JatinderPannu7ਇਸ ਵੇਲੇ ਪੰਜਾਬ ਤੇ ਇਸਦੇ ਨਾਲ ਹੀ ਚਾਰ ਹੋਰਨਾਂ ਰਾਜਾਂ ਦੇ ਲੋਕਾਂ ਨੂੰ ਠੱਗਣ ਵਾਲੀਆਂ ਧਾੜਾਂ ...
(23 ਜਨਵਰੀ 2022)

 

ਅਸੀਂ ਬਹੁਤ ਸਾਰੇ ਦੱਬੇ ਮੁਰਦਿਆਂ ਨੂੰ ਉਖਾੜ ਕੇ ਲੋਕ-ਸੱਥ ਸਾਹਮਣੇ ਰੱਖ ਸਕਦੇ ਹਾਂ, ਅਤੇ ਰੱਖਣਾ ਵੀ ਚਾਹੁੰਦੇ ਹਾਂ, ਪਰ ਉਸ ਦਾ ਕੋਈ ਫਾਇਦਾ ਨਹੀਂ ਹੋਣਾ ਜਿਹੜੀ ਲੀਹ ਵਿੱਚ ਵਕਤ ਆਪਣੀ ਰਵਾਨੀ ਸੁਖਾਲੀ ਵੇਖੇਗਾ, ਉਸ ਨੇ ਉਸ ਪਾਸੇ ਹੀ ਵਹਿੰਦੇ ਰਹਿਣਾ ਹੈਇਹ ਵਹਿਮ ਕਈ ਲੋਕਾਂ ਨੂੰ ਹੁੰਦਾ ਹੈ ਕਿ ਉਹ ਵਕਤ ਦੀ ਦਿਸ਼ਾ ਬਦਲ ਦੇਣਗੇ, ਇਸ ਲਈ ਉਹ ਤਾਣ ਵੀ ਪੂਰੀ ਇਮਾਨਦਾਰੀ ਨਾਲ ਲਾਉਂਦੇ ਹਨ, ਪਰ ਸਮਾਂ ਜਦੋਂ ਲੀਹ ਤੋਂ ਲਾਹੁਣ ਵਾਲਾ ਕੰਮ ਕਰਦਾ ਹੈ, ਅਕਲ ਦੇ ਭੰਡਾਰ ਮੰਨੇ ਜਾਣ ਵਾਲਿਆਂ ਨੂੰ ਵੀ ਸਮਝ ਨਹੀਂ ਲਗਦੀਪੰਜਾਬ ਇਸਦੀਆਂ ਝਲਕਾਂ ਕਈ ਵਾਰੀ ਵੇਖ ਚੁੱਕਾ ਹੈਦਸਵੇਂ ਗੁਰੂ ਸਾਹਿਬ ਵੱਲੋਂ ਸਰਬੰਸ ਵਾਰਨ ਦੇ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਏ ਤੇ ਉਨ੍ਹਾਂ ਦੀ ਕਮਾਨ ਹੇਠ ਪਹਿਲੀ ਵਾਰੀ ਜਗੀਰਾਂ ਤੋੜ ਕੇ ਮੁਜ਼ਾਰਿਆਂ ਨੂੰ ਵੰਡੀਆਂ ਗਈਆਂ, ਉਹ ਬਹੁਤ ਵੱਡਾ ਇਤਿਹਾਸਕ ਮੋੜਾ ਸੀ ਪਰ ਇਸਦਾ ਮੁਹਾਣ ਮੋੜਨ ਲਈ ਵਕਤ ਨੇ ਸਦੀਆਂ ਨਹੀਂ ਸਨ ਉਡੀਕੀਆਂ, ਦਹਾਕਿਆਂ ਵਿੱਚ ਕੀ ਦਾ ਕੀ ਕਰ ਦਿੱਤਾ ਸੀਬਾਰਾਂ ਮਿਸਲਾਂ ਮਸਾਂ ਚਾਰ ਦਹਾਕਿਆਂ ਅੰਦਰ ਹੀ ਬਣ ਗਈਆਂ ਸਨ ਤੇ ਫਿਰ ਅਸਲੀ ਮੁੱਦਾ ਭੁਲਾ ਕੇ ਇਲਾਕਿਆਂ ਉੱਤੇ ਕਬਜ਼ਾ ਕਰਨ ਦੇ ਲਈ ਮਿਸਲਾਂ ਆਪੋ ਵਿੱਚ ਲੜਨ ਅਤੇ ਗੁਰੂ ਦੇ ਸਿੱਖਾਂ ਨੂੰ ਇੱਕ ਦੂਸਰੇ ਤੋਂ ਮਰਵਾਉਣ ਲੱਗ ਪਈਆਂ ਸਨਸਿੱਖ ਪੰਥ ਅੱਜ ਤਕ ਉਨ੍ਹਾਂ ਸਾਰੀਆਂ ਮਿਸਲਾਂ ਵਾਲੇ ਸਰਦਾਰਾਂ ਦਾ ਸਤਿਕਾਰ ਕਰਦਾ ਹੈ, ਕੁੱਟੇ ਜਾਣ ਵਾਲਿਆਂ ਦਾ ਵੀ ਅਤੇ ਕੁੱਟ ਖਾ ਕੇ ਹਾਰ ਮੰਨ ਲੈਣ ਪਿੱਛੋਂ ਉਸੇ ਤਰ੍ਹਾਂ ਦੀਆਂ ਜਗੀਰਾਂ ਲੈ ਕੇ ਤਸੱਲੀ ਕਰ ਲੈਣ ਵਾਲਿਆਂ ਦਾ ਵੀ, ਜਿੱਦਾਂ ਦੀਆਂ ਜਗੀਰਾਂ ਬਾਬਾ ਬੰਦਾ ਸਿੰਘ ਤੋੜ ਕੇ ਗਿਆ ਸੀਜਿਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਦੇ ਰਾਜ ਵਿੱਚ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਜਾਂਦੇ ਜਥਿਆਂ ਨੂੰ ਮਾਰਨ ਲਈ ਰਾਹਾਂ ਵਿਚਲੇ ਖੂਹਾਂ ਵਿੱਚ ਜ਼ਹਿਰ ਪਾ ਦਿੱਤਾ ਸੀ, ਉਹ ਬਾਅਦ ਵਿੱਚ ਵੋਟਾਂ ਨਾਲ ਚੁਣ ਕੇ ਗੁਰਦੁਆਰਿਆਂ ਦੇ ਪ੍ਰਬੰਧ ਵਾਲੀਆਂ ਕਮੇਟੀਆਂ ਦੇ ਮੈਂਬਰ ਤੇ ਅਹੁਦੇਦਾਰ ਬਣਦੇ ਰਹੇ ਸਨਉਹੋ ਕੁਝ ਇਸ ਵੇਲੇ ਵਰਤਦਾ ਵੇਖ ਕੇ ਕੁਝ ਲੋਕ ਜਾਣਦੇ ਹੋਏ ਵੀ ਚੁੱਪ ਹਨ, ਕਿਉਂਕਿ ‘ਇੱਕ ਚੁੱਪ, ਸੌ ਸੁਖ’ ਦਾ ਫਾਰਮੂਲਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ

ਇਸ ਪੰਜਾਬ ਵਿੱਚ ਕਦੀ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦਾ ਬੋਲਬਾਲਾ ਹੋਇਆ ਕਰਦਾ ਸੀ ਵਕਤ ਦੇ ਨਾਲ ਉਸ ਦੀ ਸੋਚ ਦੇ ਵਿਰੋਧੀਆਂ ਦੀ ਚੜ੍ਹਤ ਹੋਣ ਲੱਗੀ ਤਾਂ ਉਹ ਆਪਣੀ ਮਰਜ਼ੀ ਮੁਤਾਬਕ ਭਗਤ ਸਿੰਘ ਤੇ ਹੋਰਨਾਂ ਦੇਸ਼ ਭਗਤਾਂ ਦਾ ਇਤਿਹਾਸ ਲਿਖਣ ਅਤੇ ਠੋਸਣ ਲੱਗ ਪਏਵਕਤ ਉਨ੍ਹਾਂ ਦੇ ਅੱਗੇ ਨਾਕਾ ਨਹੀਂ ਲਾ ਸਕਿਆ। ਜੱਲ੍ਹਿਆਂਵਾਲਾ ਬਾਗ ਵਿੱਚ ਅੰਗਰੇਜ਼ੀ ਰਾਜ ਦਾ ਤਸ਼ੱਦਦ ਝੱਲਣ ਵਾਲੇ ਹੋਰ ਲੋਕ ਸਨ, ਉਨ੍ਹਾਂ ਦੇ ਨਾਂਅ ਉੱਤੇ ਰਾਜਨੀਤੀ ਕਰਨ ਵਾਲੇ ਹੋਰ ਅਤੇ ਸਮੇਂ ਦੇ ਨਾਲ ਇੱਕ ਦਿਨ ਉਹ ਲੋਕ ਜੱਲ੍ਹਿਆਂਵਾਲੇ ਬਾਗ ਦੇ ਕਾਰ-ਮੁਖਤਾਰ ਬਣ ਗਏ, ਜਿਹੜੇ ਆਜ਼ਾਦੀ ਦੀ ਲਹਿਰ ਵੇਲੇ ਅੰਗਰੇਜ਼ਾਂ ਦੀ ਵਫਾਦਾਰੀ ਕਰਨ ਵਾਲਿਆਂ ਦੀ ਵਿਰਾਸਤ ਨਾਲ ਜੁੜੇ ਹੋਏ ਸਨਵਕਤ ਉਨ੍ਹਾਂ ਨੂੰ ਇਹੋ ਜਿਹੀ ਧੱਕੜਸ਼ਾਹੀ ਕਰਦਿਆਂ ਨੂੰ ਰੋਕ ਨਹੀਂ ਸੀ ਸਕਿਆਇੱਕ ਮੌਕਾ ਇਹੋ ਜਿਹਾ ਆਇਆ, ਜਦੋਂ ਆਜ਼ਾਦੀ ਸੰਘਰਸ਼ ਵਿੱਚ ਕੂਕਾ ਲਹਿਰ ਦੇ ਯੋਗਦਾਨ ਦਾ ਬਣਦਾ ਸਥਾਨ ਮੰਨਵਾਉਣ ਲਈ ਦੇਸ਼ਭਗਤ ਯਾਦਗਾਰ ਵਾਲਿਆਂ ਨੇ ਦੇਸ਼ ਦੇ ਉਪ ਪ੍ਰਧਾਨ ਮੰਤਰੀ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦਾ ਫੈਸਲਾ ਕੀਤਾ ਤਾਂ ਪੁਲਿਸ ਨੇ ਕੁਟਾਪਾ ਚਾੜ੍ਹ ਦਿੱਤਾ ਅਤੇ ਜਿਨ੍ਹਾਂ ਕੋਲ ਉਸ ਮਹਾਨ ਲਹਿਰ ਦੀ ਵਿਰਾਸਤ ਦਾ ਸਰਟੀਫਿਕੇਟ ਸੀ, ਉਹ ਉਸੇ ਦਿਨ ਉਸੇ ਉਪ ਪ੍ਰਧਾਨ ਮੰਤਰੀ ਦੇ ਗਲ਼ ਹਾਰ ਪਾ-ਪਾ ਕੇ ਫੋਟੋ ਖਿਚਾਉਂਦੇ ਫਿਰਦੇ ਸਨਉਨ੍ਹਾਂ ਨੂੰ ਵੀ ਇੱਦਾਂ ਕਰਨ ਤੋਂ ਵਕਤ ਨੇ ਨਹੀਂ ਰੋਕਿਆਵਕਤ ਜਦੋਂ ਆਪਣੇ ਵਹਿਣ ਦੇ ਮੁਤਾਬਕ ਹਾਲਾਤ ਨੂੰ ਵਹਿੰਦੇ ਵੇਖਦਾ ਹੈ ਤਾਂ ਉਸ ਨੇ ਯੁੱਗਾਂ ਤੋਂ ਲੈ ਕੇ ਕਦੀ ਨਹੀਂ ਸੀ ਰੋਕਿਆ ਅਤੇ ਅੱਗੋਂ ਵੀ ਕਦੀ ਨਹੀਂ ਰੋਕਣਾ

ਅਸੀਂ ਲੋਕਾਂ ਨੇ ਬਚਪਨ ਵਿੱਚ ਕਾਂਗਰਸ ਪਾਰਟੀ ਦੇ ਵਿਰੋਧ ਦੀ ਤਾਨ ਸੁਣੀ ਅਤੇ ਵੱਡੇ ਆਗੂਆਂ ਦੇ ਪਿੱਛੇ ਕਾਂਗਰਸ ਵਿਰੋਧੀ ਨਾਅਰੇ ਲਾਏ ਸਨਜਦੋਂ ਫਿਰ ਪੰਜਾਬ ਦੀ ਪਹਿਲੀ ਗੈਰ ਕਾਂਗਰਸੀ ਸਰਕਾਰ ਬਣੀ, ਅਸੀਂ ਆਪਣੀ ਬਾਲ-ਉਮਰ ਵਿੱਚ ਚਾਅ ਨਾਲ ਖੀਵੇ ਹੋਏ ਪਏ ਸਾਂ ਅਤੇ ਜੋਗਾ ਸਿੰਘ ਜੋਗੀ ਦੇ ਇਹ ਬੋਲ ਪੰਜਾਬ ਦੀਆਂ ਸਟੇਜਾਂ ਉੱਪਰ ਗੂੰਜਿਆ ਕਰਦੇ ਸਨ; ‘ਏਕੇ ਦੀਆਂ ਲਗਰਾਂ ਫੁੱਟੀਆਂ ਨੇ, ਗਾਂਧੀ ਦੀ ਬੱਕਰੀ ਖਾਵੇ ਨਾ।’ ਮਸਾਂ ਅੱਠ ਮਹੀਨੇ ਲੰਘੇ ਕਿ ਉਸੇ ਗੈਰ-ਕਾਂਗਰਸੀ ਟੀਮ ਦੇ ਕੁਝ ਆਗੂ ਵਕਤ ਦੀ ਮਾਰ ਹੇਠ ਫਿਰ ਉਸੇ ਕਾਂਗਰਸ ਨਾਲ ਜਾ ਜੁੜੇ ਸਨਜਿਹੜੇ ਬੇਅੰਤ ਸਿੰਘ ਨੇ ਅਕਾਲੀ ਦਲ ਵੱਲੋਂ ਚੋਣ ਲੜ ਕੇ ਹਾਰੀ ਤੇ ਫਿਰ ਆਜ਼ਾਦ ਚੋਣ ਲੜ ਕੇ ਅਕਾਲੀ-ਕਾਂਗਰਸੀ ਦੋਵਾਂ ਨੂੰ ਹਰਾਇਆ ਸੀ, ਉਹ ਵੀ ਸਮਾਂ ਪਾ ਕੇ ਪੰਜਾਬ ਦੀ ਕਾਂਗਰਸ ਦਾ ਪ੍ਰਧਾਨ ਬਣ ਗਿਆ ਤੇ ਫਿਰ ਪੰਜਾਬ ਦਾ ਮੁੱਖ ਮੰਤਰੀ ਵੀ ਬਣ ਗਿਆਇਹੋ ਕਿੱਸਾ ਅੱਜ ਵਾਲੇ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਹੈ, ਜਿਸ ਨੇ ਪਹਿਲੀ ਚੋਣ ਆਜ਼ਾਦ ਲੜੀ, ਕਾਂਗਰਸੀ ਤੇ ਅਕਾਲੀ ਦੋਵਾਂ ਨੂੰ ਹਰਾਇਆ ਅਤੇ ਅਗਲੀਆਂ ਦੋ ਚੋਣਾਂ ਕਾਂਗਰਸ ਵੱਲੋਂ ਜਿੱਤਣ ਪਿੱਛੋਂ ਉਸੇ ਕਾਂਗਰਸ ਦੀ ਰਾਜ ਸਰਕਾਰ ਦਾ ਮੁੱਖ ਮੰਤਰੀ ਬਣ ਗਿਆ ਹੈਪਹਿਲਾਂ ਪ੍ਰਤਾਪ ਸਿੰਘ ਕੈਰੋਂ ਨੇ ਇੱਦਾਂ ਅਕਾਲੀ ਉਮੀਦਵਾਰ ਵਜੋਂ 1937 ਵਿੱਚ ਦੇਸ਼ਭਗਤ ਬਾਬਾ ਗੁਰਦਿੱਤ ਸਿੰਘ ਕਾਮਾ ਗਾਟਾਮਾਰੂ ਨੂੰ ਝੂਠੇ ਪ੍ਰਚਾਰ ਨਾਲ ਹਰਾਇਆ ਸੀ ਤੇ ਫਿਰ ਕਾਂਗਰਸ ਵੱਲੋਂ ਮੁੱਖ ਮੰਤਰੀ ਬਣ ਕੇ ਅਕਾਲੀਆਂ ਦੀ ਅੱਖ ਦਾ ਕੁੱਕਰਾ ਜਾ ਬਣਿਆ ਸੀ, ਪਰ ਉਸ ਦੇ ਅੱਖਾਂ ਮੀਟਣ ਪਿੱਛੋਂ ਪਤਨੀ ਵੀ ਅਤੇ ਪੁੱਤਰ ਵੀ ਫਿਰ ਅਕਾਲੀ ਦਲ ਵੱਲੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਦੇ ਫਿਰਦੇ ਸਨ

ਸ਼ਹੀਦ ਭਗਤ ਸਿੰਘ ਦੇ ਸਾਥੀ ਸੋਹਣ ਸਿੰਘ ਜੋਸ਼ ਨੂੰ ਅਕਾਲੀ ਆਗੂ ਈਸ਼ਰ ਸਿੰਘ ਮਝੈਲ ਨੇ ਇੱਕ ਝੂਠੀ ਤੋਹਮਤ ਲਾ ਕੇ ਹਰਾ ਦਿੱਤਾ ਸੀ ਅਤੇ ਲੋਕਾਂ ਨੂੰ ਇਸ ਖੇਡ ਦੀ ਸਮਝ ਨਹੀਂ ਸੀ ਪੈ ਸਕੀਗਦਰ ਪਾਰਟੀ ਬਣਾਉਣ ਅਤੇ ਸਾਰੀ ਉਮਰ ਲੋਕਾਂ ਲਈ ਸੰਘਰਸ਼ ਕਰਨ ’ਤੇ ਜੇਲ੍ਹਾਂ ਵਿੱਚ ਸਾਲਾਂ ਬੱਧੀ ਸਖਤੀਆਂ ਝੱਲਣ ਵਾਲੇ ਬਾਬਾ ਸੋਹਣ ਸਿੰਘ ਭਕਨਾ ਨੂੰ ਵਿਧਾਨ ਸਭਾ ਵਿੱਚ ਵੜਨ ਤੋਂ ਰੋਕਣ ਲਈ ਕਾਂਗਰਸ ਦੇ ਆਗੂਆਂ ਨੇ ਉਸ ਦੇ ਮੁਕਾਬਲੇ ਝਬਾਲ ਦੀ ਸੀਟ ਤੋਂ ਗੁਰਦਿਆਲ ਸਿੰਘ ਢਿੱਲੋਂ ਨੂੰ ਖੜ੍ਹਾ ਕੀਤਾ ਤੇ ਮਹਾਨ ਦੇਸ਼ਭਗਤ ਬਾਬੇ ਦੇ ਰਾਹ ਵਿੱਚ ਕੰਡੇ ਵਿਛਾਉਣ ਲਈ ਰਾਤ-ਦਿਨ ਇੱਕ ਕਰ ਰੱਖਿਆ ਸੀਬਾਬਾ ਗੁਰਦਿੱਤ ਸਿੰਘ ਕਾਮਾ ਗਾਟਾਮਾਰੂ, ਬਾਬਾ ਸੋਹਣ ਸਿੰਘ ਭਕਨਾ ਅਤੇ ਸੋਹਣ ਸਿੰਘ ਜੋਸ਼ ਨੂੰ ਦੇਸ਼ਭਗਤੀ ਦਾ ਸਰਟੀਫਿਕੇਟ ਚੁੱਕੀ ਫਿਰਦੇ ਕਾਂਗਰਸੀਆਂ ਨੇ ਇਸ ਲਈ ਹਰਾਇਆ ਸੀ ਕਿ ਉਨ੍ਹਾਂ ਅਸਲੀ ਦੇਸ਼ਭਗਤਾਂ ਦੇ ਸਾਹਮਣੇ ਇਨ੍ਹਾਂ ਨੂੰ ਆਪਣਾ ਕੱਦ ਬੌਣਾ ਲਗਦਾ ਸੀਪੰਜਾਬ ਦੇ ਲੋਕਾਂ ਨੂੰ ਉਦੋਂ ਇਸ ਖੇਡ ਦੀ ਸਮਝ ਨਹੀਂ ਸੀ ਪੈ ਸਕੀ ਤੇ ਉਹ ਭੁਚਲਾਏ ਗਏ ਸਨਵਕਤ ਨੇ ਇੱਦਾਂ ਦੇ ਕਈ ਦ੍ਰਿਸ਼ ਵੀ ਵਿਖਾਏ ਹੋਏ ਹਨ

ਇਸ ਵੇਲੇ ਪੰਜਾਬ ਵਿੱਚ ਵਿਧਾਨ ਸਭਾ ਚੋਣ ਦਾ ਦੌਰ ਫਿਰ ਚੱਲ ਪਿਆ ਹੈਅਸੀਂ ਮੇਲਿਆਂ ਵਿੱਚ ਹੀਰ ਦੀ ਕਿਤਾਬ ਵੇਚਣ ਲਈ ਬੋਰੀਆਂ ਵਿਛਾਈ ਬੈਠੇ ਦੁਕਾਨਦਾਰਾਂ ਤੋਂ ਸੁਣਦੇ ਹੁੰਦੇ ਸਾਂ ਕਿ ‘ਵਾਰਸ ਸ਼ਾਹ ਦੀ ਅਸਲੀ ਹੀਰ’ ਸਿਰਫ ਇਹੋ ਹੈ, ਜਿਹੜੀ ਮੈਂ ਵੇਚਦਾ ਪਿਆ ਹਾਂਅੱਜਕੱਲ੍ਹ ਚੋਣਾਂ ਦੇ ਦੌਰ ਵਿੱਚ ਫਿਰ ਹਰ ਪਾਰਟੀ ਦਾ ਹਰ ਲੀਡਰ ਇਹੋ ਕਹੀ ਜਾ ਰਿਹਾ ਹੈ ਕਿ ਪੰਜਾਬ ਦੀ ਭਲਾਈ ਦਾ ਤਿੱਬੀ-ਯੂਨਾਨੀ ਅਤੇ ਹਕੀਮ ਲੁਕਮਾਨੀ ਨੁਸਖਾ ਸਿਰਫ ਉਨ੍ਹਾਂ ਕੋਲ ਹੈ ਤੇ ਪੰਜਾਬ ਦੇ ਲੋਕ ਇੰਨੀ ਭੀੜ ਵਿੱਚੋਂ ਆਪਣੀ ਮਰਜ਼ ਦਾ ਇਲਾਜ ਕਰਨ ਵਾਲਾ ਹਕੀਮ ਲੱਭਣ ਵਿੱਚ ਔਖ ਮਹਿਸੂਸ ਕਰਦੇ ਹਨਅਗਲੇ ਦਿਨਾਂ ਵਿੱਚ ਇਹੋ ਜਿਹੇ ਦਾਅਵੇ ਕਰਨ ਵਾਲੇ ਲੀਡਰਾਂ ਦੀ ਸੁਰ ਵੀ ਹੋਰ ਉੱਚੀ ਹੋ ਜਾਣੀ ਹੈ, ਨੌਟੰਕੀ ਵੀ ਦਿਨੋ-ਦਿਨ ਵਧਣੀ ਹੈ ਤੇ ਆਮ ਲੋਕਾਂ ਦਾ ਭੰਬਲਭੂਸਾ ਵੀ ਦਿਨੋ ਦਿਨ ਵਧਣਾ ਹੈਬਚਪਨ ਵਿੱਚ ਅਸੀਂ ਸਾਰਿਆਂ ਨੇ ਉਸ ਬੱਚੇ ਦੀ ਕਹਾਣੀ ਸੁਣੀ ਅਤੇ ਪੜ੍ਹੀ ਹੋਈ ਹੈ, ਜਿਹੜਾ ਭੇਡ ਦਾ ਮੇਮਣਾ ਲਈ ਜਾਂਦਾ ਸੀ ਅਤੇ ਚਾਰ ਬਦਮਾਸ਼ਾਂ ਵਾਰੀ ਵਾਰੀ ਇਹ ਕਹਿ ਕੇ ਉਸ ਨੂੰ ਬੇਵਕੂਫ ਬਣਾ ਲਿਆ ਸੀ ਕਿ ਇਹ ਮੇਮਣਾ ਨਹੀਂ, ਕਤੂਰਾ ਹੈਵਿਚਾਰਾ ਬੱਚਾ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਕਤੂਰਾ ਮੰਨ ਕੇ ਮੇਮਣਾ ਉਨ੍ਹਾਂ ਅੱਗੇ ਸੁੱਟ ਬੈਠਾ ਅਤੇ ਖਾਲੀ ਹੱਥ ਘਰ ਜਾ ਵੜਿਆ ਸੀ

