JatinderPannu7ਭਵਿੱਖ ਵਿੱਚ ਭਾਰਤ ਅਤੇ ਭਾਰਤੀਆਂ ਨੇ ਆਪਣੀ ਹਸਤੀ ਕਾਇਮ ਰੱਖਣੀ ਹੈ ਤਾਂ ਉਨ੍ਹਾਂ ਨੂੰ ਇਸ ਖਤਰੇ ਵਿਰੁੱਧ ਸੁਚੇਤ ...
(1 ਮਈ 2022)
ਮਹਿਮਾਨ: 51.


ਭਾਰਤ ਦਾ ਇੱਕ ਪ੍ਰਮੁੱਖ ਪੱਤਰਕਾਰ ਹੁੰਦਾ ਸੀ, ਉਹ ਅਜੇ ਵੀ ਹੈ, ਪਰ ਅੱਜਕੱਲ੍ਹ ਉਹ ਪੱਤਰਕਾਰ ਨਹੀਂ, ਰਾਜਸੀ ਲੀਡਰ ਹੋ ਗਿਆ ਹੈ ਤੇ ਰਾਜਸੀ ਲੀਡਰ ਵੀ ਇੱਕ ਵਾੜੇ ਦੀ ਭੇਡ ਬਣਨ ਦੀ ਥਾਂ ਸੱਤਾ ਦੇ ਸੁਖ ਲਈ ਹਰ ਕਿਸੇ ਪਾਰਟੀ ਦੀ ਸਰਦਲ ਉੱਤੇ ਮੱਥਾ ਟੇਕਣ ਵਾਲਿਆਂ ਵਿੱਚ ਗਿਣਿਆ ਜਾਂਦਾ ਹੈਜਦੋਂ ਹਾਲੇ ਉਹ ਸੱਤਾ ਦੀ ਲਾਲਸਾ ਲਈ ਕਿਸੇ ਪਾਰਟੀ ਦੀ ਸਰਦਲ ਉੱਤੇ ਅਲਖ ਜਗਾਉਣ ਦੇ ਰਾਹ ਨਹੀਂ ਸੀ ਪਿਆ, ਪੈਂਤੀ ਕੁ ਸਾਲ ਪਹਿਲਾਂ ਉਸ ਨੇ ਇੱਕ ਕਿਤਾਬ ‘ਇੰਡੀਆ: ਦਾ ਸੀਜ਼ ਵਿਦਿਨ’ ਲਿਖੀ ਸੀ, ਜਿਸਦਾ ਪੰਜਾਬੀ ਵਿੱਚ ਭਾਵ ‘ਭਾਰਤ ਦੇ ਅੰਦਰੋਂ-ਅੰਦਰ ਘੇਰਾਬੰਦੀਆਂ’ ਲਿਆ ਜਾ ਸਕਦਾ ਹੈਇਹ ਕਿਤਾਬ ਬਹੁਤ ਵਧੀਆ ਸਮਝੀ ਗਈ ਸੀ ਅਤੇ ਕਈ ਲੋਕ ਇਸ ਨੂੰ ਭਾਰਤ ਦੇ ਵਿਗੜ ਰਹੇ ਹਾਲਾਤ ਨੂੰ ਸਮਝਣ ਲਈ ਇੱਕ ਹੈਂਡ-ਬੁੱਕ ਵਾਂਗ ਨਾਲ ਰੱਖ ਕੇ ਮਾਣ ਮਹਿਸੂਸ ਕਰਦੇ ਸਨਫਿਰ ਅਕਬਰ ਹੀ ਅਕਬਰ ਨਹੀਂ ਸੀ ਰਿਹਾ ਅਤੇ ਇੱਕ ਪਿੱਛੋਂ ਦੂਸਰੀ ਪਾਰਟੀ ਦੀ ਚਾਕਰੀ ਕਰਦਾ ਅੰਤ ਵਿੱਚ ਉਹ ਉਸੇ ਭਾਜਪਾ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਬਣ ਗਿਆ ਸੀ, ਜਿਸਦੇ ਖਿਲਾਫ ਲਿਖਦਾ ਹੁੰਦਾ ਸੀਭਾਰਤ ਦੇ ਹਾਲਾਤ ਸਮਝਣ ਵਿੱਚ ਉਸ ਦੀ ਉਹ ਕਿਤਾਬ ਅੱਜ ਵੀ ਬਹੁਤ ਮਦਦ ਕਰ ਸਕਦੀ ਹੈ, ਜਿਹੜੀ ਦੇਸ਼ ਦੇ ਅੰਦਰ ਹੁੰਦੀਆਂ ਘੇਰਾਬੰਦੀਆਂ ਦੀ ਵਿਆਖਿਆ ਕਰਦੀ ਹੈ

ਅਸੀਂ ਭਾਰਤੀ ਲੋਕ ਲੰਮਾ ਸਮਾਂ ਇਸ ਗੱਲ ਦਾ ਮਾਣ ਕਰਦੇ ਰਹੇ ਹਾਂ ਤੇ ਭਵਿੱਖ ਵਿੱਚ ਵੀ ਕਰਨਾ ਚਾਹੁੰਦੇ ਹਾਂ ਕਿ ਭਾਰਤ ਕੁਦਰਤੀ ਦਾਤਾਂ ਦੇ ਪੱਖੋਂ ਹੀ ਅਨੇਕਤਾ ਵਿੱਚ ਏਕਤਾ ਦਾ ਨਮੂਨਾ ਨਹੀਂ, ਇਸਦੇ ਲੋਕਾਂ ਦੀ ਧਰਮ ਦੀ ਅਨੇਕਤਾ ਦੇ ਬਾਵਜੂਦ ਇਹ ਲੋਕਤੰਤਰ ਦੇ ਰਾਹ ਉੱਤੇ ਸ਼ਾਂਤਮਈ ਚੱਲੀ ਜਾਂਦਾ ਹੈਇਹ ਠੀਕ ਹੈ ਕਿ ਅਸੀਂ ਭਵਿੱਖ ਵਿੱਚ ਵੀ ਇਸਦੇ ਇਸੇ ਤਰ੍ਹਾਂ ਚੱਲਦੇ ਰਹਿਣ ਦਾ ਮਾਣ ਕਰਨਾ ਚਾਹੁੰਦੇ ਹਾਂ, ਪਰ ਭਵਿੱਖ ਵਿੱਚ ਇਸਦੀ ਅਨੇਕਤਾ ਵਿੱਚ ਏਕਤਾ ਅਤੇ ਇਸਦੀ ਏਕਤਾ ਦੇ ਪੱਕੇ ਪੈਰੀਂ ਰਹਿਣ ਦਾ ਯਕੀਨ ਸਾਡੇ ਵਿੱਚ ਕਿੰਨੇ ਲੋਕਾਂ ਨੂੰ ਹੈ, ਇਹ ਦੱਸ ਸਕਣਾ ਔਖਾ ਹੈ‘ਪਿਆਰੀ ਭਾਰਤ ਮਾਂ’ ਗਾਉਣ ਵਾਲੇ ਬਹੁਤ ਸਾਰੇ ਲੋਕਾਂ ਦਾ ਇਹ ਵਿਸ਼ਵਾਸ ਪਹਿਲਾਂ ਜਿੰਨਾ ਪੱਕਾ ਨਹੀਂ ਰਿਹਾ ਅਤੇ ਉਹ ਗੱਲਾਂ ਕਰਨ ਲੱਗੇ ਹਨ ਕਿ ਜੇ ਹਾਲਾਤ ਇਹੋ ਰਹੇ ਤਾਂ ਸੁਰਜੀਤ ਪਾਤਰ ਦਾ ਇਹ ਸ਼ੇਅਰ ਯਾਦ ਰੱਖਣਾ ਚਾਹੀਦਾ ਹੈ ਕਿ “ਜੇ ਹਵਾ ਇਹ ਰਹੀ ਤਾਂ ਫਿਰ ਕਬਰਾਂ ’ਤੇ ਕੀ, ਸਭ ਘਰਾਂ ਦੇ ਵੀ ਦੀਵੇ ਬੁਝੇ ਰਹਿਣਗੇ” ਭਾਰਤ ਉਸ ਪਾਸੇ ਵੱਲ ਵਧ ਰਿਹਾ ਜਾਪਦਾ ਹੈ

