾਏ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੇ ਕਈ ਆਗੂ ਵੀ ਇਸੇ ਫਾਰਮੂਲੇ ਨਾਲ ਭਾਜਪਾ ਨੇ ਆਪਣੇ ਨਾਲ ਮਿਲਾਏ ਸਨ। ਜਿਸ ਕਿਸੇ ਨੂੰ ਦੋ-ਤਿੰਨ ਦਿਨ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਸੀਬੀਆਈ ਵਾਲੇ ਸੱਦਦੇ ਅਤੇ ਪੁੱਛਗਿੱਛ ਦੇ ਬਹਾਨੇ ਸਾਰਾ ਦਿਨ ਜ਼ਲੀਲ ਕਰਦੇ ਸਨ, ਉਹ ਅਗਲੇ ਦਿਨ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੰਦਾ ਸੀ। ਮਹਾਰਾਸ਼ਟਰ ਵਿੱਚ ਇਸ ਵਕਤ ਸਾਰਾ ਜ਼ੋਰ ਇਸੇ ਦਾਅ ਨਾਲ ਸਾਂਝੀ ਸਰਕਾਰ ਤੋੜਨ ਤੇ ਭਾਜਪਾ ਸਰਕਾਰ ਬਣਾਉਣ ਲਈ ਲਾਇਆ ਪਿਆ ਹੈ। ਜਦੋਂ ਸ਼ਰਦ ਪਵਾਰ ਦਾ ਭਤੀਜਾ ਅਜੀਤ ਪਵਾਰ ਭਾਜਪਾ ਨਾਲ ਜੁੜ ਕੇ ਉਸ ਦੀ ਸਰਕਾਰ ਵਿੱਚ ਅੱਧੀ ਰਾਤ ਉਪ ਮੁੱਖ ਮੰਤਰੀ ਬਣ ਗਿਆ ਤਾਂ ਬਹੱਤਰ ਘੰਟਿਆਂ ਦੇ ਰਾਜ ਦੌਰਾਨ ਭਾਜਪਾ ਨੇ ਉਸ ਦੇ ਖਿਲਾਫ ਆਪਣੀ ਇਸ ਤੋਂ ਪਿਛਲੀ ਸਰਕਾਰ ਦੌਰਾਨ ਖੁਦ ਬਣਵਾਏ ਨੌਂ ਸੰਗੀਨ ਕੇਸ ਇੱਕੋ ਝਟਕੇ ਨਾਲ ਰੱਦ ਕਰ ਦਿੱਤੇ ਸਨ। ਅੱਜਕੱਲ੍ਹ ਊਧਵ ਠਾਕਰੇ ਦੀ ਸਰਕਾਰ ਵਿੱਚੋਂ ਮੱਛੀ ਵਾਂਗ ਕੁੰਡੀ ਪਾ ਕੇ ਖਿੱਚਣ ਲਈ ਉਸੇ ਅਜੀਤ ਪਵਾਰ ਉੱਤੇ ਫਿਰ ਉਹੋ ਜਿਹੇ ਕੇਸ ਬਣਾਏ ਜਾ ਰਹੇ ਹਨ ਅਤੇ ਇਸ ਵਾਰੀ ਉਸ ਦੀ ਪਤਨੀ ਨੂੰ ਵੀ ਉਲਝਾਇਆ ਜਾ ਰਿਹਾ ਹੈ।
ਭਾਜਪਾ ਲੀਡਰ ਮੂੰਹੋਂ ਨਹੀਂ ਕਹਿੰਦੇ, ਪਰ ਕਨਸੋਆਂ ਮਿਲ ਰਹੀਆਂ ਹਨ ਕਿ ਪੰਜਾਬ ਦੀ ਰਾਜਨੀਤੀ ਦੇ ਦੋਵਾਂ ਮੁੱਖ ਧੜਿਆਂ, ਕਾਂਗਰਸ ਤੇ ਅਕਾਲੀ ਦਲ ਦੇ ਜਿੰਨੇ ਕੁ ਲੀਡਰਾਂ ਨੂੰ ਉਨ੍ਹਾਂ ਦੀ ਕਾਣ ਦੇ ਕਾਰਨ ਉਨ੍ਹਾਂ ਪਾਰਟੀਆਂ ਦੇ ਨੇਤਾ ਵਰਤਦੇ ਰਹੇ ਸਨ, ਭਾਜਪਾ ਉਨ੍ਹਾਂ ਹੀ ਕਾਣਿਆਂ ਤਕ ਪਹੁੰਚ ਕਰਦੀ ਹੋ ਸਕਦੀ ਹੈ। ਸਾਂਝੇ ਪੰਜਾਬ ਦਾ ਉਹ ਹਰਿਆਣਵੀ ਵਿਧਾਇਕ ਪਿਆਰਾ ਰਾਮ ਤਾਂ ਅੱਜ ਦੀ ਰਾਜਨੀਤੀ ਵਿੱਚ ਕਿਸੇ ਨੂੰ ਯਾਦ ਨਹੀਂ, ਜਿਹੜਾ ਧਮਕੀ ਤੋਂ ਡਰਨ ਦੀ ਥਾਂ ਆਪਣੇ ਕੱਪੜਿਆਂ ਦਾ ਝੋਲਾ ਤੇ ਟਾਈਪਿੰਗ ਮਸ਼ੀਨ ਚੱਕ ਕੇ ਜੇਲ ਜਾਣ ਲਈ ਤੁਰ ਪਿਆ ਸੀ, ਅਜੋਕੀ ਰਾਜਨੀਤੀ ਦੇ ਧੁਰੰਤਰ ਇਸ ਕਾਣ ਦੇ ਦਬਾਅ ਹੇਠ ਅਗਲੇ ਸਾਲ ਦੀ ਰਾਜਨੀਤੀ ਦਾ ਹਿੱਸਾ ਬਣਨ ਨੂੰ ਤਿਆਰ ਹੁੰਦੇ ਸੁਣੀਂਦੇ ਹਨ। ਸਾਡੀ ਇਹ ਗੱਲ ਅੱਜ ਕਈ ਲੋਕਾਂ ਨੂੰ ਖਾਮ-ਖਿਆਲੀ ਲੱਗ ਸਕਦੀ ਹੈ, ਪਰ ਜਿਹੜੀਆਂ ਖਬਰਾਂ ਸਾਡੇ ਤਕ ਪਹੁੰਚ ਰਹੀਆਂ ਹਨ, ਉਨ੍ਹਾਂ ਦਾ ਸਾਰ ਇਹੋ ਹੈ ਕਿ ਭਾਜਪਾ ਅਗਲੇ ਸਾਲ ਕਾਣਿਆਂ ਨੂੰ ਵਰਤਣ ਦਾ ਉਹੋ ਦਾਅ ਵਰਤ ਸਕਦੀ ਹੈ, ਜਿਹੜਾ ਅਕਾਲੀ ਤੇ ਕਾਂਗਰਸੀ ਆਗੂ ਕੁਰਸੀ ਉੱਤੇ ਬਹਿਣ ਅਤੇ ਬੈਠ ਗਏ ਹੋਣ ਤਾਂ ਟਿਕੇ ਰਹਿਣ ਲਈ ਵਰਤਦੇ ਰਹੇ ਹਨ। ਅਸੀਂ ਅਜੇ ਇਹ ਗੱਲ ਨਹੀਂ ਕਹਿ ਸਕਦੇ ਕਿ ਇਹ ਦਾਅ ਯਕੀਨਨ ਚੱਲ ਵੀ ਜਾਵੇਗਾ, ਪਰ ਇਸਦੇ ਵਰਤਣ ਦੀਆਂ ਕਨਸੋਆਂ ਫੋਕੀਆਂ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2881)
(ਸਰੋਕਾਰ ਨਾਲ ਸੰਪਰਕ ਲਈ: