JatinderPannu7ਜਿਹੜਾ ਲੋਕਤੰਤਰ ਸਾਡੇ ਤੋਂ ਪਹਿਲਿਆਂ ਨੇ ਸਾਡੇ ਲਈ ਸਿਰਜਿਆ ਸੀ ਤੇ ਇਸਦੇ ਲਈ ਘਾਲਣਾਂ ਘਾਲੀਆਂ ਸਨ, ਉਹ ਸਿਰਫ ...
(4 ਜੁਲਾਈ 2023)


ਲੋਕਤੰਤਰ ਦੇ ਇੱਕ ਹੋਰ ਵੱਡੇ ਮੇਲੇ ਲਈ ਭਾਰਤ ਤਿਆਰ ਹੋ ਰਿਹਾ ਹੈ
ਅਗਲੇ ਸਾਲ ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਹਾਊਸ ਲੋਕ ਸਭਾ ਲਈ ਦੇਸ਼ ਦੇ ਲੋਕਾਂ ਨੇ ਆਪਣੀ ਰਾਏ ਦੇਣੀ ਅਤੇ ਪੰਜ ਸਾਲਾਂ ਲਈ ਅਗਲੀ ਸਰਕਾਰ ਦਾ ਮੱਥਾ ਡੌਲਣਾ ਹੈਦੇਸ਼ ਦੇ ਤਖਤ ਉੱਤੇ ਕਬਜ਼ੇ ਦੀ ਵੱਧ ਜਾਂ ਘੱਟ ਝਾਕ ਰੱਖਦੀ ਹਰ ਵੱਡੀ-ਛੋਟੀ ਧਿਰ ਨੇ ਇਸਦੇ ਲਈ ਆਪਣਾ ਤਾਣ ਲਾਉਣਾ ਹੈ ਤੇ ਸਭ ਨੂੰ ਇਹ ਪਤਾ ਹੈ ਕਿ ਇੱਦਾਂ ਦੇ ਕੰਮ ਵਿੱਚ ਅਸੂਲਾਂ ਦੀ ਲਿਹਾਜ਼ਦਾਰੀ ਰੱਖਣ ਦੀ ਚਿੰਤਾ ਕਰਨ ਦਾ ਰਿਵਾਜ ਅੱਜਕੱਲ੍ਹ ਨਹੀਂ ਰਿਹਾਸਾਮ-ਦਾਮ-ਦੰਡ-ਭੇਦ ਹਰ ਗੱਲ ’ਤੇ ਹਰ ਫਾਰਮੂਲਾ ਚੋਣ ਵਾਸਤੇ ਵਰਤਣ ਵਾਲੇ ਰਿਵਾਜ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਹੈ ਕਿ ਦੇਸ਼ ਦੀ ਇਸ ਸਭ ਤੋਂ ਵੱਡੀ ਚੋਣ ਦਾ ਚੇਤਾ ਆਉਂਦੇ ਸਾਰ ਵਤਨ ਅਤੇ ਵਤਨ-ਵਾਸੀਆਂ ਦੀ ਚਿੰਤਾ ਕਰਨ ਵਾਲਿਆਂ ਦਾ ਮੱਥਾ ਠਣਕਣ ਲੱਗਦਾ ਹੈਅਗਲੇ ਸਾਲ ਹੋਣ ਵਾਲੀ ਚੋਣ ਲਈ ਜ਼ਾਬਤਾ ਲੱਗਣ ਵਿੱਚ ਵੀ ਭਾਵੇਂ ਅਜੇ ਛੇ-ਸੱਤ ਮਹੀਨੇ ਬਾਕੀ ਹਨ, ਪਰ ਚਿੰਤਾ ਦੇ ਕਾਰਨ ਪੈਦਾ ਹੋਣ ਲੱਗ ਪਏ ਹਨ

ਆਪਣੇ ਕੀਤੇ ਚੰਗੇ ਕੰਮ ਦੱਸ ਕੇ ਕੋਈ ਵੋਟਾਂ ਮੰਗਦਾ ਹੈ ਤਾਂ ਉਹ ਗਲਤ ਨਹੀਂ ਕਰਦਾ, ਇਹ ਲੋਕਤੰਤਰ ਦਾ ਗੁਣ ਸਮਝਿਆ ਜਾਵੇਗਾ, ਪਰ ਜਿੱਦਾਂ ਦੀ ਦੌੜ ਭਾਰਤ ਵਿੱਚ ਲੱਗੀ ਦਿਖਾਈ ਦਿੰਦੀ ਹੈ, ਉਸ ਵਿੱਚ ਅਸੂਲ ਪਾਲਣ ਦਾ ਕੰਮ ਕੋਈ ਨਹੀਂ ਹੁੰਦਾ, ਹੋਰ ਸਭ ਕੁਝ ਹੁੰਦਾ ਹੈਆਮ ਲੋਕਾਂ ਨੂੰ ਮੁਫਤਖੋਰੀ ਦੇ ਚਸਕੇ ਵਧਾਉਣ ਦੇ ਮੁਕਾਬਲੇ ਖੁੱਲ੍ਹ ਕੇ ਹੁੰਦੇ ਹਨ ਤੇ ਦੂਸ਼ਣਬਾਜ਼ੀ ਵੀਜਦੋਂ ਇਸ ਕੰਮ ਨਾਲ ਬੁੱਤਾ ਸਰਦਾ ਨਹੀਂ ਤਾਂ ਲੋਕਾਂ ਨੂੰ ਧਰਮ ਦੇ ਨਾਂਅ ਉੱਤੇ ਉਕਸਾਉਣ ਦਾ ਆਖਰੀ ਹਥਿਆਰ ਵਰਤਣ ਦਾ ਕੰਮ ਸ਼ੁਰੂ ਹੋ ਜਾਂਦਾ ਹੈਇਸ ਵਾਰੀ ਕਰਨਾਟਕਾ ਵਿਧਾਨ ਸਭਾ ਚੋਣ ਦੇ ਨਤੀਜੇ ਪਿੱਛੋਂ ਇਹ ਹਰਬੇ ਵਰਤਣ ਦੀ ਲੋੜ ਹੋਰ ਵੱਧ ਤਿੱਖੀ ਹੋਣ ਲੱਗੀ ਹੈਕਿਸੇ ਵਿਸ਼ੇਸ਼ ਪਾਰਟੀ ਜਾਂ ਕਿਸੇ ਆਗੂ ਦੀ ਗੱਲ ਇਸ ਵੇਲੇ ਅਸੀਂ ਨਹੀਂ ਕਰ ਰਹੇ, ਕਿਉਂਕਿ ਘੱਟ ਜਾਂ ਵੱਧ, ਕਈ ਧਿਰਾਂ ਇਹ ਕੰਮ ਕਰਨ ਦੇ ਰਾਹ ਪਈਆਂ ਹੋਈਆਂ ਹਨਜਿਨ੍ਹਾਂ ਆਗੂਆਂ ਕੋਲ ਧਰਮ ਨਿਰਪੱਖਤਾ ਦੀ ਵਿਰਾਸਤ ਦੇ ਦਾਅਵੇ ਦਾ ਬੜਾ ਵੱਡਾ ਰਿਕਾਰਡ ਹੁੰਦਾ ਸੀ, ਉਹ ਧਿਰਾਂ ਵੀ ਅੱਜਕੱਲ੍ਹ ਇੱਦਾਂ ਦੇ ਕੰਮ ਵਿੱਚ ਕਈ ਤਰ੍ਹਾਂ ਦੀਆਂ ਹੱਦਾਂ ਟੱਪਣ ਲਈ ਤਿਆਰ ਹੋਣ ਲੱਗੀਆਂ ਹਨ, ਜਿਸ ਕਾਰਨ ਇਹ ਅਗੇਤਾ ਅਨੁਮਾਨ ਲੱਗਣ ਲੱਗ ਪਿਆ ਹੈ ਕਿ ਅਗਲੇ ਸਾਲ ਹੋਣ ਵਾਲੀ ਲੋਕ ਸਭਾ ਚੋਣ ਸੁਖ-ਸ਼ਾਂਤੀ ਨਾਲ ਹੋਣ ਦਾ ਬਹੁਤਾ ਯਕੀਨ ਨਹੀਂ

ਭਾਰਤ ਦੇ ਲੋਕ ਧਰਮ ਦੇ ਨਾਂਅ ਉੱਤੇ ਬੜੀ ਛੇਤੀ ਉਕਸਾਏ ਅਤੇ ਭੜਕਾਏ ਜਾ ਸਕਦੇ ਹਨ ਅਤੇ ਇਸੇ ਵਿੱਚੋਂ ਕੁਝ ਸਿਆਸੀ ਧਿਰਾਂ ਅਤੇ ਸਿਆਸੀ ਆਗੂਆਂ ਨੂੰ ਆਪਣੀ ਰਾਜ ਕਰਨ ਦੀ ਭੁੱਖ ਪੂਰੀ ਕਰਨ ਜੋਗਾ ਰਾਹ ਦਿਸ ਪੈਂਦਾ ਹੈਸੰਸਾਰ ਦੇ ਹਰ ਦੇਸ਼ ਵਿੱਚ ਬੀਤੇ ਸਮਿਆਂ ਜਾਂ ਬੀਤੀਆਂ ਸਦੀਆਂ ਵਿੱਚ ਜੰਗਾਂ ਹੁੰਦੀਆਂ ਰਹੀਆਂ ਸਨ, ਜਿਹੜੀਆਂ ਕਦੀ ਰਾਜ ਦੀਆਂ ਹੱਦਾਂ ਵਧਾਉਣ ਲਈ ਹੁੰਦੀਆਂ ਸਨ, ਕਦੀ ਇੱਕੋ ਰਾਜ ਵਿੱਚ ਸੱਤਾ ਦੇ ਹੱਕ ਲਈ ਅਤੇ ਕਈ ਵਾਰੀ ਕਿਸੇ ਖਾਸ ਧਰਮ ਦੇ ਵੱਡੇ ਜਾਂ ਛੋਟੇ ਹੋਣ ਦਾ ਮੁੱਦਾ ਬਣਾ ਕੇ ਵੀ ਹੋਈਆਂ ਸਨਜਿਹੜੇ ਦੇਸ਼ਾਂ ਨੇ ਉਨ੍ਹਾਂ ਜੰਗਾਂ ਨੂੰ ਇਤਿਹਾਸ ਦਾ ਇੱਕ ਜਾਂ ਦੂਸਰਾ ਚੈਪਟਰ ਮੰਨ ਲਿਆ ਤੇ ਉਸ ਨੂੰ ਮੁੱਦਾ ਬਣਾ ਕੇ ਆਮ ਲੋਕਾਂ ਵਿੱਚ ਕਿਸੇ ਤਰ੍ਹਾਂ ਦੀ ਵੱਡੀ ਬਹਿਸ ਅੱਗੇ ਵਧਣੋਂ ਰੋਕ ਲਈ, ਉਹ ਦੇਸ਼ ਫਿਰ ਅੱਗੇ ਵਧਦੇ ਗਏ ਤੇ ਜਿਹੜੇ ਦੇਸ਼ ਇਤਿਹਾਸ ਦੇ ਪੱਥਰਾਂ ਨੂੰ ਠੁੱਡੇ ਮਾਰਨ ਵਿੱਚ ਰੁੱਝ ਗਏ, ਉੱਥੇ ਲੋਕਾਂ ਵਿਚਾਲੇ ਵਧਦੇ ਮੱਤਭੇਦ ਇਤਿਹਾਸਕ ਚੈਪਟਰਾਂ ਨੂੰ ਦੁਹਰਾਉਣ ਦਾ ਕਾਰਨ ਬਣਦੇ ਗਏਸੰਸਾਰ ਦੇ ਦੇਸ਼ਾਂ ਦੇ ਇਸ ਕੌੜੇ ਅਤੇ ਫਿੱਕੇ, ਦੋਵਾਂ ਤਰ੍ਹਾਂ ਦੇ ਤਜਰਬੇ ਤੋਂ ਭਾਰਤੀ ਲੋਕਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਤੇ ਲੀਡਰਾਂ ਨੂੰ ਵੀ, ਪਰ ਜਦੋਂ ਲੀਡਰ ਹੀ ਸਿੱਖਣ ਦੀ ਥਾਂ ਲੋਕਾਂ ਨੂੰ ਕੁਰਾਹੇ ਪਾਉਣ ਤੁਰ ਪੈਣ ਤਾਂ ਮੁਲਕ ਮੰਦੇ ਹਾਲ ਵਿੱਚ ਫਸ ਜਾਣ ਦਾ ਡਰ ਹੁੰਦਾ ਹੈ

ਅਸੀਂ ਫਿਰ ਇਹ ਗੱਲ ਕਹਿ ਦੇਈਏ ਕਿ ਅਜੇ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਵਿੱਚ ਅੱਧੇ ਸਾਲ ਦੇ ਕਰੀਬ ਬਾਕੀ ਹੈ, ਪਰ ਉਸ ਵਕਤ ਦੀ ਉਡੀਕ ਕਰਨ ਦੀ ਥਾਂ ਕੁਝ ਧਿਰਾਂ ਅਗੇਤੇ ਹੀ ਵਿਵਾਦਾਂ ਦੇ ਕਾਰਨ ਪੈਦਾ ਕਰਨ ਲੱਗ ਪਈਆਂ ਤੇ ਇਨ੍ਹਾਂ ਨੂੰ ਅਗਲੀ ਚੋਣ ਦਾ ਮੁੱਦਾ ਦੱਸਣ ਲੱਗ ਪਈਆਂ ਹਨਚੋਣਾਂ ਦੀ ਲੋੜ ਲਈ ਫਿਲਮਾਂ ਬਣਾਉਣ ਅਤੇ ਪ੍ਰਚਾਰਨ ਅਤੇ ਇਨ੍ਹਾਂ ਦਾ ਲਾਭ ਲੈਣ ਦਾ ਇਹ ਕੰਮ ਇੰਦਰਾ ਗਾਂਧੀ ਵੇਲੇ ਬਣੀ ‘ਆਂਧੀ’ ਜਾਂ ‘ਕਿੱਸਾ ਕੁਰਸੀ ਕਾ’ ਆਦਿ ਫਿਲਮ ਨਾਲ ਵੀ ਹੋਇਆ ਸੀ, ਪਰ ਅੱਜਕੱਲ੍ਹ ਜਿੱਦਾਂ ਦੀਆਂ ਕੁਝ ਖਾਸ ਚੋਭ ਲਾਉਂਦੀਆਂ ਫਿਲਮਾਂ ਬਣਨ ਅਤੇ ਝਟਾ-ਪਟ ਰਿਲੀਜ਼ ਹੋਣ ਲੱਗ ਪਈਆਂ ਹਨ, ਉਨ੍ਹਾਂ ਜਿੰਨੀ ਹੱਦ ਅੱਗੇ ਕਦੇ ਨਹੀਂ ਸੀ ਟੱਪੀ ਗਈਫਿਲਮ ਕਲਾਕਾਰ ਸਿਆਸਤ ਵੱਲ ਨੂੰ ਪਹਿਲਾਂ ਵੀ ਜਾਂਦੇ ਸਨ ਤੇ ਕਈ ਵਾਰੀ ਕੁਝ ਸਮੇਂ ਬਾਅਦ ‘ਅੰਗੂਰ ਖੱਟੇ’ ਵੇਖ ਕੇ ਪਾਸੇ ਹਟ ਜਾਂਦੇ ਰਹੇਰਾਜੀਵ ਗਾਂਧੀ ਦੇ ਬਚਪਨ ਦੇ ਸਾਥੀ ਅਮਿਤਾਭ ਬੱਚਨ ਨੂੰ ਇੱਕ ਵਾਰ ਇਹੋ ਜਿਹਾ ਸਿਆਸੀ ਜੋਸ਼ ਚੜ੍ਹਿਆ ਸੀ, ਪਰ ਅਗਲੀ ਚੋਣ ਤੋਂ ਪਹਿਲਾਂ ਉਹ ਸਾਰਾ ਕੁਝ ਛੱਡ ਕੇ ਵਾਪਸ ਫਿਲਮ-ਨਗਰੀ ਵਿੱਚ ਜਾ ਵੜਿਆ ਸੀਅੱਜਕੱਲ੍ਹ ਕੁਝ ਫਿਲਮੀ ਹਸਤੀਆਂ ਦੇ ਰੰਗ ਇੰਨੇ ਨਿਰਾਲੇ ਹਨ ਕਿ ਉਨ੍ਹਾਂ ਦਾ ਪਹਿਲਾ ਮੋਹ ਫਿਲਮਾਂ ਜਾਂ ਕਲਾਕਾਰੀ ਨਹੀਂ, ਸਗੋਂ ਫਿਲਮਾਂ ਦੇ ਕਿਸੇ ਵੱਡੇ ਪੜੁੱਲ ਤੋਂ ਛਾਲ ਮਾਰਨ ਤੇ ਸੱਤਾ ਦੇ ਗਲਿਆਰਿਆਂ ਵਿੱਚ ਪਹੁੰਚਣ ਦਾ ਹੁੰਦਾ ਜਾਂਦਾ ਹੈਅਸੀਂ ਬੀਤੇ ਦਿਨੀਂ ਇੱਕ ਨਵੇਂ ਉੱਭਰ ਰਹੇ ਕਲਾਕਾਰ ਦੀ ਇੰਟਰਵਿਊ ਸੁਣੀ, ਜਿਸਦੀ ਪਹਿਲੀ ਫਿਲਮ ਹੀ ਧਾਰਮਿਕ ਮੁੱਦੇ ਬਾਰੇ ਵਿਵਾਦ ਕਾਰਨ ਚੋਖੀ ਕਮਾਈ ਦਾ ਰਾਹ ਖੋਲ੍ਹਣ ਵਾਲੀ ਸਾਬਤ ਹੋਈ ਸੀਉਸ ਨੂੰ ਉਸ ਦੀ ਪਹਿਲੀ ਫਿਲਮ ਦੇ ਤਜਰਬੇ ਪਿੱਛੋਂ ਭਵਿੱਖ ਦੀ ਉਡਾਣ ਬਾਰੇ ਪੁੱਛਿਆ ਗਿਆ ਕਿ ਉਹ ਰਾਜਨੀਤੀ ਵਿੱਚ ਆਉਣਾ ਵੀ ਪਸੰਦ ਕਰੇਗਾ ਜਾਂ ਨਹੀਂਉਸ ਨੇ ਸਾਫ ਕਿਹਾ ਸੀ ਕਿ ਉਸ ਦਾ ਸਫਰ ਫਿਲਮਾਂ ਬਣਾਉਣ ਤਕ ਸੀਮਤ ਨਹੀਂ, ਉਹ ਭਵਿੱਖ ਵਿੱਚ ਰਾਜਨੀਤੀ ਵਿੱਚ ਆਣ ਕੇ ਦੇਸ਼ ਦੀ ਇੱਕ ਖਾਸ ਕਿਸਮ ਦੀ ਸੇਵਾ ਕਰਨ ਬਾਰੇ ਮੁਢਲੇ ਦਿਨਾਂ ਤੋਂ ਸੋਚਦਾ ਰਿਹਾ ਹੈਇਹ ‘ਸੁਫਨਿਆਂ ਦੀ ਪੂਰਤੀ’ ਦੇ ਰੁਝਾਨ ਦਾ ਇੱਕ ਗੁੱਝਾ ਤੇ ਖਤਰਨਾਕ ਸੰਕੇਤ ਹੋ ਸਕਦਾ ਹੈ

ਪਹਿਲਾਂ ਕਿਹਾ ਜਾਂਦਾ ਸੀ ਕਿ ਇਨਾਮਾਂ ਲਈ ਕੰਮ ਨਹੀਂ ਕੀਤੇ ਜਾਂਦੇ, ਕੀਤੇ ਕੰਮ ਲਈ ਇਨਾਮ ਆਪੇ ਮਿਲਦੇ ਹਨਅੱਜਕੱਲ੍ਹ ਕਈ ਕਲਾਕਾਰ ਮੁੱਢੋਂ ਹੀ ਕਹਿਣ ਲੱਗਦੇ ਹਨ ਕਿ ਅਗਲੇ ਯਤਨ ਵਿੱਚ ਉਹ ਕਿਸੇ ਵੱਡੇ ਐਵਾਰਡ ਤਕ ਪਹੁੰਚ ਦੀ ਇੱਛਾ ਰੱਖਦੇ ਹਨ ਇੱਦਾਂ ਹੀ ਪਹਿਲਾਂ ਕਿਹਾ ਜਾਂਦਾ ਸੀ ਕਿ ਰਾਜਨੀਤੀ ਲਈ ਕਿਸੇ ਕਲਾਕਾਰ ਨੂੰ ਖੁਦ ਯਤਨ ਕਰਨ ਦੀ ਲੋੜ ਨਹੀਂ, ਕੀਤੇ ਕੰਮਾਂ ਕਾਰਨ ਕੋਈ ਪਾਰਟੀ ਕੱਲ੍ਹ-ਕਲੋਤਰ ਨੂੰ ਗੁਣਾ ਪਾਉਣ ਬਾਰੇ ਸੋਚੇ ਤਾਂ ਇਸਦਾ ਹੁੰਗਾਰਾ ਭਰਨ ਜਾਂ ਲਾਂਭੇ ਰਹਿਣ ਬਾਰੇ ਉਦੋਂ ਸੋਚਿਆ ਜਾ ਸਕਦਾ ਹੈਪਿਛਲੇ ਦਿਨਾਂ ਵਿੱਚ ਆਈਆਂ ਕੁਝ ਫਿਲਮਾਂ ਜਾਂ ‘ਫਾਈਲਾਂ’ ਨੇ ਇਸ ਸੋਚ ਨੂੰ ਵੀ ਉਲਟਾ ਕਰ ਦਿੱਤਾ ਹੈਸਿਆਸੀ ਸੁਪਨੇ ਨਾਲ ਨਸ਼ਿਆਏ ਹੋਏ ਬਹੁਤ ਸਾਰੇ ਲੋਕ ਇਸ ਲਈ ਕਲਾਕਾਰ ਬਣੇ ਜਾਪਣ ਲੱਗੇ ਹਨ ਕਿ ਇਸ ਬਹਾਨੇ ਦੇਸ਼ ਦੀ ਪਾਰਲੀਮੈਂਟ ਜਾਂ ਕਿਸੇ ਰਾਜ ਦੀ ਵਿਧਾਨ ਸਭਾ ਵਿੱਚ ਅਤੇ ਫਿਰ ਉਸ ਰਾਜ ਦੀ ਸਰਕਾਰ ਵਿੱਚ ਪੈਰ-ਧਰਾਵਾ ਕਰਨ ਦਾ ਰਾਹ ਬਣ ਸਕਦਾ ਹੈਇਹ ਸੁਪਨੇ ਕੁਝ ਰਾਜਸੀ ਸੰਕੇਤ ਦਿੰਦੇ ਹਨ

ਭਾਰਤ ਦੇ ਇੱਕ ਬੜੇ ਚਰਚਿਤ ਪੱਤਰਕਾਰ, ਜਿਸਦੀ ਤਨਖਾਹ ਦੇ ਅੰਕੜੇ ਜਦੋਂ ਵੀ ਆਉਂਦੇ ਹਨ ਤਾਂ ਬਹੁਤ ਸਾਰੇ ਨੌਜਵਾਨਾਂ ਦਾ ਉਸ ਵਰਗੇ ਬਣਨ ਨੂੰ ਮਨ ਕਰਦਾ ਹੈ, ਬਾਰੇ ਪੁਰਾਣੀ ਕਹਾਣੀ ਮੁੜ-ਮੁੜ ਬਾਹਰ ਆਉਂਦੀ ਅਤੇ ਫਿਰ ਦੱਬੀ ਜਾਂਦੀ ਹੈਕੋਈ ਡੇਢ ਦਹਾਕਾ ਪਹਿਲਾਂ ਜਦੋਂ ਉਹ ਹਾਲੇ ਨਵਾਂ ਸੀ, ਉਸ ਨੇ ਇੱਕ ਮਸਾਲੇਦਾਰ ਖਬਰ ਦੀ ਪੇਸ਼ਕਾਰੀ ਕੀਤੀ ਸੀ, ਜਿਸ ਵਿੱਚ ਟਿਊਸ਼ਨ ਪੜ੍ਹਾਉਣ ਵਾਲੀ ਇੱਕ ਲੜਕੀ ਉੱਤੇ ਆਪਣੇ ਕੋਲ ਪੜ੍ਹਨ ਆਉਂਦੀਆਂ ਬੱਚੀਆਂ ਤੋਂ ਗਲਤ ਕੰਮ ਕਰਾਉਣ ਦਾ ਦੋਸ਼ ਲਾਇਆ ਗਿਆ ਸੀਅਗਲੇ ਦਿਨ ਰੌਲਾ ਪੈ ਗਿਆ ਤਾਂ ਉਸ ਟਿਊਸ਼ਨ ਟੀਚਰ ਦੇ ਸਕੂਲ ਵਿੱਚ ਲੋਕਾਂ ਨੇ ਭੰਨ-ਤੋੜ ਕਰ ਦਿੱਤੀ ਅਤੇ ਉਸ ਕੁੜੀ ਦਾ ਭਵਿੱਖ ਵੀ ਖਰਾਬ ਹੋ ਗਿਆਪਿੱਛੋਂ ਇਹ ਪਤਾ ਲੱਗਾ ਸੀ ਕਿ ਸਾਰੀ ਸਟੋਰੀ ਉਸ ਪੱਤਰਕਾਰ ਨੇ ਆਪਣੀ ਸਨਸਨੀਖੇਜ਼ ਪੱਤਰਕਾਰੀ ਦਾ ਪੱਕਾ ਮੁੱਢ ਬੰਨ੍ਹਣ ਲਈ ਝੂਠੀ ਤਿਆਰ ਕੀਤੀ ਸੀਫਿਰ ਉਸ ਪੱਤਰਕਾਰ ਉੱਤੇ ਇੱਦਾਂ ਦੇ ਕਈ ਹੋਰ ਵੀ ਦੋਸ਼ ਲੱਗਦੇ ਰਹੇ ਸਨਜਦੋਂ ਇੱਦਾਂ ਦੇ ਕਿਸੇ ਆਦਮੀ ਨੂੰ ਆਪਣੇ ਖੇਤਰ, ਉਹ ਫਿਲਮਾਂ ਦਾ ਖੇਤਰ ਹੋਵੇ, ਸਿਆਸਤ ਦਾ ਜਾਂ ਪੱਤਰਕਾਰੀ ਦਾ, ਵਿੱਚ ਇਸ ਬੇਹੂਦਗੀ ਦੀ ਪੌੜੀ ਚੜ੍ਹ ਕੇ ਕਮਾਊ-ਪੁੱਤ ਬਣੇ ਵੇਖਿਆ ਜਾਂਦਾ ਹੈ ਤਾਂ ਇਹ ਮਿਸਾਲ ਉੱਭਰਦੀ ਉਮਰ ਦੇ ਕਈ ਨੌਜਵਾਨਾਂ ਨੂੰ ਇੱਦਾਂ ਦੇ ਰਾਹ ਪੈਣ ਨੂੰ ਉਕਸਾ ਸਕਦੀ ਹੈਇਹੋ ਗੱਲ ਰਾਜਸੀ ਖੇਤਰ ਵਿੱਚ ਬੇਈਮਾਨੀ, ਝੂਠ ਅਤੇ ਸਿਰਫ ਚੋਣ ਜਿੱਤਣ ਲਈ ਲੋਕਾਂ ਨੂੰ ਆਪੋ ਵਿੱਚ ਲੜਨ-ਮਰਨ ਲਈ ਉਕਸਾਉਣ ਵਾਲੇ ਆਗੂ ਦੀ ਸਫਲਤਾ ਪਿੱਛੋਂ ਉਸ ਦੇ ਤਜਰਬੇ ਕਾਰਨ ਕੁਝ ਹੋਰਨਾਂ ਨੂੰ ਉਹੋ ਕੁਝ ਕਰਨ ਦੇ ਲਈ ਉਕਸਾ ਸਕਦੀ ਹੈ, ਜਿਹੜੇ ਉਸ ਵਾਂਗ ਰਾਜਸੀ ਸੱਤਾ ਦੇ ਆਕਾਸ਼ ਵਿੱਚ ਗੁੱਡੀ ਚੜ੍ਹਦੀ ਹੋਈ ਵੇਖਣ ਬਾਰੇ ਸੁਪਨੇ ਲੈਂਦੇ ਹੋਣਗੇਬਦਕਿਸਮਤੀ ਨਾਲ ਇਹੋ ਜਿਹੇ ਕਈ ਸੰਕੇਤ ਇਸ ਵਾਰੀ ਅਗੇਤੇ ਮਿਲਣ ਲੱਗੇ ਹਨਭਾਰਤੀ ਲੋਕਾਂ ਨੂੰ ਅਗਲੇ ਸਾਲ ਲਈ ਇਹ ਸੋਚ ਕੇ ਤਿਆਰ ਨਹੀਂ ਹੋਣਾ ਚਾਹੀਦਾ ਕਿ ਇੱਕ ਹੋਰ ਚੋਣ ਵਿੱਚ ਆਗੂ ਚੁਣਨ ਦਾ ਕੰਮ ਕਰਨਾ ਹੈ, ਇਸਦੀ ਬਜਾਏ ਇਹ ਸੋਚਣਾ ਚਾਹੀਦਾ ਹੈ ਕਿ ਇਸ ਦੇਸ਼ ਨੂੰ ਰੁੜ੍ਹਨ ਤੋਂ ਬਚਾਉਣ ਦਾ ਫਰਜ਼ ਵੀ ਸਾਡੀ ਪੀੜ੍ਹੀ ਦੇ ਸਿਰ ਹੈ

ਜਿਹੜਾ ਲੋਕਤੰਤਰ ਸਾਡੇ ਤੋਂ ਪਹਿਲਿਆਂ ਨੇ ਸਾਡੇ ਲਈ ਸਿਰਜਿਆ ਸੀ ਤੇ ਇਸਦੇ ਲਈ ਘਾਲਣਾਂ ਘਾਲੀਆਂ ਸਨ, ਉਹ ਸਿਰਫ ਸਾਡੇ ਵਾਸਤੇ ਨਹੀਂ, ਅਗਲੀਆਂ ਪੀੜ੍ਹੀਆਂ ਨੂੰ ਵੀ ਚਾਹੀਦਾ ਹੈ। ਇਹ ਗੱਲ ਕੋਈ ਕਿਉਂ ਨਹੀਂ ਸੋਚਦਾ!

***

ਕੁੜੱਤਣ ਨਾਲ ਭਰਿਆਂ ਦੀ ਗੱਲ ਸੁਣਨੀ ਚਾਹੀਦੀ ਹੈ, ਪਰ ਨਗਾਰਖਾਨੇ ਵਿੱਚ ਤੂਤੀ ਦੀ ਆਵਾਜ਼ ਸੁਣੇਗਾ ਕੌਣ!

