JatinderPannu7ਗੱਦੀ ਦੀ ਦੌੜ ਵਾਲੀ ਖੇਡ ਵਿੱਚ ਕੋਈ ਨਿਯਮ-ਅਸੂਲ ਵੀ ਪੱਕਾ ਨਹੀਂ ਤਾਂ ਜਿਸ ਆਗੂ ਦੀ ਜਿੰਨੀ ਲੋੜ ਹੈ, ਉਹ ਉਸ ਮੁਤਾਬਕ ...
(8 ਅਗਸਤ 2023)

 

ਇਹ ਗੱਲ ਬਹੁਤ ਸਾਰੇ ਵਿਦਵਾਨਾਂ ਅਤੇ ਸਮਾਜ ਵਿਗਿਆਨੀਆਂ ਨੇ ਕਈ ਵਾਰੀ ਕਹੀ ਹੋਈ ਹੈ ਕਿ ਦੰਗਾ ਆਮ ਤੌਰ ਉੱਤੇ ਹੁੰਦਾ ਨਹੀਂ, ਕਿਸੇ ਖਾਸ ਮਕਸਦ ਲਈ ਕਰਵਾਇਆ ਜਾਂਦਾ ਹੈਦੰਗੇ ਕਰਵਾਉਣ ਦਾ ਮਕਸਦ ਕੋਈ ਸਿਆਸੀ ਲੋੜ ਵੀ ਹੋ ਸਕਦੀ ਹੈ, ਜਿਸ ਵਿੱਚ ਕੋਈ ਚੋਣ ਜੰਗ ਜਿੱਤਣਾ ਸ਼ਾਮਲ ਹੁੰਦਾ ਹੈਇੱਕ ਧਰਮ ਉੱਪਰ ਦੂਸਰੇ ਧਰਮ ਦਾ ਦਬਦਬਾ ਬਣਾਉਣਾ ਵੀ ਹੋ ਸਕਦਾ ਹੈ, ਜਿਸਦੇ ਪਿੱਛੇ ਸਿਰਫ ਆਪਣਾ ਧਰਮ ਚੰਗੇਰਾ ਅਤੇ ਦੂਸਰੇ ਸਾਰੇ ਧਰਮ ਨਿਕੰਮੇ ਅਤੇ ਗਲਤ ਸੋਚਣ ਦੀ ਧਾਰਨਾ ਹੋ ਸਕਦੀ ਹੈਇਨ੍ਹਾਂ ਤੋਂ ਸਿਵਾ ਲਗਭਗ ਹਰ ਦੰਗੇ ਪਿੱਛੇ ਕੁਝ ਨਾ ਕੁਝ ਮਾਇਆ ਦੇ ਲਾਲਚੀ ਲੋਕਾਂ ਦੀ ਅਪਰਾਧੀ ਮਾਨਸਿਕਤਾ ਵੀ ਕੰਮ ਕਰਦੀ ਹੁੰਦੀ ਹੈ, ਜਿਹੜੇ ਆਮ ਲੋਕਾਂ ਦੀਆਂ ਲਾਸ਼ਾਂ ਉੱਤੇ ਲੋਭ ਅਤੇ ਹਵਸ ਵਾਲੀਆਂ ਅੱਖਾਂ ਗੱਡੀ ਰੱਖਦੇ ਹਨਦੰਗਿਆਂ ਵਿੱਚ ਕੁਝ ਲੋਕ ਮਾਰੇ ਜਾਣ ਜਾਂ ਕੁਝ ਲੋਕ ਡਰਦੇ ਉਹ ਜਗ੍ਹਾ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਣ ਤਾਂ ਇਨ੍ਹਾਂ ਲੋਕਾਂ ਨੂੰ ਕੌਡੀਆਂ ਦੇ ਭਾਅ ਜਾਇਦਾਦਾਂ ਹੜੱਪਣ ਅਤੇ ਮਹਿੰਗੇ ਭਾਅ ਵੇਚਣ ਦਾ ਮੌਕਾ ਮਿਲਦਾ ਹੈਉਜਾੜੇ ਦੇ ਢੇਰਾਂ ਦਾ ਮਲਬਾ ਚੁੱਕਣ ਤੋਂ ਵੀ ਉਹ ਕਮਾਈ ਦੀ ਕੋਸ਼ਿਸ਼ ਕਰਦੇ ਹਨ ਤੇ ਕਈ ਵਾਰੀ ਇਸ ਵਿੱਚ ਸਫਲ ਹੋ ਜਾਂਦੇ ਹਨ ਅਤੇ ਫਿਰ ਉੱਥੋਂ ਉਜਾੜੇ ਗਏ ਲੋਕਾਂ ਦੇ ਮੁੜ-ਵਸੇਬੇ ਦੇ ਨਾਂਅ ਉੱਤੇ ਬਣਦੇ ਪ੍ਰਾਜੈਕਟਾਂ ਤੋਂ ਆਪਣੀਆਂ ਜੇਬਾਂ ਭਰਨ ਦੀਆਂ ਚਾਲਾਂ ਚੱਲਦੇ ਹਨਦਿੱਲੀ ਵਿੱਚ ਅਸੀਂ ਇਹੋ ਇੰਦਰਾ ਗਾਂਧੀ ਦੇ ਕਤਲ ਮਗਰੋਂ ਹੋਏ ਖੂਨ-ਖਰਾਬੇ ਕਾਰਨ ਉੱਥੋਂ ਘਰ-ਬਾਰ ਛੱਡ ਕੇ ਨਿਕਲ ਗਏ ਪਰਿਵਾਰਾਂ ਦੀਆਂ ਜਾਇਦਾਦਾਂ ਦੇ ਮਾਮਲੇ ਵਿੱਚ ਹੁੰਦਾ ਸੁਣਿਆ ਸੀ। ਗੁਜਰਾਤ ਦੇ ਜਿਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਜੀਅ ਮਾਰੇ ਜਾਣ ਪਿੱਛੋਂ ਉਨ੍ਹਾਂ ਨੂੰ ਘਰ ਛੱਡਣ ਨੂੰ ਮਜਬੂਰ ਹੋਣਾ ਪਿਆ, ਉਨ੍ਹਾਂ ਬਾਰੇ ਵੀ ਇੱਦਾਂ ਦੀਆਂ ਕਹਾਣੀਆਂ ਸੁਣੀਆਂ ਅਤੇ ਪੜ੍ਹੀਆਂ ਸਨਕੋਈ ਦੰਗਾ-ਫਸਾਦ ਇਹੋ ਜਿਹਾ ਹੁੰਦਾ ਅਸੀਂ ਨਹੀਂ ਵੇਖਿਆ, ਜਿਸ ਵਿੱਚ ਇਸ ਤਰ੍ਹਾਂ ਮਨੁੱਖੀ ਲਾਸ਼ਾਂ ਉੱਤੇ ਝਪਟਣ ਲਈ ਮਨੁੱਖੀ-ਰੂਪ ਵਿੱਚ ਫਿਰਦੀਆਂ ਗਿਰਝਾਂ ਤਿਆਰ ਨਾ ਰਹਿੰਦੀਆਂ ਹੋਣ

ਬੀਤੇ ਦਿਨੀਂ ਦੰਗਿਆਂ ਦੇ ਦੋ ਕਾਂਡ ਅਸੀਂ ਫਿਰ ਵੇਖੇ ਹਨਇੱਕ ਦੰਗਾ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਵਾਪਰਿਆ ਹੈ, ਜਿੱਥੇ ਭਾਰੂ ਗਿਣਤੀ ਵਾਲਿਆਂ ਨੇ ਘੱਟ-ਗਿਣਤੀ ਵਾਲੇ ਕਬੀਲੇ ਦੇ ਲੋਕਾਂ ਦੇ ਆਹੂ ਲਾਹੇ ਅਤੇ ਉਨ੍ਹਾਂ ਦੀਆਂ ਧੀਆਂ-ਭੈਣਾਂ ਨਾਲ ਜੱਗੋਂ-ਤੇਰ੍ਹਵਾਂ ਅਨਰਥ ਕੀਤਾ ਸੀਉਸ ਰਾਜ ਦਾ ਮੁੱਖ ਮੰਤਰੀ ਬੇਸ਼ਰਮੀ ਨਾਲ ਉਸ ਦੰਗੇ ਮੌਕੇ ਬਣੀਆਂ ਅਤੇ ਵਾਇਰਲ ਹੋਈਆਂ ਵਹਿਸ਼ੀਪੁਣੇ ਦੀਆਂ ਵੀਡੀਓ ਬਾਰੇ ਇਹ ਕਹਿੰਦਾ ਨਹੀਂ ਝਿਜਕਿਆ ਕਿ ਸਾਡੇ ਰਾਜ ਵਿੱਚ ਇੱਦਾਂ ਦੀਆਂ ਸੈਂਕੜੇ ਵੀਡੀਓ ਬਣੀਆਂ ਹੋਈਆਂ ਹਨ, ਤੁਸੀਂ ਦੋ-ਚਾਰ ਦੀ ਗੱਲ ਕਰਦੇ ਹੋਜਦੋਂ ਇਸ ਦੰਗੇ ਬਾਰੇ ਦੁਨੀਆ ਭਰ ਵਿੱਚ ਰੌਲਾ ਪੈਂਦਾ ਸੁਣਦਾ ਸੀ, ਉਦੋਂ ਮਨੀਪੁਰ ਦਾ ਇੱਕ ਥਾਣਾ ਲੁੱਟਣ ਦਾ ਜਿਹੜਾ ਕੇਸ ਦਰਜ ਹੋਇਆ, ਉਸ ਵਿੱਚ ਲੁੱਟੇ ਗਏ ਹਥਿਆਰਾਂ ਦਾ ਵੇਰਵਾ ਇੰਨਾ ਵੱਡਾ ਸੀ ਕਿ ਇੱਕ ਫੌਜੀ ਕੰਪਨੀ ਜੋਗੇ ਹਥਿਆਰ ਦੰਗਿਆਂ ਦੇ ਦੋਸ਼ੀ ਲੁੱਟ ਕੇ ਲੈ ਗਏ ਜਾਪਦੇ ਸਨਨਾਲ ਇਹ ਖਬਰਾਂ ਵੀ ਸਨ ਕਿ ਕਤਲ ਜਾਂ ਜ਼ਲੀਲ ਕੀਤੇ ਕਈ ਪਰਿਵਾਰਾਂ ਦੇ ਜਿਹੜੇ ਲੋਕ ਉੱਥੋਂ ਨਿਕਲ ਗਏ ਸਨ, ਉਨ੍ਹਾਂ ਘਰਾਂ ਉੱਤੇ ਦੰਗੇ ਦੌਰਾਨ ਕੁਝ ਲੋਕਾਂ ਨੇ ਕਬਜ਼ੇ ਜਾ ਕੀਤੇ ਸਨਇਹ ਸਭ ਕੁਝ ਉਦੋਂ ਹੋਇਆ, ਜਦੋਂ ਦੇਸ਼ ਦੀ ਸੁਪਰੀਮ ਕੋਰਟ ਖੁਦ ਇਸ ਘਟਨਾਕਰਮ ਦੀ ਸੁਣਵਾਈ ਦੌਰਾਨ ਸਖਤ ਟਿੱਪਣੀਆਂ ਕਰਦੀ ਪਈ ਸੀ

ਦੂਸਰਾ ਕੇਸ ਪੰਜਾਬ ਦੇ ਗਵਾਂਢ ਹਰਿਆਣੇ ਦਾ ਹੈ, ਜਿੱਥੇ ਕੋਈ ਨੂਹ ਵਿੱਚ ਦੰਗਾ ਹੋਇਆ ਕਹਿੰਦਾ ਰਿਹਾ ਤੇ ਕੋਈ ਹੋਰ ਮੇਵਾਤ ਵਿੱਚ ਦੰਗਾ ਕਹਿੰਦਾ ਸੀਮੇਵਾਤ ਸਾਡੇ ਮਾਲਵੇ ਵਾਂਗ ਇੱਕ ਖੇਤਰ ਹੈ, ਜਿਹੜਾ ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚਾਲੇ ਫੈਲਿਆ ਹੋਇਆ ਹੈ, ਪਰ ਵਿਚਕਾਰਲਾ ਹਿੱਸਾ ਹਰਿਆਣੇ ਵਿੱਚ ਹੋਣ ਕਾਰਨ ਹਰਿਆਣਾ ਸਰਕਾਰ ਨੇ ਸਾਲ 2005 ਵਿੱਚ ਉੱਥੇ ਮੇਵਾਤ ਨਾਂਅ ਦਾ ਜ਼ਿਲ੍ਹਾ ਬਣਾ ਦਿੱਤਾ ਸੀਭਾਜਪਾ ਦੀ ਸਰਕਾਰ ਬਣ ਜਾਣ ਦੇ ਬਾਅਦ ਸਾਲ 2016 ਵਿੱਚ ਉਸੇ ਦਾ ਨਾਂਅ ਬਦਲ ਕੇ ਮੇਵਾਤ ਖੇਤਰ ਦੇ ਇੱਕ ਕਸਬੇ ਨੂਹ ਦੇ ਨਾਂਅ ਉੱਤੇ ਜ਼ਿਲ੍ਹਾ ਬਣਾ ਦਿੱਤਾ ਗਿਆ ਸੀ, ਪਰ ਵਿਕਾਸ ਕੋਈ ਨਹੀਂ ਹੋਇਆਸਾਲ 2018 ਵਾਸਤੇ ਭਾਰਤ ਦੇ ਨੀਤੀ ਆਯੋਗ ਨੇ ਜਿਹੜੀ ਰਿਪੋਰਟ ਪੇਸ਼ ਕੀਤੀ, ਉਸ ਮੁਤਾਬਕ ਭਾਰਤ ਦੇ ਕੁੱਲ 739 ਜ਼ਿਲ੍ਹਿਆਂ ਵਿੱਚੋਂ ਸਭ ਤੋਂ ਪਛੜਿਆ ਹੋਇਆ ਜ਼ਿਲ੍ਹਾ ਨੂਹ ਦਾ ਸੀ, ਜਿੱਥੇ ਪਿਛਲੇ ਹਫਤੇ ਦੰਗਾ-ਫਸਾਦ ਹੋਇਆ ਤੇ ਕਈ ਲੋਕ ਮਾਰੇ ਜਾਣ ਦੇ ਇਲਾਵਾ ਬਹੁਤ ਸਾਰੀਆਂ ਗੱਡੀਆਂ ਅਤੇ ਘਰਾਂ ਦੀ ਸਾੜ-ਫੂਕ ਹੁੰਦੀ ਰਹੀ ਸੀਇਸ ਦੌਰਾਨ ਇਹ ਖਬਰ ਆਈ ਕਿ ਦੰਗਾ ਕਰਨ ਵਾਲੀ ਭੀੜ ਨੇ ਇਸ ਮੌਕੇ ਇੱਕ ਥਾਣਾ ਸਾੜ ਦਿੱਤਾ ਸੀ, ਪਰ ਇਹ ਗੱਲ ਨਹੀਂ ਦੱਸੀ ਗਈ ਕਿ ਉਹ ਥਾਣਾ ਸਧਾਰਨ ਨਹੀਂ, ਅਜੋਕੇ ਦੌਰ ਵਿੱਚ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਜੁਰਮਾਂ ਨਾਲ ਨਜਿੱਠਣ ਵਾਲਾ ਸਾਈਬਰ ਕਰਾਈਮ ਵਿਰੋਧੀ ਵਿਸ਼ੇਸ਼ ਥਾਣਾ ਸੀਭੀੜ ਨੇ ਉਦੋਂ ਉਹ ਥਾਣਾ ਕਿਉਂ ਸਾੜਿਆ, ਇਸਦੇ ਪਿੱਛੇ ਛੁਪੀ ਅਪਰਾਧਕ ਗੰਭੀਰਤਾ ਵੀ ਬਹੁਤੇ ਲੋਕਾਂ ਨੂੰ ਸਮਝ ਨਹੀਂ ਸੀ ਪੈ ਸਕੀ

ਅਸੀਂ ਲੋਕ ਜਾਣਦੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਭਾਰਤ ਵਿੱਚ ਵੀ ਅਤੇ ਭਾਰਤ ਤੋਂ ਬਾਹਰ ਵੀ ਜੇ ਕਿਸੇ ਨੂੰ ਫੋਨ ਕਰ ਕੇ ਕੋਈ ਠੱਗੀ ਕੀਤੀ ਜਾਂਦੀ ਸੀ, ਆਮ ਕਰ ਕੇ ਉਸ ਤੋਂ ਵੇਰਵੇ ਪੁੱਛ ਕੇ ਉਸ ਦਾ ਬੈਂਕ ਖਾਤਾ ਖਾਲੀ ਕਰਨ ਦੀ ਠੱਗੀ ਹੁੰਦੀ ਸੀ ਤਾਂ ਅਪਰਾਧੀਆਂ ਦੀ ਪੈੜ ਬਹੁਤੀ ਵਾਰੀ ਝਾਰਖੰਡ ਰਾਜ ਦੇ ਜਾਮਤਾਰਾ ਕਸਬੇ ਤਕ ਪਹੁੰਚਦੀ ਸੀਜਾਮਤਾਰਾ ਦੀ ਬਦਨਾਮੀ ਇੰਨੀ ਹੋਈ ਕਿ ਉੱਥੋਂ ਵਾਲੇ ਆਮ ਲੋਕ ਵੀ ਉਹ ਸ਼ਹਿਰ ਛੱਡਣ ਲੱਗ ਪਏ ਅਤੇ ਇੱਦਾਂ ਦੇ ਜੁਰਮ ਕਰਦੇ ਦੋਸ਼ੀਆਂ ਨੇ ਵੀ ਉਹ ਕਸਬਾ ਛੱਡ ਕੇ ਭਾਰਤ ਵਿੱਚ ਹੋਰ ਥਾਂਈਂ ਅੱਡੇ ਜਾ ਬਣਾਏ ਸਨਥੋੜ੍ਹੇ ਚਿਰ ਪਿੱਛੋਂ ਪਤਾ ਲੱਗਾ ਕਿ ਉੱਤਰੀ ਭਾਰਤ ਵਿੱਚ ਜਦੋਂ ਵੀ ਕਿਸੇ ਨਾਲ ਠੱਗੀ ਹੁੰਦੀ ਹੈ ਅਤੇ ਜੇ ਪੁਲਿਸ ਪਿੱਛਾ ਕਰਨ ਲਗਦੀ ਹੈ ਤਾਂ ਪੈੜ ਹਰਿਆਣੇ ਦੇ ਮੇਵਾਤ ਇਲਾਕੇ ਵਿੱਚ ਪਹੁੰਚਦੀ ਹੈ, ਇਸੇ ਮੇਵਾਤ ਇਲਾਕੇ ਵਿੱਚ, ਜਿੱਥੇ ਪਿਛਲੇ ਦਿਨੀਂ ਦੰਗੇ-ਫਸਾਦ ਦੌਰਾਨ ਸਾਈਬਰ ਕਰਾਈਮ ਥਾਣਾ ਸਾੜਿਆ ਗਿਆ ਸੀਉਸ ਇਲਾਕੇ ਵਿੱਚ ਪੁਲਿਸ ਦੇ ਹੋਰ ਥਾਣੇ ਅਤੇ ਦਫਤਰ ਵੀ ਸਨ, ਪਰ ਦੰਗਿਆਂ ਦੌਰਾਨ ਹਮਲਾ ਸਿਰਫ ਸਾਈਬਰ ਕਰਾਈਮ ਥਾਣੇ ਉੱਤੇ ਕੀਤਾ ਜਾਣਾ ਦੱਸਦਾ ਹੈ ਕਿ ਇਸ ਪਿੱਛੇ ਸਾਈਬਰ ਅਪਰਾਧੀਆਂ ਦੇ ਕਿਸੇ ਗੈਂਗ ਦਾ ਹੱਥ ਵੀ ਹੋ ਸਕਦਾ ਹੈ ਤਾਂ ਕਿ ਅੱਜ ਤਕ ਨੰਗੇ ਹੋਏ ਸਾਈਬਰ ਜੁਰਮਾਂ ਦਾ ਰਿਕਾਰਡ ਨਸ਼ਟ ਕਰਨ ਲਈ ਦੰਗਿਆਂ ਦੇ ਮੌਕੇ ਨੂੰ ਵਰਤਿਆ ਜਾ ਸਕੇਹੈਰਾਨੀ ਦੀ ਗੱਲ ਸਿਰਫ ਇਹ ਨਹੀਂ ਕਿ ਇਸਦੇ ਪਿੱਛੇ ਸਾਈਬਰ ਅਪਰਾਧੀਆਂ ਦਾ ਹੱਥ ਹੋ ਸਕਦਾ ਹੈ, ਸਗੋਂ ਇਹ ਵੀ ਹੈ ਕਿ ਇਹ ਗੱਲ ਸਰਕਾਰੀ ਤੌਰ ਉੱਤੇ ਖੁੱਲ੍ਹ ਕੇ ਪੇਸ਼ ਨਹੀਂ ਕੀਤੀ ਗਈ ਅਤੇ ਇਹ ਗੱਲ ਇਸ ਤਰ੍ਹਾਂ ਆਮ ਲੋਕਾਂ ਤੋਂ ਲੁਕੀ ਰਹੀ, ਜਿੱਦਾਂ ਕੋਈ ਬਹੁਤ ਵੱਡਾ ਸਰਕਾਰੀ ਭੇਦ ਖੁੱਲ੍ਹ ਜਾਣ ਦਾ ਡਰ ਹੋਵੇਆਖਰ ਕੋਈ ਤਾਂ ਹੈ ਜਿਹੜਾ ਸਾਈਬਰ ਅਪਰਾਧੀਆਂ ਅਤੇ ਫਿਰਕੂ ਦੰਗਾ ਕਰਨ ਵਾਲਿਆਂ ਦੇ ਗੱਠਜੋੜ ਨੂੰ ਲੁਕਾਉਣਾ ਚਾਹੁੰਦਾ ਹੈ

ਤੀਸਰਾ ਪੱਖ ਫਿਰ ਆ ਜਾਂਦਾ ਹੈ ਹਰਿਆਣੇ ਦੇ ਇਸ ਘਟਨਾਕਰਮ ਦੀ ਜੜ੍ਹ ਮੰਨੀ ਜਾਂਦੀ ਫਿਰਕਾਪ੍ਰਸਤੀ ਤੇ ਉਸ ਨਾਲ ਜੁੜੀ ਹੋਈ ਰਾਜਨੀਤੀ ਦਾਕਦੀ ਮੇਵਾਤ ਇਲਾਕੇ ਵਿੱਚ ਮਿਉ ਮੁਸਲਮਾਨਾਂ ਦੀ ਵੱਡੀ ਗਿਣਤੀ ਹੋਇਆ ਕਰਦੀ ਸੀਜਦੋਂ ਪਾਕਿਸਤਾਨ ਬਣਿਆ ਤਾਂ ਬਹੁਤ ਸਾਰੇ ਮਿਉ ਮੁਸਲਮਾਨ ਉੱਥੇ ਚਲੇ ਗਏ ਸਨਜਿਨ੍ਹਾਂ ਲੋਕਾਂ ਨੇ ਇਸਲਾਮੀ ਦੇਸ਼ ਵੱਲ ਜਾਣ ਦੀ ਥਾਂ ਧਰਮ ਨਿਰਪੱਖ ਭਾਰਤ ਵਿੱਚ ਰਹਿਣਾ ਚਾਹਿਆ, ਉਨ੍ਹਾਂ ਦਾ ਇੱਥੇ ਰਹਿਣਾ ਉਸ ਖੇਤਰ ਦੀ ਹਿੰਦੂ ਬਹੁ-ਗਿਣਤੀ ਦੀ ਰਾਜਨੀਤੀ ਕਰਦੇ ਲੋਕਾਂ ਨੂੰ ਪਸੰਦ ਨਹੀਂ ਸੀ, ਇਸ ਲਈ ਉਨ੍ਹਾਂ ਉੱਤੇ ਇੱਦਾਂ ਹਮਲੇ ਕੀਤੇ ਜਾਣ ਲੱਗੇ ਕਿ ਉਹ ਆਪਣੇ ਲਈ ਹੋਰ ਇਲਾਕਿਆਂ ਵਾਲੇ ਆਪਣੇ ਦੀਨੀ ਭਾਈਆਂ ਦਾ ਆਸਰਾ ਭਾਲਣ ਲੱਗ ਪਏਉਸ ਦੌਰ ਵਿੱਚ ਉਸ ਖੇਤਰ ਦੀਆਂ ਹਿੰਦੂ ਰਿਆਸਤਾਂ ਦੇ ਰਾਜਿਆਂ ਵੱਲੋਂ ਵੀ ਮੁਸਲਮਾਨਾਂ ਉੱਤੇ ਹਮਲੇ ਕਰਨ ਵਾਲਿਆਂ ਨਾਲ ਹੱਥ ਮਿਲਾ ਲੈਣ ਨੇ ਇਸ ਖੇਤਰ ਵਿੱਚ ਉਦੋਂ ਤੋਂ ਇੱਦਾਂ ਦਾ ਜ਼ਹਿਰ ਬੀਜਿਆ ਪਿਆ ਹੈ ਕਿ ਅੱਜ ਤਕ ਕਿਸੇ ਵੇਲੇ ਵੀ ਤੇ ਕਿਸੇ ਥਾਂ ਵੀ ਮਾੜੀ ਜਿਹੀ ਚਿੰਗਾੜੀ ਵੱਡੇ ਭਾਂਬੜ ਦਾ ਕਾਰਨ ਬਣ ਸਕਦੀ ਹੈਇਸ ਵਾਰੀ ਦੰਗਿਆਂ ਦੇ ਪਿੱਛੇ ਉਸ ਵੇਲੇ ਤੋਂ ਪੈਦਾ ਕੀਤੇ ਜਾਂਦੇ ਰਹੇ ਹਾਲਾਤ ਵੀ ਕਾਰਨ ਬਣੇ ਸਮਝੇ ਜਾਂਦੇ ਹਨ, ਪਰ ਇਹ ਗੱਲ ਰਾਜਨੀਤੀ ਦੇ ਅਜੋਕੇ ਧਨੰਤਰ ਨਹੀਂ ਮੰਨਦੇ

ਰਾਜਨੀਤੀ ਦੇ ਧਨੰਤਰ ਮੰਨਦੇ ਨਹੀਂ ਤੇ ਕਦੀ ਉਹ ਮੰਨਣਗੇ ਵੀ ਨਹੀਂਪੁਰਾਣੇ ਸਮੇਂ ਵਿੱਚ ਜਦੋਂ ਰਾਜ-ਗੱਦੀ ਲਈ ਰਾਜੇ ਅਤੇ ਰਾਜ-ਪਰਿਵਾਰ ਆਪੋ ਵਿੱਚ ਲੜਿਆ ਕਰਦੇ ਸਨ, ਉਹ ਵੀ ਬਹੁਤੀ ਵਾਰੀ ਆਪਣੀ ਲੜਾਈ ਨੂੰ ਦੇਸ਼ ਅਤੇ ਧਰਮ ਦੀ ਪੁੱਠ ਚਾੜ੍ਹ ਕੇ ਉਸ ਲਈ ਕੁਰਬਾਨੀਆਂ ਦੇਣ ਵਾਸਤੇ ਆਮ ਲੋਕਾਂ ਨੂੰ ਅੱਗੇ ਕਰਦੇ ਹੁੰਦੇ ਸਨਸੰਸਾਰ ਵਿੱਚ ਜਿੰਨਾ ਖੂਨ ਧਰਮ ਦਾ ਨਾਂਅ ਵਰਤ ਕੇ ਹੁੰਦੀਆਂ ਜੰਗਾਂ ਵਿੱਚ ਵਗਾਇਆ ਗਿਆ ਹੈ, ਇਤਿਹਾਸ ਉਸ ਦਾ ਗਵਾਹ ਤਾਂ ਹੈ, ਪਰ ਨਾਲ ਇਹ ਚੇਤਾ ਵੀ ਕਰਾਉਂਦਾ ਹੈ ਕਿ ਗੱਦੀ ਲਈ ਧਰਮ ਦੇ ਨਾਂਅ ਉੱਤੇ ਜੰਗ ਕਰਵਾਉਣ ਦਾ ਕੋਈ ਮਿਥਿਆ ਹੋਇਆ ਸਮਾਂ ਕਦੇ ਨਹੀਂ ਹੁੰਦਾ, ਇਹ ਖੂਨੀ ਖੇਡ ਕਿਸੇ ਵੀ ਸਦੀ ਵਿੱਚ, ਕਿਸੇ ਥਾਂ ਵੀ ਦੁਹਰਾਈ ਜਾ ਸਕਦੀ ਹੈਭਾਰਤ ਵੀ ਇਸ ਵੇਲੇ ਫਿਰ ਇੱਦਾਂ ਦੀਆਂ ਖੇਡਾਂ ਦਾ ਅਖਾੜਾ ਬਣਦਾ ਨਜ਼ਰ ਆਉਂਦਾ ਹੈਮਨੀਪੁਰ ਵਿੱਚ ਲੜਾਈ ਕਬੀਲਿਆਂ ਦੇ ਟਕਰਾਅ ਹੋਣ ਦੀ ਬਣਾਈ ਗਈ ਹੈ, ਹਰਿਆਣੇ ਵਿੱਚ ਦੋ ਧਾਰਮਿਕ ਭਾਈਚਾਰਿਆਂ ਦੇ ਟਕਰਾਅ ਦੀ, ਪਰ ਅਗਲੇ ਦਿਨਾਂ ਵਿੱਚ ਜੇ ਦੋ ਰਾਜਾਂ ਦੇ ਲੋਕਾਂ ਦੀ ਖੇਤਰਵਾਦੀ ਲੜਾਈ ਕਿਸੇ ਥਾਂ ਇੱਦਾਂ ਦਾ ਚੰਦ ਚਾੜ੍ਹ ਦੇਵੇ ਤਾਂ ਕੋਈ ਵੱਡੀ ਗੱਲ ਨਹੀਂ ਹੋਵੇਗੀਜਦੋਂ ਗੱਦੀ ਦੀ ਲੋੜ ਹੈ ਤੇ ਗੱਦੀ ਦੀ ਦੌੜ ਵਾਲੀ ਖੇਡ ਵਿੱਚ ਕੋਈ ਨਿਯਮ-ਅਸੂਲ ਵੀ ਪੱਕਾ ਨਹੀਂ ਤਾਂ ਜਿਸ ਆਗੂ ਦੀ ਜਿੰਨੀ ਲੋੜ ਹੈ, ਉਹ ਉਸ ਮੁਤਾਬਕ ਚਾਲਾਂ ਚੱਲਣ ਲਈ ਯਤਨ ਕਰ ਸਕਦਾ ਹੈ ਇੱਦਾਂ ਦੀਆਂ ਚਾਲਾਂ ਚੱਲਣ ਵਾਲੇ ਜਿਹੜੀ ਗੱਲ ਜਾਣਦੇ ਨਹੀਂ, ਜਾਂ ਜਾਣ ਕੇ ਅਣਗੌਲੀ ਕਰਦੇ ਹਨ, ਉਹ ਇਹ ਹੈ ਕਿ ਕੋਈ ਵੀ ਜੰਗ ਦੇਸ਼ਾਂ ਦੀ ਹੋਵੇ ਜਾਂ ਧਰਮਾਂ ਦੀ, ਕਬੀਲਿਆਂ ਦੀ ਹੋਵੇ ਜਾਂ ਖੇਤਰਾਂ ਦੀ, ਜਦੋਂ ਇੱਕ ਵਾਰੀ ਛਿੜ ਪਵੇ, ਫਿਰ ਜੰਗਲ ਦੀ ਅੱਗ ਵਾਂਗ ਕੰਟਰੋਲ ਵਿੱਚ ਰੱਖਣੀ ਸੰਭਵ ਨਹੀਂ ਰਹਿੰਦੀ, ਇਹ ਹੋਰ ਅੱਗੇ ਵਧ ਕੇ ਚੁਆਤੀ ਲਾਉਣ ਵਾਲਿਆਂ ਦੇ ਆਪਣੇ ਕੁੱਲੇ ਫੂਕਣ ਤਕ ਜਾ ਸਕਦੀ ਹੈ ਇਤਿਹਾਸ ਵਿੱਚ ਇੱਦਾਂ ਦੀਆਂ ਕਈ ਮਿਸਾਲਾਂ ਹਨ ਕਿ ਜਿਨ੍ਹਾਂ ਨੇ ਇਹ ਚੁਆਤੀ ਲਾ ਕੇ ਤਾੜੀਆਂ ਮਾਰਨ ਦਾ ਯਤਨ ਕੀਤਾ ਸੀ, ਆਪਣੇ ਘਰ ਤੇ ਘਰਾਂ ਦੇ ਜੀਅ ਨਹੀਂ ਸਨ ਬਚਾ ਸਕੇਇਹ ਸਭ ਕੁਝ ਪਿੱਛੇ ਵੀ ਹੁੰਦਾ ਰਿਹਾ ਹੈ ਅਤੇ ਅੱਗੋਂ ਵੀ ਕਦੀ ਹੋ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4138)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author