JatinderPannu7ਸਚਾਈ ਇਹ ਹੈ ਕਿ ਪਿਛਲੇ ਸਮੇਂ ਵਿੱਚ ਦੋਵਾਂ ਧਿਰਾਂ ਦਾ ਵਿਹਾਰ ਇੱਕ ਦੂਜੇ ਨਾਲ ਤਾਲਮੇਲ ਕਰਨ ਦੀ ਥਾਂ ...
(29 ਅਗਸਤ 2023)


ਹਥਲੀ ਲਿਖਤ ਲਿਖਦੇ ਵਕਤ ਸਾਡੇ ਸਾਹਮਣੇ ਪੰਜਾਬ ਦੇ ਮੌਜੂਦਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਝੀ ਅਗਸਤ ਨੂੰ ਲਿਖਿਆ ਪੱਤਰ ਪਿਆ ਹੈ
ਇਸ ਪੱਤਰ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸਿੱਧੀ ਬੋਲੀ ਵਿੱਚ ਕਹਿ ਦਿੱਤਾ ਹੈ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਲਿਖੀਆਂ ਚਿੱਠੀਆਂ ਦਾ ਕਦੀ ਜਵਾਬ ਨਹੀਂ ਦਿੱਤਾ, ਸੰਵਿਧਾਨ ਅਨੁਸਾਰ ਇਹ ਦੇਣਾ ਚਾਹੀਦਾ ਸੀਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਕੀਤੀਆਂ ਕਈ ਟਿੱਪਣੀਆਂ ਦਾ ਵੀ ਜ਼ਿਕਰ ਕਰ ਕੇ ਅੰਤ ਵਿੱਚ ਸੰਵਿਧਾਨ ਦੀਆਂ ਕੁਝ ਧਾਰਾਵਾਂ ਦੇ ਹਵਾਲੇ ਦੇ ਕੇ ਸਾਫ ਧਮਕੀ ਦਿੱਤੀ ਹੈ ਕਿ ਉਹ ਰਾਜ ਸਰਕਾਰ ਵਿਰੁੱਧ ਰਾਸ਼ਟਰਪਤੀ ਨੂੰ ਆਪਣੀ ਸਿਫਾਰਸ਼ ਭੇਜ ਸਕਦੇ ਹਨਇਹ ਆਖਰੀ ਕਦਮ ਹੈ, ਜਿਹੜਾ ਕੋਈ ਗਵਰਨਰ ਕਿਸੇ ਸਰਕਾਰ ਵਿਰੁੱਧ ਚੁੱਕ ਸਕਦਾ ਹੈ ਤੇ ਜਦੋਂ ਇੱਦਾਂ ਦੀ ਸਿਫਾਰਸ਼ ਚਲੀ ਜਾਵੇ ਤਾਂ ਕੇਂਦਰ ਸਰਕਾਰ ਇਸ ਬਾਰੇ ਮੀਟਿੰਗ ਕਰਦੀ ਅਤੇ ਆਮ ਤੌਰ ਉੱਤੇ ਸੰਬੰਧਤ ਰਾਜ ਦੀ ਸਰਕਾਰ ਵਿਰੁੱਧ ਕਾਰਵਾਈ ਕਰਨ ਲਈ ਰਾਸ਼ਟਰਪਤੀ ਨੂੰ ਅਗਲੀ ਸਿਫਾਰਸ਼ ਕਰ ਦਿੰਦੀ ਹੈਅਸਲੀਅਤ ਇਹ ਹੈ ਕਿ ਹਰ ਗਵਰਨਰ ਦੇ ਕੋਲ ਹਰ ਸਰਕਾਰ ਵਿਰੁੱਧ ਇੱਦਾਂ ਦੀ ਰਿਪੋਰਟ ਭੇਜਣ ਦਾ ਮਸਾਲਾ ਹਰ ਵਕਤ ਜਮ੍ਹਾਂ ਹੁੰਦਾ ਹੈ ਅਤੇ ਭਾਵੇਂ ਕੇਂਦਰ ਅਤੇ ਰਾਜ ਵਿੱਚ ਇੱਕੋ ਪਾਰਟੀ ਦੀ ਸਰਕਾਰ ਵੀ ਹੋਵੇ, ਗਵਰਨਰ ਇੱਦਾਂ ਦੀ ਤਿਆਰੀ ਹਮੇਸ਼ਾ ਕਰਦੇ ਰਹਿੰਦੇ ਹਨ ਕਿ ਜੇ ਕਦੇ ਆਪਣਾ ਬੰਦਾ ਵੀ ਬਾਗੀ ਹੁੰਦਾ ਨਜ਼ਰ ਪਵੇ ਤਾਂ ਉਸ ਦੇ ਹੇਠੋਂ ਵੀ ਫੱਟਾ ਖਿੱਚਣ ਵਿੱਚ ਦੇਰ ਨਾ ਹੋਵੇਸਾਰੀ ਫਾਈਲ ਤਿਆਰ ਰੱਖੀ ਜਾਣ ਦੇ ਬਾਵਜੂਦ ਕਦੇ ਕੋਈ ਗਵਰਨਰ ਇੱਦਾਂ ਦੀ ਸਿਫਾਰਸ਼ ਆਪਣੇ ਆਪ ਨਹੀਂ ਭੇਜਦਾ, ਕੇਂਦਰ ਸਰਕਾਰ ਨਾਲ ਸਿੱਧੀਆਂ ਵਿਚਾਰਾਂ ਜਾਂ ਵਿਚਲੇ ਕੁਝ ਲੋਕਾਂ ਦੇ ਰਾਹੀਂ ਸਲਾਹਾਂ ਦੀ ਲੜੀ ਚਲਾਈ ਰੱਖਦਾ ਹੈ, ਜਦੋਂ ਕੇਂਦਰ ਸਰਕਾਰ ਕਹਿ ਦੇਵੇ ਕਿ ਇਹੋ ਜਿਹੀ ਫਾਈਲ ਭੇਜ ਦੇਵੋ ਤਾਂ ਦਸਾਂ ਮਿੰਟਾਂ ਵਿੱਚ ਇਹ ਕੰਮ ਕਰਨ ਲਈ ਅਗੇਤੀ ਬਣਾ ਕੇ ਰੱਖੀ ਚਿੱਠੀ ਫਾਈਲ ਨਾਲ ਨੱਥੀ ਕਰਦਾ ਹੈ ਅਤੇ ਕੇਂਦਰ ਵੱਲ ਭੇਜ ਦਿੰਦਾ ਹੈਜਿੱਦਾਂ ਦੀ ਦਬਕੇ ਦੀ ਭਾਸ਼ਾ ਨਾਲ ਭਰੀ ਚਿੱਠੀ ਪੰਜਾਬ ਦੇ ਗਵਰਨਰ ਨੇ ਇਸ ਵਾਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੀ ਹੈ, ਇਸ ਤੋਂ ਲੱਗਦਾ ਹੈ ਕਿ ਕੇਂਦਰ ਸਰਕਾਰ ਇਸ ਸਰਕਾਰ ਨੂੰ ਝੁਕਾਉਣ ਜਾਂ ਲਾਂਭੇ ਕਰਨ ਦਾ ਮਨ ਬਣਾ ਚੁੱਕੀ ਹੋ ਸਕਦੀ ਹੈਅੱਗੋਂ ਭਗਵੰਤ ਮਾਨ ਜਾਂ ਉਸ ਦੀ ਪਾਰਟੀ ਇਸ ਤੋਂ ਬਚਣ ਦਾ ਰਾਹ ਲੱਭੇਗੀ ਜਾਂ ਟੱਕਰ ਲਈ ਅੱਗੇ ਵਧੇਗੀ, ਕਹਿ ਸਕਣਾ ਔਖਾ ਹੈ

