JatinderPannu7ਜਿਹੜੀ ਕਮਾਲ ਦੀ ਗੱਲ ਇਨ੍ਹਾਂ ਸਾਰਿਆਂ ਨੇ ਇੱਕ ਹੋਰ ਕਹਿ ਦਿੱਤੀਉਹ ਇਹ ਸੀ ਕਿ ਭਾਜਪਾ ...
(7 ਨਵੰਬਰ 2021)

 

ਵਿਧਾਨ ਸਭਾ ਚੋਣਾਂ ਹੋਣੀਆਂ ਹੋਣ ਜਾਂ ਪਾਰਲੀਮੈਂਟ ਦੀਆਂ, ਅਗੇਤੇ ਅੰਦਾਜ਼ੇ ਅਸੀਂ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ ਤੋਂ ਲਾਉਂਦੇ ਰਹੇ ਹਾਂ, ਪਰ ਇੰਨਾ ਅਗੇਤਾ ਇਹ ਕੰਮ ਕਦੀ ਨਹੀਂ ਕੀਤਾ ਕਿ ਚੋਣਾਂ ਵਿੱਚ ਚਾਰ-ਪੰਜ ਮਹੀਨੇ ਬਾਕੀ ਹੋਣ ਅਤੇ ਇਹ ਸੋਚਣ ਬਹਿ ਜਾਈਏ ਕਿ ਕੌਣ ਕਿੰਨੇ ਪਾਣੀ ਵਿੱਚ ਹੈ! ਪਿਛਲੇ ਦਿਨੀਂ ਇੱਕ ਸੰਸਥਾ ਵੱਲੋਂ ਕੁਝ ਲੋਕ ਇਹ ਵੇਖਣ ਲਈ ਪੰਜਾਬ ਆਏ ਕਿ ਇੱਥੋਂ ਦੇ ਲੋਕਾਂ ਦਾ ਚੋਣਾਂ ਬਾਰੇ ਇਸ ਵਾਰੀ ਕਿੱਦਾਂ ਦਾ ਮੂਡ ਹੈ ਤੇ ਘੁੰਮਦੀ ਹੋਈ ਉਹ ਟੀਮ ਸਾਡੇ ਤਕ ਵੀ ਆ ਪਹੁੰਚੀਕੁਝ ਗੱਲਾਂ ਬਾਰੇ ਉਨ੍ਹਾਂ ਦੀ ਰਾਏ ਸਾਡੇ ਵਰਗੀ ਸੀ, ਪਰ ਕੁਝ ਵਖਰੇਵੇਂ ਵੀ ਸਨ ਤੇ ਜਦੋਂ ਉਹ ਟੀਮ ਚਲੀ ਗਈ ਤਾਂ ਅਸੀਂ ਉਹ ਕੰਮ ਸ਼ੁਰੂ ਕਰ ਲਿਆ, ਜਿਹੜਾ ਚੋਣਾਂ ਨੇੜੇ ਜਾ ਕੇ ਕਰਦੇ ਹੁੰਦੇ ਸਾਂਮੈਂ ਚੋਣਾਂ ਵਿੱਚ ਲੋਕਾਂ ਕੋਲ ਖੁਦ ਬਹੁਤ ਘੱਟ ਜਾਂਦਾ ਹਾਂ, ਪਰ ਹਰ ਜ਼ਿਲ੍ਹੇ ਵਿੱਚ ਪੱਤਰਕਾਰੀ ਦੇ ਲੰਮੇ ਤਜਰਬੇ ਵਾਲੇ ਚਾਰ-ਪੰਜ ਇਹੋ ਜਿਹੇ ਸੱਜਣ ਮੇਰੀ ਸਾਂਝ ਵਾਲੇ ਹਨ, ਜਿਹੜੇ ਆਪਣੇ ਜ਼ਿਲ੍ਹੇ ਦੇ ਹਰ ਹਲਕੇ ਬਾਰੇ ਮੇਰੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਨ ਤੇ ਉਨ੍ਹਾਂ ਦੀ ਗੱਲ ਵਿੱਚ ਵਜ਼ਨ ਵੀ ਇੰਨਾ ਹੁੰਦਾ ਹੈ ਕਿ ਆਮ ਕਰ ਕੇ ਅੰਦਾਜ਼ੇ ਸਹੀ ਨਿਕਲਿਆ ਕਰਦੇ ਹਨਇਸ ਵਾਰ ਫਿਰ ਉਨ੍ਹਾਂ ਨਾਲ ਗੱਲ ਕੀਤੀ ਤਾਂ ਜਿਹੜਾ ਨਕਸ਼ਾ ਸਾਡੇ ਸਾਹਮਣੇ ਆਇਆ, ਉਹ ਹੈਰਾਨ ਕਰਨ ਵਾਲਾ ਸੀ

ਮੇਰੇ ਸਾਂਝ ਵਾਲੇ ਇਹ ਪੱਤਰਕਾਰ ਸੱਜਣ ਆਪਸ ਵਿੱਚ ਇੱਕ ਦੂਸਰੇ ਨੂੰ ਜਾਣਦੇ ਨਹੀਂ ਤੇ ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਦੂਸਰਿਆਂ ਵਿੱਚੋਂ ਕੋਈ ਮੇਰੀ ਸਾਂਝ ਵਾਲਾ ਹੋ ਸਕਦਾ ਹੈ, ਪਰ ਇੱਕ ਗੱਲ ਉਨ੍ਹਾਂ ਸਭਨਾਂ ਨੇ ਸਾਂਝੀ ਕਹੀ ਕਿ ਇਸ ਵੇਲੇ ਪੰਜਾਬ ਦੀ ਕੋਈ ਧਿਰ ਵੀ ਪੰਜਾਬ ਦਾ ਮੁੱਦਾ ਨਹੀਂ ਚੁੱਕ ਰਹੀਉਨ੍ਹਾਂ ਸਭਨਾਂ ਦੀ ਰਾਏ ਸੀ ਕਿ ਕਹਿਣ ਲਈ ਨਵਜੋਤ ਸਿੰਘ ਸਿੱਧੂ ਬਹੁਤ ਕਹਿੰਦਾ ਹੈ ਕਿ ਉਸ ਦੇ ਲਈ ਪੰਜਾਬ ਦੇ ਲੋਕਾਂ ਦੇ ਹਿਤ ਹੀ ਮੁੱਖ ਹਨ, ਹੋਰ ਕੋਈ ਲਾਲਸਾ ਨਹੀਂ, ਪਰ ਮੋਹਾਲੀ ਤੋਂ ਲਖੀਮਪੁਰ ਖੀਰੀ ਨੂੰ ਤੁਰਨ ਵੇਲੇ ਉਸ ਵੱਲੋਂ ਕਹੀ ਇਹ ਗੱਲ ਲੋਕਾਂ ਵਿੱਚ ਚਰਚਾ ਦਾ ਮੁੱਦਾ ਬਣ ਚੁੱਕੀ ਹੈ ਕਿ ‘ਭਗਵੰਤ ਸਿੰਘ ਸਿੱਧੂ ਦੇ ਪੁੱਤਰ ਨੂੰ ਜੇ ਕਿਧਰੇ ਮੁੱਖ ਮੰਤਰੀ ਬਣਾਇਆ ਹੁੰਦਾ।’ ਉਸ ਨਾਲ ਫਾਸਲਾ ਰੱਖ ਕੇ ਚੱਲਣ ਵਾਲਾ ਚਰਨਜੀਤ ਸਿੰਘ ਚੰਨੀ ਅਜੇ ਤਕ ਮੁੱਦੇ ਤੈਅ ਕਰਨ ਜੋਗਾ ਹੀ ਨਹੀਂ ਬਣਿਆ ਅਤੇ ਹਰ ਗੱਲ ਲਈ ਨਾਲ ਚੱਲਦੇ ਲੋਕਾਂ ਦਾ ਮੂੰਹ ਤੱਕਦਾ ਹੈਹੋਰ ਕੋਈ ਲੀਡਰ ਪੰਜਾਬ ਦੀ ਕਾਂਗਰਸ ਵਿੱਚ ਕਿਸੇ ਗਿਣਤੀ ਵਿੱਚ ਨਹੀਂਅਸੈਂਬਲੀ ਚੋਣਾਂ ਵਿੱਚ ਅੱਸੀ ਸੀਟਾਂ ਜਿੱਤਣ ਦਾ ਦਾਅਵਾ ਕਰ ਦਿੱਤਾ ਹੈ, ਪਰ ਦਾਅਵਾ ਕਰਨ ਵਾਲੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਵੇਰਕੇ ਵਾਲੀ ਆਪਣੀ ਸੀਟ ਵੀ ਖਤਰੇ ਵਿੱਚ ਹੈ, ਕਿਉਂਕਿ ਅਕਾਲੀ ਦਲ ਦਾ ਮਜੀਠੀਆ ਧੜਾ, ਕਾਂਗਰਸ ਤੋਂ ਟੁੱਟਿਆ ਕੈਪਟਨ ਧੜਾ ਤੇ ਭਾਜਪਾ ਦੀ ਧਾੜ ਤੋਂ ਇਲਾਵਾ ਕਾਂਗਰਸ ਵਿਚਲੇ ਕਈ ਲੋਕ ਵੀ ਉਸ ਨੂੰ ਹਰਾਉਣ ਲਈ ਜ਼ੋਰ ਲਾਉਣਗੇ

ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਬਾਰੇ ਇਨ੍ਹਾਂ ਪੱਤਰਕਾਰਾਂ ਵਿੱਚੋਂ ਅਜੇ ਤਕ ਕੋਈ ਸੱਜਣ ਕੁਝ ਨਹੀਂ ਕਹਿ ਰਿਹਾ, ਕਿਉਂਕਿ ਉਸ ਪਾਰਟੀ ਦਾ ਅਜੇ ਮੂੰਹ-ਮੱਥਾ ਨਹੀਂ ਡੌਲਿਆ ਗਿਆ ਤੇ ਪਤਾ ਨਹੀਂ ਕੌਣ ਲੋਕ ਕੀ ਕਰਨਗੇ

ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਹਰ ਥਾਂ ਵਿਰੋਧ ਪ੍ਰਗਟਾਵਿਆਂ ਦੇ ਬਾਵਜੂਦ ਵੱਟੇ ਖਾਂਦਿਆਂ ਵੀ ਜਲਸੇ ਤੇ ਰੈਲੀਆਂ ਕਰੀ ਜਾਂਦਾ ਹੈ, ਪਰ ਲੋਕਾਂ ਦੇ ਮਨਾਂ ਵਿੱਚੋਂ ਗੁੱਸਾ ਨਹੀਂ ਘਟ ਰਿਹਾਉਹ ਬਹੁਜਨ ਸਮਾਜ ਪਾਰਟੀ ਦੀ ਮਦਦ ਨਾਲ ਪੰਜਾਬ ਜਿੱਤਣ ਦੇ ਸੁਪਨੇ ਲੈ ਰਿਹਾ ਹੈ, ਪਰ ਉਸ ਦੀ ਆਪਣੀ ਜਲਾਲਾਬਾਦ ਸੀਟ ਪਹਿਲਾਂ ਵਰਗੀ ਮਜ਼ਬੂਤ ਨਹੀਂ ਰਹੀ ਤੇ ਉਪ ਚੋਣ ਵਿੱਚ ਜਿੱਤਿਆ ਕਾਂਗਰਸੀ ਆਗੂ ਰਵਿੰਦਰ ਆਂਵਲਾ ਪਿੰਡ-ਪਿੰਡ ਅਤੇ ਘਰ-ਘਰ ਆਪਣੇ ਮਜ਼ਬੂਤ ਸੈੱਲ ਖੜ੍ਹੇ ਕਰਨ ਪਿੱਛੋਂ ਇਸ ਪੁਜ਼ੀਸ਼ਨ ਵਿੱਚ ਹੈ ਕਿ ਬਾਦਲ ਪਰਿਵਾਰ ਨੂੰ ਪਸੀਨੇ ਲਿਆ ਸਕੇ ਇਹੋ ਜਿਹੀ ਕੋਈ ਔਖ ਅਕਾਲੀ ਦਲ ਵਿੱਚ ਜੇ ਕਿਸੇ ਨੂੰ ਨਹੀਂ ਤਾਂ ਉਹ ਸਿਰਫ ਬਿਕਰਮ ਸਿੰਘ ਮਜੀਠੀਆ ਹੈ, ਜਿਸਦੇ ਮੂਹਰੇ ਕੋਈ ਖੜੋਣ ਲਈ ਵੀ ਹਾਲ ਦੀ ਘੜੀ ਤਿਆਰ ਨਹੀਂ ਮਿਲਦਾਆਮ ਆਦਮੀ ਪਾਰਟੀ ਵੱਲੋਂ ਪਾਰਲੀਮੈਂਟ ਚੋਣਾਂ ਵਿੱਚ ਚਾਰ ਸੀਟਾਂ ਜਿੱਤਣ ਦੇ ਵਕਤ ਹਿੰਮਤ ਸਿੰਘ ਸ਼ੇਰਗਿਲ ਨੇ ਆਨੰਦਪੁਰ ਸਾਹਿਬ ਹਲਕੇ ਵਿੱਚ ਤਕੜੀ ਲੜਾਈ ਦਿੱਤੀ ਤਾਂ ਉਸ ਨੂੰ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਜੀਠੇ ਤੋਂ ਖੜ੍ਹਾ ਕਰ ਕੇ ਉਸ ਦੀ ਪੁਜ਼ੀਸ਼ਨ ਖਰਾਬ ਕਰ ਦਿੱਤੀ ਸੀ ਅਤੇ ਇਸ ਵਾਰੀ ਉਹੋ ਜਿਹਾ ਬਲੀ ਦਾ ਬੱਕਰਾ ਲੱਭਣ ਵਿੱਚ ਇਸ ਪਾਰਟੀ ਨੂੰ ਵੀ ਮੁਸ਼ਕਲ ਆਊਗੀ ਅਤੇ ਕਾਂਗਰਸ ਨੂੰ ਵੀਇਸ ਨਾਲ ਰਾਜਸੀ ਸਥਿਤੀ ਉੱਤੇ ਇਹ ਅਸਰ ਪੈਣ ਵਾਲਾ ਹੈ ਕਿ ਬਿਕਰਮ ਸਿੰਘ ਮਜੀਠੀਆ ਆਪਣੇ ਹਲਕੇ ਤੋਂ ਬੇਫਿਕਰ ਹੋਣ ਕਾਰਨ ਬਾਕੀ ਪੰਜਾਬ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਵੱਧ ਸਰਗਰਮ ਦਿਖਾਈ ਦੇਵੇਗਾ ਤੇ ਇਸਦਾ ਨਤੀਜਾ ਪਾਰਟੀ ਅੰਦਰ ਲੀਡਰੀ ਵਿੱਚ ਕਿੱਦਾਂ ਦਾ ਨਿਕਲ ਸਕਦਾ ਹੈ, ਉਸ ਬਾਰੇ ਅਕਾਲੀ ਦਲ ਦੇ ਕਈ ਆਗੂ ਅਗੇਤੇ ਗੱਲਾਂ ਕਰਦੇ ਸੁਣਾਈ ਦੇ ਰਹੇ ਹਨਇਹ ਚੋਣਾਂ ਅਕਾਲੀ ਦਲ ਦੀ ਭਵਿੱਖ ਦੀ ਲੀਡਰਸ਼ਿੱਪ ਦਾ ਮੁਹਾਂਦਰਾ ਵੀ ਬਦਲ ਸਕਦੀਆਂ ਹਨ

