JatinderPannu7ਪਹਿਲਾਂ ਤੁਸੀਂ ਨੋਟਬੰਦੀ ਕੀਤੀ ਤਾਂ ਲੋਕ ਰੋ ਕੇ ਚੁੱਪ ਕਰ ਗਏ ਸਨ, ਇਸ ਵਾਰੀ ਵੀ ਤੁਸੀਂ ...
(3 ਮਈ 2021)

 

ਭਾਰਤ, ਤੂੰ ਭਰਮ ਦੇ ਵੱਡੇ ਜਾਲ ਵਿੱਚ ਫਸ ਗਿਆ ਹੈਂਉਸ ਜਾਲ ਵਿੱਚ ਫਸ ਗਿਆ ਹੈਂ, ਜਿੱਥੇ ਹਊਮੈ ਦੇ ਭਰੇ ਭੜੋਲੇ ਵਰਗਾ ਇੱਕ ਆਗੂ ਬਾਕੀ ਸਭ ਲੋਕਾਂ ਨੂੰ ਪੁਤਲੀਆਂ ਸਮਝ ਕੇ ਨਚਾਉਣਾ ਚਾਹੁੰਦਾ ਹੈ ਤੇ ਇੱਦਾਂ ਦਾ ਭਾਰਤ ਉਸ ਨੂੰ ਚਾਹੀਦਾ ਹੈ, ਜਿਹੜਾ ਨਾ ਖਾਣ ਲਈ ਕੁਝ ਮੰਗੇ, ਨਾ ਜੀਵਨ ਲੋੜਾਂ ਦਾ ਚੇਤਾ ਕਰੇ, ਨਾ ਮਹਾਂਮਾਰੀਆਂ ਅਤੇ ਕੁਦਰਤੀ ਕਰੋਪੀਆਂ ਦੇ ਵਕਤ ਉਸ ਰਾਹਤ ਦੀ ਆਸ ਕਰੇ, ਜਿਹੜੀ ਪਿਤਾ-ਪੁਰਖੀ ਰਾਜੇ ਵੀ ਦੇ ਦਿੱਤਾ ਕਰਦੇ ਸਨਮਰਦੇ ਪਏ ਦੇਸ਼ ਵਾਸੀਆਂ ਵੱਲ ਵੇਖਣ ਨਾਲੋਂ ਉਸ ਨੂੰ ਭਾਰਤ ਦੇ ਨਕਸ਼ੇ ਵਿੱਚ ਉਨ੍ਹਾਂ ਕੁਝ ਬਾਕੀ ਬਚੀਆਂ ਡੱਬ-ਖੜੱਬੀਆਂ ਥਾਂਵਾਂ ਨੂੰ ਵੇਖਣਾ ਵੱਧ ਜ਼ਰੂਰੀ ਲੱਗਦਾ ਹੈ, ਜਿਹੜੀਆਂ ਆਪਣੇ ਰੰਗ ਵਿੱਚ ਰੰਗਣ ਲਈ ਉਹ ਰਾਤ ਦਿਨ ਸੁਪਨੇ ਲੈਂਦਾ ਹੈਪੱਛਮੀ ਬੰਗਾਲ ਦੀ ਚੋਣ ਮੁਹਿੰਮ ਲਈ ਉਸ ਨੇ ਜਿਹੜਾ ਅਪਰੈਲ ਦਾ ਅੱਧੇ ਤੋਂ ਵੱਧ ਮਹੀਨਾ ਫੂਕ ਛੱਡਿਆ, ਉਹੀ ਮਹੀਨਾ ਦੇਸ਼ ਦੇ ਲੋਕਾਂ ਲਈ ਅੱਜ ਤਕ ਦਾ ਸਭ ਤੋਂ ਕਾਲਾ ਸਮਾਂ ਹੋ ਗਿਆ

ਫਰਵਰੀ ਦੇ ਅੰਤਲੇ ਦਿਨ ਕਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੀ ਗਿਣਤੀ ਭਾਰਤ ਵਿੱਚ ਇੱਕ ਲੱਖ ਸੱਤਰ ਹਜ਼ਾਰ ਤੋਂ ਥੋੜ੍ਹੀ ਉੱਤੇ ਸੀ, ਮਾਰਚ ਦੇ ਅੰਤਲੇ ਦਿਨ ਤਕ ਚੋਣਾਂ ਲਈ ਰਾਜਸੀ ਲੀਡਰਾਂ ਦੇ ਜਲਸੇ ਸ਼ੁਰੂ ਹੋਣ ਕਾਰਨ ਪੰਜ ਲੱਖ ਪਚਾਸੀ ਹਜ਼ਾਰ ਤੋਂ ਟੱਪ ਗਈ ਤੇ ਪ੍ਰਧਾਨ ਮੰਤਰੀ ਨੇ ਦੌਰੇ ਉਦੋਂ ਸਮੇਟੇ, ਜਦੋਂ ਐਕਟਿਵ ਕੇਸਾਂ ਦੀ ਗਿਣਤੀ ਵੀਹ ਲੱਖ ਤੋਂ ਟੱਪ ਗਈਫਿਰ ਇਹ ਰੁਕੀ ਨਹੀਂਹਾਲਾਤ ਕਾਬੂ ਤੋਂ ਬਾਹਰ ਹੋਣ ਨਾਲ ਅਪਰੈਲ ਮੁੱਕਣ ਤਕ ਇਹ ਗਿਣਤੀ ਬੱਤੀ ਲੱਖ ਟੱਪ ਗਈਫਰਵਰੀ ਮੁੱਕਣ ਤਕ ਮੌਤਾਂ ਦੀ ਗਿਣਤੀ ਭਾਰਤ ਵਿੱਚ ਅਜੇ ਇੱਕ ਲੱਖ ਸਤਵੰਜਾ ਹਜ਼ਾਰ ਤੋਂ ਡੇਢ ਸੌ ਉੱਤੇ ਸੀ, ਮਾਰਚ ਮੁੱਕਣ ਤਕ ਇਹ ਇੱਕ ਲੱਖ ਤਰੇਹਠ ਹਜ਼ਾਰ ਦੇ ਨੇੜੇ ਪਹੁੰਚੀ, ਪਰ ਅਪਰੈਲ ਮੁੱਕਣ ਤਕ ਭਾਰਤ ਵਿੱਚ ਮੌਤਾਂ ਦੀ ਗਿਣਤੀ ਦੋ ਲੱਖ ਦਸ ਹਜ਼ਾਰ ਟੱਪ ਗਈਅਪਰੈਲ ਦਾ ਮਹੀਨਾ ਭਾਰਤ ਵਿੱਚ ਸੰਤਾਲੀ ਹਜ਼ਾਰ ਮੌਤਾਂ ਦਾ ਕਾਰਨ ਬਣ ਗਿਆ ਇਤਿਹਾਸ ਵਿੱਚ ਭਾਰਤ ਵਿੱਚ ਕਦੇ ਇੰਨੀਆਂ ਮੌਤਾਂ ਨਹੀਂ ਹੋਈਆਂਕਦੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਇੱਦਾਂ ਵੀ ਹੋਵੇਗਾ, ਪਰ ਇਹ ਕਹਿਰ ਵਾਪਰ ਗਿਆ ਹੈ

ਦੇਸ਼ ਦਾ ‘ਪ੍ਰਧਾਨ ਸੇਵਕ’ ਕਹਾਉਣ ਦੇ ਨਾਟਕ ਕਰਨ ਵਾਲਾ ਆਗੂ ਮੌਤਾਂ ਨਾਲ ਦੁਖੀ ਹੋਣ ਦੀ ਬਜਾਏ ਇਸ ਗੱਲ ਤੋਂ ਦੁਖੀ ਹੁੰਦਾ ਹੈ ਕਿ ਉਸ ਦੀ ਸਰਕਾਰ ਦੀ ਭੰਡੀ ਹੁੰਦੀ ਹੈਜਿਹੋ ਜਿਹੇ ਕੰਮ ਹੋਣ, ਉੱਦਾਂ ਦੀ ਸੋਭਾ ਹੁੰਦੀ ਹੈਦੁਨੀਆ ਭਰ ਦੇ ਅਖਬਾਰ ਉਸ ਦੇ ਚੋਣ ਚਸਕਿਆਂ ਤੇ ਭਾਸ਼ਣਾਂ ਦੌਰਾਨ ਆਈਆਂ ਮਕਾਣਾਂ ਨੇ ਕੰਬਣ ਲਾ ਦਿੱਤੇ ਹਨ, ਜਿਸ ਪਿੱਛੋਂ ਉਹ ਹਕੀਕਤਾਂ ਪੇਸ਼ ਕਰ ਰਹੇ ਹਨ ਤਾਂ ਇਹ ਭਾਰਤ ਦੇ ਨੇਤਾ ਨੂੰ ਭੰਡੀ ਜਾਪੀ ਹੈਜਿਸ ਟਾਈਮ ਮੈਗਜ਼ੀਨ ਨੇ ਕਦੇ ਉਸ ਦੀ ਫੋਟੋ ਪਹਿਲੇ ਸਫੇ ਉੱਤੇ ਦਿਖਾਈ ਤਾਂ ਉਹ ਆਪਣੇ ਆਪ ਧੰਨ ਸਮਝਦਾ ਸੀ, ਅੱਜ ਉਹੀ ਟਾਈਮ ਜੇ ਭਾਰਤ ਦੇਸ਼ ਦੇ ਸ਼ਮਸ਼ਾਨ ਘਾਟਾਂ ਵਿੱਚ ਮੱਚਦੇ ਸਿਵਿਆਂ ਦੀ ਫੋਟੋ ਛਾਪਦਾ ਹੈ ਤਾਂ ਇਹ ਪ੍ਰਧਾਨ ਮੰਤਰੀ ਨੂੰ ਭੰਡੀ ਜਾਪੀ ਹੈ

ਅਮਰੀਕਾ ਦਾ ਅਖਬਾਰ ਵਾਸ਼ਿੰਗਟਨ ਪੋਸਟ, ਇੰਗਲੈਂਡ ਦਾ ਗਾਰਡੀਅਨ ਅਤੇ ਦੁਨੀਆ ਭਰ ਦੇ ਮੀਡੀਆ ਚੈਨਲਾਂ ਤੋਂ ਭਾਰਤ ਦੇਸ਼ ਦੇ ਹਾਲਾਤ ਦੀ ਚਰਚਾ ਵਿੱਚ ਮਰ ਗਏ ਲੋਕਾਂ ਦੇ ਅੰਕੜੇ ਵੀ ਤੇ ਮਰਨਾਊ ਪਏ ਲੋਕਾਂ ਦੇ ਅੰਕੜੇ ਵੀ ਪੇਸ਼ ਕੀਤੇ ਜਾਂਦੇ ਹਨ ਤਾਂ ਇਹ ਭਾਰਤ ਦੀ ਭੰਡੀ ਜਾਪੀ ਹੈਉਹ ਲੋਕ ਭਾਰਤ ਦੀ ਭੰਡੀ ਨਹੀਂ ਕਰਦੇ, ਹਰ ਪੇਸ਼ਕਾਰੀ ਦੇ ਵਕਤ ਇਹ ਕਹਿੰਦੇ ਹਨ ਕਿ ਇਹ ਹਾਲਤ ਭਾਰਤ ਦੇ ਇੱਕ ਨੇਤਾ ਦੇ ਚੋਣ ਚਸਕੇ ਕਾਰਨ ਪੈਦਾ ਹੋਈ ਹੈਇਸ ਵਿੱਚ ਇੱਕ ਦੇਸ਼ ਦੀ ਭੰਡੀ ਨਹੀਂ, ਘਮੰਡ ਦੇ ਘੋੜੇ ਉੱਤੇ ਚੜ੍ਹੇ ਹੋਏ ਇੱਕ ਨੇਤਾ ਦੀ ਮਰਦੇ ਪਏ ਲੋਕਾਂ ਵਾਸਤੇ ਕੁਝ ਕਰਨ ਦੀ ਥਾਂ ਉਸ ਦੇ ਆਪਣੇ ਰਾਜ ਦੀਆਂ ਹੱਦਾਂ ਹੋਰ ਵਧਾਉਣ ਦੀ ਵਡੇਰੀ ਲਾਲਸਾ ਦਾ ਖੁਲਾਸਾ ਕੀਤਾ ਸਮਝਿਆ ਜਾ ਸਕਦਾ ਹੈ

ਬਾਹਰਲੇ ਦੇਸ਼ਾਂ ਵਾਲੇ ਬੋਲਦੇ ਹਨ ਤਾਂ ਭਾਰਤ ਦੀ ਭੰਡੀ ਕਰਦੇ ਜਾਪਦੇ ਹਨ, ਆਪਣੇ ਲੋਕ ਬੋਲਦੇ ਹਨ ਤਾਂ ਮੋਦੀ ਟੀਮ ਨੂੰ ਉਹ ਵਿਰੋਧੀਆਂ ਦਾ ਕੂੜ-ਪ੍ਰਚਾਰ ਜਾਪਦਾ ਹੈ, ਪਰ ਭਾਜਪਾ ਦੇ ਆਪਣੇ ਅੰਦਰੋਂ ਜੋ ਬੋਲਿਆ ਗਿਆ ਹੈ, ਉਸ ਦੇ ਬਾਰੇ ਪ੍ਰਧਾਨ ਮੰਤਰੀ ਜਾਂ ਉਸ ਦੇ ਚੇਲਿਆਂ ਦੇ ਦੰਦ ਜੁੜੇ ਹੋਏ ਹਨਕੇਂਦਰੀ ਮੰਤਰੀ ਮੰਡਲ ਵਿਚਲੇ ਤਿੰਨ ਚਿਹਰਿਆਂ ਦੇ ਹੱਥ ਸਾਰੀ ਤਾਕਤ ਮੰਨੀ ਜਾਂਦੀ ਹੈ, ਇੱਕ ਪ੍ਰਧਾਨ ਮੰਤਰੀ ਮੋਦੀ, ਦੂਸਰਾ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਤੀਸਰਾ ਨੰਬਰ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦਾ ਹੈਨਿਰਮਲਾ ਸੀਤਾਰਮਨ ਜਦੋਂ ਇਕਨਾਮਿਕਸ ਪੜ੍ਹਨ ਲਈ ਕਲਾਸ ਵਿੱਚ ਬੈਠਦੀ ਸੀ, ਉਸ ਦਾ ਪਤੀ ਪਰਕਲਾ ਪ੍ਰਭਾਕਰ ਉਸ ਦੇ ਨਾਲ ਇਕਨਾਮਿਕਸ ਦਾ ਵਿਦਿਆਰਥੀ ਹੁੰਦਾ ਸੀਦੋਵੇਂ ਇਕੱਠੇ ਪੜ੍ਹੇ ਹਨ, ਪਰ ਉਸ ਦਾ ਪਤੀ ਇਸ ਮੰਤਰੀ ਬੀਬੀ ਵਾਂਗ ਰਾਜਨੀਤੀ ਦੇ ਰਾਹ ਦਾ ਪਾਂਧੀ ਨਾ ਹੋਣ ਕਾਰਨ ਤੇ ਕਿਸੇ ਕੁਰਸੀ ਦੀ ਝਾਕ ਨਾ ਰੱਖਣ ਕਾਰਨ ਅਜੇ ਵੀ ਸੱਚ ਬੋਲਣ ਨੂੰ ਠੀਕ ਸਮਝਦਾ ਹੈਉਸ ਨੇ ਇੱਕ ਦਿਨ ਇਸ ਦੇਸ਼ ਦੇ ਗਰੀਬਾਂ ਦੀ ਅਸਲੀ ਹਾਲਤ ਬਾਰੇ ਲੇਖ ਲਿਖ ਦਿੱਤਾ, ਸਾਰੇ ਪਾਸੇ ਧੁੰਮ ਮੱਚ ਗਈ ਅਤੇ ਪ੍ਰਧਾਨ ਮੰਤਰੀ ਦੀ ਸਾਰੀ ਟੀਮ ਨੂੰ ਇੱਦਾਂ ਸੱਪ ਸੁੰਘ ਗਿਆ ਕਿ ਸਾਰਿਆਂ ਦੀ ਜ਼ਬਾਨ ਤਾਲੂ ਨਾਲ ਲੱਗ ਗਈਕਿਸੇ ਨੇ ਉਸ ਦੇ ਲੇਖ ਦੀ ਕਿਸੇ ਗੱਲ ਬਾਰੇ ਕੋਈ ਟਿੱਪਣੀ ਤਕ ਕਰਨ ਦੀ ਹਿੰਮਤ ਨਹੀਂ ਦਿਖਾਈ, ਕਿਉਂਕਿ ਉਸ ਨੇ ਸੱਚ ਕਿਹਾ ਸੀਨਿਰਮਲਾ ਦੇ ਪਤੀ ਪਰਕਲਾ ਪ੍ਰਭਾਕਰ ਨੇ ਕਿਹਾ ਕਿ ਜਿਨ੍ਹਾਂ ਦੇ ਘਰ ਵਿੱਚ ਮੌਤ ਹੁੰਦੀ ਹੈ, ਉਨ੍ਹਾਂ ਨੂੰ ਦੁੱਖ ਪਤਾ ਹੈ, ਤੁਹਾਡੇ ਘਰੀਂ ਕੋਈ ਮੌਤ ਨਹੀਂ ਹੋਈ, ਤੁਹਾਨੂੰ ਇਸਦਾ ਦੁੱਖ ਨਹੀਂ, ਇਸ ਲਈ ਤੁਸੀਂ ਚੋਣ ਮੁਹਿੰਮਾਂ ਵਿੱਚ ਰੁੱਝੇ ਹੋਏ ਹੋ, ਤੁਹਾਡੇ ਸੰਤਾਂ ਲਈ ਕੁੰਭ ਵਾਲਾ ਇਸ਼ਨਾਨ ਕਰਨ ਮੌਕੇ ਭੀੜਾਂ ਸੱਦਣੀਆਂ ਜ਼ਰੂਰੀ ਹਨ ਅਤੇ ਮੁਲਕ ਮਰਦਾ ਦਿਸ ਨਹੀਂ ਸਕਿਆਪਰਕਲਾ ਪ੍ਰਭਾਕਰ ਨੇ ਕਿਹਾ ਕਿ ਤੁਹਾਡੀ ਇੱਕ ਨੀਤੀ ਬਣ ਗਈ ਹੈ ਕਿ ਦੇਸ਼ ਦੇ ਲੋਕਾਂ ਨੂੰ ਰੋਣ ਦਿਓ, ਰੋਣ ਪਿੱਛੋਂ ਚੁੱਪ ਕਰ ਜਾਣਗੇਪਹਿਲਾਂ ਤੁਸੀਂ ਨੋਟਬੰਦੀ ਕੀਤੀ ਤਾਂ ਲੋਕ ਰੋ ਕੇ ਚੁੱਪ ਕਰ ਗਏ ਸਨ, ਇਸ ਵਾਰੀ ਵੀ ਤੁਸੀਂ ਇਹੋ ਸੋਚ ਰਹੇ ਹੋ, ਪਰ ਇਸ ਵਾਰੀ ਲੋਕਾਂ ਦੀ ਜੇਬ ਨਹੀਂ ਕੱਟੀ ਗਈ, ਜ਼ਿੰਦਗੀ ਦੀ ਤੰਦ ਕੱਟੀ ਜਾ ਰਹੀ ਹੈ ਤਾਂ ਉਹ ਛੇਤੀ ਕੀਤੇ ਚੁੱਪ ਨਹੀਂ ਹੋਣਗੇ

ਸਾਨੂੰ ਸੱਤ ਕੁ ਸਾਲ ਪਹਿਲਾਂ ਦੀ ਇੱਕ ਗੱਲ ਦਾ ਅਜੇ ਚੇਤਾ ਹੈ ਉਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਵਾਸਤੇ ਦਿੱਲੀ ਦੀ ਉਡਾਰੀ ਲਾਉਣ ਲੱਗਾ ਤਾਂ ਉਸ ਨੇ ਆਪਣੀ ਥਾਂ ਸਭ ਤੋਂ ਸੀਨੀਅਰ ਮੰਤਰੀ ਆਨੰਦੀ ਬੇਨ ਪਟੇਲ ਨੂੰ ਗੁਜਰਾਤ ਦੀ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਸੀਅਚਾਨਕ ਲੋਕਾਂ ਨੂੰ ਆਨੰਦੀ ਬੇਨ ਪਟੇਲ ਦੇ ਪਤੀ ਮਫਤ ਲਾਲ ਪਟੇਲ ਦਾ ਐਲਾਨ ਪੜ੍ਹਨ ਨੂੰ ਮਿਲਿਆ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ, ਕਿਉਂਕਿ ਉਸ ਦੀ ਨਜ਼ਰ ਵਿੱਚ ਭ੍ਰਿਸ਼ਟਾਚਾਰ ਦਾ ਭੜੋਲਾ ਬਣੀ ਕਾਂਗਰਸ ਤੇ ਫਿਰਕਾਪ੍ਰਸਤ ਹਜੂਮ ਵਾਲੀ ਭਾਜਪਾ ਵਿੱਚ ਜਾਣ ਦੀ ਥਾਂ ਇਹ ਪਾਰਟੀ ਦੋਵਾਂ ਨਾਲੋਂ ਕੁਝ ਹੱਦ ਤਕ ਵੱਧ ਠੀਕ ਲੱਗੀ ਹੈਭਾਜਪਾ ਵਿੱਚ ਭਾਜੜ ਪੈ ਗਈਪ੍ਰਧਾਨ ਮੰਤਰੀ ਲਈ ਉਡਾਰੀ ਲਾਉਣ ਨੂੰ ਤਿਆਰ ਨਰਿੰਦਰ ਮੋਦੀ ਨੂੰ ਲੱਗਾ ਕਿ ਘਰ ਵਿੱਚੋਂ ਉੱਠੀ ਇਹ ਵਿਰੋਧ ਦੀ ਸੁਰ ਜੜ੍ਹੀਂ ਨਾ ਬੈਠ ਜਾਵੇ, ਇਸ ਲਈ ਹਰ ਪਾਸੇ ਤੋਂ ਮਫਤ ਲਾਲ ਪਟੇਲ ਉੱਤੇ ਭਾਜਪਾ ਵਿੱਚ ਵਾਪਸੀ ਦਾ ਦਬਾਅ ਪਾਇਆ ਗਿਆਬਹੁਤ ਮੁਸ਼ਕਲ ਵਾਪਸ ਮੁੜਨਾ ਮੰਨ ਕੇ ਵੀ ਉੁਸ ਨੇ ਪ੍ਰੈੱਸ ਦੇ ਸਾਹਮਣੇ ਇਹ ਗੱਲ ਕਹਿ ਦਿੱਤੀ ਕਿ ਉਂਜ ਤਾਂ ਭਾਜਪਾ ਤੋਂ ਆਮ ਆਦਮੀ ਪਾਰਟੀ ਚੰਗੀ ਹੈ, ਪਰ ਮੇਰੇ ਪਰਿਵਾਰ ਦੀ ਰਾਏ ਹੈ ਕਿ ਇਸ ਨਾਲ ਪਰਿਵਾਰ ਲਈ ਮੁਸ਼ਕਲਾਂ ਆਉਣਗੀਆਂ ਤੇ ਬੱਚਿਆਂ ਦਾ ਭਵਿੱਖ ਵੀ ਖਰਾਬ ਹੋ ਸਕਦਾ ਹੈ, ਇਸ ਲਈ ਮੈਂ ਫਿਰ ਭਾਜਪਾ ਨਾਲ ਹੀ ਰਹਿਣ ਦਾ ਫੈਸਲਾ ਕੀਤਾ ਹੈਉਸ ਦੇ ਪਹਿਲੇ ਜਾਂ ਦੂਸਰੇ ਮੋੜਾ ਕੱਟਦੇ ਬਿਆਨ ਦਾ ਭਾਜਪਾ ਦੇ ਕਿਸੇ ਵੀ ਆਗੂ ਨੇ ਅੱਜ ਤਕ ਕਦੇ ਕੋਈ ਖੰਡਨ ਨਹੀਂ ਕੀਤਾ

ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆ ਭਰ ਦਾ ਮੀਡੀਆ ਭੰਡੀ ਕਰਦਾ ਜਾਪਦਾ ਹੈ ਤਾਂ ਭਾਜਪਾ ਦੀ ਸਾਰੀ ਮੀਡੀਆ ਟੀਮ ਇਸਦੇ ਟਾਕਰੇ ਵਾਸਤੇ ਸਿਰ-ਪਰਨੇ ਹੋ ਗਈ ਹੈਉਰਦੂ ਦਾ ਸ਼ੇਅਰ ਹੈ: ‘ਸਾਰੀ ਉਮਰ ਏਕ ਹੀ ਗਲਤੀ ਦੁਹਰਾਤੇ ਰਹੇਧੂਲ ਚਿਹਰੇ ਪੇ ਥੀ, ਪੋਂਛਾ ਆਈਨੇ ਪਰ ਲਗਾਤੇ ਰਹੇ।’ ਭਾਜਪਾ ਦੀ ਇਹ ਪੋਚਾ ਮਾਰਨ ਦੇ ਕੰਮ ਲੱਗੀ ਹੋਈ ਅਤੇ ਅਸਲ ਵਿੱਚ ਲਾਈ ਹੋਈ ਟੀਮ ਵੀ ਦੁਨੀਆ ਭਰ ਦੇ ਮੀਡੀਏ ਦੇ ਕਹੇ ਸ਼ਬਦਾਂ ਉੱਤੇ ਪੋਚਾ ਫੇਰ ਕੇ ਖੁਸ਼ ਹੋਣ ਦੀ ਕੋਸ਼ਿਸ਼ ਕਰਦੀ ਹੈ, ਪਰ ਘਰ ਵਿੱਚੋਂ ਲਿਖੇ ਗਏ ਖਜ਼ਾਨਾ ਮੰਤਰੀ ਬੀਬੀ ਨਿਰਮਲਾ ਸੀਤਾਰਮਨ ਦੇ ਪਤੀ ਪਰਕਲਾ ਪ੍ਰਭਾਕਰ ਦੇ ਲੇਖ ਦਾ ਖੰਡਨ ਕਰਨ ਦੀ ਹਿੰਮਤ ਅਜੇ ਤਕ ਨਹੀਂ ਕਰ ਸਕੀਉਸ ਨੇ ਇੱਡਾ ਕੌੜਾ ਸੱਚ ਪੇਸ਼ ਕੀਤਾ ਹੈ ਕਿ ਉਸ ਦਾ ਮੰਡਨ, ਅਰਥਾਤ ਉਸ ਨੂੰ ਮੰਨਣਾ ਭਾਜਪਾ ਲੀਡਰਸ਼ਿੱਪ ਲਈ ਔਖਾ ਹੈ, ਪਰ ਖੰਡਨ ਕਰਨਾ ਉਸ ਤੋਂ ਵੀ ਵੱਧ ਔਖਾ ਹੈਜੇ ਉਸ ਦੇ ਲੇਖ ਦਾ ਖੰਡਨ ਕਰਨ ਦਾ ਯਤਨ ਕੀਤਾ ਗਿਆ ਤਾਂ ਉਹ ਜਿਸ ਕਿਸਮ ਦਾ ਵਿਦਵਾਨ ਆਦਮੀ ਹੈ, ਭੜਕ ਕੇ ਅਗਲੇ ਲੇਖ ਵਿੱਚ ਅੰਕੜਿਆਂ ਅਤੇ ਤੱਥਾਂ ਦਾ ਇਹੋ ਜਿਹਾ ਖਿਲਾਰਾ ਪਾ ਸਕਦਾ ਹੈ ਕਿ ਭਾਜਪਾ ਲੀਡਰਾਂ ਲਈ ਉਸ ਨਵੇਂ ਕੂੜੇ ਦੀ ਬਦਬੋ ਦੇ ਸਾਹਮਣੇ ਆਪਣੇ ਨੱਕ ਬੰਦ ਕਰਨੇ ਪੈ ਜਾਣਗੇ

ਭਾਰਤ, ਤੂੰ ਇਹੋ ਜਿਹੀ ਲੀਡਰਸ਼ਿੱਪ ਦੀ ਜਕੜ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈਂ, ਜਿਹੜੀ ਚੀਕਾਂ ਵੀ ਕਢਾਉਂਦੀ ਹੈ, ਮਰ ਗਿਆਂ ਨੂੰ ਰੋਣ ਵੀ ਨਹੀਂ ਦੇਣਾ ਚਾਹੁੰਦੀ ਤੇ ਸਚਾਈ ਦੇ ਦਰਸ਼ਨ ਕਰਨ ਦੀ ਥਾਂ ਸ਼ੀਸ਼ਾ ਸਾਫ ਕਰਨ ਵਿੱਚ ਸਫਲ ਨਾ ਹੋਵੇ ਤਾਂ ਸ਼ੀਸ਼ਾ ਭੰਨਣ ਨੂੰ ਤਿਆਰ ਹੋ ਸਕਦੀ ਹੈ ਇਸੇ ਲਈ ਸਰਕਾਰ-ਦਰਬਾਰ ਤੋਂ ਆਵਾਜ਼ਾਂ ਉੱਠ ਰਹੀਆਂ ਹਨ ਕਿ ਜਿਹੜਾ ਕੋਈ ਸਰਕਾਰ ਜਾਂ ਸਿਸਟਮ ਦੀ ਭੰਡੀ ਕਰੇਗਾ, ਉਸ ਦੇ ਖਿਲਾਫ ਕਾਰਵਾਈ ਹੋ ਸਕਦੀ ਹੈਇਹ ਆਵਾਜ਼ਾਂ ਅਜੇ ਹੇਠਲੇ ਲੀਡਰਾਂ ਵੱਲੋਂ ਕੱਢੀਆਂ ਗਈਆਂ ਹਨ, ਤਾਂ ਕਿ ਪਰਖਿਆ ਜਾਵੇ ਕਿ ਲੋਕ ਬਰਦਾਸ਼ਤ ਕਰਨ ਨੂੰ ਤਿਆਰ ਹੋ ਸਕਦੇ ਹਨ ਕਿ ਨਹੀਂ ਜੇ ਲੋਕ ਇਹ ਵਾਰ ਝੱਲ ਗਏ ਤਾਂ ਅਗਲੀ ਸੱਟ ਪੈ ਸਕਦੀ ਹੈਭਾਰਤ ਦੇ ਲੋਕਾਂ ਨੇ ਬਹੁਤ ਸਾਰੇ ਹੱਲ ਝੱਲੇ ਹੋਏ ਹਨ, ਜਿਸਮਾਨੀ ਵੀ ਅਤੇ ਰੂਹਾਨੀ ਵੀ, ਪਰ ਉਹ ਕਦੇ ਚੁੱਪ ਨਹੀਂ ਕਰਵਾਏ ਜਾ ਸਕੇਇਸ ਨਵੇਂ ਹੱਲੇ ਅੱਗੇ ਵੀ ਲੋਕ ਝੁਕਣ ਨਹੀਂ ਲੱਗੇ, ਪਰ ਇਸ ਵਕਤ ਵੱਡਾ ਸਵਾਲ ਉਸ ਹੱਲੇ ਦੇ ਹੋਣ ਅਤੇ ਕਿਸ ਵੇਲੇ ਹੋਣ ਦਾ ਨਹੀਂ, ਸਗੋਂ ਇਸ ਨਾਲੋਂ ਵੱਡਾ ਸਵਾਲ ਇਹ ਹੈ ਕਿ ਅਪਰੈਲ ਵਿੱਚ ਜਿਸ ਭਾਰਤ ਨੇ ਪੰਜਾਹ ਹਜ਼ਾਰ ਦੇ ਨੇੜੇ ਮੌਤਾਂ ਦਾ ਸਦਮਾ ਅਪਰੈਲ ਵਿੱਚ ਝੱਲਿਆ ਹੈ, ਉਸ ਨੂੰ ਮਈ ਵਿੱਚ ਕਿੰਨੀ ਮਾਰ ਝੱਲਣੀ ਪਵੇਗੀ!

ਇੱਦਾਂ ਦੇ ਹਾਲਤ ਮੂਹਰੇ ਸਭ ਤੋਂ ਵੱਡੀ ਆਸ ਤਾਂ ਮੌਕੇ ਦੀ ਸਰਕਾਰ ਤੋਂ ਹੁੰਦੀ ਹੈ, ਪਰ ਜਿਸ ਸਰਕਾਰ ਦੇ ਆਪਣੇ ਮੰਤਰੀਆਂ ਦੇ ਘਰਾਂ ਵਿੱਚੋਂ ਇਹ ਕਿਹਾ ਜਾਣ ਲੱਗਾ ਹੈ ਕਿ ਸਰਕਾਰ ਬੇਦਰਦ ਹੈ, ਉਸ ਦੇਸ਼ ਵਿੱਚ ਲੋਕਾਂ ਨੂੰ ਆਪਣੀ ਮਦਦ ਆਪ ਕਰਨੀ ਪੈਣੀ ਹੈਭਾਰਤ, ਤੂੰ ਇੰਨਾ ਕਰੀਂ ਕਿ ਆਪਣੇ ਲੋਕਾਂ ਨੂੰ ਦੱਸ ਦੇਵੀਂ ਕਿ ਬਾਬੇ ਕਹਿੰਦੇ ਹੁੰਦੇ ਸਨ, ਹਨੇਰੀਆਂ ਨਾਲ ਬੁੱਢੇ ਬੋਹੜ ਉੱਖੜ ਜਾਂਦੇ ਹਨ, ਸੰਘਣੇ ਰੁੱਖਾਂ ਦੀ ਝਿੜੀ ਕਦੇ ਨਹੀਂ ਪੁੱਟੀ ਗਈਸੰਕਟ ਦੇ ਸਮੇਂ ਵਿੱਚ ਲੋਕ ਤਦੇ ਹੀ ਟਿਕੇ ਰਹਿ ਸਕਦੇ ਹਨ, ਜੇ ਝਿੜੀ ਦੇ ਵਾਂਗ ਉਹ ਆਪਸੀ ਕਰਿੰਘੜੀਆਂ ਮਜ਼ਬੂਤ ਕਰ ਲੈਣ, ਦੁਨੀਆਂ ਭਰ ਵਿੱਚ ਖਿੱਲਰੀ ਮਨੁੱਖਤਾ ਦੇ ਨਾਲ ਆਪਣੇ ਸੰਬੰਧ ਇੰਨੇ ਸੁਖਾਵੇਂ ਰੱਖਣ ਕਿ ਇੱਕ ਦੂਸਰੇ ਦੀ ਬਾਂਹ ਫੜ ਸਕੀਏਭਾਰਤ! ਤੂੰ ਬੱਸ ਇੰਨਾ ਕੁ ਕਸ਼ਟ ਕਰ ਦੇਵੀਂ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2748)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author