ਅਸੀਂ ਭਾਰਤੀ ਅਤੇ ਪੰਜਾਬੀ ਲੋਕ ਇਸ ਪੱਖੋਂ ਚੰਗੇ ਹਾਂ ਕਿ ਅਸੀਂ ਬਹੁਤੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੇਕਈ ਸਾਲ ਪਹਿਲਾਂ ਐਵੇਂ ਸੰਸਾਰ ਦੇ ਰਿਵਾਜਾਂ ਉੱਤੇ ਝਾਤੀ ਮਾਰਦਿਆਂ ਅਚਾਨਕ ਨਜ਼ਰ ਪੈ ਗਈ ਕਿ ਸੰਸਾਰ ਪੱਧਰ ਉੱਤੇ ਤੀਹ ਜੁਲਾਈ ਨੂੰ ‘ਦੋਸਤੀ ਦਾ ਦਿਨ’ (ਇੰਟਰਨੈਸ਼ਨਲ ਡੇਅ ਆਫ ਫਰੈਂਡਸ਼ਿੱਪ) ਮਨਾਇਆ ਜਾਂਦਾ ਹੈਬਹੁਤ ਪਿਆਰੇ ਲੇਖਕ ਮਿੱਤਰ ਦਾ ਉਸੇ ਸਵੇਰੇ ਫੋਨ ਆਇਆ ਸੀ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨ ਮੈਨੂੰ ਇਸ ਦਿਨ ਬਾਰੇ ਪੜ੍ਹ ਕੇ ਖਿਆਲ ਆਇਆ ਕਿ ਉਸ ਬੜੇ ਪਿਆਰੇ ਦੋਸਤ ਨੂੰ ਇਸ ਦਿਨ ਦੀ ਵਧਾਈ ਦੇਣੀ ਚਾਹੀਦੀ ਹੈ ਅਤੇ ਮੈਂ ਝੱਟ ਉਸ ਦੇ ਫੋਨ ਉੱਤੇ ਇਸ ਬਾਰੇ ਸੁਨੇਹਾ ਭੇਜ ਦਿੱਤਾਥੋੜ੍ਹੀ ਦੇਰ ਬਾਅਦ ਉਸ ਦਾ ਫੋਨ ਆਇਆ ਤਾਂ ਨੰਬਰ ਪੜ੍ਹ ਕੇ ਮੈਨੂੰ ਖੁਸ਼ੀ ਜਿਹੀ ਹੋਈ, ਪਰ ਉਹ ਅੱਗੋਂ ਮੈਨੂੰ ਇਹ ਆਖਣ ਲੱਗ ਪਿਆ ਕਿ ਇਹ ਅਮੀਰੀਆਂ ਮਾਣਨ ਵਾਲੇ ਦੇਸ਼ਾਂ ਦੇ ਲੋਕਾਂ ਦੇ ਚੋਂਚਲੇ ਜਿਹੇ ਹਨ, ਸਾਨੂੰ ਇਨ੍ਹਾਂ ਵਿੱਚ ਨਹੀਂ ਪੈਣਾ ਚਾਹੀਦਾ, ਛੱਤੀ ਸੌ ਦਿਨ ਮਿਥ ਛੱਡੇ ਹਨ, ਇੰਨਿਆਂ ਦਿਨਾਂ ਦੀ ਵਧਾਈ ਦੇਣ ਲੱਗੀਏ ਤਾਂ ਇਹ ਰਸਮਾਂ ਸਾਥੋਂ ਭੁਗਤਾਈਆਂ ਨਹੀਂ ਜਾਣੀਆਂਉਸ ਨੇ ਇਹ ਵੀ ਕਹਿ ਦਿੱਤਾ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਰਸਮਾਂ ਭੁਗਤਾਉਂਦੇ ਹਨ, ਉਹ ਵੀ ਬੱਸ ਰਸਮਾਂ ਭੁਗਤਾਉਂਦੇ ਹਨ, ਅਗਲੇ ਦਿਨ ਸਭ ਭੁਲਾ ਦਿੰਦੇ ਹਨ ਅਤੇ ਇਨ੍ਹਾਂ ਦਿਨਾਂ ਪਿੱਛੇ ਅਸਲੀ ਭਾਵਨਾ ਬਾਰੇ ਸੋਚਣ ਜਾਂ ਉਸ ਨੂੰ ਅੱਗੇ ਵਧਾਉਣ ਲਈ ਕੁਝ ਕਦੇ ਨਹੀਂ ਕਰਦੇ ਉਦੋਂ ਸ਼ਾਇਦ ਉਸ ਦੀਆਂ ਗੱਲਾਂ ਪੱਲੇ ਨਹੀਂ ਸਨ ਪਈਆਂ, ਪਰ ਅੱਜਕੱਲ੍ਹ ਸੰਸਾਰ ਦੀ ਹਾਲਤ ਦੇਖ ਕੇ ਕਈ ਕੁਝ ਸੋਚਣ ਲੱਗ ਜਾਈਦਾ ਹੈ

ਇਸ ਹਫਤੇ ਇੱਕ ਦਿਨ ਯੂਰਪੀ ਦੇਸ਼ ਦੇ ਇੱਕ ਹਵਾਈ ਅੱਡੇ ਉੱਤੇ ਦੂਸਰੀ ਉਡਾਣ ਉਡੀਕਣ ਦੇ ਲਈ ਢਾਈ ਕੁ ਘੰਟੇ ਗੁਜ਼ਾਰਨੇ ਪਏ ਤਾਂ ਉੱਥੇ ਸਕਰੀਨਾਂ ਉੱਤੇ ਵਾਰ-ਵਾਰ ਇੱਕ ਸੰਦੇਸ਼ ਚੱਲ ਰਿਹਾ ਸੀ ਕਿ ਇਸ ਸੋਹਣੀ ਧਰਤੀ ਨੂੰ ਇਸ ਵਕਤ ਪਰਦੂਸ਼ਣ ਤੋਂ ਬਹੁਤ ਖਤਰੇ ਹਨ, ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਰੋਕਣ ਲਈ ਕੰਮ ਕਰਨਾ ਚਾਹੀਦਾ ਹੈਗੱਲ ਬਹੁਤ ਸਿਆਣੀ ਸੀ, ਪਰ ਉਹ ਸੰਦੇਸ਼ ਪੜ੍ਹਨ ਤੋਂ ਬਾਅਦ ਮੈਂ ਇਸ ਸੋਚ ਵਿੱਚ ਫਸ ਗਿਆ ਕਿ ਇੱਦਾਂ ਦੇ ਸੰਦੇਸ਼ ਵੰਡਣ ਵਾਲੇ ਖੁਦ ਹੀ ਇਸ ਉੱਤੇ ਅਮਲ ਕਰ ਲੈਣ ਤਾਂ ਬੜਾ ਕੁਝ ਹੋ ਸਕਦਾ ਹੈ, ਜਿਹੜਾ ਹੁੰਦਾ ਨਹੀਂ ਦਿਸਦਾਉਸ ਹਵਾਈ ਅੱਡੇ ਤੋਂ ਰੋਜ਼ ਜਿੰਨੇ ਜਹਾਜ਼ ਉੱਡਦੇ ਹਨ, ਪਿਛਲੇ ਵੀਹ ਸਾਲਾਂ ਦਾ ਉਨ੍ਹਾਂ ਦਾ ਵੇਰਵਾ ਇਸ ਮਾਣ ਨਾਲ ਪੇਸ਼ ਕੀਤਾ ਗਿਆ ਸੀ ਕਿ ਹਵਾਈ ਅੱਡਾ ਹਰ ਸਾਲ ਇਸ ਗਿਣਤੀ ਵਿੱਚ ਵਾਧਾ ਕਰ ਰਿਹਾ ਹੈਮੈਂ ਇਹ ਸੋਚਦਾ ਰਿਹਾ ਕਿ ਧਰਤੀ ਨੂੰ ਸਿਰਫ ਇਸਦੀ ਹਿੱਕ ਉੱਤੇ ਪਲਦੇ ਪਰਦੂਸ਼ਣ ਤੋਂ ਹੀ ਖਤਰਾ ਨਹੀਂ, ਆਕਾਸ਼ ਅਤੇ ਸਮੁੰਦਰਾਂ ਵਿੱਚ ਨਿੱਤ ਉੱਬਲਦੇ ਲਾਵੇ ਨਾਲ ਵਧਦੇ ਪਰਦੂਸ਼ਣ ਦੀ ਮਾਰ ਵੀ ਇਸ ਧਰਤੀ ਅਤੇ ਇਸਦੇ ਵਾਸੀਆਂ ਨੂੰ ਪੈਣੀ ਹੈਮੈਂ ਉਸ ਹਵਾਈ ਅੱਡੇ ਤੋਂ ਹੁੰਦੀਆਂ ਉਡਾਣਾਂ ਦੀ ਗਿਣਤੀ ਪੜ੍ਹਨ ਪਿੱਛੋਂ ਸੰਸਾਰ ਦਾ ਅੰਕੜਾ ਪੜ੍ਹਨ ਲੱਗ ਪਿਆਪਤਾ ਲੱਗਾ ਕਿ ਸਾਲ 2004 ਵਿੱਚ ਦੋ ਕਰੋੜ ਅਠੱਤੀ ਲੱਖ ਉਡਾਣਾਂ ਰੋਜ਼ ਹੁੰਦੀਆਂ ਸਨ, ਜਿਹੜੀਆਂ 2019 ਤਕ ਵਧ ਕੇ ਤਿੰਨ ਕਰੋੜ ਉਨਾਨਵੇਂ ਲੱਖ ਹੋ ਗਈਆਂ ਤੇ ਕੋਵਿਡ ਸ਼ੁਰੂ ਹੋਣ ਤਕ ਵਧ ਕੇ ਚਾਰ ਕਰੋੜ ਤਿੰਨ ਲੱਖ ਰੋਜ਼ਾਨਾ ਨੂੰ ਟੱਪ ਗਈਆਂ ਸਨਜਿੰਨੇ ਮਰਜ਼ੀ ਪ੍ਰਬੰਧ ਕੀਤੇ ਜਾਣ, ਆਕਾਸ਼ ਵਿੱਚ ਉੱਡਦੇ ਇਨ੍ਹਾਂ ਜਹਾਜ਼ਾਂ ਨਾਲ ਵੀ ਹਰ ਪਲ ਪਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ ਤੇ ਇਨ੍ਹਾਂ ਨਾਲ ਪ੍ਰਦੂਸ਼ਤ ਹੁੰਦੇ ਆਕਾਸ਼ ਦਾ ਖਤਰਾ ਵੀ ਸੰਸਾਰ ਦੀ ਮਨੁੱਖਤਾ ਨੂੰ ਅੱਜ ਨਹੀਂ ਤਾਂ ਕੱਲ੍ਹ, ਕਿਸੇ ਨਾ ਕਿਸੇ ਅਣਗੌਲੇ ਰੂਪ ਵਿੱਚ ਭੁਗਤਣਾ ਜ਼ਰੂਰ ਪੈਣਾ ਹੈ

ਉਸ ਉਡਾਣ ਤੋਂ ਵਿਹਲਾ ਹੁੰਦੇ ਸਾਰ ਜਦੋਂ ਮੈਂ ਬਾਕੀ ਖੇਤਰਾਂ ਵਿੱਚ ਹੁੰਦੇ ਪਰਦੂਸ਼ਣ ਤੇ ਸੰਸਾਰ ਭਰ ਵਿੱਚ ਮਨਾਏ ਜਾਂਦੇ ਖਾਸ ਦਿਨਾਂ ਬਾਰੇ ਸੋਚਣ ਲੱਗਾ ਤਾਂ ਹਰ ਪੱਖ ਸਾਨੂੰ ਅੱਜ ਦੇ ਮਨੁੱਖਾਂ ਨੂੰ ‘ਗੁਫਤਾਰ ਦੇ ਗਾਜ਼ੀ’ (ਸਿਰਫ ਗੱਲਾਂ ਕਰਨ ਅਤੇ ਅਮਲ ਵਿੱਚ ਕੁਝ ਨਾ ਕਰਨ ਵਾਲੇ) ਸਾਬਤ ਕਰਨ ਲਈ ਕਾਫੀ ਸੀਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ ਕਿ ਮਾਰਚ ਦੀ ਬਾਈ ਤਰੀਕ ਨੂੰ ਸੰਸਾਰ ਵਿੱਚ ‘ਪਾਣੀ ਬਚਾਉ’ (ਸੇਵ ਵਾਟਰ) ਦਿਨ ਮਨਾਇਆ ਜਾਂਦਾ ਹੈ, ਪਰ ਸੰਸਾਰ ਦੇ ਹਰ ਦੇਸ਼ ਵਿੱਚ ਹਰ ਸਾਲ ਪੀਣ ਵਾਲੇ ਪਾਣੀ ਦਾ ਸੰਕਟ ਵਧੀ ਜਾਂਦਾ ਹੈ ਅਤੇ ਹੋਰ ਕੰਮਾਂ ਲਈ ਵਰਤੋਂ ਦੇ ਪਾਣੀ ਦਾ ਵੀਸੰਸਾਰ ਦੇ ਲੋਕਾਂ ਲਈ ਇੱਕ ਦਿਨ ਬਾਈ ਅਪਰੈਲ ‘ਸੇਵ ਅਰਥ’ (ਧਰਤੀ ਬਚਾਉ ਦਿਵਸ) ਵਜੋਂ ਵੀ ਮਨਾਇਆ ਜਾਂਦਾ ਹੈ, ਪਰ ਉਸ ਦਿਨ ਸਾਨੂੰ ਇਹ ਸੋਚਣ ਦੀ ਲੋੜ ਮਹਿਸੂਸ ਨਹੀਂ ਹੁੰਦੀ ਕਿ ਧਰਤੀ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ, ਬਹੁਤ ਵੱਡੀ ਗੱਲ ਇਹ ਕੀਤੀ ਜਾਂਦੀ ਹੈ ਕਿ ਕੁਝ ਸੰਸਥਾਵਾਂ ਛੋਟਾ-ਮੋਟਾ ਸਮਾਗਮ ਕਰ ਲੈਂਦੀਆਂ ਹਨਇਸ ਪਿੱਛੋਂ ਪੰਜ ਜੂਨ ‘ਸੰਸਾਰ ਵਾਤਾਵਰਣ ਦਿਵਸ’ ਵਜੋਂ ਮਨਾਇਆ ਗਿਆ ਤੇ ਇਸਦੇ ਬਾਅਦ ਇਹੋ ਜਿਹੇ ਕਈ ਦਿਨ ਹੋਰ ਆਉਣਗੇਮੁੱਕਦੇ ਜਾ ਰਹੇ ਸਾਲ ਦੀ ਪੂਛ ਵਾਲੇ ਦਸੰਬਰ ਵਿੱਚ ਦੋ ਤਰੀਕ ਨੂੰ ‘ਪਰਦੂਸ਼ਣ ਰੋਕੋ ਦਿਵਸ’ ਵਜੋਂ ਮਨਾਉਣ ਦਾ ਸੱਦਾ ਹਰ ਸਾਲ ਦਿੱਤਾ ਜਾਂਦਾ ਹੈ, ਪਰ ਉਹ ਵੀ ਆਮ ਸੱਦਿਆਂ ਵਰਗਾ ਸੱਦਾ ਬਣਿਆ ਰਹਿੰਦਾ ਹੈਆਮ ਲੋਕ ਇਹ ਗੱਲਾਂ ਸੋਚਣ ਲਈ ਨਾ ਵਿਹਲ ਕੱਢਦੇ ਹਨ ਤੇ ਨਾ ਲੋੜ ਸਮਝਦੇ ਹਨ, ਕਿਉਂਕਿ ਜ਼ਿੰਦਗੀ ਦੀ ਗੱਡੀ ਚਲਾਉਣ ਲਈ ਮੁੜ੍ਹਕੋ-ਮੁੜ੍ਹਕੀ ਹੋ ਰਹੇ ਉਨ੍ਹਾਂ ਲੋਕਾਂ ਕੋਲ ਇਨ੍ਹਾਂ ਨਾਅਰਿਆਂ ਦੀ ਗੂੰਜ ਪਹੁੰਚਦੀ ਨਹੀਂ, ਸਮਾਜ ਵਿੱਚ ਵਿਖਾਵੇ ਦੀ ਜ਼ਿੰਦਗੀ ਜਿਊਣ ਵਾਲੇ ਗਿਣਵੇਂ-ਚੁਣਵੇਂ ਲੋਕਾਂ ਦੀਆਂ ਸ਼ਕਲਾਂ ਮੀਡੀਏ ਵਿੱਚ ਪੇਸ਼ ਕਰਨ ਤਕ ਸੀਮਤ ਰਿਹਾ ਕਰਦੀ ਹੈਧਰਤੀ ਦਾ ਚੰਗਾ-ਮੰਦਾ ਉਨ੍ਹਾਂ ਨੂੰ ਵੀ ਭੁਗਤਣਾ ਪੈਣਾ ਹੈ, ਜਿਨ੍ਹਾਂ ਤਕ ਇਹ ਗੱਲ ਕਦੇ ਪੁੱਜਦੀ ਹੀ ਨਹੀਂਉਹ ਆਮ ਲੋਕ ਇਸ ਸਾਰੀ ਪ੍ਰਕਿਰਿਆ ਦਾ ਹਿੱਸਾ ਬਣਾਏ ਜਾ ਸਕਦੇ ਹਨ, ਪਰ ਬਣਾਏ ਇਸ ਲਈ ਨਹੀਂ ਜਾਂਦੇ ਕਿ ਇਹੋ ਜਿਹਾ ‘ਸੁਹਣਾ ਵਕਤ’ ਗੁਜ਼ਾਰਨ ਵਾਲੇ ਦਿਨ ਉਨ੍ਹਾਂ ਮਾੜੇ-ਧੀੜੇ ਲੋਕਾਂ ਨਾਲ ਜੁੜ ਬੈਠਣਾ ‘ਸਮਾਜ ਦੀ ਕਰੀਮ’ ਹੋਣ ਦਾ ਦਾਅਵਾ ਕਰਨ ਵਾਲੇ ਖਾਸ ਵਰਗ ਦੇ ਲੋਕਾਂ ਨੂੰ ਕਦੀ ਪਸੰਦ ਨਹੀਂ ਆ ਸਕਦਾ, ਇਸ ਲਈ ਆਮ ਲੋਕ ਇਸ ਸਭ ਕਾਸੇ ਤੋਂ ਜਾਣ-ਬੁੱਝ ਕੇ ਦੂਰ ਰੱਖੇ ਜਾਂਦੇ ਹਨ

ਕਈ ਸਾਲ ਪਹਿਲਾਂ ਅਸੀਂ ਦਿੱਲੀ ਤੋਂ ਸ਼ਤਾਬਦੀ ਐਕਸਪ੍ਰੈੱਸ ਰੇਲ ਗੱਡੀ ਲੈਣ ਲਈ ਪਲੇਟਫਾਰਮ ਉੱਤੇ ਖੜ੍ਹੇ ਸਾਂ ਤੇ ਉੱਥੇ ਉਸ ਗੱਡੀ ਬਾਰੇ ਗੱਲ ਚੱਲ ਰਹੀ ਸੀ ਕਿ ਸੋਹਣੀ ਗੱਡੀ ਹੈ, ਸਰਵਿਸ ਵੀ ਚੰਗੀ ਅਤੇ ਸਾਫ-ਸੁਥਰੀ ਵੀਇੱਕ ਸੱਜਣ ਨੇ ਹੌਲੀ ਜਿਹੀ ਕਹਿ ਦਿੱਤਾ ਕਿ ਗੱਡੀ ਚੰਗੀ ਹੈ, ਸੋਹਣੀ ਹੈ, ਪਰ ਜਿਸ ਪਲੇਟਫਾਰਮ ਤੋਂ ਗੱਡੀ ਵਿੱਚ ਬੈਠਣਾ ਹੈ, ਉਸ ਦਾ ਹਾਲ ਔਹ ਸਾਹਮਣੇ ਰੇਲਵੇ ਲਾਈਨਾਂ ਵਿਚਲੇ ਗੰਦ ਵੱਲੋਂ ਵੇਖ ਲਵੋ ਤਾਂ ਫਿਰ ਗੱਡੀ ਵਿੱਚ ਬੈਠਣ ਦਾ ਮਜ਼ਾ ਨਹੀਂ ਰਹਿੰਦਾਸਾਹਮਣੇ ਰੇਲਵੇ ਲਾਈਨਾਂ ਵਿੱਚ ਉਹ ਗੰਦ ਪਿਆ ਸੀ, ਜਿਹੜਾ ਸਰੀਰਕ ਲੋੜ ਕਾਰਨ ਮਜਬੂਰ ਹੋਏ ਮੁਸਾਫਰ ਉੱਥੇ ਖੜ੍ਹੀ ਗੱਡੀ ਵਿੱਚ ਵੀ ਟਾਇਲੇਟਸ ਵਿੱਚ ਜਾ ਕੇ ਪਾ ਆਏ ਸਨਇੱਕ ਜਣੇ ਨੇ ਕਿਹਾ: ਇਸਦਾ ਕੋਈ ਇਲਾਜ ਨਹੀਂ ਹੋ ਸਕਦਾ ਤਾਂ ਪਹਿਲਾਂ ਸੋਹਣੀ ਗੱਡੀ ਤੇ ਪਲੇਟਫਾਰਮ ਦੀ ਗੱਲ ਕਰਨ ਵਾਲੇ ਸੱਜਣ ਨੇ ਕਿਹਾ ਸੀ: ਹਵਾਈ ਜਹਾਜ਼ ਕਈ ਵਾਰ ਦਸ-ਦਸ ਘੰਟੇ ਜਾਂ ਇਸ ਤੋਂ ਵੱਧ ਸਮਾਂ ਉੱਡਦੇ ਰਹਿੰਦੇ ਹਨ, ਉਨ੍ਹਾਂ ਦੇ ਮੁਸਾਫਰਾਂ ਨੂੰ ਵੀ ਇਹ ਲੋੜ ਜ਼ਰੂਰ ਪੈਂਦੀ ਹੋਵੇਗੀ ਤੇ ਜਹਾਜ਼ਾਂ ਤੋਂ ਇਹ ਗੰਦ ਹੇਠਾਂ ਕਦੀ ਸੁੱਟਿਆ ਨਹੀਂ ਜਾਂਦਾ, ਗੱਡੀਆਂ ਦਾ ਗੰਦ ਵੀ ਇੱਦਾਂ ਸੁੱਟੇ ਬਗੈਰ ਸੰਭਾਲਿਆ ਜਾ ਸਕਦਾ ਹੈਬਹੁਤ ਸਾਲ ਲੰਘਾ ਕੇ ਅੱਜਕੱਲ੍ਹ ਇਹ ਕੰਮ ਭਾਰਤੀ ਰੇਲਾਂ ਵਿੱਚ ਕੀਤਾ ਜਾਣ ਲੱਗਾ ਹੈ, ਪਰ ਜਿਹੜੀ ਗੱਲ ਉਹ ਸੱਜਣ ਕਹਿ ਰਿਹਾ ਸੀ, ਉਸ ਬਾਰੇ ਸੋਚਣ ਲਈ ਭਾਰਤੀ ਰੇਲਵੇ ਨੂੰ ਆਜ਼ਾਦੀ ਤੋਂ ਬਾਅਦ ਪੌਣੀ ਸਦੀ ਕਿਉਂ ਲੱਗੀ? ਇੱਦਾਂ ਦੀ ਗੱਲ ਸੋਚਣ ਦੀ ਥਾਂ ਰੇਲਵੇ ਬੋਰਡ ਦੇ ਮੈਂਬਰ ਅਤੇ ਅਧਿਕਾਰੀ ਜੇਬਾਂ ਭਰਨ ਲਈ ਤਾਂ ਨਹੀਂ ਸਨ ਰੱਖੇ ਗਏ!

