JatinderPannu7ਬੀਤੇ ਹਫਤੇ ਇੱਕ ਵਿਦੇਸ਼ੀ ਸੰਸਥਾ ਨੇ ਭਾਰਤ ਵਿੱਚ ਵਿਚਾਰਾਂ ਦੀ ਆਜ਼ਾਦੀ ਦੇ ਅੰਕੜੇ ...
(15 ਮਾਰਚ 2021)
(ਸ਼ਬਦ: 1230)


ਭਾਰਤ ਦੇ ਲੋਕਾਂ ਦਾ ਜਿਹੜਾ ਧਿਆਨ ਪਹਿਲਾਂ ਕੇਂਦਰ ਸਰਕਾਰ ਦੇ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਹੋਣ ਵਾਲੇ ਕਿਸਾਨ ਸੰਘਰਸ਼ ਵੱਲ ਲੱਗਾ ਹੋਇਆ ਸੀ
, ਉਹ ਇਸ ਵਕਤ ਭਾਰਤ ਦੇ ਪੰਜਾਂ ਰਾਜਾਂ ਵਿੱਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਵੱਲ ਲੱਗ ਗਿਆ ਹੈਕਿਸਾਨ ਆਗੂ ਵੀ ਦਿੱਲੀ ਦੇ ਬਾਰਡਰਾਂ ਵਾਲਾ ਮੋਰਚਾ ਅਗਲੀ ਪੀੜ੍ਹੀ ਵਾਲਿਆਂ ਦੇ ਹੱਥ ਸੌਂਪ ਕੇ ਉਨ੍ਹਾਂ ਪੰਜਾਂ ਰਾਜਾਂ ਵਿੱਚ ਭਾਜਪਾ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਨਿਕਲ ਤੁਰੇ ਹਨਲੜਾਈ ਉੰਨੀ ਦਿੱਲੀ ਵਿੱਚ ਨਹੀਂ ਰਹੀ, ਜਿੰਨੀ ਉਨ੍ਹਾਂ ਪੰਜਾਂ ਰਾਜਾਂ ਵਿੱਚ ਹੁੰਦੀ ਜਾਪਦੀ ਹੈਭਾਰਤੀ ਜਨਤਾ ਪਾਰਟੀ ਆਪਣੀ ਚੜ੍ਹਤ ਦੇ ਨਗਾਰੇ ਵਜਾਉਣ ਦਾ ਪ੍ਰਭਾਵ ਬਣਾ ਕੇ ਇਨ੍ਹਾਂ ਪੰਜਾਂ ਰਾਜਾਂ ਵਿੱਚ ਮੁਕਾਬਲੇ ਦੀਆਂ ਦੋ ਮੁੱਖ ਧਿਰਾਂ ਵਿੱਚੋਂ ਇੱਕ ਬਣੀ ਦਿਸਦੀ ਹੈਧਰਮ ਨਿਰਪੱਖ ਤਾਕਤਾਂ ਇਸ ਤੋਂ ਖਤਰਾ ਮਹਿਸੂਸ ਕਰਦੀਆਂ ਹਨ, ਪਰ ਇਹ ਗੱਲ ਅੱਖੋਂ ਪਰੋਖੇ ਕਰੀ ਜਾਂਦੀਆਂ ਹਨ ਕਿ ਜਦੋਂ ਭਾਜਪਾ ਦੀ ਚੜ੍ਹਤ ਦੇ ਖਿਲਾਫ ਇਕੱਠੇ ਹੋਣ ਦਾ ਸਮਾਂ ਸੀ, ਉਦੋਂ ਰਾਜ-ਗੱਦੀਆਂ ਦੀ ਝਾਕ ਉਨ੍ਹਾਂ ਉੱਤੇ ਭਾਰੂ ਹੁੰਦੀ ਸੀਇਹ ਅੰਗਰੇਜ਼ੀ ਦੀ ਕਹਾਵਤ ਇਨ੍ਹਾਂ ਧਰਮ ਨਿਰਪੱਖ ਲੀਡਰਾਂ ਨੇ ਵੀ ਸੁਣੀ ਹੋਵੇਗੀ: ‘ਏ ਸਟਿੱਚ ਇਨ ਟਾਈਮ, ਸੇਵਜ਼ ਦ ਨਾਈਨ’, ਭਾਵ ਇਹ ਕਿ ਉੱਧੜਦੇ ਕੱਪੜੇ ਨੂੰ ਵੇਲੇ ਸਿਰ ਇੱਕ ਤੋਪਾ ਲਾ ਲਿਆ ਜਾਵੇ ਤਾਂ ਨੌਂ ਲਾਉਣ ਤੋਂ ਬਚ ਜਾਈਦਾ ਹੈਇਸ ਵਕਤ ਹਾਲਤ ਨੌਂ ਤੋਪਿਆਂ ਤੋਂ ਬਚਣ ਤੋਂ ਵੀ ਅੱਗੇ ਲੰਘ ਕੇ ਲੰਗਾਰ ਹੁੰਦੀਆਂ ਲੀਰਾਂ ਵਾਲੀ ਬਣੀ ਹੋਈ ਹੈ

ਕਾਂਗਰਸ ਪਾਰਟੀ ਇਸ ਵਕਤ ਆਸਾਮ ਵਿੱਚ ਆਪਣੀ ਜਿੱਤ ਦਾ ਠੋਕਵਾਂ ਦਾਅਵਾ ਕਰ ਸਕਣ ਜੋਗੀ ਨਹੀਂਪਹਿਲਾਂ ਇਸੇ ਆਸਾਮ ਵਿੱਚ ਕਾਂਗਰਸ ਦੀ ਤਿੰਨ ਵਾਰੀ ਸਰਕਾਰ ਲਗਾਤਾਰ ਬਣੀ ਸੀ, ਪਰ ਚੌਥੀ ਵਾਰ ਬੇੜਾ ਉਦੋਂ ਗਰਕਿਆ, ਜਦੋਂ ਦਿੱਲੀ ਵਿੱਚ ਬੈਠੀ ਕਾਂਗਰਸ ਪ੍ਰਧਾਨ ਦੇ ਦੁਆਲੇ ਜੁੜੀ ਜੁੰਡੀ ਆਸਾਮ ਦੇ ਮੁੱਖ ਮੰਤਰੀ ਤਰੁਣ ਗੋਗੋਈ ਵਿਰੁੱਧ ਇਸ ਲਈ ਸਾਜ਼ਿਸ਼ਾਂ ਘੜਨ ਲੱਗ ਪਈ ਕਿ ਚੌਥੀ ਵਾਰ ਜਿੱਤ ਗਿਆ ਤਾਂ ਉਸ ਦਾ ਕੱਦ ਰਾਹੁਲ ਗਾਂਧੀ ਤੋਂ ਵੱਡਾ ਹੋ ਜਾਵੇਗਾਉਹ ਹਾਰ ਜਾਣ ਪਿੱਛੋਂ ਪ੍ਰਾਣ ਵੀ ਤਿਆਗ ਗਿਆ ਤਾਂ ਰਾਹੁਲ ਦੀ ਜੁੰਡੀ ਆਪਣੇ ਇਸ ਨੇਤਾ ਨੂੰ ਲੈ ਕੇ ਕੁਝ ਕਰਨ ਦੀ ਥਾਂ ਉਲਟਾ ਉਸ ਦੇ ਖਿਲਾਫ ਅਤੇ ਉਸ ਦੀ ਮਾਂ ਦੇ ਖਿਲਾਫ ਜੰਮੂ ਤਕ ਜਾ ਕੇ ਮੀਟਿੰਗਾਂ ਕਰਨ ਲੱਗ ਪਈ ਹੈਅੱਜ ਉਹ ਇਸ਼ਾਰੇ ਕਰਦੇ ਹਨ ਕਿ ਰਾਹੁਲ ਗਾਂਧੀ ਲੀਡਰੀ ਕਰਨ ਦੇ ਯੋਗ ਨਹੀਂ, ਪਰ ਜਦੋਂ ਦੋ ਵਾਰੀ ਇੱਦਾਂ ਦਾ ਮੌਕਾ ਮਿਲਿਆ ਸੀ ਕਿ ਉਸ ਨੂੰ ਲਾਂਭੇ ਹੋਣ ਲਈ ਕਹਿ ਦਿੱਤਾ ਜਾਵੇ, ਇਨ੍ਹਾਂ ਵਿੱਚੋਂ ਕਿਸੇ ਇੱਕ ਨੇ ਵੀ ਨਹੀਂ ਸੀ ਕਿਹਾਜਦੋਂ ਮਨਮੋਹਨ ਸਿੰਘ ਸਰਕਾਰ ਵੱਲੋਂ ਪਾਸ ਕੀਤਾ ਇੱਕ ਬਿੱਲ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਵਿੱਚ ਪਾੜਿਆ ਸੀ ਤੇ ਵਿਦੇਸ਼ ਵਿੱਚ ਗਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵਿਦੇਸ਼ੀ ਪ੍ਰੈੱਸ ਸਾਹਮਣੇ ਸ਼ਰਮਿੰਦਾ ਹੋਣਾ ਪਿਆ ਸੀ, ਉਦੋਂ ਰਾਹੁਲ ਨੂੰ ਘੂਰਨਾ ਚਾਹੀਦਾ ਸੀਦੂਸਰਾ ਮੌਕਾ ਦਿੱਲੀ ਵਿੱਚ ਇੱਕ ਸਟੇਡੀਅਮ ਵਿੱਚ ਉਸ ਦੇ ਇਹ ਕਹਿਣ ਦਾ ਸੀ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕੀ ਹੈ, ਇਹ ਮੈਂ ਅੱਜ ਸ਼ਾਮ ਤਕ ਬਣ ਸਕਦਾ ਹਾਂ ਇਸਦਾ ਅਰਥ ਸੀ ਕਿ ਆਹ ਜਿਹੜਾ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਬੈਠਾ ਹੈ, ਇਸਦਾ ਕੀ ਹੈ, ਇਸ ਨੂੰ ਅਸੀਂ ਮਾਂ-ਪੁੱਤ ਅੱਜ ਸ਼ਾਮ ਤਕ ਉਠਾ ਕੇ ਪਰੇ ਕਰ ਸਕਦੇ ਹਾਂਇੱਕ ਵੀ ਕਾਗਰਸੀ ਆਗੂ ਨੂੰ ਉਦੋਂ ਰਾਹੁਲ ਦਾ ਭਾਸ਼ਣ ਨਹੀਂ ਸੀ ਚੁੱਭਿਆ ਅਤੇ ਅੱਜ ਉਹੀ ਸਾਰੇ ਉਸ ਦੇ ਖਿਲਾਫ ਮੀਟਿੰਗਾਂ ਕਰਦੇ ਫਿਰਦੇ ਹਨ

ਦੂਸਰੀ ਧਿਰ ਖੱਬੇ-ਪੱਖੀਆਂ ਦੀ ਹੈਇੱਕ ਵਕਤ ਸਾਰੇ ਕਾਂਗਰਸ-ਵਿਰੋਧੀ ਤੇ ਭਾਜਪਾ-ਵਿਰੋਧੀ ਧੜੇ ਇਹ ਮੰਨਣ ਨੂੰ ਤਿਆਰ ਹੋ ਗਏ ਸਨ ਕਿ ਸੀ ਪੀ ਆਈ (ਐੱਮ) ਦੇ ਲੀਡਰ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾ ਕੇ ਸਾਂਝੀ ਸਰਕਾਰ ਦਾ ਗਠਨ ਕਰ ਲਈਏਜਦੋਂ ਉਸ ਦੀ ਆਪਣੀ ਪਾਰਟੀ ਸੀ ਪੀ ਆਈ (ਐੱਮ) ਵਿੱਚ ਇਸ ਬਾਰੇ ਮਤਾ ਪੇਸ਼ ਹੋਇਆ ਤਾਂ ਉਸ ਦੇ ਖਿਲਾਫ ਬਹੁ-ਸੰਮਤੀ ਇਸ ਲਈ ਜੁੜ ਗਈ ਕਿ ਕਾਂਗਰਸ ਨਾਲ ਸਾਂਝ ਪਾ ਕੇ ਚੱਲਣ ਵਾਲੀ ਸਰਕਾਰ ਵਿੱਚ ਸ਼ਾਮਲ ਹੋਣ ਦਾ ਸਵਾਲ ਹੀ ਨਹੀਂਅਗਲੀਆਂ ਦੋ ਚੋਣਾਂ ਵਿੱਚ ਜਿਹੜੇ ਕਾਮਰੇਡ ਇਹ ਕਹਿੰਦੇ ਸਨ ਕਿ ਮਮਤਾ ਬੈਨਰਜੀ ਸੱਜ ਪਿਛਾਖੜ ਅਤੇ ਭਾਰਤ ਦੇ ਪੂੰਜੀਵਾਦ ਦੀ ਆਗੂ ਹੈ, ਇਸ ਨੂੰ ਜਿੱਤਣ ਨਹੀਂ ਦੇਣਾ ਚਾਹੀਦਾ, ਉਨ੍ਹਾਂ ਵਿੱਚੋਂ ਇੱਕ ਜਣਾ ਇਸ ਹਫਤੇ ਦੇ ਇੱਕ ਦਿਨ ਸਾਨੂੰ ਮਿਲ ਗਿਆਗੱਲ ਪੰਜਾਂ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਚੱਲ ਪਈਅਸੀਂ ਇਹ ਪੁੱਛ ਲਿਆ ਕਿ ਪੱਛਮੀ ਬੰਗਾਲ ਦਾ ਕੀ ਬਣੇਗਾ ਤੇ ਉਸ ਨੇ ਕਿਹਾ, “ਆਸ ਤਾਂ ਬੜੀ ਹੈ ਕਿ ਮਮਤਾ ਬੈਨਰਜੀ ਭਾਜਪਾ ਦੇ ਪੈਰ ਨਹੀਂ ਲੱਗਣ ਦੇਵੇਗੀ ਅਸੀਂ ਪੁੱਛਿਆ ਕਿ ਉਸ ਦੇ ਜਿੱਤਣ ਨਾਲ ਤੁਹਾਨੂੰ ਕੀ ਫਾਇਦਾ, ਉਹ ਤਾਂ ਸੱਜ ਪਿਛਾਖੜ ਦੀ ਪ੍ਰਤੀਨਿਧ ਹੈ? ਉਸ ਦਾ ਜਵਾਬ ਇਹ ਸੀ ਕਿ ਗੱਲ ਪਿਛਾਖੜ-ਅਗਾਖੜ ਦੀ ਨਹੀਂ, ਫਿਰਕਾ ਪ੍ਰਸਤੀ ਦਾ ਰਾਹ ਰੋਕਣ ਦੀ ਹੈਅਸੀਂ ਕਿਹਾ ਕਿ ਜਦੋਂ ਭਾਜਪਾ ਵਿਰੋਧੀ ਧਿਰਾਂ ਨੇ ਜੋਤੀ ਬਾਸੂ ਨੂੰ ਪ੍ਰਧਾਨ ਮੰਤਰੀ ਬਣਾਉਣਾ ਮੰਨਿਆ ਸੀ, ਗੱਲ ਉਦੋਂ ਵੀ ਫਿਰਕਾ ਪ੍ਰਸਤੀ ਰੋਕਣ ਦੀ ਸੀ, ਫਿਰ ਅੱਜ ਵਾਲੀ ਗੱਲ ਉਦੋਂ ਸੋਚ ਲੈਣੀ ਚਾਹੀਦੀ ਸੀ ਅਤੇ ਜਿਸ ਕਾਂਗਰਸ ਨਾਲ ਅੱਜ ਬੰਗਾਲ ਵਿੱਚ ਚੋਣਾਂ ਦੀ ਸਾਂਝ ਪਾਈ ਹੈ, ਉਸ ਨਾਲ ਉਸ ਵੇਲੇ ਸਾਂਝ ਪਾਈ ਹੁੰਦੀ ਤਾਂ ਕਿੰਨਾ ਕੁ ਫਰਕ ਪੈਣਾ ਸੀ! ਕਾਮਰੇਡਾਂ ਕੋਲ ਇੱਦਾਂ ਦੇ ਮੌਕੇ ਇੱਕੋ ਦਲੀਲ ਵੱਡੀ ਹੁੰਦੀ ਹੈ ਕਿ ਉਦੋਂ ਨਾਲੋਂ ਪ੍ਰਸਥਿਤੀਆਂ ਬਦਲ ਗਈਆਂ ਹਨਉਸ ਨੇ ਵੀ ਇਹੋ ਕਿਹਾ ਸੀ

ਪਿਛਲੇ ਸਾਲ ਅਕਾਲੀ ਦਲ ਦੇ ਇੱਕ ਉੱਘੇ ਆਗੂ ਨਾਲ ਕਿਸੇ ਵਿਆਹ ਵਿੱਚ ਇਕੱਠੇ ਹੋਣ ਦਾ ਸਬੱਬ ਬਣ ਗਿਆ ਤਾਂ ਅਸੀਂ ਉਨ੍ਹਾਂ ਦੀ ਭਾਜਪਾ ਨਾਲ ਸਾਂਝ ਉੱਤੇ ਕਿੰਤੂ ਕਰਦਾ ਸਵਾਲ ਕੀਤਾ ਸੀਉਸ ਦਾ ਜਵਾਬ ਸੀ ਕਿ ਤੁਹਾਨੂੰ ਪਹਿਲਾਂ ਅਸੀਂ ਅਕਾਲੀ ਫਿਰਕੂ ਲੱਗਿਆ ਕਰਦੇ ਸਾਂ, ਅੱਜਕੱਲ੍ਹ ਭਾਜਪਾ ਤੋਂ ਡਰ ਲੱਗਦਾ ਹੈ, ਨਾ ਕਦੇ ਅਕਾਲੀ ਫਿਰਕੂ ਸਨ ਤੇ ਨਾ ਭਾਜਪਾ ਤੋਂ ਇਸ ਦੇਸ਼ ਦੀ ਕਿਸੇ ਵੀ ਘੱਟ-ਗਿਣਤੀ ਨੂੰ ਹੀ ਕੋਈ ਖਤਰਾ ਹੈਉਸ ਤੋਂ ਕੁਝ ਹਫਤੇ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ ਛੱਡ ਦਿੱਤੀ ਅਤੇ ਉਹੀ ਆਗੂ ਅੱਜਕੱਲ੍ਹ ਭਾਜਪਾ ਦੇ ਫਿਰਕੂਪੁਣੇ ਵਿਰੁੱਧ ਸਭ ਤੋਂ ਵੱਧ ਬਿਆਨ ਜਾਰੀ ਕਰਨ ਲੱਗਾ ਰਹਿੰਦਾ ਹੈ ਮੈਂਨੂੰ ਉਸ ਦੇ ਬਿਆਨਾਂ ਵਿੱਚ ਉਸ ਦੇ ਆਪਣੇ ਗੁਨਾਹ ਦਾ ਇਹਸਾਸ ਮਹਿਸੂਸ ਹੁੰਦਾ ਹੈਸਿੱਖੀ ਨੂੰ ਬਚਾਉਣ ਲਈ ਉਹ ਅੱਜਕੱਲ੍ਹ ਕੁਝ ਖਾਸ ਚਿੰਤਤ ਹੈਪਿਛਲੇ ਦਿਨੀਂ ਅਚਾਨਕ ਉਸ ਦਾ ਫੋਨ ਆਇਆ ਤਾਂ ਅਸੀਂ ਪਿਛਲੇ ਸਾਲ ਦੀ ਗੱਲ ਚੇਤੇ ਕਰਵਾ ਦਿੱਤੀ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਭਾਜਪਾ ਤੋਂ ਕੋਈ ਖਤਰਾ ਨਹੀਂਉਸ ਨੇ ਜਵਾਬ ਦਿੱਤਾ ਕਿ ਭਾਜਪਾ ਨਾਲ ਸਾਡੀ ਸਾਂਝ ਹੁੰਦੇ ਤੋਂ ਸੱਚਮੁੱਚ ਕੋਈ ਖਤਰਾ ਨਹੀਂ ਸੀ, ਸਾਡੀ ਉਸ ਨਾਲ ਸਾਂਝ ਟੁੱਟ ਜਾਣ ਪਿੱਛੋਂ ਭਾਜਪਾ ਦੇ ਆਗੂਆਂ ਨੂੰ ਅੱਖ ਦੀ ਸ਼ਰਮ ਨਹੀਂ ਰਹੀ, ਇਸ ਕਰ ਕੇ ਬਾਕੀ ਘੱਟ-ਗਿਣਤੀਆਂ ਵਾਂਗ ਸਿੱਖਾਂ ਦੇ ਖਿਲਾਫ ਵੀ ਉਨ੍ਹਾਂ ਦਾ ਰੁਖ ਬਦਲ ਗਿਆ ਹੈਹਵਾਈ ਕੁੱਕੜ ਦੇ ਆਪਣੇ ਹਿਤ ਕੋਈ ਨਹੀਂ ਹੁੰਦੇ, ਹਵਾ ਦਾ ਰੁਖ ਬਦਲਦੇ ਨਾਲ ਬਦਲ ਜਾਂਦਾ ਹੈ, ਪਰ ਇੱਦਾਂ ਦੇ ਲੀਡਰ ਉਸ ਹਵਾਈ ਕੁੱਕੜ ਤੋਂ ਵੀ ਭੈੜੇ ਹਨ, ਜਿਹੜੇ ਆਪਣੇ ਹਿਤਾਂ ਨੂੰ ਕੌਮ ਦੇ ਹਿਤ ਦੱਸਦੇ ਰਹਿੰਦੇ ਹਨ

ਬੀਤੇ ਹਫਤੇ ਇੱਕ ਵਿਦੇਸ਼ੀ ਸੰਸਥਾ ਨੇ ਭਾਰਤ ਵਿੱਚ ਵਿਚਾਰਾਂ ਦੀ ਆਜ਼ਾਦੀ ਦੇ ਅੰਕੜੇ ਹੋਰ ਹੇਠਾਂ ਡੇਗ ਦਿੱਤੇ ਹਨ ਤੇ ਭਾਰਤ ਸਰਕਾਰ ਇਸ ਤੋਂ ