JatinderPannu7ਕੈਮਰੇ ਸਾਹਮਣੇ ਫਸਣ ਦੇ ਬਾਵਜੂਦ ਉਸ ਸਾਬਕਾ ਰਾਜੇ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆਕਿਉਂਕਿ ਵਾਲ ਵਿੰਗਾ ਕਰਨ ...
(13 ਫਰਵਰੀ 2024)
ਇਸ ਸਮੇਂ ਪਾਠਕ: 240.


ਲੋਕਾਂ ਵੱਲੋਂ ਚੁਣੀ ਜਾਂਦੀ ਸਭ ਤੋਂ ਵੱਡੀ ਸੰਸਥਾ ਲੋਕ ਸਭਾ
, ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਲਈ ਜਦੋਂ ਸਾਡੇ ਲੋਕ ਇੱਕ ਵਾਰ ਹੋਰ ਆਪਣੀ ਰਾਏ ਦੇਣ ਲਈ ਸਮਾਂ ਸੂਚੀ ਆਉਣ ਨੂੰ ਉਡੀਕਦੇ ਪਏ ਸਨ, ਅਚਾਨਕ ਇੱਕ ਨਵੀਂ ਸਿਆਸੀ ਬਹਿਸ ਛਿੜ ਗਈ ਹੈਕੇਂਦਰ ਸਰਕਾਰ ਚਲਾਉਣ ਵਾਲਿਆਂ ਨੇ ਐਲਾਨ ਕਰ ਦਿੱਤਾ ਕਿ ਪਿਛਲੇ ਦਸ ਸਾਲਾਂ ਦਾ ਆਪਣਾ ਲੇਖਾ-ਪੱਤਾ ਲੋਕਾਂ ਅੱਗੇ ਰੱਖਣ ਦੀ ਥਾਂ ਉਹ ਆਪਣੇ ਤੋਂ ਪਹਿਲਾਂ ਰਾਜ ਕਰਦੇ ਰਹੇ ਕਾਂਗਰਸੀ ਗਠਜੋੜ ਵਾਲੇ ਦਸ ਸਾਲਾ ਰਾਜ ਦਾ ਵਾਈਟ ਪੇਪਰ ਪੇਸ਼ ਕਰਨਗੇਵਾਈਟ ਪੇਪਰ ਸਿਰਫ ਕਹਿਣ ਨੂੰ ਵਾਈਟ ਜਾਂ ਚਿੱਟਾ ਹੁੰਦਾ ਹੈ, ਉਂਝ ਇਹ ਜਿਸ ਕਿਸੇ ਬਾਰੇ ਪੇਸ਼ ਕੀਤਾ ਜਾਂਦਾ ਹੈ, ਉਸ ਦੀ ਸਮਾਜ ਵਿੱਚ ਇੱਜ਼ਤ ਰੋਲਣ ਲਈ ਉਸ ਦਾ ਹਰ ਕਾਲਾ ਪੱਖ ਲੱਭ-ਲੱਭ ਕੇ ਪਰੋਸਿਆ ਜਾਂਦਾ ਹੈ ਤੇ ਚੰਗਾ ਪੱਖ ਕੋਈ ਭੁੱਲੇ-ਭਟਕੇ ਵੀ ਵਿੱਚ ਲੱਭ ਗਿਆ ਹੋਵੇ ਤਾਂ ਮੁੜ-ਮੁੜ ਕੇ ਘੋਖਿਆ ਤੇ ਫਿਰ ਛੁਪਾਇਆ ਜਾਂਦਾ ਹੈਜਦੋਂ ਦਾ ਮਨੁੱਖੀ ਸਮਾਜ ਜੰਗਲੀ ਜੀਵਨ ਛੱਡ ਕੇ ਬਸਤੀਆਂ ਅਤੇ ਪਿੰਡਾਂ ਤੋਂ ਹੁੰਦਾ ਨਗਰਾਂ ਤਕ ਦੇ ਵਸੇਬੇ ਦਾ ਪੈਂਡਾ ਤੈਅ ਕਰਦਾ ਨਾਗਰਿਕ ਬਣਨ ਦੇ ਰਾਹ ਪਿਆ, ਹਰ ਚੰਗੇ ਤੇ ਬੁਰੇ ਸਮਾਜ ਦੇ ਚੰਗੇ ਅਤੇ ਬੁਰੇ ਦੋਵੇਂ ਪੱਖ ਲੱਭਣੇ ਔਖੇ ਨਹੀਂ ਇਤਿਹਾਸ ਫੋਲ ਕੇ ਵੇਖਿਆ ਜਾਵੇ ਤਾਂ ਜ਼ਾਲਮ ਅਤੇ ਵਹਿਸ਼ੀ ਤਾਨਾਸ਼ਾਹਾਂ ਦੇ ਰਾਜ ਵਿੱਚ ਜਦੋਂ ਕਿਸੇ ਨੂੰ ਵੀ ਰਾਹ ਜਾਂਦਿਆਂ ਬਿਨਾਂ ਵਜਾਹ ਮਾਰ ਦੇਣਾ ਉਸ ‘ਰਾਜੇ ਦੀ ਰਜ਼ਾ’ ਮੰਨਿਆ ਜਾਂਦਾ ਸੀ ਤੇ ਕੋਈ ਉਨ੍ਹਾਂ ਮੂਹਰੇ ਕੁਸਕ ਨਹੀਂ ਸੀ ਸਕਦਾ, ਲੋਕ-ਭਲਾਈ ਦਾ ਕੋਈ ਨਾ ਕੋਈ ਕਾਰਜ ਕੀਤਾ ਹੋਇਆ ਉਨ੍ਹਾਂ ਬਾਰੇ ਵੀ ਕੋਈ ਲੇਖਕ ਲੱਭ ਕੇ ਪੇਸ਼ ਕਰਨ ਲੱਗ ਜਾਂਦਾ ਹੈਉਸ ਇੱਕਾ-ਦੁੱਕਾ ਕੰਮ ਨਾਲ ਉਸ ਰਾਜੇ ਦਾ ਸਮੁੱਚਾ ਅਕਸ ਨਹੀਂ ਪੇਸ਼ ਹੋ ਸਕਦਾ ਤੇ ਉਹ ਲਿਖਤ ਸਾਡੇ ਸਮਾਜ ਨੂੰ ਭਵਿੱਖ ਦੀ ਕੋਈ ਸੇਧ ਦੇਣ ਵਾਲੀ ਦਸਤਾਵੇਜ਼ ਵੀ ਹਰਗਿਜ਼ ਨਹੀਂ ਮੰਨੀ ਜਾ ਸਕਦੀ

ਅਜੋਕੇ ਸਮੇਂ ਵਿੱਚ ਸਰਕਾਰਾਂ ਜਾਂ ਸੰਸਥਾਵਾਂ ਜਦੋਂ ਇੱਦਾਂ ਦੇ ਦਸਤਾਵੇਜ਼ ਪੇਸ਼ ਕਰਦੀਆਂ ਹਨ ਤਾਂ ਇਨ੍ਹਾਂ ਦਾ ਅਰਥ ਕੋਈ ਸੁੱਚਾ-ਸੱਚ ਲੋਕਾਂ ਅੱਗੇ ਰੱਖਣਾ ਨਹੀਂ ਹੁੰਦਾ, ਸਗੋਂ ਲੋਕਾਂ ਨੂੰ ਆਪਣੇ ਵਿਰੋਧੀਆਂ ਦੇ ਬਾਰੇ ਇਹ ਦੱਸਣਾ ਹੁੰਦਾ ਹੈ ਕਿ ਉਹ ਬਹੁਤ ਮਾੜੇ ਹਨ ਅਤੇ ਅਸੀਂ ਦੁੱਧ-ਧੋਤੇ ਜਾਂ ਘੱਟੋ-ਘੱਟ ਉਨ੍ਹਾਂ ਨਾਲੋਂ ਘੱਟ ਮਾੜੇ ਹਾਂਦੂਸਰੀ ਗੱਲ ਇਹ ਕਿ ਵਾਈਟ ਪੇਪਰ ਵੀ ਇੱਕ-ਤਰਫਾ ਨਹੀਂ ਰਹਿੰਦੇ, ਇੱਕ-ਦੂਸਰੇ ਦੇ ਮੁਕਾਬਲੇ ਦੇ ਪੇਸ਼ ਹੋ ਜਾਂਦੇ ਹਨਇਸ ਵਾਰੀ ਭਾਜਪਾ ਵਾਲਿਆਂ ਦੀ ਅਗਵਾਈ ਵਾਲੀ ਸਰਕਾਰ ਨੇ ਜਦੋਂ ਵਾਈਟ ਪੇਪਰ ਪੇਸ਼ ਕਰਨਾ ਸੀ ਤਾਂ ਸੂਹ ਵਿਰੋਧ ਦੀ ਮੁੱਖ ਧਿਰ ਕਾਂਗਰਸ ਵਾਲਿਆਂ ਨੂੰ ਵੀ ਮਿਲ ਗਈ ਤੇ ਉਨ੍ਹਾਂ ਨੇ ਭਾਜਪਾ ਸਰਕਾਰ ਤੋਂ ਅੱਗਲਵਾਂਢੀ ਵਗਦਿਆਂ ਆਪਣੇ ਚੰਗੇ ਪੱਖ ਤੇ ਮੌਜੂਦਾ ਸਰਕਾਰ ਦੇ ਦਸਾਂ ਸਾਲਾਂ ਦੇ ਸਾਰੇ ਮਾੜੇ ਪੱਖ ਚੁਣ ਕੇ ਇਨ੍ਹਾਂ ਵਿਰੁੱਧ ‘ਡਾਰਕ ਪੇਪਰ’ ਲਿਆ ਰੱਖਿਆਸਰਕਾਰ ਦੇ ਕੋਲ ਤੰਤਰ ਅਤੇ ਮੀਡੀਆ ਉੱਤੇ ਜਕੜ ਹੋਣ ਕਾਰਨ ਬਹੁਤਾ ਕੁਝ ਤਾਂ ਉਸੇ ਦੇ ਪੱਖ ਦਾ ਪੇਸ਼ ਹੁੰਦਾ ਰਹਿਣਾ ਸੀ, ਪਰ ਕਾਂਗਰਸ ਦੇ ਅਗੇਤੇ ਕਦਮ ਨਾਲ ਉਸ ਦਾ ਕਿਹਾ ਵੀ ਲੋਕਾਂ ਵਿੱਚ ਕਾਫੀ ਕੁਝ ਚਲਾ ਗਿਆ, ਜਿਹੜਾ ਅਗਲੇ ਦਿਨੀਂ ਹੋਣ ਵਾਲੀ ਲੋਕ ਸਭਾ ਚੋਣ ਦੌਰਾਨ ਵਾਰ-ਵਾਰ ਬਹਿਸਾਂ ਅਤੇ ਭਾਸ਼ਣਾਂ ਦੀ ਜਵਾਬੀ ਦੂਸ਼ਣਬਾਜ਼ੀ ਲਈ ‘ਹੈਂਡ ਬੁੱਕ’ ਵਾਂਗ ਵਰਤਿਆ ਜਾ ਸਕਦਾ ਹੈ

ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੱਢਿਆ ਵਾਈਟ ਪੇਪਰ ਆਖਦਾ ਹੈ ਕਿ ਉਸ ਤੋਂ ਪਹਿਲਾਂ ਕਾਂਗਰਸੀ ਗਠਜੋੜ ਦੇ ਦਸ ਸਾਲਾ ਰਾਜ ਵਿੱਚ ਸਿਖਰਾਂ ਦੇ ਘਪਲੇ-ਘੋਟਾਲੇ ਹੋਏ ਸਨ ਅਤੇ ਉਨ੍ਹਾਂ ਸਰਕਾਰਾਂ ਦੀ ਜੜ੍ਹ ਵਿੱਚ ਜਵਾਹਰ ਲਾਲ ਨਹਿਰੂ ਦੇ ਪਹਿਲਾ ਪ੍ਰਧਾਨ ਮੰਤਰੀ ਬਣਨ ਵੇਲੇ ਹੀ ਘਪਲਿਆਂ ਦੀ ਬਿਮਾਰੀ ਲੱਗ ਗਈ ਸੀਇਹ ਇਲਜ਼ਾਮ ਲਾਉਣ ਤੋਂ ਇੱਕ ਦਿਨ ਪਹਿਲਾਂ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਉਹੀ ਦਸ ਸਾਲ ਰਾਜ ਚਲਾ ਚੁੱਕੇ ਕਾਂਗਰਸ ਦੇ ਆਗੂ ਮਨਮੋਹਨ ਸਿੰਘ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ’ਤੇ ਕਿਹਾ ਸੀ ਕਿ ਜਦੋਂ ਇਤਿਹਾਸ ਲਿਖਿਆ ਜਾਵੇਗਾ, ਉਨ੍ਹਾਂ ਦਾ ਨਾਂਅ ਭਾਰਤ ਵਿੱਚ ਵਿਕਾਸ ਲਈ ਅਮਿਣਵੇਂ ਯੋਗਦਾਨ ਦੇਣ ਵਾਲੇ ਆਗੂ ਵਜੋਂ ਦਰਜ ਹੋਵੇਗਾ ਇੰਨੇ ਸੋਹਿਲੇ ਗਾਉਣ ਦੇ ਅਗਲੇ ਦਿਨ ਵਾਈਟ ਪੇਪਰ ਜਾਂ ਦੋਸ਼ ਪੱਤਰ ਕੱਢ ਦਿੱਤਾ ਕਿ ਉਸ ਰਾਜ ਦੌਰਾਨ ਟੈਲੀਕਾਮ ਸਪੈਕਟਰਮ ਘੋਟਾਲਾ, ਕਾਮਨਵੈੱਲਥ ਖੇਡਾਂ ਦਾ ਘੋਟਾਲਾ ਅਤੇ ਫਿਰ ਦਸ ਲੱਖ ਕਰੋੜ ਤੋਂ ਵੱਧ ਦਾ ਕੋਲਾ ਘੋਟਾਲਾ ਹੋਇਆ ਸੀਇਹ ਝੂਠ ਵੀ ਨਹੀਂ ਅਤੇ ਭਾਰਤ ਦੇ ਲੋਕਾਂ ਨੂੰ ਪਤਾ ਹੈ ਕਿ ਸਭ ਤੋਂ ਵੱਧ ਇਮਾਨਦਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਪਣੇ ਮੰਤਰੀਆਂ ਨੂੰ ਘਪਲੇ ਕਰਨ ਤੋਂ ਰੋਕਣ ਜੋਗਾ ਸਾਬਤ ਨਹੀਂ ਸੀ ਹੁੰਦਾ, ਕਿਉਂਕਿ ਰਾਜ ਦਾ ਮੁਖੀ ਹੋਣ ਦੇ ਬਾਵਜੂਦ ਕਮਾਂਡ ਉਸ ਦੇ ਆਪਣੇ ਹੱਥ ਵਿੱਚ ਨਾ ਹੋ ਕੇ ਕਿਸੇ ਹੋਰ ਘਰ ਵਿੱਚ ਬੈਠੀ ਟੀਮ ਕੋਲ ਹੁੰਦੀ ਸੀਹੈਰਾਨੀ ਦੀ ਗੱਲ ਹੈ ਕਿ ਵਾਈਟ ਪੇਪਰ ਪੇਸ਼ ਕਰਨ ਤੋਂ ਝੱਟ ਬਾਅਦ ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਭਾਰਤ-ਰਤਨ ਐਵਾਰਡ ਦੇਣ ਵਾਲਾ ਐਲਾਨ ਕਰ ਦਿੱਤਾ, ਜਿਹੜਾ ਕਿਸੇ ਦੇ ਕੰਟਰੋਲ ਹੇਠ ਨਹੀਂ ਸੀ, ਖੁਦ-ਮੁਖਤਾਰ ਸੀ ਤੇ ਭ੍ਰਿਸ਼ਟਾਚਾਰ ਦੇ ਦੋਸ਼ ਉਸ ਉੱਤੇ ਸਭ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਨੇ ਲਾਏ ਸਨਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਲਪੇਟੇ ਜਾਣ ਪਿੱਛੋਂ ਲੱਖੂ ਭਾਈ ਅਤੇ ਚੰਦਰਾ ਸਵਾਮੀ ਵਾਲੇ ਕੇਸ ਵਿੱਚ ਜੇਲ੍ਹ ਜਾਣ ਵਾਲਾ ਪਹਿਲਾ ਸਾਬਕਾ ਪ੍ਰਧਾਨ ਮੰਤਰੀ ਵੀ ਉਹੋ ਸੀ, ਇਸਦੇ ਬਾਵਜੂਦ ਉਸ ਨੂੰ ਭਾਰਤ-ਰਤਨ ਦੇਣ ਦੇ ਯੋਗ ਸਮਝਿਆ ਗਿਆ ਤਾਂ ਰਾਜਨੀਤੀ ਦਿਸਣ ਤੋਂ ਨਹੀਂ ਰਹਿ ਸਕਦੀ ਕਿ ਬੰਦਾ ਭ੍ਰਿਸ਼ਟਾਚਾਰੀ ਵੀ ਹੋਵੇ ਤਾਂ ਲੋੜ ਪਈ ਤੋਂ ਦੂਜਿਆਂ ਦੇ ਖਿਲਾਫ ਉਸ ਨੂੰ ਵਰਤਿਆ ਜਾ ਸਕਦਾ ਹੈ

ਉਂਜ ਨਰਸਿਮਹਾ ਰਾਓ ਦੇ ਰਾਜ ਵਿੱਚ ਵੀ ਟੈਲੀਕਾਮ ਘੋਟਾਲਾ ਹੋਇਆ ਸੀ, ਜਿਸ ਵਿੱਚ ਉਸ ਵੇਲੇ ਦੇ ਕੇਂਦਰ ਦੇ ਟੈਲੀਕਾਮ ਮੰਤਰੀ ਪੰਡਿਤ ਸੁਖਰਾਮ ਦੇ ਘਰ ਕੇਂਦਰੀ ਏਜੰਸੀ ਸੀ ਬੀ ਆਈ ਨੇ ਛਾਪਾ ਮਾਰਿਆ ਤਾਂ ਸਿਰਹਾਣਿਆਂ ਅੰਦਰ ਨੋਟ ਭਰੇ ਹੋਏ ਮਿਲੇ ਸਨਉਹ ਉਸ ਵਕਤ ਦਾ ਸਭ ਵੱਧ ਬਦਨਾਮ ਬੰਦਾ ਸਮਝਿਆ ਜਾ ਰਿਹਾ ਸੀ, ਪਰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣੀ ਤਾਂ ਉਸ ਉੱਤੇ ਇਹ ਦੋਸ਼ ਲਾਉਣ ਵਾਲੇ ਵਾਜਪਾਈ ਨੇ ਉਸੇ ਸੁਖਰਾਮ ਨੂੰ ਆਪਣਾ ਮੰਤਰੀ ਬਣਾ ਲਿਆ ਸੀਜਿਹੜੇ ਨਟਵਰ ਸਿੰਘ ਦੇ ਕੇਂਦਰੀ ਵਿਦੇਸ਼ ਮੰਤਰੀ ਹੁੰਦਿਆਂ ਇਰਾਕ ਨਾਲ ਖੁਰਾਕ ਦੇ ਬਦਲੇ ਤੇਲ ਲੈਣ ਦੀ ਸਕੀਮ ਵਿੱਚ ਭ੍ਰਿਸ਼ਟਾਚਾਰ ਦਾ ਰੌਲਾ ਪਾ ਕੇ ਭਾਜਪਾ ਨੇ ਸੱਤ ਦਿਨ ਪਾਰਲੀਮੈਂਟ ਨਹੀਂ ਸੀ ਚੱਲਣ ਦਿੱਤੀ, ਉਸ ਨਟਵਰ ਸਿੰਘ ਦੇ ਕੇਂਦਰ ਦੀ ਵਜ਼ੀਰੀ ਤੇ ਫਿਰ ਕਾਂਗਰਸ ਛੱਡਦੇ ਸਾਰ ਉਸ ਦੇ ਪੁੱਤਰ ਨੂੰ ਰਾਜਸਥਾਨ ਦਾ ਵਿਧਾਇਕ ਉਸੇ ਭਾਜਪਾ ਦੀ ਟਿਕਟ ਉੱਤੇ ਬਣਾਇਆ ਗਿਆ ਸੀ ਅਤੇ ਉਦੋਂ ਉਸ ਉੱਤੇ ਖੁਦ ਲਾਏ ਸਾਰੇ ਦੋਸ਼ ਭੁਲਾ ਦਿੱਤੇ ਸਨਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਭਾਜਪਾ ਸਰਕਾਰ ਦੇ ਵਾਈਟ ਪੇਪਰ ਵਿੱਚ ਨਹੀਂ ਸੀ ਲੱਭਣਾ ਅਤੇ ਕਾਂਗਰਸ ਵਾਲਿਆਂ ਵੀ ਇਹ ਨਹੀਂ ਸੀ ਕਰਨਾ, ਕਿਉਂਕਿ ਆਪਣੇ ਪੁਰਾਣੇ ਸਾਥੀਆਂ ਬਾਰੇ ਝੱਗਾ ਚੁੱਕਿਆਂ ਆਪਣਾ ਢਿੱਡ ਨੰਗਾ ਹੋ ਜਾਣ ਦਾ ਡਰ ਹੁੰਦਾ ਹੈ

ਦੂਸਰੇ ਪਾਸੇ ਕਾਂਗਰਸ ਵਾਲਿਆਂ ਨੇ ਭਾਜਪਾ ਆਗੂ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਜਿਹੜਾ ਡਾਰਕ ਪੇਪਰ ਪੇਸ਼ ਕੀਤਾ ਹੈ, ਇਸ ਵਿੱਚ ਵੀ ਭਾਜਪਾ ਵਿਰੁੱਧ ਚੁਣ-ਚੁਣ ਕੇ ਦੋਸ਼ ਲਾਏ ਗਏ ਹਨ ਅਤੇ ਇਨ੍ਹਾਂ ਵਿੱਚੋਂ ਕੋਈ ਦੋਸ਼ ਨਿਰੋਲ ਗੱਪ ਨਹੀਂ, ਸਾਰੇ ਦੋਸ਼ਾਂ ਬਾਰੇ ਕਈ ਵਾਰੀ ਬਹਿਸ ਹੋ ਚੁੱਕੀ ਹੈ ਅਤੇ ਲੋਕ ਜਾਣਦੇ ਹਨਕਾਂਗਰਸ ਦਾ ਡਾਰਕ ਪੱਤਰ ਉਹ ਸਾਰਾ ਕੁਝ ਇੱਕ ਕਿਤਾਬਚੇ ਵਿੱਚ ਪੇਸ਼ ਕਰ ਗਿਆ ਹੈ ਤਾਂ ਕਿ ਜਦੋਂ ਅਤੇ ਜਿੱਥੇ ਕਿਸੇ ਨੂੰ ਲੋੜ ਪਵੇਗੀ, ਉਹ ਕਿਤਾਬ ਦੇ ਵਰਕੇ ਫੋਲ ਕੇ ਉਸ ਵਿੱਚੋਂ ਸਾਰੇ ਤੱਥਾਂ ਸਮੇਤ ਆਪਣੇ ਮਤਲਬ ਦੇ ਹਵਾਲੇ ਲੱਭ ਲਵੇਗਾਉਨ੍ਹਾਂ ਨੇ ਨਰਿੰਦਰ ਮੋਦੀ ਵਿਰੁੱਧ ਇੱਕ ਵੱਡਾ ਦੋਸ਼ ਇਹ ਲਾਇਆ ਹੈ ਕਿ ਉਸ ਦੀ ਸਰਕਾਰ ਨੇ ਦਸਾਂ ਸਾਲਾਂ ਦੌਰਾਨ ਹੋਰਨਾਂ ਪਾਰਟੀਆਂ ਦੇ ਚਾਰ ਸੌ ਗਿਆਰਾਂ ਚੁਣੇ ਹੋਏ ਆਗੂ ਤੋੜ ਕੇ ਆਪਣੇ ਨਾਲ ਮਿਲਾਏ ਅਤੇ ਕਈ ਸਰਕਾਰਾਂ ਤੋੜੀਆਂ ਹਨਇਸ ਵਿੱਚ ਸ਼ੱਕ ਨਹੀਂ ਕਿ ਨਰਿੰਦਰ ਮੋਦੀ ਰਾਜ ਵਿੱਚ ਇਹ ਕੰਮ ਕਿਸੇ ਵੀ ਸਮੇਂ ਨਾਲੋਂ ਵੱਧ ਕੀਤਾ ਗਿਆ ਹੈ ਅਤੇ ਅੱਜ ਵੀ ਕੀਤਾ ਜਾ ਰਿਹਾ ਹੈਜਦੋਂ ਅਗਲੀ ਲੋਕ ਸਭਾ ਚੋਣ ਫਿਰ ਧੜੱਲੇ ਨਾਲ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਦੋਂ ਵੀ ਇਹ ਸਰਗਰਮੀ ਛੱਡਣ ਦੀ ਬਜਾਏ ਵਿਰੋਧੀ ਪਾਰਟੀਆਂ ਦੇ ਗਠਜੋੜ ਵਾਲੀਆਂ ਪਾਰਟੀਆਂ ਦੇ ਨੇਤਾ ਆਪਣੇ ਵੱਲ ਖਿੱਚਣ ਜਾਂ ਜੇਲ੍ਹ ਵਿੱਚ ਪਹੁੰਚਾਉਣ ਅਤੇ ਉਨ੍ਹਾਂ ਦੇ ਵਿਧਾਇਕ ਤੋੜਨ ਦਾ ਕੰਮ ਚੱਲਣ ਦੀ ਖਬਰਾਂ ਆਏ ਦਿਨ ਮਿਲਦੀਆਂ ਹਨਕਾਂਗਰਸ ਨੇ ਕਰਨਾਟਕ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਜਾਂ ਹੋਰ ਥਾਂਈਂ ਆਪਣੀਆਂ ਸਰਕਾਰਾਂ ਤੋੜ ਕੇ ਭਾਜਪਾ ਵਿੱਚ ਮਿਲਾਏ ਜਾਣ ਦਾ ਸਾਰਾ ਹਵਾਲਾ ਦਿੱਤਾ ਹੈ ਤੇ ਇਸ ਵਿੱਚ ਗਲਤ ਕੁਝ ਨਹੀਂ, ਪਰ ਇਹ ਗੱਲ ਛੁਪਾ ਲਈ ਹੈ ਕਿ ਇਹ ਖੇਡ ਆਪਣੀ ਚੜ੍ਹਤ ਦੇ ਦਿਨਾਂ ਵਿੱਚ ਕਾਂਗਰਸ ਦੀ ਲੀਡਰ ਇੰਦਰਾ ਗਾਂਧੀ ਨੇ ਇਸ ਦੇਸ਼ ਵਿੱਚ ਸ਼ੁਰੂ ਕੀਤੀ ਸੀਸਭ ਤੋਂ ਭੱਦੀ ਖੇਡ ਤਾਂ ਇਹ ਸੀ ਕਿ ਜਦੋਂ ਉਹ ਹਾਰਨ ਪਿੱਛੋਂ ਫਿਰ ਪ੍ਰਧਾਨ ਮੰਤਰੀ ਬਣੀ ਤਾਂ ਹਰਿਆਣੇ ਵਿੱਚ ਜਨਤਾ ਪਾਰਟੀ ਦਾ ਮੁੱਖ ਮੰਤਰੀ ਭਜਨ ਲਾਲ ਹੁੰਦਾ ਸੀ, ਦਿੱਲੀ ਪਹੁੰਚ ਕੇ ਉਹ ਇੰਦਰਾ ਗਾਂਧੀ ਨੂੰ ਮਿਲਿਆ ਤਾਂ ਸਰਕਾਰ ਨੂੰ ਦੁਬਾਰਾ ਸਹੁੰ ਨਹੀਂ ਸੀ ਚੁਕਾਉਣੀ ਪਈ, ਇੱਕ ਵੀ ਮੰਤਰੀ ਉਸ ਨਾਲੋਂ ਕਿਰਨ ਦਿੱਤੇ ਬਗੈਰ ਸਾਰੇ ਦੇ ਸਾਰੇ ਇੱਕੋ ਰਾਤ ਵਿੱਚ ਜਨਤਾ ਪਾਰਟੀ ਛੱਡ ਕੇ ਕਾਂਗਰਸੀ ਹੋ ਗਏ ਸਨਲੀਡਰਾਂ ਦੀ ਦਲ-ਬਦਲੀ ਤਾਂ ਹੁੰਦੀ ਵੇਖੀ ਸੀ, ਪੂਰੀ ਵਜ਼ਾਰਤ ਦੀ ਦਲ-ਬਦਲੀ ਉਦੋਂ ਪਹਿਲੀ ਵਾਰੀ ਹੋਈ ਸੀ ਤੇ ਲਾਲੂ ਪ੍ਰਸਾਦ ਤੇ ਕਾਂਗਰਸ ਵਾਲਾ ਗਠਜੋੜ ਛੱਡ ਕੇ ਭਾਜਪਾ ਵਾਲੇ ਦੂਸਰੇ ਗਠਜੋੜ ਵਿੱਚ ਗਏ ਨਿਤੀਸ਼ ਕੁਮਾਰ ਦੀ ਡੱਡੂ ਛੜੱਪੇ ਮਾਰਨ ਦੀ ਮਿਸਾਲ ਵੀ ਉਸ ਮਿਸਾਲ ਦਾ ਰਿਕਾਰਡ ਤੋੜਨ ਵਾਲੀ ਮੰਨਣੀ ਔਖੀ ਹੋ ਜਾਂਦੀ ਹੈਇਹੀ ਭਾਰਤ ਦੀ ਸਿਆਸਤ ਹੈ!

ਅਸਲ ਵਿੱਚ ਭਾਰਤ ਦੀ ਰਾਜਨੀਤੀ ਦੇ ਇਸ ਹਮਾਮ ਵਿੱਚ ਇੰਨਾ ਗੰਦ ਭਰ ਚੁੱਕਾ ਹੈ ਕਿ ਇਸ ਵਿੱਚ ਸੁਧਾਰ ਵਾਲੀ ਉਮੀਦ ਕੋਈ ਰਹੀ ਨਹੀਂ ਜਾਪਦੀਉਰਦੂ ਦਾ ਮੁਹਾਵਰਾ ਹੈ ਕਿ ‘ਮਰਜ਼ ਬੜਤਾ ਗਿਆ, ਜੂੰ-ਜੂੰ ਦਵਾ ਕੀ’ ਅਤੇ ਅੱਜ ਦੀ ਭਾਰਤੀ ਸਿਆਸਤ ਵਿੱਚ ਇਹ ਪੂਰੀ ਤਰ੍ਹਾਂ ਫਿੱਟ ਬੈਠਦਾ ਹੈਦੇਸ਼ ਦੀ ਸਰਕਾਰ ਸੰਭਾਲ ਚੁੱਕੀ ਜਾਂ ਕਦੀ ਹਿੱਸਾ ਬਣ ਚੁੱਕੀ ਜਾਂ ਫਿਰ ਇਸਦਾ ਹਿੱਸਾ ਬਣਨ ਲਈ ਤਾਂਘ ਰੱਖਦੀ ਇੱਕ ਵੀ ਪਾਰਟੀ ਇੱਦਾਂ ਦੀ ਨਹੀਂ ਲੱਭਦੀ, ਜਿਹੜੀ ਰਾਜਨੀਤਕ ਗੰਦ ਦੇ ਇਸ ਵਹਿਣ ਦਾ ਲਾਭ ਜਾਂ ਨੁਕਸਾਨ ਨਾ ਉਠਾ ਚੁੱਕੀ ਹੋਵੇ ਅਤੇ ਭਵਿੱਖ ਵਿੱਚ ਇਸ ਤੋਂ ਤੌਬਾ ਕਰਨ ਦਾ ਕੋਈ ਇਰਾਦਾ ਰੱਖਦੀ ਹੋਵੇਜਦੋਂ ਸਿਆਸੀ ਪਾਰਟੀਆਂ ਦੇ ਆਗੂਆਂ ਸਾਹਮਣੇ ਹੋਰ ਕੋਈ ਆਦਰਸ਼ ਹੋਣ ਦੀ ਬਜਾਏ ਬੱਸ ਇਹੋ ਨਿਸ਼ਾਨਾ ਹੋਵੇ ਕਿ ਰਾਜ-ਗੱਦੀ ਉੱਤੇ ਕਿਵੇਂ ਬਹਿਣਾ ਹੈ ਅਤੇ ਗੱਦੀ ਮਿਲ ਗਈ ਤਾਂ ਟਿਕੇ ਕਿਵੇਂ ਰਹਿਣਾ ਹੈ, ਉਸ ਰਾਜ ਵਿੱਚ ਗੱਦੀ ਲੈਣ ਲਈ ਲੋਕਾਂ ਦੇ ਹਿਤਾਂ ਦਾ ਖਿਆਲ ਰੱਖਣ ਤੋਂ ਵੱਧ ਇਹੋ ਜਿਹੇ ਸੱਤਾ ਦੇ ਦਲਾਲਾਂ ਰਾਹੀਂ ਹੋਰਨਾਂ ਧਿਰਾਂ ਦੇ ਵਿਧਾਇਕ ਤੇ ਪਾਰਲੀਮੈਂਟ ਮੈਂਬਰ ਤੋੜਨ ਦੇ ਸ਼ਾਰਟ-ਕੱਟ ਵਰਤਣ ਵੱਲ ਲੱਗੇ ਰਹਿਣਾ ਵੀ ਠੀਕ ਲਗਦਾ ਹੈਇਹ ਮਿਸਾਲਾਂ ਆਜ਼ਾਦੀ ਪਿੱਛੋਂ ਦੇ ਸਾਰੇ ਸਮੇਂ ਦੀ ਭਾਰਤੀ ਰਾਜਨੀਤੀ ਦੀਆਂ ਵੀ ਬਹੁਤ ਸਾਰੀਆਂ ਹਨ ਅਤੇ ਅੱਗੋਂ ਹੋਰ ਵੀ ਬਹੁਤ ਮਿਲਣਗੀਆਂ

ਅਜੋਕੇ ਦੌਰ ਦੀ ਸਿਆਸਤ ਮਾਇਆ ਦੇ ਸਹਾਰੇ ਚਲਾਈ ਜਾਂਦੀ ਹੈਇੱਕ ਰਿਆਸਤ ਦਾ ਸਾਬਕਾ ਰਾਜਾ ਭਾਜਪਾ ਟਿਕਟ ਉੱਤੇ ਇੱਕ ਵਾਰੀ ਜਦੋਂ ਪਾਰਲੀਮੈਂਟ ਮੈਂਬਰ ਬਣਿਆ ਤਾਂ ਕਿਸੇ ਤੋਂ ਪੈਸੇ ਫੜਦਾ ਸਟਿੰਗ ਅਪਰੇਸ਼ਨ ਕੈਮਰੇ ਮੂਹਰੇ ਇਹ ਕਹਿੰਦਾ ਦੇਖਿਆ ਗਿਆ ਸੀ: ‘ਪੈਸਾ ਖੁਦਾ ਨਹੀਂ ਹੋਤਾ, ਪਰ ਖੁਦਾ ਕੀ ਕਸਮ, ਖੁਦਾ ਸੇ ਕਮ ਵੀ ਨਹੀਂ ਹੋਤਾ।’ ਕੈਮਰੇ ਸਾਹਮਣੇ ਫਸਣ ਦੇ ਬਾਵਜੂਦ ਉਸ ਸਾਬਕਾ ਰਾਜੇ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆ, ਕਿਉਂਕਿ ਵਾਲ ਵਿੰਗਾ ਕਰਨ ਵਾਲੀਆਂ ਏਜੰਸੀਆਂ ਦੀ ਕਮਾਂਡ ਜਿਸ ਪਾਰਟੀ ਭਾਜਪਾ ਦੇ ਹੱਥ ਵਿੱਚ ਸੀ, ਉਨ੍ਹਾਂ ਦਾ ਪਾਰਲੀਮੈਂਟ ਮੈਂਬਰ ਸੀ ਅਤੇ ਡਿਪਟੀ ਪ੍ਰਧਾਨ ਮੰਤਰੀ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦਾ ਚਹੇਤਾ ਗਿਣਿਆ ਜਾਂਦਾ ਸੀਇੱਕ ਹੋਰ ਸਟਿੰਗ ਵਿੱਚ ਜਿਹੜੇ ਗਿਆਰਾਂ ਪਾਰਲੀਮੈਂਟ ਮੈਂਬਰ ਆਪਣੇ ਹਲਕਾ ਵਿਕਾਸ ਫੰਡ ਦੇ ਚੈੱਕ ਦੇਣ ਬਦਲੇ ਕਮਿਸ਼ਨ ਲੈਂਦੇ ਫਸ ਗਏ ਸਨ, ਉਨ੍ਹਾਂ ਵਿੱਚੋਂ ਜਿਹੜੇ ਛੇ ਜਣੇ ਲੋਕ ਸਭਾ ਵਿੱਚ ਮਤਾ ਪਾਸ ਕਰ ਕੇ ਮੈਂਬਰੀ ਤੋਂ ਕੱਢ ਦਿੱਤੇ ਗਏ ਸਨ, ਉਨ੍ਹਾਂ ਵਿੱਚੋਂ ਇੱਕ ਜਣੇ ਨੂੰ ਕੁਝ ਚਿਰ ਬਾਅਦ ਭਾਜਪਾ ਨੇ ਟਿਕਟ ਦੇ ਦਿੱਤੀ ਸੀ, ਬੇਸ਼ਕ ਚੋਣ ਵਿੱਚ ਉਹ ਹਾਰ ਗਿਆ ਸੀਕਰਨਾਟਕ ਸਰਕਾਰ ਨੇ ਇੱਕ ਵਾਰੀ ਆਪਣੇ ਵਿਧਾਇਕਾਂ ਨੂੰ ਨਵੇਂ-ਨਵੇਂ ਆਏ ਉਹ ਮੋਬਾਇਲ ਫੋਨ ਸਪਲਾਈ ਕਰਨ ਦਾ ਮਾਅਰਕਾ ਮਾਰਿਆ ਸੀ, ਜਿਨ੍ਹਾਂ ਵਿੱਚ ਇੰਟਰਨੈੱਟ ਉੱਤੇ ਫਿਲਮ ਵੀ ਵੇਖੀ ਜਾ ਸਕਦੀ ਹੈਜਿਸ ਦਿਨ ਸਰਕਾਰ ਬੱਜਟ ਪੇਸ਼ ਕਰਦੀ ਸੀ, ਉਨ੍ਹਾਂ ਵਿਧਾਇਕਾਂ ਵਿੱਚੋਂ ਤਿੰਨ ਜਣੇ ਉਨ੍ਹਾਂ ਮੋਬਾਇਲ ਫੋਨਾਂ ਉੱਤੇ ਵਿਧਾਨ ਸਭਾ ਅੰਦਰ ਬਲਿਊ ਫਿਲਮ ਵੇਖਦੇ ਕੈਮਰੇ ਵਿੱਚ ਫਸ ਗਏ ਸਨਉਨ੍ਹਾਂ ਵਿੱਚ ਇੱਕ ਜਣਾ ਭਾਜਪਾ ਸਰਕਾਰ ਦਾ ਮੰਤਰੀ ਅਤੇ ਦੂਸਰੇ ਦੋਵੇਂ ਭਾਜਪਾ ਦੇ ਵਿਧਾਇਕ ਸਨਅਗਲੀ ਚੋਣ ਵਿੱਚ ਭਾਜਪਾ ਨੇ ਕੁਝ ਪਾਸਾ ਵੱਟਿਆ ਅਤੇ ਫਿਰ ਵੀ ਵਲਾਵਾਂ ਪਾ ਕੇ ਨਾਲ ਜੋੜੀ ਰੱਖਿਆ ਸੀਜਦੋਂ ਕਰਨਾਟਕ ਵਿੱਚ ਭਾਜਪਾ ਨੇ ਕਾਂਗਰਸ ਅਤੇ ਜਨਤਾ ਦਲ ਐੱਸ ਦੀ ਸਰਕਾਰ ਤੋੜਨ ਲਈ ਸੋਲਾਂ ਵਿਧਾਇਕ ਰਾਤੋ-ਰਾਤ ਮੁੰਬਈ ਪਹੁੰਚਾਏ ਅਤੇ ਵਿਧਾਨ ਸਭਾ ਵਿੱਚ ਪਲਟੀ ਮਾਰ ਲੈਣ ਤਕ ਉੱਥੇ ਰੱਖੇ ਸਨ, ਉਸ ਅਪਰੇਸ਼ਨ ਦਾ ਕਰਤਾ-ਧਰਤਾ ਉਹੀ ਸਾਬਕਾ ਮੰਤਰੀ ਸੀ ਇਸਦੇ ਬਾਅਦ ਉਸ ਨੂੰ ਬੈਕ-ਡੋਰ ਇੰਟਰੀ ਰਾਹੀਂ ਉਸ ਰਾਜ ਵਿੱਚ ਮੰਤਰੀ ਦਾ ਦਰਜਾ ਦੇ ਦਿੱਤਾ ਗਿਆ ਸੀ

ਸਿਆਸੀ ਪਾਰਟੀ ਰਾਜ ਕਰਦੀ ਹੋਵੇ ਜਾਂ ਖੁੱਸਿਆ ਰਾਜ ਵਾਪਸ ਲੈਣ ਦਾ ਸੰਘਰਸ਼ ਕਰਦੀ ਪਈ ਹੋਵੇ, ਆਮ ਲੋਕਾਂ ਦੀ ਕਚਹਿਰੀ ਵਿੱਚ ਦੋਵੇਂ ਗੁਨਾਹ ਕਰਨ ਵਿੱਚ ਕਸਰ ਨਹੀਂ ਛੱਡਦੀਆਂ ਰਹੀਆਂ ਅਤੇ ਅੱਜ ਵੀ ਨਹੀਂ ਛੱਡਦੀਆਂ ਇੱਦਾਂ ਦੇ ਵਾਈਟ ਪੇਪਰ ਜਾਂ ਡਾਰਕ ਪੇਪਰ ਓਨੀ ਦੇਰ ਤਕ ਕਿਸੇ ਅਰਥ ਨਹੀਂ, ਜਦੋਂ ਤਕ ਕਿਸੇ ਇੱਕ ਵੀ ਧਿਰ ਨੇ ਆਪਣਾ ਕੀਤਾ ਗੁਨਾਹ ਕੋਈ ਮੰਨਣਾ ਨਹੀਂ, ਸਿਰਫ ਵਿਰੋਧੀਆਂ ਨੂੰ ਛੱਜ ਵਿੱਚ ਪਾ ਕੇ ਛੱਟਣ ਲੱਗੇ ਰਹਿਣਾ ਹੈਕਮਾਲ ਦੇ ਲੋਕ ਭਾਰਤ ਦੇ ਹਨ, ਜਿਹੜੇ ਇਹ ਸਭ ਕੁਝ ਅੱਖੀਂ ਵੇਖਦੇ ਹਨ, ਕੰਨੀਂ ਸੁਣਦੇ ਵੀ ਹਨ ਅਤੇ ਫਿਰ ਇਹ ਸੋਚ ਕੇ ਚੁੱਪ ਵੱਟਣ ਨੂੰ ਮਜਬੂਰ ਹੋ ਜਾਂਦੇ ਹਨ ਕਿ ਸਾਡੇ ਬੋਲਣ ਨਾਲ ਕੀ ਹੋਣਾ ਹੈ! ਸਭ ਤੋਂ ਵੱਡੀ ਤ੍ਰਾਸਦੀ ਤਾਂ ਇਹੋ ਹੈ ਭਾਰਤ ਦੇ ਲੋਕਤੰਤਰ ਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4720)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author