ਸਾਨੂੰ ਇਸ ਗੱਲੋਂ ਪੂਰੀ ਤਸੱਲੀ ਹੈ ਕਿ ਪਟਿਆਲੇ ਵਿੱਚ ਇੱਕ ਸ਼ੋਹਦੇ ਵੱਲੋਂ ਫਿਰਕੂ ਸੱਦਾ ਦੇ ਕੇ ਚੁਆਤੀ ਲਾਉਣ ਦਾ ਉਸ ਨੂੰ ਜਾਂ ਉਸ ਦੇ ਪਿੱਛੇ ਖੜ੍ਹੀਆਂ ਤਾਕਤਾਂ ਨੂੰ ਮਨ-ਚਾਹਿਆ ਮਕਸਦ ਹਾਸਲ ਨਹੀਂ ਹੋ ਸਕਿਆਉਸ ਸ਼ਰਾਰਤੀ ਦੇ ਆਪਣੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਉਸ ਨੂੰ ਇਸ ਗੱਲੋਂ ਝਾੜਿਆ ਅਤੇ ਨਾ ਸਿਰਫ ਗੱਲਾਂ ਨਾਲ ਝਾੜਿਆ, ਸਰੀਰਕ ਤੌਰ ਉੱਤੇ ਵੀ ਕੁਝ ਹੱਦ ਤਕ ਝੰਬ ਦਿੱਤਾ ਕਿ ਉਹ ਸੁੱਖੀਂ ਵਸਦੇ ਦੋਵਾਂ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਫਸਾਦ ਕਰਾਉਣ ਦੇ ਲਈ ਸ਼ੋਸ਼ੇ ਛੱਡਦਾ ਫਿਰਦਾ ਹੈਸਿੱਖ ਭਾਈਚਾਰਾ ਵੀ ਆਮ ਕਰ ਕੇ ਸ਼ਾਂਤ ਅਤੇ ਜ਼ਿਮੇਵਾਰੀ ਦੇ ਅਹਿਸਾਸ ਤਕ ਸੀਮਤ ਰਹਿ ਕੇ ਪਟਿਆਲੇ ਸ਼ਹਿਰ ਤੇ ਪੰਜਾਬ ਦਾ ਮਾਹੌਲ ਵਿਗੜਨ ਤੋਂ ਬਚਾਉਣ ਵਿੱਚ ਕਾਮਯਾਬ ਰਿਹਾ ਹੈਫਿਰ ਵੀ ਇਹ ਨੋਟ ਕਰਨ ਦੀ ਲੋੜ ਹੈ ਕਿ ਇੱਦਾਂ ਦੀ ਕੋਈ ਚੁਆਤੀ ਲਾਉਣ ਦਾ ਕੰਮ ਕੋਈ ਇਕੱਲਾ ਬੰਦਾ ਆਪਣੇ ਆਪ ਨਹੀਂ ਕਰਦਾ ਹੁੰਦਾ, ਅਸਲ ਵਿੱਚ ਉਸ ਦੇ ਪਿੱਛੇ ਕੋਈ ਨਾ ਕੋਈ ਸ਼ਰਾਰਤੀ ਧਿਰ ਹੋ ਸਕਦੀ ਹੈ, ਜਿਹੜੀ ਮੁੜ ਕੇ ਸਾਜ਼ਿਸ਼ ਕਰ ਸਕਦੀ ਹੈ

ਦੂਸਰੇ ਪਾਸੇ ਦੇਸ਼ ਦੇ ਪੱਧਰ ਉੱਤੇ ਕਦੀ ਰਾਜਧਾਨੀ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਦੰਗੇ ਤੇ ਕਦੀ ਮੱਧ ਪ੍ਰਦੇਸ਼ ਦੇ ਖਰਗੌਨ ਵਿੱਚ ਇਹੋ ਕੁਝ ਹੋਣਾ ਦੱਸਦਾ ਹੈ ਕਿ ਸ਼ਰਾਰਤੀ ਅਨਸਰ ਇਸ ਦੇਸ਼ ਨੂੰ ਆਰਾਮ ਨਾਲ ਵਸਦਾ ਬਰਦਾਸ਼ਤ ਨਹੀਂ ਕਰਦੇਇਹੋ ਕਾਰਨ ਹੈ ਕਿ ਵੱਖ-ਵੱਖ ਥਾਂਈਂ ਵੱਖ-ਵੱਖ ਰੂਪਾਂ ਵਿੱਚ ਇਹੋ ਜਿਹੀ ਕੋਈ ਨਾ ਕੋਈ ਗੱਲ ਬਾਹਰ ਆ ਜਾਂਦੀ ਹੈ, ਜਿਹੜੀ ਵਕਤ ਰਹਿੰਦਿਆਂ ਸੰਭਾਲੀ ਨਾ ਜਾਵੇ ਤਾਂ ਬਾਤ ਦਾ ਬਤੰਗੜ ਹੀ ਨਹੀਂ, ਸਮੁੱਚੇ ਦੇਸ਼ ਦੇ ਮਾਹੌਲ ਨੂੰ ਵਿਗਾੜਨ ਵਾਲੀ ਹੋ ਸਕਦੀ ਹੈਫਿਰਕੂ ਤੱਤ ਇੱਦਾਂ ਦੀਆਂ ਗੁੱਝੇ ਦਾਅ ਖੇਡਣ ਲਈ ਸਰਗਰਮ ਹਨ ਇਸਦੀ ਝਲਕ ਮੱਧ ਪ੍ਰਦੇਸ਼ ਦੇ ਸ਼ਹਿਰ ਖੰਡਵਾ ਵਿੱਚ ਕ੍ਰਿਕਟ ਨੂੰ ਫਿਰਕੂ ਰੰਗ ਦੇਣ ਤੋਂ ਵੀ ਸਾਹਮਣੇ ਆਈ ਹੈ, ਜਿੱਥੇ ਹਰ ਸਾਲ ਹੁੰਦੇ ਕ੍ਰਿਕਟ ਟੂਰਨਾਮੈਂਟ ਵਿੱਚ ਪਹਿਲੀ ਵਾਰੀ ਇੱਕ ਧਰਮ ਦੇ ਖਿਡਾਰੀ ਸ਼ਾਮਲ ਨਹੀਂ ਸਨ ਕੀਤੇ ਗਏਪੁੱਛਣ ਉੱਤੇ ਉਸ ਹਲਕੇ ਵਿੱਚੋਂ ਲੋਕਾਂ ਵੱਲੋਂ ਚੁਣੇ ਹੋਏ ਭਾਜਪਾ ਵਿਧਾਇਕ ਨੇ ਤਾਂ ਇਹ ਕਹਿ ਕੇ ਖਹਿੜਾ ਛੁਡਾ ਲਿਆ ਕਿ ਉਸ ਦਾ ਇਸ ਨਾਲ ਸੰਬੰਧ ਹੀ ਕੋਈ ਨਹੀਂ, ਪਰ ਉਸ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਨੇ ਸਾਫ ਸ਼ਬਦਾਂ ਵਿੱਚ ਇਹ ਕਹਿ ਦਿੱਤਾ ਕਿ ‘ਮੇਰੇ ਘਰ ਵਿੱਚ ਕੋਈ ਵਿਆਹ ਜਾਂ ਹੋਰ ਸਮਾਗਮ ਹੋਵੇ ਤਾਂ ਕਿਸ ਨੂੰ ਸੱਦਣਾ ਤੇ ਕਿਸ ਨੂੰ ਨਹੀਂ, ਮੇਰੀ ਮਰਜ਼ੀ ਹੀ ਚੱਲੇਗੀ’ ਇਸ ਤਰ੍ਹਾਂ ਓਥੇ ਹਰ ਸਾਲ ਹੋਣ ਵਾਲਾ ‘ਵਿਧਾਇਕ ਕ੍ਰਿਕਟ ਟੂਰਨਾਮੈਂਟ’ ਪਹਿਲੀ ਵਾਰ ਫਿਰਕੂ ਰੰਗ ਵਿੱਚ ਰੰਗਿਆ ਗਿਆ ਅਤੇ ਕ੍ਰਿਕਟ ਦੇ ਬੈਟ ਤੇ ਬਾਲ ਫਿਰਕੂ ਰੰਗ ਵਿੱਚ ਰੰਗੇ ਜਾਣ ਦਾ ਉਹ ਪ੍ਰਭਾਵ ਮਿਲਣ ਲੱਗ ਪਿਆ, ਜਿਹੜਾ ਦੇਸ਼ ਲਈ ਸ਼ੁਭ ਨਹੀਂ

ਤੀਸਰੇ ਪਾਸੇ ਰਾਮ ਭਗਵਾਨ ਦੀ ਨਗਰੀ ਕਹੇ ਜਾਂਦੇ ਅਯੁੱਧਿਆ ਸ਼ਹਿਰ ਦੀ ਖਬਰ ਚਿੰਤਾ ਪੈਦਾ ਕਰਨ ਵਾਲੀ ਹੈ ਤੇ ਇਹ ਵਿਸ਼ਵਾਸ ਬਨ੍ਹਾਉਣ ਵਾਲੀ ਵੀ ਕਿ ਲੋਕ ਅਜੇ ਭਾਈਚਾਰਕ ਸਾਂਝਾਂ ਕਾਇਮ ਰੱਖਣ ਲਈ ਵਚਨਬੱਧ ਹਨਭਾਰਤ ਜਾਂ ਇਸ ਤੋਂ ਬਾਹਰ ਦੇ ਬਹੁਤੇ ਲੋਕ ਇਹ ਗੱਲ ਨਹੀਂ ਜਾਣਦੇ ਕਿ ਜਦੋਂ ਅਯੁੱਧਿਆ ਵਿੱਚ ਬਾਬਰੀ ਮਸਜਿਦ ਢਾਹੀ ਜਾਣ ਲਈ ਇੱਕ ਖਾਸ ਪਾਰਟੀ ਦੇ ਮੁਖੀ ਆਗੂ ਦੀ ਅਗਵਾਈ ਵਿੱਚ ਰੱਥ ਘੁਮਾਇਆ ਗਿਆ ਤੇ ਫਿਰ ਮਸਜਿਦ ਤੋੜਨ ਮਗਰੋਂ ਸਮੁੱਚੇ ਭਾਰਤ ਵਿੱਚ ਦੰਗੇ ਹੋਣ ਲੱਗੇ ਹਨ, ਅਯੁੱਧਿਆ ਦੇ ਲੋਕ ਓਦੋਂ ਵੀ ਇੱਕ ਦੂਸਰੇ ਨਾਲ ਨਹੀਂ ਸੀ ਲੜੇਹਰ ਨਾਜ਼ਕ ਮੋੜ ਉੱਤੇ ਉਨ੍ਹਾਂ ਸੂਝ ਦਾ ਸਬੂਤ ਦਿੱਤਾ ਸੀ ਤੇ ਅੱਜ ਵੀ ਉਸ ਸੂਝ ਨਾਲ ਚੱਲ ਰਹੇ ਹਨ, ਪਰ ਲੋਕਾਂ ਦੀ ਇਸ ਸੂਝ ਦੇ ਦੁਸ਼ਮਣ ਚੁਆਤੀਆਂ ਲਾਉਣ ਤੋਂ ਓਥੇ ਵੀ ਬਾਜ਼ ਨਹੀਂ ਆਏਇਸ ਹਫਤੇ ਕੁਝ ਅਖਬਾਰਾਂ ਨੇ ਇਹ ਖਬਰ ਦਿੱਤੀ ਹੈ ਕਿ ਓਥੇ ਕੁਝ ਸ਼ਰਾਰਤੀਆਂ ਨੇ ਹਿੰਦੂ-ਮੁਸਲਿਮ ਦੰਗੇ ਕਰਾਉਣ ਦੀ ਸਾਜ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕੇ ਅਤੇ ਅੰਤ ਵਿੱਚ ਜੇਲ੍ਹ ਜਾ ਪੁੱਜੇ ਹਨਇਨ੍ਹਾਂ ਲੋਕਾਂ ਨੇ ਇੱਕ ਖਾਸ ਧਰਮ ਦੇ ਲੋਕਾਂ ਵਰਗੇ ਕੁੜਤੇ-ਪਜਾਮੇ ਪਹਿਨੇ ਅਤੇ ਜਾਲੀਦਾਰ ਟੋਪੀਆਂ ਪਾ ਕੇ ਕੁਝ ਥਾਂਵਾਂ ਤੋਂ ਮਾਸ ਖਰੀਦਣ ਦੇ ਬਾਅਦ ਕੁਝ ਖਾਸ ਧਰਮ ਅਸਥਾਨਾਂ ਵਿੱਚ ਸੁੱਟਣ ਦੀ ਹਰਕਤ ਕੀਤੀ ਤਾਂ ਸੀ ਸੀ ਟੀ ਵੀ ਕੈਮਰਿਆਂ ਦੀ ਅੱਖ ਤੋਂ ਲੁਕੇ ਨਹੀਂ ਰਹਿ ਸਕੇਉਨ੍ਹਾਂ ਬਾਰੇ ਚੌਕਸੀ ਕੈਮਰਿਆਂ ਦੀ ਵੀਡੀਓ ਫੁਟੇਜ ਬਹੁਤ ਜ਼ਿਆਦਾ ਸਾਫ ਮਿਲ ਗਈ ਅਤੇ ਉਸ ਰਾਜ ਦੀ ਸਰਕਾਰ ਨੂੰ ਵੀ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਪਈ ਹੈਦੋਸ਼ੀਆਂ ਵਿੱਚੋਂ ਜਿਹੜਾ ਆਗੂ ਮੰਨਿਆ ਜਾਂਦਾ ਹੈ, ਉਸ ਦੇ ਭਰਾ ਦਾ ਕਹਿਣਾ ਹੈ ਕਿ ਮੇਰਾ ਭਰਾ ਤਾਂ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਵਾਪਰੇ ਦੰਗਿਆਂ ਦਾ ਬਦਲਾ ਲੈਣਾ ਚਾਹੁੰਦਾ ਸੀਪਹਿਲੀ ਗੱਲ ਤਾਂ ਇਹ ਕਿ ਜਹਾਂਗੀਰਪੁਰ ਵਿੱਚ ਜੋ ਹੋਇਆ, ਉਹ ਅੰਤਾਂ ਦਾ ਮਾੜਾ ਤੇ ਨਿੰਦਣ ਯੋਗ ਸੀ, ਦੂਸਰੀ ਇਹ ਕਿ ਉਹ ਦੇਸ਼ ਦੀ ਰਾਜਧਾਨੀ ਦਿੱਲੀ ਦਾ ਮਾਮਲਾ ਸੀ, ਜਿੱਥੇ ਅਯੁੱਧਿਆ ਦੇ ਲੋਕ ਇੱਕ ਜਾਂ ਦੂਸਰੇ ਪਾਸੇ ਤੋਂ ਲੜਨ ਲਈ ਨਹੀਂ ਸਨ ਗਏ ਤਾਂ ਉਸ ਦਾ ਬਦਲਾ ਅਯੁੱਧਿਆ ਵਿੱਚ ਲੈਣ ਦੀ ਗੱਲ ਕਰਨ ਦਾ ਕੋਈ ਮਤਲਬ ਹੀ ਨਹੀਂ ਸੀ ਹੋਣਾ ਚਾਹੀਦਾਇਹ ਸਿਰੇ ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਸੀ

ਅਸੀਂ ਅਲਾਮਾ ਇਕਬਾਲ ਦੇ ਇਹ ਸ਼ਬਦ ਕਈ ਵਾਰ ਦੁਹਰਾਏ ਹਨ ਕਿ ‘ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸਦੀਉਂ ਰਹਾ ਹੈ ਦੁਸ਼ਮਣ ਦੌਰ-ਇ-ਜ਼ਮਾਂ ਹਮਾਰਾ।’ ਭਾਰਤ ਦੀ ਹਸਤੀ ਜੇ ਅੱਜ ਤਕ ਕਾਇਮ ਰਹੀ ਹੈ ਤਾਂ ਇਸਦੇ ਹਾਕਮਾਂ, ਰਾਜਿਆਂ ਜਾਂ ਲੋਕਤੰਤਰੀ ਲੀਡਰਾਂ ਦੀ ਅਗਵਾਈ ਕਰ ਕੇ ਨਹੀਂ ਰਹੀ, ਸਗੋਂ ਇਸ ਕਾਰਨ ਕਾਇਮ ਰਹਿ ਸਕੀ ਹੈ ਕਿ ਇਸ ਦੇਸ਼ ਦੇ ਲੋਕ ਆਪਸੀ ਭਾਈਚਾਰੇ ਦੀਆਂ ਤੰਦਾਂ ਨੂੰ ਹਰ ਵਾਰੀ ਟੁੱਕੇ ਜਾਣ ਤੋਂ ਬਚਾ ਲੈਂਦੇ ਰਹੇ ਹਨਭਾਰਤ ਦੇ ਦੁਸ਼ਮਣ ਪਹਿਲਾਂ ਵੀ ਬਹੁਤ ਰਹੇ ਹਨ ਅਤੇ ਅੱਜ ਵੀ ਬਹੁਤ ਹਨ, ਪਰ ਭਾਰਤ ਨੂੰ ਖਤਰਾ ਬਾਹਰਲੇ ਦੁਸ਼ਮਣਾਂ ਕੋਲੋਂ ਨਹੀਂ, ਸਗੋਂ ਇਸਦੇ ਅੰਦਰਲੀਆਂ ਉਨ੍ਹਾਂ ਘੇਰਾਬੰਦੀਆਂ ਤੋਂ ਹੈ, ਜਿਨ੍ਹਾਂ ਦਾ ਜ਼ਿਕਰ ਐੱਮ ਜੇ ਅਕਬਰ ਨੇ ਉਸ ਵਕਤ ਕੀਤਾ ਸੀ, ਜਦੋਂ ਉਹ ਪੁਰਾਣਾ ਅਕਬਰ ਹੁੰਦਾ ਸੀ, ਰਾਜਸੀ ਚਾਹਤਾਂ ਦਾ ਗੁਲਾਮ ਨਹੀਂ ਸੀ ਬਣਿਆਉਸ ਦੀਆਂ ਰਾਜਸੀ ਚਾਹਤਾਂ ਨੂੰ ਆਪਣੀ ਥਾਂ ਰੱਖਦੇ ਹੋਏ ਅੱਜ ਵੀ ਭਾਰਤ ਦੇ ਲੋਕਾਂ ਨੂੰ ਇਹ ਸੋਚਣ ਦੀ ਲੋੜ ਹੈ ਕਿ ਭਾਰਤ ਦੇ ਅੰਦਰਲੀਆਂ ਘੇਰਾਬੰਦੀਆਂ ਅਤੇ ਇਹ ਘੇਰਾਬੰਦੀਆਂ ਕਰਨ ਵਾਲੇ ਇਸ ਦੇਸ਼ ਲਈ ਕਿਸੇ ਵੀ ਹੋਰ ਖਤਰੇ ਤੋਂ ਵੱਡਾ ਖਤਰਾ ਹਨਭਵਿੱਖ ਵਿੱਚ ਭਾਰਤ ਅਤੇ ਭਾਰਤੀਆਂ ਨੇ ਆਪਣੀ ਹਸਤੀ ਕਾਇਮ ਰੱਖਣੀ ਹੈ ਤਾਂ ਉਨ੍ਹਾਂ ਨੂੰ ਇਸ ਖਤਰੇ ਵਿਰੁੱਧ ਸੁਚੇਤ ਰਹਿਣਾ ਪਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3539)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author