JatinderPannu7ਬਾਅਦ ਦੇ ਸਾਲਾਂ ਵਿੱਚ ਦਬਕਿਆਂ ਦੀ ਇਹ ਲੜੀ ਤੇਜ਼ ਹੁੰਦੀ ਗਈ ਤੇ ਹੌਲੀ-ਹੌਲੀ ਅੱਜ ਉਸ ਮੋੜ ਉੱਤੇ ਆਣ ਪੁੱਜੀ ਹੈ ...
(24 ਜੁਲਾਈ 2023)

 

ਕਦੇ-ਕਦੇ ਇਹੋ ਜਿਹੇ ਮੌਕੇ ਸਾਡੇ ਮੂਹਰੇ ਆ ਜਾਂਦੇ ਹਨ, ਜਦੋਂ ਕੁਝ ਲਿਖਣ ਨੂੰ ਦਿਲ ਕਰਦਾ ਹੈ, ਪਰ ਲਿਖਣ ਦੀ ਬਜਾਏ ਕਲਮ ਇੱਕ ਘੁੰਮਣਘੇਰੀ ਜਿਹੀ ਵਿੱਚ ਘੁੰਮੀ ਜਾਂਦੀ ਜਾਪਦੀ ਹੈ ਅਤੇ ਲਿਖਣ ਵਾਲੇ ਮੁੱਦਿਆਂ ਦਾ ਢੇਰ ਮੂਹਰੇ ਪਿਆ ਹੋਣ ਦੇ ਬਾਵਜੂਦ ਲਿਖਣ ਜਾਂ ਨਾ ਲਿਖਣ ਦੀਆਂ ਦਲੀਲਾਂ ਵਿੱਚ ਮਨ ਫਸ ਜਾਂਦਾ ਹੈ। ਇਸ ਵਕਤ ਭਾਰਤ ਦੇ ਰਾਜਸੀ ਦ੍ਰਿਸ਼ ਨੂੰ ਦੇਖਦੇ ਹੋਏ ਸਾਡੇ ਵਰਗੇ ਮਾੜੇ-ਚੰਗੇ ਕਾਲਮ-ਨਵੀਸਾਂ ਲਈ ਇੱਕ ਵਾਰ ਫਿਰ ਏਦਾਂ ਦੀ ਸਥਿਤੀ ਬਣੀ ਮਹਿਸੂਸ ਹੁੰਦੀ ਹੈ ਕਿ ਜੋ ਮਰਜ਼ੀ ਲਿਖੀ ਜਾਵੋ, ਹਾਲਾਤ ਜਿਸ ਵਹਿਣ ਵਿੱਚ ਵਗਦੇ ਪਏ ਹਨ, ਓਸੇ ਵਿੱਚ ਤੇ ਓਸੇ ਪਾਸੇ ਹੀ ਵਗਦੇ ਰਹਿਣੇ ਹਨ। ਕਿਸੇ ਵਕਤ ਅਸੀਂ ਭਾਰਤੀ ਲੋਕਤੰਤਰ ਦੇ ਕਦੀ ਤੇਜ਼ ਚਾਲ ਵਿੱਚ ਤੇ ਕਦੀ ਘੱਟ ਰਫਤਾਰ ਨਾਲ ਲਗਾਤਾਰ ਅੱਗੇ ਨੂੰ ਵਧਣ ਦੀਆਂ ਗੱਲਾਂ ਕਰਦੇ ਹੁੰਦੇ ਸਾਂ, ਅੱਜਕੱਲ੍ਹ ਭਾਰਤੀ ਲੋਕਤੰਤਰ ਦਾ ਭੇਜਿਆ ਕੋਈ ਚੰਦਰ-ਯਾਨ ਤਾਂ ਦੂਰ ਪੁਲਾੜ ਵਿੱਚ ‘ਚੰਦਾ-ਮਾਮਾ’ ਵੱਲ ਵਧਦਾ ਦੱਸਿਆ ਜਾ ਰਿਹਾ ਹੈ, ਪਰ ਭਾਰਤੀ ਲੋਕਤੰਤਰ ਦਾ ਛੋਟਾ ਜਾਂ ਵੱਡਾ ਗੇਅਰ ਲੱਗਦਾ ਮਹਿਸੂਸ ਹੋਣ ਦੀ ਥਾਂ ਪਿਛਾਂਹ ਵੱਲ ਜਾਣ ਵਾਲਾ ਗੇਅਰ ਲੱਗਦਾ ਜਾਪਦਾ ਹੈ। ਮਨੀਪੁਰ ਦੀਆਂ ਘਟਨਾਵਾਂ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਉੱਤੇ ਸਾਡੀ ਵਾਂਗ ਇਹੋ ਸੋਚ ਭਾਰੂ ਹੋਣ ਦਾ ਚਿਰਾਂ ਤੱਕ ਰਹਿਣ ਵਾਲਾ ਅਣਚਾਹਿਆ ਮਾਹੌਲ ਬਣਾ ਦਿੱਤਾ ਹੈ।

ਸਾਡੀ ਪੀੜ੍ਹੀ ਦੇ ਲੋਕਾਂ ਨੇ ਬਹੁਤ ਸਾਰੇ ਉਤਾਰ-ਚੜ੍ਹਾਅ ਇਸ ਦੇਸ਼ ਵਿੱਚ ਵੇਖੇ ਹੋਏ ਹਨ, ਸਾਡੇ ਪੰਜਾਬ ਵਿੱਚ ਵੀ ਅਸੀਂ ਬਹੁਤ ਸਾਰੇ ਸਿਆਸੀ ਅਤੇ ਸਮਾਜੀ ਬਦਲਾਅ ਹੁੰਦੇ ਅਤੇ ਫਿਰ ਮੋੜਾ ਕੱਟਦੇ ਵੇਖ ਚੁੱਕੇ ਹਾਂ। ਉਨ੍ਹਾਂ ਸਾਰੇ ਹਾਲਾਤ ਵਿੱਚ ਇੱਕ ਗੱਲ ਕਹੀ ਤੇ ਸੁਣੀ ਜਾਂਦੀ ਸੀ ਕਿ ਇਸ ਦੇਸ਼ ਦੇ ਜਿਹੜੇ ਰਾਜ ਵਿੱਚ ਜਿਸ ਕਿਸੇ ਭਾਈਚਾਰੇ ਦੀ ਬਹੁ-ਗਿਣਤੀ ਹੈ, ਉਹ ਇਹ ਗੱਲ ਸੋਚੇ ਬਗੈਰ ਕਿ ਦੇਸ਼ ਵਿੱਚ ਕਿਹੜੀ ਧਿਰ ਦੀ ਬਹੁ-ਗਿਣਤੀ ਹੈ, ਆਪਣੇ ਦਬਦਬੇ ਵਾਲੇ ਖੇਤਰ ਵਿੱਚ ਕਿਸੇ ਦੀ ਪ੍ਰਵਾਹ ਨਹੀਂ ਕਰਦਾ। ਓਦੋਂ ਇਹ ਕਹਿਣ ਨੂੰ ਦੇਰ ਨਹੀਂ ਸੀ ਲੱਗਦੀ ਕਿ ਏਦਾਂ ਦੇ ਹਾਲਾਤ ਵਿੱਚ ਜਿਸ ਭਾਈਚਾਰੇ ਦੀ ਘੱਟ-ਗਿਣਤੀ ਹੈ, ਉਸ ਨੂੰ ਉਸ ਰਾਜ ਦੀ ਜਾਂ ਦੇਸ਼ ਵਿਚਲੀ ਬਹੁ-ਗਿਣਤੀ ਦੀ ਸਰਪ੍ਰਸਤੀ ਲੈਣ ਵਿੱਚ ਆਪਣਾ ਹਿੱਤ ਜਾਪਦਾ ਹੈ, ਕਿਉਂਕਿ ਇਹੋ ਜਿਹੀ ਸਰਪ੍ਰਸਤੀ ਨਾਲ ਉਹ ਹਮਲਿਆਂ ਤੋਂ ਬਚੇ ਰਹਿ ਸਕਦੇ ਹਨ। ਮਨੀਪੁਰ ਦੇ ਹਾਲਾਤ ਨੇ ਅਤੇ ਇਸ ਤੋਂ ਪਹਿਲਾਂ ਕਈ ਹੋਰ ਰਾਜਾਂ ਵਿੱਚ ਬਣੀ ਹਾਲਤ ਨੇ ਇਹ ਪ੍ਰਭਾਵ ਵੀ ਨਹੀਂ ਰਹਿਣ ਦਿੱਤਾ ਤੇ ਕਿਹਾ ਜਾਣ ਲੱਗ ਪਿਆ ਹੈ ਕਿ ਬਹੁ-ਗਿਣਤੀ ਦੀ ਸਰਪ੍ਰਸਤੀ ਵੀ ਇੱਕ ਸੀਮਤ ਹੱਦ ਤੱਕ ਹੀ ਬਚਾਉਂਦੀ ਹੈ, ਨਵਾਂ ਮੋੜ ਆਉਂਦੇ ਸਾਰ ਇਹ ਸਰਪ੍ਰਸਤੀ ਵੀ ਕਿਸੇ ਭਰੋਸੇ ਦੀ ਗਾਰੰਟੀ ਨਹੀਂ ਰਹਿੰਦੀ ਅਤੇ ਘੱਟ-ਗਿਣਤੀ ਕਿਸੇ ਵੇਲੇ ਵੀ ਮਾਰ ਖਾ ਸਕਦੀ ਹੈ। ਅਸਲ ਵਿੱਚ ਉਸ ਦੀ ਸਥਾਈ ਗਾਰੰਟੀ ਦੇ ਭਾਰਤ ਦੇ ਸੰਵਿਧਾਨ ਵਿਚਲੇ ਸਾਰੇ ਪ੍ਰਬੰਧ ਵੀ ਨਿਗੂਣੇ ਜਾਪਦੇ ਹਨ। ਜੇ ਕੋਈ ਗਾਰੰਟੀ ਕਿਸੇ ਨਾਗਰਿਕ ਨੂੰ ਸਹਿਕ-ਸਹਿਕ ਕੇ ਦਿਨ ਕੱਟਣ ਲਈ ਮਜਬੂਰ ਕਰਦੀ ਹੈ ਤਾਂ ਉਹ ਗਾਰੰਟੀ ਵੀ ਕੀ ਹੋਵੇਗੀ!

ਮਨੀਪੁਰ ਵਿੱਚ ਪਿਛਲੀ ਵਿਧਾਨ ਸਭਾ ਚੋਣ ਸਾਡੇ ਪੰਜਾਬ ਦੇ ਨਾਲ ਹੋਈ ਸੀ ਤੇ ਉਸ ਰਾਜ ਵਿੱਚ ਓਸੇ ਪਾਰਟੀ ਨੂੰ ਮੁਕੰਮਲ ਬਹੁ-ਗਿਣਤੀ ਮਿਲੀ ਸੀ, ਜਿਹੜੀ ਇਹ ਕਹਿੰਦੀ ਹੈ ਕਿ ਭਵਿੱਖ ਦੀ ਖੁਸ਼ਹਾਲੀ ਡਬਲ ਇੰਜਣ ਵਾਲੀ ਸਰਕਾਰ ਹੀ ਗਾਰੰਟੀ ਕਰ ਸਕਦੀ ਹੈ। ਉਸ ਰਾਜ ਦੀਆਂ ਸੱਠ ਸੀਟਾਂ ਵਿੱਚੋਂ ਦੋ-ਤਿਹਾਈ ਰਿਜ਼ਰਵੇਸ਼ਨ ਦੇ ਬਿਨਾਂ ਹਨ ਅਤੇ ਉਹ ਸੀਟਾਂ ਸਾਰੇ ਦੇਸ਼ ਵਿਚਲੀ ਦਬਦਬੇ ਦੀ ਰਿਵਾਇਤ ਵਾਂਗ ਏਥੇ ਵੀ ਦਬਦਬੇ ਵਾਲੇ ਭਾਈਚਾਰੇ ਦੇ ਲੋਕਾਂ ਨੂੰ ਮਿਲਦੀਆਂ ਹਨ, ਜਦ ਕਿ ਕਮਜ਼ੋਰ ਗਿਣੇ ਜਾਂਦੇ ਕਬੀਲਿਆਂ ਦੇ ਲੋਕਾਂ ਵਾਸਤੇ ਬਾਕੀ ਵੀਹ ਸੀਟਾਂ ਹਨ। ਜਿੱਦਾਂ ਲੋਕ ਸਭਾ ਵਿੱਚ ਦਲਿਤ ਭਾਈਚਾਰੇ ਲਈ ਰਿਜ਼ਰਵ ਸੀਟਾਂ ਉੱਤੇ ਉਸ ਵੱਡੀ ਸਿਆਸੀ ਧਿਰ ਦੇ ਵੱਧ ਲੋਕ ਚੁਣੇ ਜਾਂਦੇ ਹਨ, ਜਿਹੜੀ ਦਲਿਤਾਂ ਨਾਲ ਧਾਰਮਿਕ ਤੇ ਜਾਤੀ ਵਿਤਕਰੇ ਦੀ ਪੁਰਾਤਨ ਧਾਰਨਾ ਦਾ ਖਹਿੜਾ ਨਹੀਂ ਛੱਡ ਸਕਦੀ, ਓਸੇ ਤਰ੍ਹਾਂ ਰਾਜਾਂ ਵਿੱਚ ਪਛੜੇ ਹੋਏ ਕਬੀਲਿਆਂ ਦੇ ਲੋਕਾਂ ਲਈ ਰਿਜ਼ਰਵ ਸੀਟਾਂ ਵਿੱਚੋਂ ਵੀ ਬਹੁਤੀਆਂ ਭਾਰੂ ਧਿਰ ਜਿੱਤਦੀ ਹੈ। ਮਨੀਪੁਰ ਵਿੱਚ ਦਬਦਬੇ ਦੀ ਮਾਰ ਖਾਂਦੇ ਰਹਿਣ ਵਾਲੇ ਕਬੀਲਿਆਂ ਦੇ ਲੋਕਾਂ ਨੇ ਇਹ ਸੋਚ ਕੇ ਭਾਰਤ ਦੀ ਉਸ ਪਾਰਟੀ ਦੇ ਵੱਧ ਉਮੀਦਵਾਰ ਜਿਤਾਏ ਸਨ ਕਿ ਤਕੜੀ ਧਿਰ ਵਿੱਚ ਸਾਡੇ ਇਹ ਬੰਦੇ ਹੋਣਗੇ ਤਾਂ ਸਾਡੇ ਜਾਨ-ਮਾਲ ਦੀ ਗਾਰੰਟੀ ਰਹੇਗੀ। ਰਿਜ਼ਰਵ ਸੀਟਾਂ ਵਾਲੇ ਵੀਹ ਵਿਧਾਇਕਾਂ ਵਿੱਚੋਂ ਅੱਠ ਜਣੇ ਚੋਣਾਂ ਵਿੱਚ ਭਾਜਪਾ ਦੀ ਟਿਕਟ ਉੱਤੇ ਚੁਣੇ ਗਏ ਤੇ ਕੁਝ ਦੂਸਰੀਆਂ ਧਿਰਾਂ ਵੱਲੋਂ ਜਿੱਤਣ ਦੇ ਬਾਅਦ ਉਸ ਦੇ ਨਾਲ ਜਾ ਮਿਲੇ ਸਨ ਤੇ ਕਹਿੰਦੇ ਸਨ ਕਿ ਉਨ੍ਹਾਂ ਨੇ ਆਪਣੇ ਭਾਈਚਾਰੇ ਦੇ ਹਿੱਤਾਂ ਲਈ ਇਸ ਤਰ੍ਹਾਂ ਕੀਤਾ ਹੈ।