ਆਮ ਆਦਮੀ ਪਾਰਟੀ ਇਸਦੇ ਕੌਮੀ ਕਨਵੀਨਰ ਦੀ ਬੇਤਰਤੀਬੀ ਰਾਜਨੀਤਕ ਪਹੁੰਚ ਦੇ ਬਾਵਜੂਦ ਕਈ ਤਕੜੇ ਹਲਕਿਆਂ ਤੋਂ ਜਿੱਤ ਸਕਣ ਵਾਲੀ ਪੁਜ਼ੀਸ਼ਨ ਵਿੱਚ ਸੁਣੀਂਦੀ ਹੈਜਿਹੜੀ ਰਾਏ ਪੰਜਾਬ ਦੀਆਂ ਵੱਖ-ਵੱਖ ਗੁੱਠਾਂ ਵਾਲੇ ਇਨ੍ਹਾਂ ਪੱਤਰਕਾਰੀ ਦੇ ਮਹਾਰਥੀਆਂ ਦੀ ਸਾਂਝੀ ਸੀ, ਉਹ ਇਹ ਕਿ ਇਸ ਵਾਰੀ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਤਿੰਨਾਂ ਦੀਆਂ ਲਗਭਗ ਇੱਕੋ ਜਿਹੀਆਂ ਸੀਟਾਂ ਮਜ਼ਬੂਤ ਜਾਪਦੀਆਂ ਹਨ, ਪਰ ਇਨ੍ਹਾਂ ਤਿੰਨਾਂ ਦੀਆਂ ਮਜ਼ਬੂਤ ਸੀਟਾਂ ਮਿਲਾ ਕੇ ਮਸਾਂ ਪੰਜਾਹਾਂ ਤੋਂ ਹੇਠਾਂ ਰਹਿੰਦੀਆਂ ਹਨਬਾਕੀ ਦੀਆਂ ਇਨ੍ਹਾਂ ਨਾਲੋਂ ਡਿਉਢੀਆਂ ਦੇ ਨੇੜੇ ਸੀਟਾਂ ਇਹੋ ਜਿਹਾ ਸੰਕੇਤ ਨਹੀਂ ਦੇ ਰਹੀਆਂ ਕਿ ਊਠ ਕਿਹੜੀ ਕਰਵਟ ਬੈਠੇਗਾ! ਲੋਕ ਇਨਸਾਫ ਪਾਰਟੀ ਦੀਆਂ ਦੋ ਸੀਟਾਂ ਪਿਛਲੀ ਵਾਰੀ ਸਨ, ਦੋ ਇਸ ਵਾਰੀ ਆਉਣ ਦੀ ਆਸ ਹੈ, ਪਰ ਉਹ ਪਹਿਲੀਆਂ ਦੋ ਨਹੀਂ ਹੋਣੀਆਂ, ਇਨ੍ਹਾਂ ਵਿੱਚੋਂ ਇੱਕ ਸੀਟ ਬਦਲਵੀਂ ਹੋ ਸਕਦੀ ਹੈ, ਪਿਛਲੀ ਵਾਰੀ ਵਾਲੀ ਨਹੀਂ ਜਿੱਤੀ ਜਾਣੀ ਤੇ ਨਾਲ ਦੀ ਸੀਟ ਉਸ ਪਾਸੇ ਵੱਲ ਨੂੰ ਝੁਕਦੀ ਜਾਪਣ ਲੱਗ ਪਈ ਹੈ

ਜਿਹੜੀ ਕਮਾਲ ਦੀ ਗੱਲ ਇਨ੍ਹਾਂ ਸਾਰਿਆਂ ਨੇ ਇੱਕ ਹੋਰ ਕਹਿ ਦਿੱਤੀ, ਉਹ ਇਹ ਸੀ ਕਿ ਭਾਜਪਾ ਸਾਰਾ ਜ਼ੋਰ ਲਾਈ ਜਾਵੇ, ਉਸ ਨੂੰ ਪੰਜਾਬ ਵਿੱਚ ਦੋ ਜਾਂ ਤਿੰਨ ਤੋਂ ਵੱਧ ਸੀਟਾਂ ਮਿਲਣੀਆਂ, ਪਰ ਸਰਕਾਰ ਉਸੇ ਦੀ ਬਣਨੀ ਹੈਅਸੀਂ ਪੁੱਛਿਆ ਕਿ ਜਦੋਂ ਉਸ ਦੀਆਂ ਸੀਟਾਂ ਨਹੀਂ ਆਉਣੀਆਂ ਤਾਂ ਸਰਕਾਰ ਉਸ ਦੀ ਕਿਵੇਂ ਬਣਨੀ ਹੈ, ਉਨ੍ਹਾਂ ਸਾਰਿਆਂ ਦੀ ਇੱਕੋ ਰਾਏ ਸੀ ਕਿ ਸੀਟਾਂ ਨਾਲ ਨਿਬੇੜਾ ਉਦੋਂ ਹੁੰਦਾ ਹੈ, ਜਦੋਂ ਚੋਣਾਂ ਸਿਰੇ ਚੜ੍ਹ ਜਾਣ, ਜਦੋਂ ਸਧਾਰਨ ਲੋਕ ਵੀ ਇਹੋ ਗੱਲ ਕਹਿ ਰਹੇ ਹਨ ਕਿ ਐਤਕੀਂ ਭਾਜਪਾ ਨੇ ਚੋਣਾਂ ਤੋਂ ਬਿਨਾਂ ਪੰਜਾਬ ਦੀ ਕਮਾਨ ਸੰਭਾਲ ਲੈਣੀ ਹੈ ਤਾਂ ਇਸਦਾ ਮਤਲਬ ਦੱਸਣ ਦੀ ਲੋੜ ਨਹੀਂ ਰਹਿ ਜਾਂਦੀਉਨ੍ਹਾਂ ਸਭ ਦਾ ਕਹਿਣਾ ਸੀ ਕਿ ਇਸ ਵਿਗਾੜ ਤੋਂ ਹਾਲਾਤ ਦਾ ਸਿਰਫ ਇੱਕੋ ਮੋੜਾ ਪੰਜਾਬ ਨੂੰ ਬਚਾ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਅਸਲੀ ਮੁੱਦਾ ਲੈ ਕੇ ਬੀਤੇ ਗਿਆਰਾਂ ਮਹੀਨਿਆਂ ਤੋਂ ਦਿੱਲੀ ਦਿਆਂ ਬਾਰਡਰਾਂ ਉੱਤੇ ਬੈਠੇ ਕਿਸਾਨਾਂ ਨਾਲ ਸਮਝੌਤੇ ਦਾ ਕੋਈ ਰਾਹ ਨਿਕਲ ਆਵੇਇਹ ਚਰਚਾ ਹਰ ਪਾਸੇ ਹੈ ਕਿ ਇੱਦਾਂ ਦਾ ਹੱਲ ਕੱਢਣ ਲਈ ਭਾਜਪਾ ਨੇ ਸਿੱਧਾ ਯਤਨ ਨਹੀਂ ਕਰਨਾ ਤੇ ਕੈਪਟਨ ਅਮਰਿੰਦਰ ਸਿੰਘ ਰਾਹੀਂ ਗੱਲਬਾਤ ਦਾ ਤਾਣ ਲਾ ਰਹੀ ਹੈ, ਪਰ ਇਹ ਮੁੱਦਾ ਸਿਰੇ ਲੱਗਣ ਦੀ ਆਸ ਬਹੁਤੀ ਨਹੀਂਜੇ ਕੋਈ ਹੱਲ ਨਿਕਲ ਆਇਆ ਤਾਂ ਭਾਜਪਾ ਇਸ ਹੱਲ ਦਾ ਸਿਹਰਾ ਲੈ ਕੇ ਆਪਣੇ ਆਗੂ ਨਰਿੰਦਰ ਮੋਦੀ ਨੂੰ ਲੋਕ ਹਿਤੈਸ਼ੀ ਵਜੋਂ ਪਰਚਾਰੇਗੀ ਤੇ ਵੋਟਾਂ ਮੰਗੇਗੀ, ਪਰ ਜੇ ਹੱਲ ਨਾ ਨਿਕਲਿਆ ਤਾਂ ਫਿਰ ਇਹੀ ਹੋਵੇਗਾ ਕਿ ਬਿਨਾਂ ਵੋਟਾਂ ਪੁਆਏ ਤੋਂ ਉਹ ਸਰਕਾਰ ਚੱਲੇਗੀ, ਜਿਸ ਵਿੱਚ ਸਿਰਫ ਇੱਕ ਪਾਰਟੀ ਦਾ ਸਿੱਕਾ ਚੱਲੇਗਾ, ਸਿਰਫ ਇੱਕੋ ਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3131)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author