ਅਲੋਕਾਰ ਤੇ ਕੁੜੱਤਣ ਨਾਲ ਭਰੇ ਸੁਭਾਅ ਵਾਲਾ ਉਹ ਦੋਸਤ ਸਰਕਾਰਾਂ ਨਾਲ ਵੀ ਨਾਰਾਜ਼ ਰਹਿੰਦਾ ਹੈ, ਅਖਬਾਰਾਂ ਵਿੱਚ ਆਪਣੇ ਫੋਟੋ ਛਪਦੇ ਵੇਖਣ ਵਾਲੇ ਸਮਾਜ ਸੇਵੀਆਂ ਨਾਲ ਵੀ ਤੇ ਨਿੱਜੀ ਦੋਸਤੀ ਨਾ ਹੋਵੇ ਤਾਂ ਸਾਡੇ ਜਿਹੇ ਪੱਤਰਕਾਰਾਂ ਨੂੰ ਵੀ ਮਿਲਣਾ ਚੰਗਾ ਨਹੀਂ ਸਮਝਦਾਉਹ ਸਾਨੂੰ ਸਾਰਿਆਂ ਨੂੰ ਨਿਕੰਮੇ ਸਮਝਦਾ ਅਤੇ ਆਖਦਾ ਵੀ ਹੈਕਾਰਨ ਉਹ ਇਹ ਦੱਸਦਾ ਹੈ ਕਿ ਅਸੀਂ ਸਿਰਫ ਹੋਏ-ਵਾਪਰੇ ਦੀ ਪੇਸ਼ਕਾਰੀ ਕਰਦੇ ਹਾਂ, ਹੋਰਾਂ ਦੇ ਨੁਕਸ ਬੜੇ ਕੱਢਦੇ ਹਾਂ, ਸੰਸਾਰ ਬਚਾਉਣ ਲਈ ਕੀ ਕੁਝ ਕਰਨ ਦੀ ਲੋੜ ਹੈ, ਉਹ ਗੱਲ ਕਰਨ ਦਾ ਹੌਸਲਾ ਨਹੀਂ ਕਰਦੇਖਾਸ ਕਰ ਕੇ ਪਰਦੂਸ਼ਣ ਬਾਰੇ ਚਰਚਾ ਚੱਲ ਪਵੇ ਤਾਂ ਉਹ ਬਹੁਤ ਕੌੜਾ ਹੋ ਜਾਂਦਾ ਹੈਇੱਕ ਵਾਰ ਇਹੋ ਜਿਹੇ ਮੌਕੇ ਉਸ ਨੇ ਪੁੱਛ ਲਿਆ, “ਵਿਕਸਤ ਦੇਸ਼ਾਂ ਵਿੱਚ ਭਲਾ ਗਾਵਾਂ-ਮੱਝਾਂ ਨਹੀਂ ਹੁੰਦੀਆਂ, ਜੇ ਹੁੰਦੀਆਂ ਹਨ ਤਾਂ ਚਾਰਾ ਨਹੀਂ ਖਾਂਦੀਆਂ, ਜੇ ਖਾਂਦੀਆਂ ਹਨ ਤਾਂ ਕੀ ਗੋਬਰ ਨਹੀਂ ਕਰਦੀਆਂ ਹੋਣਗੀਆਂ, ਪਰ ਉਨ੍ਹਾਂ ਦੇਸ਼ਾਂ ਵਿੱਚ ਸਾਡੇ ਵਾਂਗ ਗੰਦ ਕਿਉਂ ਨਹੀਂ ਪੈਂਦਾ ਤੇ ਸਾਡੇ ਭਾਰਤ ਵਿੱਚ ਮਨੁੱਖਾਂ ਤੋਂ ਲੈ ਕੇ ਪਸ਼ੂਆਂ ਤਕ ਦਾ ਗੰਦ ਕਦੀ ਠੀਕ ਤਰ੍ਹਾਂ ਸਾਂਭਿਆ ਕਿਉਂ ਨਹੀਂ ਜਾ ਸਕਿਆ? ਕੀ ਉਹ ਪਹਿਲਾਂ ਗਾਵਾਂ-ਮੱਝਾਂ ਦੇ ਫਾਰਮ ਬਣਾਉਂਦੇ ਹਨ ਜਾਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਗੰਦ-ਗੋਬਰ ਸੰਭਾਲਣ ਬਾਰੇ ਸੋਚਦੇ ਹਨ?” ਮੈਂ ਅੱਖਾਂ ਟੱਡ ਕੇ ਵੇਖਣ ਲੱਗਾ ਤਾਂ ਉਸ ਨੇ ਕਿਹਾ, “ਜਦੋਂ ਭਾਰਤ ਦੀ ਸਰਕਾਰ ਹਰ ਸਾਲ ਕਹਿੰਦੀ ਹੈ ਕਿ ਫਲਾਣੇ ਸਾਲ ਨੂੰ ਦੇਸ਼ ਦੀ ਆਬਾਦੀ ਐਨੇ ਕਰੋੜ ਹੋ ਜਾਣੀ ਹੈ ਅਤੇ ਫਿਰ ਹੋ ਜਾਂਦੀ ਹੈ, ਸਰਕਾਰ ਕਦੇ ਇਹ ਕਿਉਂ ਨਹੀਂ ਸੋਚਦੀ ਕਿ ਉਹ ਸਾਲ ਆਉਣ ਤੋਂ ਪਹਿਲਾਂ ਉਨ੍ਹਾਂ ਲੋਕਾਂ ਦੇ ਮਲ-ਮੂਤਰ ਨੂੰ ਸੰਭਾਲਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ?” ਉਹ ਪੁੱਛਦਾ ਸੀ ਕਿ ਸੰਸਾਰ ਦੇ ਵਿਕਸਤ ਦੇਸ਼ਾਂ ਦੇ ਲੋਕ ਮੱਝਾਂ-ਗਾਵਾਂ ਬਾਰੇ ਵੀ ਅਗੇਤਾ ਸੋਚ ਸਕਦੇ ਹਨ ਤਾਂ ਸਾਡਾ ਸਮਾਜ ਭਵਿੱਖ ਦੇ ਨਾਗਰਿਕਾਂ, ਜਿਨ੍ਹਾਂ ਵਿੱਚੋਂ ਕਦੀ ਕੋਈ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣ ਸਕਦਾ ਹੈ, ਬਾਰੇ ਕਿਉਂ ਨਹੀਂ ਸੋਚ ਸਕਦਾ? ਨਾ ਭਵਿੱਖ ਦੇ ਨਾਗਰਿਕਾਂ ਦੇ ਚਾਰੇ ਬਾਰੇ ਅਗੇਤਾ ਸੋਚਿਆ ਜਾਂਦਾ ਹੈ ਤੇ ਨਾ ਉਸ ਤੋਂ ਪੈਂਦੇ ਪ੍ਰਭਾਵਾਂ ਬਾਰੇ, ਸਿਰਫ ਇਹ ਦੱਸਣ ਉੱਤੇ ਜ਼ੋਰ ਲੱਗਦਾ ਹੈ ਕਿ ‘ਮਨੁੱਖ ਇੱਕ ਸਮਾਜੀ ਜੀਵ ਹੈ’, ਜੇ ਸਮਾਜ ਇਹ ਗੱਲ ਨਾ ਦੱਸੇਗਾ ਤਾਂ ਭਲਾ ਇਹ ਸਮਾਜੀ ਜੀਵ ਨਾ ਰਹੇਗਾ? ਸਮਾਜ ਇੰਨੀ ਗੱਲ ਕਹਿਣ ਨਾਲ ਫਰਜ਼ਾਂ ਤੋਂ ਮੁਕਤ ਨਹੀਂ ਹੋ ਜਾਂਦਾ, ਪਰ ਫਰਜ਼ ਪੂਰਤੀ ਲਈ ਕੁਝ ਕਰਦਾ ਕਿਉਂ ਨਹੀਂ? ਇੱਦਾਂ ਦੇ ਕੁੜੱਤਣ ਦੇ ਭਰੇ ਬੰਦਿਆਂ ਦੀ ਗੱਲ ਸਾਨੂੰ ਸਭ ਨੂੰ ਸੁਣਨੀ ਚਾਹੀਦੀ ਹੈ, ਪਰ ਨਗਾਰਖਾਨੇ ਵਿੱਚ ਤੂਤੀ ਨੂੰ ਸੁਣੇਗਾ ਕੌਣ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4067)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author