ਸਚਾਈ ਇਹ ਹੈ ਕਿ ਪਿਛਲੇ ਸਮੇਂ ਵਿੱਚ ਦੋਵਾਂ ਧਿਰਾਂ ਦਾ ਵਿਹਾਰ ਇੱਕ ਦੂਜੇ ਨਾਲ ਤਾਲਮੇਲ ਕਰਨ ਦੀ ਥਾਂ ਸਿੱਧੇ ਜਾਂ ਵਲਾਵੇਂਦਾਰ ਮਿਹਣੇ ਮਾਰਨ ਤੇ ਲੋਕ-ਕਚਹਿਰੀ ਵਿੱਚ ਬੁਰਾ ਬਣਾਉਣ ਵਾਲਾ ਹੀ ਰਿਹਾ ਹੈਜਿਹੜੇ ਰੰਗ ਗਵਰਨਰ ਸਾਹਿਬ ਨੇ ਤੇ ਪੰਜਾਬ ਸਰਕਾਰ ਨੇ ਵਿਖਾਏ ਹਨ, ਅੱਜ ਤਕ ਇਹ ਰੰਗੇ ਕਦੇ ਵੇਖੇ ਹੀ ਨਹੀਂ ਸਨਅਸੀਂ ਲੋਕ ਗਵਰਨਰਾਂ ਦੇ ਦਾਬੇ ਤੇ ਉਨ੍ਹਾਂ ਵੱਲੋਂ ਇੱਦਾਂ ਦੀਆਂ ਸਿਫਾਰਸ਼ਾਂ ਭੇਜਣ ਪਿੱਛੋਂ ਪੰਜਾਬ ਦੀਆਂ ਸਰਕਾਰਾਂ ਤੋੜਨ ਦੀਆਂ ਘਟਨਾਵਾਂ ਕਈ ਵਾਰ ਵੇਖ ਚੁੱਕੇ ਹਾਂਸਾਡੀ ਜਾਣਕਾਰੀ ਮੁਤਾਬਕ ਪਹਿਲੀ ਵਾਰ ਰਾਸ਼ਟਰਪਤੀ ਰਾਜ ਵੀ ਪੰਜਾਬ ਵਿੱਚ ਲਾਇਆ ਗਿਆ ਸੀ, ਜਦੋਂ ਦੋ ਕਾਂਗਰਸੀ ਮੁੱਖ ਮੰਤਰੀਆਂ ਗੋਪੀ ਚੰਦ ਭਾਰਗੋ ਤੇ ਭੀਮ ਸੈਨ ਸੱਚਰ ਦੀ ਖਿੱਚੋਤਾਣ ਕਿਸੇ ਪਾਸੇ ਲਗਦੀ ਨਹੀਂ ਸੀਫਿਰ ਦੂਸਰਾ ਰਾਸ਼ਟਰਪਤੀ ਰਾਜ ਵੀ ਪੰਜਾਬ ਦੀਆਂ ਕੁਝ ਰਿਆਸਤਾਂ ਨੂੰ ਮਿਲਾ ਕੇ ਬਣਾਏ ਪੈਪਸੂ ਰਾਜ ਦੀ ਸਰਕਾਰ ਤੋੜ ਕੇ ਲਾਇਆ ਗਿਆ ਸੀ ਤੇ ਤੀਸਰੀ ਵਾਰ ਕੁਝ ਸਾਲ ਪਿੱਛੋਂ ਇਹੋ ਕੁਝ ਦੱਖਣ ਦੇ ਰਾਜ ਕੇਰਲਾ ਵਿੱਚ ਪਹਿਲੀ ਵਾਰ ਵੋਟਾਂ ਨਾਲ ਚੁਣੀ ਗਈ ਕਮਿਊਨਿਸਟ ਸਰਕਾਰ ਤੋੜਨ ਵੇਲੇ ਹੋਇਆ ਸੀਪੰਜਾਬ ਸਭ ਤੋਂ ਵੱਧ ਵਾਰੀ ਇਸ ਤਰ੍ਹਾਂ ਰਾਸ਼ਟਰਪਤੀ ਰਾਜ ਲੱਗਣ ਦੀ ਸੱਟ ਖਾਣ ਵਾਲੇ ਤਿੰਨ ਰਾਜਾਂ ਵਿੱਚੋਂ ਇੱਕ ਸੀ ਅਤੇ ਅੱਜ ਫਿਰ ਉਸੇ ਦੋਰਾਹੇ ਉੱਤੇ ਖੜ੍ਹਾ ਜਾਪਦਾ ਹੈ

ਸਮਾਜੀ ਜੀਵਨ ਵਿੱਚ ਆਉਣ ਮਗਰੋਂ ਅਸੀਂ ਐਮਰਜੈਂਸੀ ਦੇ ਬਾਅਦ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਤੋੜਨ ਦਾ ਮੋਰਾਰਜੀ ਡਿਸਾਈ ਸਰਕਾਰ ਦਾ ਵੇਲਾ ਪਹਿਲੀ ਵਾਰ ਵੇਖਿਆ ਸੀਜਿਨ੍ਹਾਂ ਸੱਜਣਾਂ ਨੇ ਉਹ ਸਰਕਾਰ ਤੁੜਵਾਈ, ਪੌਣੇ ਤਿੰਨ ਸਾਲਾਂ ਪਿੱਛੋਂ ਉਹ ਖੁਦ ਇੰਦਰਾ ਗਾਂਧੀ ਸਰਕਾਰ ਤੋਂ ਇਹੋ ਸੱਟ ਖਾ ਬੈਠੇ ਸਨਇਸ ਪਿੱਛੋਂ ਕਾਂਗਰਸ ਦੇ ਦਰਬਾਰਾ ਸਿੰਘ ਦੀ ਸਰਕਾਰ ਵੀ ਸਾਢੇ ਤਿੰਨ ਸਾਲ ਪੂਰੇ ਹੋਣ ਤੋਂ ਪਹਿਲਾਂ ਤੋੜ ਕੇ ਰਾਸ਼ਟਰਪਤੀ ਰਾਜ ਲਾਉਣ ਦੀ ਨੌਬਤ ਆਈ ਤੇ ਅਗਲੇ ਸਾਲਾਂ ਵਿੱਚ ਵੱਡੀਆਂ ਸੋਗੀ ਘਟਨਾਵਾਂ ਪਿੱਛੋਂ ਬਣੀ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਦੋ ਸਾਲ ਪੂਰੇ ਕਰਨ ਤੋਂ ਪਹਿਲਾਂ ਇਸੇ ਤਰ੍ਹਾਂ ਤੋੜੀ ਗਈ ਸੀਇਨ੍ਹਾਂ ਸਾਰੇ ਮੌਕਿਆਂ ਉੱਤੇ ਪੰਜਾਬ ਦਾ ਹੰਢਾਇਆ ਸਮਾਂ ਸਾਰੇ ਦੇਸ਼ ਵਿੱਚ ਸਭ ਤੋਂ ਵੱਧ ਹੁੰਦਾ ਸੀ, ਪਰ ਜੰਮੂ-ਕਸ਼ਮੀਰ ਵਿੱਚ ਪਿਛਲੇ ਚਾਰ ਸਾਲਾਂ ਦੇ ਦੌਰ ਨੇ ਉਸ ਦੇ ਰਾਸ਼ਟਰਪਤੀ ਰਾਜ ਦਾ ਸਮਾਂ ਬਾਕੀ ਸਾਰੇ ਰਾਜਾਂ ਨਾਲੋਂ ਵਧਾ ਕੇ ਪਹਿਲੇ ਥਾਂ ਪੁਚਾ ਦਿੱਤਾ ਹੈਅੱਗੋਂ ਕੀ ਕੁਝ ਹੋ ਸਕਦਾ ਹੈ, ਕੋਈ ਕਹਿਣ ਜੋਗਾ ਨਹੀਂ

ਪੰਜਾਬ ਦੇ ਮੌਜੂਦਾ ਗਵਰਨਰ ਅਤੇ ਮੌਜੂਦਾ ਮੁੱਖ ਮੰਤਰੀ ਦੀ ਖਿੱਚੋਤਾਣ ਬਾਰੇ ਅਸੀਂ ਪਹਿਲੇ ਦਿਨੋਂ ਇਹ ਕਹਿ ਰਹੇ ਹਾਂ ਕਿ ਇਹ ਇਸ ਰਾਜ ਅਤੇ ਰਾਜ ਦੇ ਲੋਕਾਂ ਦੇ ਹਿਤ ਵਿੱਚ ਚੰਗੀ ਨਹੀਂਦੋਵਾਂ ਧਿਰਾਂ ਦੀ ਕੁੜੱਤਣ ਮੁਕਾਉਣ ਵਾਸਤੇ ਨਾ ਸਹੀ, ਘਟਾਉਣ ਲਈ ਵੀ ਜੋ ਕੁਝ ਹੋ ਸਕਦਾ ਸੀ, ਉਹ ਕੀਤਾ ਨਹੀਂ ਗਿਆਕੁਝ ਲੋਕ ਕਹਿੰਦੇ ਹਨ ਕਿ ਕਿਸੇ ਰਾਜ ਵਿੱਚ ਦੇਸ਼ ਦੇ ਸੰਵਿਧਾਨ ਦੀ ਧਾਰਾ ਤਿੰਨ ਸੌ ਛਪੰਜਾ ਲਾਗੂ ਕਰਨ ਬਾਰੇ ਸੁਪਰੀਮ ਕੋਰਟ ਦੇ ਬੀਤੇ ਸਮੇਂ ਦੇ ਕੁਝ ਫੈਸਲੇ ਇੱਦਾਂ ਦੇ ਹਨ ਕਿ ਕੇਂਦਰ ਸਰਕਾਰ ਨੂੰ ਇਹ ਕੰਮ ਕਰਨ ਤੋਂ ਪਹਿਲਾਂ ਕੁਝ ਸੋਚਣਾ ਪਵੇਗਾਇਹ ਗੱਲ ਠੀਕ ਨਹੀਂਕੁੜੱਤਣ ਜਿੰਨੀ ਵਧਦੀ ਗਈ ਸੀ, ਦਿੱਲੀ ਬਾਰੇ ਵੀ ਅਸੀਂ ਪਹਿਲਾਂ ਕਹਿ ਦਿੱਤਾ ਸੀ ਕਿ ਕੇਂਦਰ ਸਰਕਾਰ ਉਸ ਦੇ ਅੱਗੇ ਕੰਡੇ ਬੀਜਣ ਲਈ ਇਹੋ ਜਿਹਾ ਕੁਝ ਕਰ ਸਕਦੀ ਹੈ, ਜਿਸਦਾ ਤੋੜ ਨਹੀਂ ਨਿਕਲਣਾ ਅਤੇ ਉਹ ਹੋ ਗਿਆ ਸੀਸਰਕਾਰ ਉਹ ਤੋੜੀ ਨਹੀਂ ਗਈ, ਪਰ ਮੁੱਖ ਮੰਤਰੀ ਹੁੰਦੇ ਹੋਏ ਵੀ ਉਸ ਦਾ ਅਧਿਕਾਰ ਕੋਈ ਨਹੀਂ ਰਹਿਣ ਦਿੱਤਾ ਗਿਆ ਤੇ ਕੇਂਦਰ ਸਰਕਾਰ ਨੇ ਇਹ ਕੁਝ ਸਿਰਫ ਆਰਡੀਨੈਂਸ ਜਾਰੀ ਕਰ ਕੇ ਅਤੇ ਫਿਰ ਕੁਝ ਵਾਧੇ-ਘਾਟੇ ਨਾਲ ਉਸੇ ਨੂੰ ਬਿੱਲ ਵਜੋਂ ਪਾਸ ਕਰ ਕੇ ਜ਼ਿਦ ਪੂਰੀ ਕਰ ਲਈ ਹੈਅੱਜ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੈ, ਪਰ ਅਧਿਕਾਰ ਉਸ ਦੇ ਕੋਈ ਖਾਸ ਨਹੀਂ ਰਹੇ

ਸੰਵਿਧਾਨ ਦੀ ਧਾਰਾ ਤਿੰਨ ਸੌ ਛਪੰਜਾ ਬਾਰੇ ਇਹ ਗਲਤ ਸਮਝ ਹੈ ਕਿ ਉਸ ਦੀ ਵਰਤੋਂ ਨਾਲ ਰਾਜ ਸਰਕਾਰ ਤੋੜੀ ਜਾਣ ਦਾ ਕੰਮ ਹੀ ਹੁੰਦਾ ਹੈ, ਅਸਲੀਅਤ ਇਹ ਹੈ ਕਿ ਕਿਸੇ ਮੁਕੰਮਲ ਰਾਜ ਦੀ ਸਰਕਾਰ ਨੂੰ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਾਂਗ ਅਸਲੋਂ ਨਕਾਰਾ ਕਰ ਦੇਣ ਦਾ ਪ੍ਰਬੰਧ ਇਸ ਸੰਵਿਧਾਨਕ ਧਾਰਾ ਵਿੱਚ ਮੌਜੂਦ ਹੈਇਹ ਧਾਰਾ ਕਹਿੰਦੀ ਹੈ ਕਿ ਗਵਰਨਰ ਦੀ ਸਿਫਾਰਸ਼ ਨਾਲ ਜੇ ਰਾਸ਼ਟਰਪਤੀ ਦੀ ਤਸੱਲੀ ਹੋ ਜਾਵੇ ਕਿ ਰਾਜ ਸਰਕਾਰ ਠੀਕ ਨਹੀਂ ਚੱਲਦੀ ਤਾਂ ਉਸ ਵਕਤ ਉਸ ਸਰਕਾਰ ਦੇ ਸਾਰੇ ਅਧਿਕਾਰ ਜਾਂ ਜਿੰਨੇ ਅਧਿਕਾਰ ਚਾਹੇ, ਉਸ ਤੋਂ ਖੋਹ ਕੇ ਆਪਣੇ ਹੱਥ ਲੈਣ ਵਾਲਾ ਕੰਮ ਕਰ ਸਕਦਾ ਹੈ ਉਸੇ ਧਾਰਾ ਦੀ ਦੂਸਰੀ ਉਪ-ਧਾਰਾ ਮੁਤਾਬਕ ਉਸ ਰਾਜ ਦੀ ਵਿਧਾਨ ਸਭਾ ਨੂੰ ਮਿਲੀਆਂ ਹੋਈਆਂ ਸਭ ਤਾਕਤਾਂ ਵੀ ਰਾਸ਼ਟਰਪਤੀ ਉਸ ਤੋਂ ਵਾਪਸ ਲੈ ਸਕਦਾ ਹੈਰਾਜ ਸਰਕਾਰ ਤੋਂ ਜਾਂ ਰਾਜ ਦੀ ਵਿਧਾਨ ਸਭਾ ਤੋਂ ਜਿਹੜੇ ਅਧਿਕਾਰ ਵੀ ਰਾਸ਼ਟਰਪਤੀ ਨੇ ਖੋਹਣੇ ਹਨ, ਉਹ ਕਹਿਣ ਨੂੰ ਰਾਸ਼ਟਰਪਤੀ ਨੇ ਖੋਹਣੇ ਹਨ, ਅਸਲ ਵਿੱਚ ਫੈਸਲਾ ਵੀ ਕੇਂਦਰ ਸਰਕਾਰ ਨੇ ਕਰਨਾ ਹੁੰਦਾ ਹੈ ਅਤੇ ਜਦੋਂ ਉਹ ਰਾਜ ਸਰਕਾਰ ਟੁੱਟ ਜਾਵੇ, ਫਿਰ ਉਸ ਦਾ ਰਾਜ ਪ੍ਰਬੰਧ ਵੀ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਰਾਹੀਂ ਉੱਥੋਂ ਚਲਾਇਆ ਜਾਂਦਾ ਅਸੀਂ ਕਈ ਵਾਰ ਵੇਖ ਚੁੱਕੇ ਹਾਂਇਹੋ ਜਿਹੀ ਨੌਬਤ ਆਉਣ ਤੋਂ ਰੋਕਣ ਦਾ ਇੱਕ ਤਰੀਕਾ ਹੁੰਦਾ ਹੈ ਕਿ ਦੁਵੱਲੀ ਕੁੜੱਤਣ ਘਟਾ ਕੇ ਹਾਲਾਤ ਇੱਦਾਂ ਦੇ ਬਣਾਏ ਜਾਣ ਕਿ ਕੇਂਦਰ ਸਰਕਾਰ ਇਹੋ ਜਿਹਾ ਕਦਮ ਨਾ ਚੁੱਕੇ ਅਤੇ ਦੂਸਰਾ ਤਰੀਕਾ ਇਸ ਨੂੰ ਰੋਕਣ ਲਈ ਸੁਪਰੀਮ ਕੋਰਟ ਵਿੱਚ ਅਗੇਤੀ ਪਹੁੰਚ ਦੀ ਅਰਜ਼ੀ ਦਾ ਹੋ ਸਕਦਾ ਹੈਅਗੇਤੀ ਅਰਜ਼ੀ ਨਾਲ ਇੱਦਾਂ ਦਾ ਕੋਈ ਕਦਮ ਰੁਕਣਾ ਹੁੰਦਾ ਤਾਂ ਸੁਪਰੀਮ ਕੋਰਟ ਵੱਲੋਂ ਦਿੱਲੀ ਸਰਕਾਰ ਦੇ ਹੱਕ ਵਿੱਚ ਫੈਸਲਾ ਕਰ ਦੇਣ ਦੇ ਬਾਅਦ ਕੇਂਦਰ ਸਰਕਾਰ ਨੇ ਉਹ ਕਦਮ ਨਹੀਂ ਸੀ ਚੁੱਕਣਾ, ਜਿਹੜਾ ਕੇਜਰੀਵਾਲ ਦੇ ਖਿਲਾਫ ਚੁੱਕਿਆ ਗਿਆ ਤੇ ਪਾਰਲੀਮੈਂਟ ਤੋਂ ਬਿੱਲ ਪਾਸ ਕਰਵਾ ਕੇ ਕਾਨੂੰਨੀ ਮੋਹਰ ਲਾਈ ਗਈ ਹੈਇਸ ਲਈ ਪੰਜਾਬ ਦੀ ਸਰਕਾਰ ਦਾ ਕੀ ਬਣੇਗਾ, ਇਸ ਬਾਰੇ ਕੇਂਦਰ ਦਾ ਇਰਾਦਾ ਵੀ ਸੁਪਰੀਮ ਕੋਰਟ ਦੇ ਦਖਲ ਨਾਲ ਬਦਲ ਸਕਣ ਦੀ ਬਹੁਤੀ ਆਸ ਨਹੀਂ

ਕੁੱਲ ਮਿਲਾ ਕੇ ਸਥਿਤੀ ਇੱਦਾਂ ਦੀ ਹੈ ਕਿ ਪੰਜਾਬ ਦੇ ਹਾਲਾਤ ਲਗਾਤਾਰ ਜਿਸ ਪਾਸੇ ਵਧੀ ਜਾਂਦੇ ਹਨ ਤੇ ਅੱਗੇ ਕੋਈ ਸਪੀਡ-ਬਰੇਕਰ ਨਹੀਂ ਦਿਸਦਾ, ਉਸ ਤੋਂ ਹਰ ਪੰਜਾਬੀ ਨੂੰ ਚਿੰਤਤ ਹੋਣਾ ਚਾਹੀਦਾ ਹੈਗੁਜਰਾਤ ਦੀ ਇੱਕ ਯੂਨੀਵਰਸਿਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਬਾਰੇ ਕੀਤੇ ਗਏ ਕੇਸ ਵਿੱਚ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦਾ ਚੱਕਰ ਲਾ ਮੁੜਿਆ ਹੈ, ਪਰ ਰਾਹਤ ਨਹੀਂ ਮਿਲੀਇਸ ਪਿੱਛੋਂ ਸਿਰਫ ਇਹੋ ਨਹੀਂ ਕਿ ਉਸ ਕੇਸ ਲਈ ਉਸ ਨੂੰ ਉਸੇ ਰਾਜ ਦੀ ਇੱਕ ਅਦਾਲਤ ਵਿੱਚ ਜਾਣਾ ਪੈ ਜਾਣਾ ਹੈ, ਜਿੱਥੇ ਰਾਹੁਲ ਗਾਂਧੀ ਨਾਲ ਜੋ ਕੁਝ ਹੋਇਆ, ਸਾਰੇ ਲੋਕਾਂ ਨੂੰ ਪਤਾ ਹੈ, ਸਗੋਂ ਦਿੱਲੀ ਵਾਲੇ ਬਿੱਲ ਬਾਰੇ ਪਾਰਲੀਮੈਂਟ ਵਿੱਚ ਬਹਿਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਸ਼ਬਦ ਉਸ ਬਾਰੇ ਕਹੇ ਸਨ, ਉਹ ਵੀ ਸਾਫ ਦੱਸਦੇ ਹਨ ਕਿ ਗੱਲ ਕਾਫੀ ਦੂਰ ਤਕ ਜਾ ਸਕਦੀ ਹੈਸੰਵਿਧਾਨ ਅਤੇ ਅਦਾਲਤੀ ਸੁਣਵਾਈਆਂ ਦੇ ਬਹੁਤ ਸਾਰੇ ਮਾਹਰ ਦੋਵਾਂ ਧਿਰਾਂ ਕੋਲ ਹਨ, ਪਰ ਇੱਕ ਸ਼ਕਤੀ ਕੇਂਦਰ ਸਰਕਾਰ ਦੇ ਕੋਲ ਅਤੇ ਸਿਰਫ ਉਸੇ ਕੋਲ ਹੈ ਕਿ ਜਿਹੜੀ ਵੀ ਸੰਵਿਧਾਨਕ ਵਿਵਸਥਾ ਉਸ ਨੂੰ ਰਾਸ ਨਾ ਆਉਂਦੀ ਹੋਵੇ, ਉਸ ਨੂੰ ਪਾਰਲੀਮੈਂਟ ਤੋਂ ਪਾਸ ਕਰਵਾ ਕੇ ਸੋਧ ਸਕਦੀ ਹੈਦੇਸ਼ ਦੇ ਸੰਵਿਧਾਨ ਵਿੱਚ ਜੇ ਪਹਿਲਾਂ ਇੱਕ ਸੌ ਪੰਜ ਸੋਧਾਂ ਹੋ ਚੁੱਕੀਆਂ ਹਨ ਅਤੇ ਇਹ ਸੋਧਾਂ ਹਰ ਪਾਰਟੀ ਦੀ ਸਰਕਾਰ ਦੇ ਵਕਤ ਇਸੇ ਤਰ੍ਹਾਂ ਹੁੰਦੀਆਂ ਰਹੀਆਂ ਹੋਣ ਦਾ ਰਿਕਾਰਡ ਹੈ ਤਾਂ ਅਗਲੀ ਉਹ ਸੋਧ ਕਰਨ ਤੋਂ ਮੌਜੂਦਾ ਕੇਂਦਰ ਸਰਕਾਰ ਨੂੰ ਕੋਈ ਤਾਕਤ ਰੋਕ ਨਹੀਂ ਸਕੇਗੀ, ਜਿਸ ਵਿੱਚ ਕਿਸੇ ਰਾਜ ਦੀ ਸਰਕਾਰ ਤੋੜੇ ਬਿਨਾਂ ਉਸ ਰਾਜ ਦੀ ਕਮਾਂਡ ਕੇਂਦਰ ਆਪਣੇ ਹੱਥ ਲੈ ਸਕਦਾ ਹੈ ਇੱਦਾਂ ਦੇ ਹਾਲਾਤ ਵਿੱਚ ਪੰਜਾਬ ਜਿਸ ਮੰਝਧਾਰ ਵਿੱਚ ਫਸ ਸਕਦਾ ਹੈ, ਜਾਂ ਫਸਾਇਆ ਜਾ ਸਕਦਾ ਹੈ, ਉਸ ਬਾਰੇ ਸੋਚਣਾ ਵੀ ਨੀਂਦ ਉਡਾ ਸਕਦਾ ਹੈਅਗਲੇ ਦਿਨ ਪੰਜਾਬ ਲਈ ਕੁਝ ਚੰਗੇ ਸੰਕੇਤ ਨਹੀਂ ਦਿੰਦੇ ਜਾਪਦੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4182)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author