JatinderPannu7ਅੱਜ ਕੇਜਰੀਵਾਲ ਆਪਣੀ ਪਾਰਟੀ ਦੀਆਂ ਉਲਝਣਾਂ ਖਤਮ ਕਰ ਕੇ ਇੱਕ ਠੋਸ ਨੀਤੀ ...
(27 ਸਤੰਬਰ 2021)

 

ਪਿਛਲੇ ਦਿਨੀਂ ਪੰਜਾਬ ਸਰਕਾਰ ਦਾ ਮੁਖੀ ਬਦਲੇ ਜਾਣ ਦੀਆਂ ਘਟਨਾਵਾਂ ਮਗਰੋਂ ਲਗਭਗ ਹਰ ਕਿਸੇ ਪੱਤਰਕਾਰ ਨੇ ਆਪੋ-ਆਪਣੀ ਸੋਚ ਦੇ ਮੁਤਾਬਕ ਇਸ ਉੱਤੇ ਟਿੱਪਣੀਆਂ ਕੀਤੀਆਂ ਸਨਜਿਹੜੀ ਟਿੱਪਣੀ ਸਭ ਤੋਂ ਜ਼ਿਆਦਾ ਠੀਕ ਲੱਗੀ, ਉਹ ਇਹ ਸੀ ਕਿ ਪੰਜਾਬ ਦੀ ਕਾਂਗਰਸ ਇੱਕ ਵਾਰ ਫਿਰ ਉਸੇ ਹਾਲ ਵਿੱਚ ਜਾ ਪਹੁੰਚੀ ਹੈ, ਜਿਸ ਵਿੱਚ ਉਦੋਂ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਅਤੇ ਉਸ ਨੂੰ ਹਟਾ ਕੇ ਮੁੱਖ ਮੰਤਰੀ ਬਣੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਆਪੋ ਵਿੱਚ ਲੱਗੇ ਆਢੇ ਨੇ ਪਹੁੰਚਾਈ ਸੀ ਉਦੋਂ ਭੱਠਲ ਬੀਬੀ ਨੂੰ ਪਹਿਲਾਂ ਡਿਪਟੀ ਮੁੱਖ ਮੰਤਰੀ ਬਣਾਇਆ ਸੀ ਤੇ ਫਿਰ ਨਵੰਬਰ ਵਿੱਚ ਮੁੱਖ ਮੰਤਰੀ ਬਣਾ ਕੇ ਅਗਲੀਆਂ ਚੋਣਾਂ ਦੇ ਨੇੜੇ ਕੀਤੀ ਤਬਦੀਲੀ ਨੇ ਕਾਂਗਰਸ ਦਾ ਕੁਝ ਨਹੀਂ ਸੀ ਸੰਵਾਰਿਆਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਤੇ ਉਸ ਦਾ ਧੜਾ ਬੀਬੀ ਭੱਠਲ ਤੋਂ ਡਰਦਾ ਘਰੀਂ ਜਾ ਬੈਠਾ ਅਤੇ ਅੰਦਰ-ਖਾਤਿਉਂ ਆਪਣੀ ਪਾਰਟੀ ਵਿਰੁੱਧ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਰਾਜਸੀ ਗੱਠਜੋੜ ਦੀ ਮਦਦ ਕਰਦਾ ਰਿਹਾ ਸੀਇਸ ਵਾਰ ਸਤੰਬਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਛੱਡਣੀ ਪਈ ਹੈ, ਪਰ ਉਹ ਹਰਚਰਨ ਸਿੰਘ ਬਰਾੜ ਵਾਂਗ ਚੁੱਪ ਕੀਤਾ ਘਰੇ ਬਹਿਣ ਵਾਲਾ ਨਹੀਂ, ਸਿੱਧਾ ਭੇੜ ਭਿੜਨ ਦੇ ਦਬਕੇ ਮਾਰਦਾ ਹੈ ਤੇ ਤਬਦੀਲੀ ਪਿੱਛੋਂ ਉਸ ਦਾ ਧੜਾ ਵੀ ਰਾਜ ਵਿੱਚੋਂ ਆਪਣਾ ਹਿੱਸਾ ਲੈਣ ਲਈ ਸਾਰਾ ਤਾਣ ਲਾ ਰਿਹਾ ਹੈਦੋ ਡਿਪਟੀ ਮੁੱਖ ਮੰਤਰੀ ਬਣਾਉਣ ਦੇ ਵਕਤ ਵੀ ਇੱਕ ਜਣਾ ਕੈਪਟਨ ਧੜੇ ਤੋਂ ਲੈਣ ਲਈ ਪਾਰਟੀ ਦਾ ਮਜਬੂਰੀ ਵਿੱਚ ਮੰਨਣਾ ਇਸਦਾ ਸਬੂਤ ਹੈ ਕਿ ਉਸ ਧੜੇ ਨੂੰ ਨਾਰਾਜ਼ ਰੱਖਣ ਦਾ ਨੁਕਸਾਨ ਪਾਰਟੀ ਜਾਣਦੀ ਹੈ ਤੇ ਕੈਪਟਨ ਧੜਾ ਵੀ ਇਸ ਸਥਿਤੀ ਵਿੱਚ ਸ਼ਰੀਕਾਂ ਅੱਗੇ ਹਥਿਆਰ ਸੁੱਟਣ ਦੀ ਬਜਾਏ ਵਜ਼ੀਰੀਆਂ ਦੀ ਵੰਡ ਤੋਂ ਬਾਅਦ ਟਿਕਟਾਂ ਦੀ ਵੰਡ ਵਿੱਚ ਵੀ ਲੱਤ ਅੜਾਉਣ ਦੇ ਲਈ ਪੂਰੀ ਤਿਆਰੀ ਵੱਟੀ ਬੈਠਾ ਹੈ

ਕਿਸੇ ਵੀ ਰਾਜ ਕਰਦੀ ਪਾਰਟੀ ਦਾ ਨਾਰਾਜ਼ ਧੜਾ ਜੋ ਵੀ ਕਰਦਾ ਫਿਰੇ, ਉਸ ਨੂੰ ਕੋਈ ਰੋਕਦਾ ਨਹੀਂ ਹੁੰਦਾ ਤੇ ਰਾਜ ਕਰਦੇ ਧੜੇ ਉੱਤੇ ਜ਼ਿੰਮੇਵਾਰੀ ਪੈ ਜਾਂਦੀ ਹੈ ਕਿ ਉਹ ਨਾਰਾਜ਼ ਧੜੇ ਨੂੰ ਵੀ ਨਾਲ ਲੈ ਕੇ ਚੱਲੇ ਤੇ ਉਨ੍ਹਾਂ ਦਾ ਗੁੱਸਾ-ਗਿਲਾ ਕੁਝ ਠੰਢਾ ਕਰਨ ਦਾ ਯਤਨ ਕਰੇਇਸ ਮਾਮਲੇ ਵਿੱਚ ਇਸ ਵਾਰੀ ਰਾਜ ਸੰਭਾਲਣ ਵਾਲੇ ਧੜੇ ਦੇ ਆਗੂ ਸੁਚੇਤ ਹੋ ਕੇ ਨਹੀਂ ਚੱਲ ਸਕੇ ਅਤੇ ਜਿਨ੍ਹਾਂ ਕੋਲੋਂ ਰਾਜ ਖੋਹਿਆ ਹੈ, ਉਨ੍ਹਾਂ ਨੂੰ ਹਰ ਨਵੇਂ ਦਿਨ ਨਵੀਂ ਹੁੱਝ ਮਾਰਨ ਦੇ ਯਤਨ ਕਰਦੇ ਪਏ ਹਨਨਤੀਜਾ ਇਸਦਾ ਇਹ ਹੋਵੇਗਾ ਕਿ ਉਨ੍ਹਾਂ ਨੇ ਜੇ ਕੋਈ ਵਿਰੋਧ ਅੰਦਰਖਾਤੇ ਵੀ ਕਰਨਾ ਸੀ ਤਾਂ ਇਸਦੀ ਲੋੜ ਨਹੀਂ ਰਹਿਣੀ, ਉਹ ਨੰਗੇ ਧੜ ਇਸ ਧੜੇ ਦੀ ਅਗਵਾਈ ਹੇਠ ਚੱਲਦੀ ਸਰਕਾਰ ਤੇ ਪਾਰਟੀ ਦਾ ਵਿਰੋਧ ਕਰਨਗੇਨਵਾਂ ਮੁੱਖ ਮੰਤਰੀ ਬਣਾ ਲੈਣ ਦੇ ਬਾਵਜੂਦ ਇੱਕ ਹਫਤਾ ਇਹੋ ਤੈਅ ਨਹੀਂ ਕੀਤਾ ਜਾ ਸਕਿਆ ਕਿ ਮੰਤਰੀ ਕੌਣ-ਕੌਣ ਬਣਾਉਣਾ ਹੈ ਤੇ ਇਸ ਕੰਮ ਲਈ ਹਰ ਦੂਸਰੇ ਦਿਨ ਦਿੱਲੀ ਨੂੰ ਦੌੜ ਲਗਦੀ ਰਹੀ ਹੈਇਹ ਦੌੜ ਹੀ ਸਰਕਾਰ ਦੀ ਕਮਜ਼ੋਰੀ ਜ਼ਾਹਰ ਕਰਦੀ ਹੈ

ਦੂਸਰੀ ਗੱਲ ਇਹ ਕਿ ਜਿਨ੍ਹਾਂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲੜਾਈ ਲੜੀ ਤੇ ਆਖਰ ਉਸ ਨੂੰ ਕੁਰਸੀ ਛੱਡਣ ਨੂੰ ਮਜਬੂਰ ਕੀਤਾ, ਉਨ੍ਹਾਂ ਤੋਂ ਡਰ ਕੇ ਹਰਚਰਨ ਸਿੰਘ ਬਰਾੜ ਵਾਂਗ ਚੁੱਪ ਹੋਣ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨੇ ਖੜ੍ਹੇ ਪੈਰ ਉਨ੍ਹਾਂ ਨਾਲ ਮੋੜਵਾਂ ਆਢਾ ਲਾ ਲਿਆ ਹੈਉਹ ਇਸ ਗੱਲ ਵਿੱਚ ਕਾਮਯਾਬ ਰਿਹਾ ਕਿ ਹੋਰ ਜਿਸ ਨੂੰ ਵੀ ਅੱਗੇ ਲਾ ਲਵੋ, ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਜਾਂ ਸੁਨੀਲ ਜਾਖੜ ਨਹੀਂ ਬਣਨ ਦੇਣੇਕਾਂਗਰਸ ਹਾਈ ਕਮਾਂਡ ਨੂੰ ਇਸ ਉੱਤੇ ਝੁਕਣਾ ਪਿਆ ਤਾਂ ਚਰਨਜੀਤ ਸਿੰਘ ਚੰਨੀ ਦਾ ਗੁਣਾ ਪੈ ਗਿਆ, ਜਿਸਦਾ ਇਸ ਅਹੁਦੇ ਲਈ ਅੱਗੇ ਕਦੀ ਨਾਂਅ ਨਹੀਂ ਸੀ ਸੁਣਿਆ ਪਰ ਖੇਡ ਵਿਗਾੜਨ ਦਾ ਅਗਲਾ ਰਾਹ ਕੈਪਟਨ ਧੜੇ ਤੋਂ ਵੱਧ ਕੈਪਟਨ-ਵਿਰੋਧੀਆਂ ਨੇ ਇਸ ਤਰ੍ਹਾਂ ਫੜ ਲਿਆ ਹੈ ਕਿ ਜੇ ਉਹ ਨਾ ਸੁਧਰੇ ਤਾਂ ਸਰਕਾਰ ਅਤੇ ਪਾਰਟੀ ਦੋਵਾਂ ਨੂੰ ਲੈ ਬੈਠਣਗੇਮੁੱਖ ਮੰਤਰੀ ਤਾਂ ਮੁੱਖ ਮੰਤਰੀ ਹੁੰਦਾ ਹੈ, ਜਿੰਨੀ ਦੇਰ ਚਰਨਜੀਤ ਸਿੰਘ ਚੰਨੀ ਨੂੰ ਇਹ ਅਹੁਦਾ ਨਹੀਂ ਸੀ ਮਿਲਿਆ, ਉਦੋਂ ਤਕ ਹੋਰ ਗੱਲ ਸੀ, ਮੁੱਖ ਮੰਤਰੀ ਬਣਨ ਪਿੱਛੋਂ ਉਸ ਨੂੰ ਕੰਮ ਵੀ ਕਰਨ ਦੇਣਾ ਚਾਹੀਦਾ ਹੈ ਪਰ ਉਸ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਟੋਲੀ ਆਮ ਲੋਕਾਂ ਨੂੰ ਇਹ ਦੱਸਣ ਰੁੱਝੀ ਹੋਈ ਹੈ ਕਿ ਇਸ ਨੂੰ ਬਣਾਇਆ ਅਸੀਂ ਹੈ ਤਾਂ ਚਲਾਉਂਦੇ ਵੀ ਅਸੀਂ ਹਾਂਇਸ ਨਾਲ ਚਰਨਜੀਤ ਸਿੰਘ ਚੰਨੀ ਦੀ ਪੁਜ਼ੀਸ਼ਨ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਜੇ ਇਹ ਹੋਰ ਕਮਜ਼ੋਰ ਹੋਈ ਤਾਂ ਇਸਦਾ ਲਾਭ ਅਕਾਲੀ ਦਲ, ਆਮ ਆਦਮੀ ਪਾਰਟੀ ਜਾਂ ਫਿਰ ਪਾਰਟੀ ਵਿਚਲੇ ਕੈਪਟਨ ਧੜੇ ਨੂੰ ਹੋਵੇਗਾਇਹ ਗੱਲ ਉਹ ਟੀਮ ਨਹੀਂ ਸੋਚਦੀ

ਸਥਿਤੀ ਦਾ ਦੂਸਰਾ ਪੱਖ ਇਹ ਹੈ ਕਿ ਭਾਜਪਾ ਅਜੇ ਤਕ ਪੰਜਾਬ ਵਿੱਚ ਆਪਣੇ ਪੈਰ ਨਹੀਂ ਲਾ ਸਕੀ ਤੇ ਲਾਉਣ ਦੀ ਹਾਲੇ ਗੁੰਜਾਇਸ਼ ਵੀ ਕੋਈ ਨਹੀਂ ਲਗਦੀ, ਪਰ ਕਾਂਗਰਸ ਲਈ ਮੈਦਾਨ ਖਾਲੀ ਨਹੀਂਆਮ ਆਦਮੀ ਪਾਰਟੀ ਵਿੱਚ ਇਸਦੇ ਕੌਮੀ ਕਨਵੀਨਰ ਦੀਆਂ ਗਲਤ ਗਿਣਤੀਆਂ ਕਾਰਨ ਅਜੇ ਤਕ ਕਈ ਤਰ੍ਹਾਂ ਦੀਆਂ ਉਲਝਣਾਂ ਹਨ, ਪਰ ਉਲਝਣਾਂ ਹੁੰਦੇ ਹੋਏ ਵੀ ਇਸ ਵੇਲੇ ਆਮ ਲੋਕਾਂ ਵਿੱਚ ਇਸ ਪਾਰਟੀ ਵੱਲ ਇੱਕ ਖਾਸ ਤਰ੍ਹਾਂ ਦੀ ਖਿੱਚ ਮੌਜੂਦ ਹੈਪਾਰਟੀ ਦੀ ਹਾਈ ਕਮਾਨ ਅੱਜ ਉਲਝਣਾਂ ਦੂਰ ਕਰ ਕੇ ਸਿੱਧੇ ਮੂੰਹ ਚੱਲ ਪਵੇ ਤਾਂ ਇਹ ਪਾਰਟੀ ਚੋਖੀ ਖੱਟੀ ਖੱਟ ਰਹੀ ਜਾਪਦੀ ਹੈ ਪਰ ਬਦਕਿਸਮਤੀ ਨਾਲ ਕੇਜਰੀਵਾਲ ਸਾਹਿਬ ਨੇ ਕੀ ਕਰਨਾ ਹੈ, ਸ਼ਾਇਦ ਖੁਦ ਉਸ ਨੂੰ ਵੀ ਬਹੁਤੀ ਵਾਰ ਪਤਾ ਨਹੀਂ ਹੁੰਦਾ ਅਤੇ ਸੋਚਾਂ ਵਿੱਚ ਵਕਤ ਲੰਘਾ ਕੇ ਆਖਰੀ ਵਕਤ ਅਟਕਲ-ਪੱਚੂ ਚਾਲਾਂ ਚੱਲਣ ਲੱਗਦਾ ਹੈਜਿਹੜੀ ਗੱਲ ਬਾਰੇ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਦੇ ਲੀਡਰ ਅਜੇ ਤਕ ਇਹ ਸੋਚ ਕੇ ਅਵੇਸਲੇ ਹਨ ਕਿ ਆਮ ਲੋਕਾਂ ਨੇ ਉਸ ਪਾਰਟੀ ਨੂੰ ਮੂੰਹ ਹੀ ਨਹੀਂ ਲਾਉਣਾ, ਪਿਛਲੇ ਦਿਨਾਂ ਦੀ ਸਰਗਰਮੀ ਵਿੱਚ ਉਸ ਅਕਾਲੀ ਦਲ ਦੀਆਂ ਰੈਲੀਆਂ ਤੇ ਹੋਰ ਪ੍ਰੋਗਰਾਮਾਂ ਵਿੱਚ ਭੀੜ ਅੱਗੇ ਨਾਲੋਂ ਵਧਣ ਲੱਗ ਪਈ ਹੈਜਦੋਂ ਉਨ੍ਹਾਂ ਦੀ ਹਰ ਰੈਲੀ ਤੇ ਹਰ ਮਾਰਚ ਦੇ ਵਕਤ ਕਿਸਾਨਾਂ ਨਾਲ ਜਾਂ ਕਿਸੇ ਹੋਰ ਪੰਥਕ ਧਿਰ ਸਿੱਧਾ ਪੇਚਾ ਪੈਣ ਦਾ ਖਤਰਾ ਹੋਵੇ, ਉਸ ਵਕਤ ਵੀ ਜੇ ਇਸ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਲੋਕਾਂ ਦੀ ਭੀੜ ਵਧਦੀ ਹੈ ਤਾਂ ਇਸ ਨੂੰ ਨੋਟ ਕਰਨਾ ਚਾਹੀਦਾ ਹੈਆਮ ਆਦਮੀ ਇਹ ਨਹੀਂ ਸੋਚਦਾ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਵਿੱਚ ਅਟਪਟੀਆਂ ਗੱਲਾਂ ਕਿੰਨੀਆਂ ਹਨ, ਜਦੋਂ ਆਮ ਲੋਕ ਰਾਜ ਕਰਦੀ ਧਿਰ ਦੇ ਮੁਕਾਬਲੇ ਦਾ ਬਦਲ ਲੱਭਣ ਤੁਰ ਪੈਣ ਤਾਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਅੱਖੋਂ ਪਰੋਖੇ ਕਰ ਕੇ ਉਸ ਪਾਰਟੀ ਨਾਲ ਵੀ ਤੁਰ ਪੈਂਦੇ ਹੁੰਦੇ ਹਨ, ਜਿਸ ਨੂੰ ਦਿਲੋਂ ਕਈ ਵਾਰੀ ਉਹ ਪਸੰਦ ਨਹੀਂ ਕਰਦੇ ਹੁੰਦੇ ਇੱਦਾਂ ਹੁੰਦਾ ਅਸੀਂ ਕਈ ਵਾਰ ਵੇਖਿਆ ਹੈਅਕਾਲੀ ਦਲ ਦੇ ਮਗਰ ਵੀ ਇਸ ਵਕਤ ਜਾਂਦੀ ਭੀੜ ਇਸ ਵੇਲੇ ਚੱਲ ਰਹੇ ਕਾਂਗਰਸੀ ਰਾਜ ਦਾ ਬਦਲ ਲੱਭਣ ਵਾਲੀ ਜਾਪਦੀ ਹੈਅੱਜ ਕੇਜਰੀਵਾਲ ਆਪਣੀ ਪਾਰਟੀ ਦੀਆਂ ਉਲਝਣਾਂ ਖਤਮ ਕਰ ਕੇ ਇੱਕ ਠੋਸ ਨੀਤੀ ਲੋਕਾਂ ਮੂਹਰੇ ਰੱਖ ਕੇ ਚੱਲ ਪਵੇ ਤਾਂ ਸਥਿਤੀ ਉਸ ਵੱਲ ਨੂੰ ਝੁਕ ਸਕਦੀ ਹੈ, ਪਰ ਕਿਉਂਕਿ ਉਹ ਇੱਦਾਂ ਦਾ ਕੁਝ ਕਰ ਨਹੀਂ ਰਿਹਾ, ਇਸ ਲਈ ਮੌਜੂਦਾ ਸਥਿਤੀ ਵਿੱਚ ਆਮ ਲੋਕ ਰਾਜ ਕਰਦੀ ਧਿਰ ਦਾ ਬਦਲ ਲੱਭਣ ਲਈ ਕਿੱਧਰ ਨੂੰ ਖਿਸਕ ਸਕਦੇ ਹਨ, ਸਾਰਿਆਂ ਨੂੰ ਪਤਾ ਹੈਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਦੇ ਦੌਰਾਨ ਜਿਹੜਾ ਅਕਾਲੀ ਦਲ ਇੱਕ ਲੋਕ ਸਭਾ ਉਪ ਚੋਣ ਬੁਰੀ ਤਰ੍ਹਾਂ ਹਾਰ ਚੁੱਕਾ ਸੀ ਅਤੇ ਬੁਰੀ ਤਰ੍ਹਾਂ ਵੰਡਿਆ ਪਿਆ ਸੀ, ਅਕਾਲੀ ਦਲ ਦੇ ਸੱਤ ਧੜੇ ਸ੍ਰੀ ਅਕਾਲ ਤਖਤ ਨੂੰ ਸਮੱਰਪਿਤ ਹੋਣ ਦੇ ਬਹਾਨੇ ਹੇਠ ਪ੍ਰਕਾਸ਼ ਸਿੰਘ ਬਾਦਲ ਨੂੰ ਥੱਲੇ ਲਾਉਣਾ ਚਾਹੁੰਦੇ ਸਨ, ਉਸ ਵਕਤ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਉਹੀ ਇਕੱਲਾ ਬਾਦਲ ਧੜਾ ਦੋ ਸੀਟਾਂ ਜਿੱਤ ਕੇ ਬਹੁਤ ਵੱਡੀ ਧਿਰ ਬਣ ਗਿਆ ਸੀਕਾਰਨ ਇਹ ਨਹੀਂ ਸੀ ਕਿ ਲੋਕਾਂ ਨੂੰ ਬਾਦਲ ਕੋਈ ਚੰਗਾ ਲੀਡਰ ਲੱਗਣ ਲੱਗ ਪਿਆ ਸੀ, ਅਸਲ ਇਹ ਸੀ ਕਿ ਬਾਦਲ ਉਸ ਵਕਤ ਰਾਜ ਕਰਦੀ ਧਿਰ ਦਾ ਬਦਲ ਪੇਸ਼ ਕਰਦਾ ਪਿਆ ਸੀ ਤੇ ਦੂਸਰੇ ਹੋਰਨਾਂ ਖੇਡਾਂ ਵਿੱਚ ਰੁੱਝੇ ਹੋਏ ਸਨ

ਇਸ ਵੇਲੇ ਫਿਰ ਲੋਕਾਂ ਨੂੰ ਇੱਕ ਬਦਲ ਦੀ ਲੋੜ ਜਾਪਦੀ ਹੈਕਾਂਗਰਸ ਪਾਰਟੀ ਅਜੇ ਵੀ ਇਸ ਵਹਿਮ ਵਿੱਚ ਹੈ ਕਿ ਸਾਡੇ ਮੁਕਾਬਲੇ ਦੀ ਕੋਈ ਧਿਰ ਹੀ ਨਹੀਂ ਤਾਂ ਅਸੀਂ ਭਾਵੇਂ ਛਿੱਤਰੀਂ ਦਾਲ ਵੰਡੀ ਜਾਈਏ, ਲੋਕਾਂ ਨੂੰ ਵੋਟ ਫਿਰ ਵੀ ਸਾਨੂੰ ਹੀ ਪਾਉਣੀ ਪੈਣੀ ਹੈਅਮਲੀ ਵੀ ਇਸੇ ਝਾਕ ਵਿੱਚ ਬੇਰੀ ਹੇਠ ਜਾ ਸੁੱਤਾ ਸੀ ਕਿ ਬੇਰ ਜਦੋਂ ਵੀ ਡਿੱਗੇਗਾ ਤਾਂ ਮੇਰਾ ਮੂੰਹ ਖੁ਼ੱਲ੍ਹਾ ਵੇਖ ਕੇ ਇਸੇ ਵਿੱਚ ਡਿੱਗੇਗਾਕਾਂਗਰਸ ਪਾਰਟੀ ਵੀ ਇਸੇ ਝਾਕ ਵਿੱਚ ਲੋਕਾਂ ਦੀ ਚਿੰਤਾ ਛੱਡ ਕੇ ਤਖਤ ਉੱਤੇ ਕਬਜ਼ੇ ਕਰਨ ਦੀ ਜੰਗ ਵਿੱਚ ਸਾਰਾ ਤਾਣ ਲਾਈ ਜਾਂਦੀ ਹੈ ਤੇ ਹੇਠੋਂ ਖਿਸਕਦੀ ਜਾਂਦੀ ਜ਼ਮੀਨ ਬਾਰੇ ਚਿੰਤਾ ਕਰ ਸਕਣੀ ਉਸ ਦੇ ਵੱਸ ਦੀ ਗੱਲ ਹੀ ਨਹੀਂ ਜਾਪਦੀਕੁਰਸੀਆਂ ਦੀ ਇਹ ਖੇਡ ਕਾਂਗਰਸ ਪਾਰਟੀ ਨੂੰ ਲੈ ਬੈਠੇਗੀ, ਪਰ ਉਸ ਦਾ ਬਦਲ ਲੱਭਣ ਦੇ ਲਈ ਲੋਕ ਕਿਹੜੀ ਧਿਰ ਵਿੱਚ ਭਰੋਸਾ ਕਰਨਗੇ, ਇਹ ਕਹਿਣਾ ਅੱਜ ਦੀ ਘੜੀ ਔਖਾ ਹੁੰਦਿਆਂ ਵੀ ਹਾਲਾਤ ਜਿੱਧਰ ਜਾ ਰਹੇ ਹਨ, ਇਸ ਬਾਰੇ ਕਈ ਤਰ੍ਹਾਂ ਦੇ ਕਿਆਫੇ ਲਾਏ ਜਾ ਸਕਦੇ ਹਨ, ਫਿਰ ਵੀ ਅਸੀਂ ਲਾਵਾਂਗੇ ਨਹੀਂਸਿਰਫ ਇਹ ਕਹਿ ਸਕਦੇ ਹਾਂ ਕਿ ਹੋਰ ਤਾਂ ਸਭ ਕੁਝ ਸੰਭਵ ਹੈ, ਪਰ ਜਿਹੜੀ ਗੱਲ ਕਹਿ ਕੇ ਕਾਂਗਰਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੋਲੋਂ ਕੁਰਸੀ ਛੁਡਾਈ ਹੈ, ਨਾ ਉਸ ਦਾ ਕੋਈ ਲਾਭ ਉਨ੍ਹਾਂ ਨੂੰ ਹੁੰਦਾ ਜਾਪਦਾ ਹੈ, ਨਾ ਕੈਪਟਨ ਦੇ ਮੋੜੇ ਦਾ ਰਾਹ ਖੁੱਲ੍ਹ ਸਕਣਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3037)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author