ਤਿੰਨ ਮਹੀਨੇ ਦੇ ਕਰੀਬ ਹੋ ਚੱਲੇ ਹਨ, ਉਸ ਰਾਜ ਵਿੱਚ ਇਨ੍ਹਾਂ ਗਰੀਬ ਗਿਣੇ ਜਾਂਦੇ ਕਬਾਈਲੀ ਲੋਕਾਂ ਨੂੰ ਮਾਰ ਪੈਣ ਦੀ ਚਰਚਾ ਸਿਰਫ ਇਸ ਦੇਸ਼ ਵਿੱਚ ਨਹੀਂ, ਸੰਸਾਰ ਭਰ ਵਿੱਚ ਹੋਈ ਜਾਂਦੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਜਦੋਂ ਫਰਾਂਸ ਦੌਰੇ ਲਈ ਉਸ ਦੇਸ਼ ਦੀ ਧਰਤੀ ਉੱਤੇ ਪੈਰ ਰੱਖਿਆ ਸੀ, ਜਹਾਜ਼ ਤੋਂ ਉੱਤਰਦੇ ਸਾਰ ਇਹ ਖਬਰ ਆ ਗਈ ਕਿ ਯੂਰਪ ਦੇ ਦੇਸ਼ਾਂ ਦੀ ਸਾਂਝੀ ਪਾਰਲੀਮੈਂਟ ਵਿੱਚ ਮਨੀਪੁਰ ਦੇ ਹਾਲਾਤ ਦੀ ਚਰਚਾ ਹੋਈ ਅਤੇ ਮਤਾ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਭਾਰਤ ਦੀ ਚੋਖੀ ਨੁਕਤਾਚੀਨੀ ਕੀਤੀ ਗਈ ਹੈ। ਭਾਰਤ ਦੀ ਸਦਾ ਵਾਂਗ ਇਹੋ ਰੱਟ ਸੀ ਕਿ ਇਹ ਅੰਦਰੂਨੀ ਮੁੱਦਾ ਹੈ ਅਤੇ ਇਸ ਬਾਰੇ ਕਿਸੇ ਬਾਹਰਲੇ ਨੂੰ ਚਰਚਾ ਕਰਨ ਦਾ ਹੱਕ ਨਹੀਂ। ਇਸ ਰਾਏ ਨਾਲ ਅਸੀਂ ਵੀ ਆਮ ਕਰ ਕੇ ਸਹਿਮਤੀ ਪ੍ਰਗਟ ਕਰ ਸਕਦੇ ਹਾਂ, ਪਰ ਭਾਰਤ ਦਾ ਪ੍ਰਧਾਨ ਮੰਤਰੀ ਜਦੋਂ ਅਮਰੀਕਾ ਦੀ ਚੱਲਦੀ ਚੋਣ ਦੌਰਾਨ ਓਥੇ ਇੱਕ ਮੈਗਾ ਸ਼ੋਅ ਕਰ ਕੇ ‘ਅਬ ਕੀ ਬਾਰ, ਟਰੰਪ ਸਰਕਾਰ’ ਦਾ ਨਾਅਰਾ ਦੇ ਆਇਆ ਸੀ ਤਾਂ ਓਦੋਂ ਦਾ ਮਿਹਣਾ ਸੁਣਨ ਲਈ ਸਾਨੂੰ ਸਭ ਨੂੰ ਤਿਆਰ ਰਹਿਣਾ ਪੈਂਦਾ ਹੈ। ਸਾਡਾ ਪ੍ਰਧਾਨ ਮੰਤਰੀ ਦੂਸਰੇ ਮੁਲਕਾਂ ਦੇ ਮਾਮਲਿਆਂ ਵਿੱਚ ਏਦਾਂ ਦਾ ਦਖਲ ਦੇਵੇਗਾ ਤਾਂ ਭਾਰਤ ਬਾਰੇ ਏਦਾਂ ਦੀ ਚਰਚਾ ਕਰਨ ਦਾ ਹੱਕ ਉਹ ਵੀ ਚਾਹੁਣਗੇ। ਮਨੀਪੁਰ ਦੀ ਚਰਚਾ ਵੀ ਦੁਨੀਆ ਵਿੱਚ ਥਾਂ-ਥਾਂ ਹੋ ਰਹੀ ਹੈ।

ਰੂਸ ਦੇ ਉਸ ਨੇਤਾ ਗੋਰਬਾਚੇਵ ਦਾ ਮੈਂ ਕਦੀ ਹਮਾਇਤੀ ਨਹੀਂ ਰਿਹਾ, ਜਿਹੜਾ ਬੇਗਾਨੇ ਹੱਥੀਂ ਖੇਡ ਕੇ ਆਪਣੇ ਦੇਸ਼ ਦੇ ਉਸ ਪ੍ਰਬੰਧ ਦੀਆਂ ਜੜ੍ਹਾਂ ਵੱਢਣ ਤੁਰ ਪਿਆ ਸੀ, ਜਿਸ ਪ੍ਰਬੰਧ ਨੇ ਉਸ ਨੂੰ ਸਿਖਰ ਤੱਕ ਪੁਚਾਇਆ ਸੀ, ਪਰ ਉਸ ਦੀ ਕਹੀ ਇੱਕ ਗੱਲ ਸਦਾ ਯਾਦ ਰਹਿਣੀ ਹੈ। ਉਹ ਕਹਿੰਦਾ ਹੁੰਦਾ ਸੀ ਕਿ ਜੇ ਬਾਹਰੀ ਲੋਕਾਂ ਤੋਂ ਆਪਣੇ ਘਰ ਦਾ ਗੰਦ ਲੁਕਾਈ ਰੱਖਣ ਲਈ ਗੰਦ ਨੂੰ ਦਰੀ ਹੇਠ ਢੱਕਦੇ ਜਾਵਾਂਗੇ ਤਾਂ ਇੱਕ ਦਿਨ ਉਸ ਦਰੀ ਹੇਠਾਂ ਏਨਾ ਗੰਦ ਹੋ ਜਾਵੇਗਾ ਕਿ ਬਦਬੂ ਵਧਣ ਨਾਲ ਲੋਕਾਂ ਤੱਕ ਇਹ ਗੱਲ ਆਪਣੇ ਆਪ ਚਲੀ ਜਾਵੇਗੀਅਸਲੀ ਕੰਮ ਗੰਦ ਨੂੰ ਢਕਣ ਦੀ ਕੋਸ਼ਿਸ਼ ਦਾ ਨਹੀਂ, ਘਰ ਵਿੱਚ ਸਫਾਈ ਰੱਖਣ ਤੇ ਗੰਦ ਨਾ ਪੈਣ ਦੇਣ ਦਾ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਵੀ ਇਸ ਵਕਤ ਇੱਕ ਜਾਂ ਦੂਸਰੀ ਕਿਸਮ ਦੀ ਫਿਰਕਾਪ੍ਰਸਤੀ, ਇੱਕ ਜਾਂ ਦੂਸਰੀ ਕਿਸਮ ਦਾ ਜਾਤੀਵਾਦ, ਇੱਕ ਜਾਂ ਦੂਸਰੇ ਭਾਰੂ ਭਾਈਚਾਰੇ ਦੀ ਦੂਸਰਿਆਂ ਨੂੰ ਕੁਟਾਪਾ ਚਾੜ੍ਹਨ ਦੀ ਇੱਛਾ ਬੇਲਗਾਮ ਹੁੰਦੇ ਜਾਣ ਦੀ ਪ੍ਰਵਿਰਤੀ ਵਧੀ ਜਾਂਦੀ ਹੈ। ਉਹ ਸਮਾਂ ਨਹੀਂ ਰਿਹਾ ਕਿ ਜਿਸ ਰਾਜ ਵਿੱਚ ਜਿਸ ਭਾਈਚਾਰੇ ਦੀ ਬਹੁ-ਗਿਣਤੀ ਹੈ, ਉਸ ਥਾਂ ਦਬਦਬਾ ਵੀ ਓਸੇ ਦਾ ਹੋਵੇਗਾ, ਨਵੀਂ ਹਾਲਤ ਇਸ ਤਰ੍ਹਾਂ ਦੀ ਬਣ ਰਹੀ ਹੈ ਕਿ ਰਾਜਾਂ ਵਿੱਚ ਕਿਸੇ ਧਿਰ ਦੀ ਘੱਟ ਜਾਂ ਵੱਧ ਗਿਣਤੀ ਨਹੀਂ, ਦੇਸ਼ ਪੱਧਰ ਉੱਤੇ ਜਿਨ੍ਹਾਂ ਦੀ ਬਹੁ-ਗਿਣਤੀ ਹੈ ਤੇ ਉਹ ਇਸ ਨੂੰ ਆਪਣੇ ਦਬਦਬੇ ਦਾ ਹਥਿਆਰ ਮੰਨਦੇ ਹਨ ਤੇ ਹੱਕ ਵੀ ਮੰਨਦੇ ਹਨ, ਰਾਜਾਂ ਦੀ ਬਹੁ-ਗਿਣਤੀ ਦੇ ਸਿਰ ਗਿਣੇ ਬਿਨਾਂ ਓਥੇ ਵੀ ਦਬਦਬਾ ਇੱਕ ਤਰ੍ਹਾਂ ਓਸੇ ਧਿਰ ਹੋ ਜਾਂਦਾ ਹੈ ਅਤੇ ਬਾਕੀ ਧਿਰਾਂ ਉਸ ਦਬਦਬੇ ਅੱਗੇ ਜਾਂ ਝੁਕੀ ਜਾਂਦੀਆਂ ਹਨ ਜਾਂ ਫਿਰ ਉਨ੍ਹਾਂ ਨੂੰ ਹਾਲਾਤ ਦਾ ਮਾੜਾ-ਚੰਗਾ ਭੁਗਤਣ ਨੂੰ ਤਿਆਰ ਹੋਣਾ ਪੈ ਸਕਦਾ ਹੈ। ਮਨੀਪੁਰ ਵਿੱਚ ਇਹ ਪ੍ਰਭਾਵ ਬਾਅਦ ਵਿੱਚ ਮਿਲਿਆ ਹੈ, ਕਈ ਹੋਰ ਰਾਜਾਂ ਵਿੱਚ ਏਦਾਂ ਦੀ ਸਥਿਤੀ ਇਸ ਤੋਂ ਪਹਿਲੀ ਵੀ ਬਣਦੀ ਵੇਖੀ ਗਈ ਹੈ।

ਮੈਨੂੰ ਚਾਲੀ-ਪੰਜਾਹ ਸਾਲ ਪਹਿਲਾਂ ਦਿੱਲੀ ਦੀਆਂ ਸੜਕਾਂ ਉੱਤੇ ਲਿਖੇ ਹੋਏ ਇਹ ਨਾਅਰੇ ਪੜ੍ਹ ਕੇ ਹੈਰਾਨੀ ਹੁੰਦੀ ਸੀ ਕਿ ‘ਭਾਰਤ ਮੇਂ ਯਦੀ ਰਹਿਨਾ ਹੋਗਾ, ਵੰਦੇ-ਮਾਤਰਮ ਕਹਿਨਾ ਹੋਗਾ’। ਓਦੋਂ ਬਹੁਤੀ ਸੂਝ ਤਾਂ ਨਹੀਂ ਸੀ, ਪਰ ਇਹ ਸੋਚਣਾ ਪੈਂਦਾ ਸੀ ਕਿ ਇਸ ਬਹਾਨੇ ਕਿਸੇ ਨੂੰ ਗੁੱਝਾ ਦਬਕਾ ਮਾਰਿਆ ਗਿਆ ਹੈਬਾਅਦ ਦੇ ਸਾਲਾਂ ਵਿੱਚ ਦਬਕਿਆਂ ਦੀ ਇਹ ਲੜੀ ਤੇਜ਼ ਹੁੰਦੀ ਗਈ ਤੇ ਹੌਲੀ-ਹੌਲੀ ਅੱਜ ਉਸ ਮੋੜ ਉੱਤੇ ਆਣ ਪੁੱਜੀ ਹੈ, ਜਿੱਥੇ ਲੋਕਤੰਤਰ ਦਾ ‘ਚੰਦਰ-ਯਾਨ’ ਤਾਂ ਪੁਲਾੜ ਵਿੱਚ ਚੰਦਰਮਾ ਵੱਲ ਵਧਦਾ ਦਿਸਦਾ ਹੈ, ਪਰ ਚੰਦਰ-ਯਾਨ ਵਾਲਾ ਦੇਸ਼ ਦਿਨੋ-ਦਿਨੋ ਬੈਕ-ਗੇਅਰ ਵਿੱਚ ਪਈ ਗੱਡੀ ਵਾਂਗ ਉਲਟ ਪਾਸੇ ਰਿੜ੍ਹਦਾ ਜਾਂਦਾ ਮਹਿਸੂਸ ਹੁੰਦਾ ਹੈ। ਜਿਨ੍ਹਾਂ ਲੋਕਾਂ ਨੇ ਇਸ ਦੇਸ਼ ਲਈ ਸਿਰ ਵਾਰੇ ਸਨ ਤੇ ਇਸ ਦੀ ਆਜ਼ਾਦੀ ਦਾ ਸੁਫਨਾ ਸਿਰੇ ਚੜ੍ਹਾਉਣ ਵਾਸਤੇ ਕੁਰਬਾਨ ਹੋ ਗਏ ਸਨ, ਅੱਜ ਵਾਲੇ ਹਾਲਾਤ ਬਾਰੇ ਉਨ੍ਹਾਂ ਵਿੱਚੋਂ ਕਿਸੇ ਨੇ ਕਦੀ ਨਹੀਂ ਸੋਚਿਆ ਹੋਣਾ। ਉਹ ਤਾਂ ਫਾਂਸੀ ਦੇ ਰੱਸੇ ਚੁੰਮਣ ਵੇਲੇ ਵੀ ਸਾਨੂੰ ‘ਦੇਸ਼ ਵਾਸੀਓ ਚਮਕਣਾ ਚੰਦ ਵਾਂਗੂੰ’ ਦੀ ਲੋਰੀ ਸੁਣਾ ਗਏ ਸਨ, ਅਸੀਂ ਉਸ ਲੋਰੀ ਨਾਲ ਦੇਸ਼ ਨੂੰ ਸੰਭਾਲਣ ਜੋਗੇ ਹੋਣ ਦਾ ਫਰਜ਼ ਨਿਭਾਉਣ ਦੀ ਥਾਂ ਜੋ ਵਾਪਰਦਾ ਹੈ, ਉਸ ਨੂੰ ਵੇਖਣ ਵਾਲੇ ਤਮਾਸ਼ਾਈ ਬਣਦੇ ਜਾਂਦੇ ਹਾਂ। ਸਮਾਜ ਤੇ ਸਿਆਸਤ ਦਾ ਇਹ ਵਹਿਣ ਦੇਸ਼ ਨੂੰ ਆਖਰ ਪੁਚਾਵੇਗਾ ਕਿੱਥੇ!
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4106)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author