ਇਸ ਵੇਲੇ ਪੰਜਾਬ ਤੇ ਇਸਦੇ ਨਾਲ ਹੀ ਚਾਰ ਹੋਰਨਾਂ ਰਾਜਾਂ ਦੇ ਲੋਕਾਂ ਨੂੰ ਠੱਗਣ ਵਾਲੀਆਂ ਧਾੜਾਂ ਇੱਕ ਵਾਰ ਫਿਰ ਮੈਦਾਨ ਵਿੱਚ ਨਿਕਲ ਤੁਰੀਆਂ ਹਨ ਤੇ ਉਨ੍ਹਾਂ ਕੋਲ ਆਮ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਠੱਗਣ ਲਈ ਹਰ ਹੱਥਕੰਡਾ ਹੈਸਮਝਣ ਦੀ ਲੋੜ ਹੈ, ਪਰ ਪੰਜਾਬ ਦੇ ਲੋਕਾਂ ਨੂੰ ਇੱਦਾਂ ਦੀਆਂ ਮੋਮੋਠਗਣੀਆਂ ਧਾੜਾਂ ਵਿੱਚੋਂ ਆਪਣਾ ਦੁਸ਼ਮਣ ਪਛਾਨਣ ਦੀ ਜਿਹੜੀ ਸੂਝ ਚਾਹੀਦੀ ਹੈ, ਉਹ ਪਿਛਲੇ ਵਕਤਾਂ ਵਿੱਚ ਕਦੀ ਨਜ਼ਰ ਨਹੀਂ ਪਈ ਤੇ ਅੱਗੋਂ ਦਾ ਵੀ ਪਤਾ ਨਹੀਂਇਸ ਕਰਕੇ ਬਹੁਤ ਸਾਰੇ ਬੁੱਧੀਵਾਨਾਂ ਨਾਲ ਗੱਲਬਾਤ ਦੇ ਦੌਰਾਨ ਇੱਥੇ ਆ ਕੇ ਗੱਲ ਮੁੱਕ ਜਾਂਦੀ ਰਹੀ ਹੈ ਕਿ ਹੋਣਾ ਬਹੁਤ ਕੁਝ ਚਾਹੀਦਾ ਹੈ, ਵਿਚਾਰ ਵੀ ਬਹੁਤ ਹਨ, ਪਰ ਰਾਜਨੀਤੀ ਦੇ ਰਥਵਾਨਾਂ ਨੇ ਲੋਕਾਂ ਨੂੰ ਸੋਚਣ ਜੋਗੇ ਹੀ ਨਹੀਂ ਛੱਡਿਆਇਹੀ ਕਾਰਨ ਹੈ ਕਿ ਇਸ ਵਕਤ ਇੱਥੇ ਬੁੱਧੀਜੀਵੀ ਬਹੁਤ ਹਨ, ਜਿਹੜੇ ਬੁੱਧੀ ਨੂੰ ਜੀਵਿਕਾ ਕਮਾਉਣ ਦਾ ਵਸੀਲਾ ਮੰਨਦੇ ਹਨ, ਬੁੱਧੀਵਾਨੀ ਨੂੰ ਲੋਕਾਂ ਲਈ ਵਰਤਣ ਵਾਲੇ ਬਹੁਤ ਥੋੜ੍ਹੇ ਹਨ ਅਤੇ ਇਹ ਸੋਚ ਵਾਰ-ਵਾਰ ਉੱਠਦੀ ਹੈ ਕਿ ਜਿੱਤ ਕੇ ਲੜਾਈਆਂ ਹਾਰਨ ਗਿੱਝਾ ਹੋਇਆ ਪੰਜਾਬ ਇਸ ਵਾਰ ਕੀ ਕਰੇਗਾ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3300)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author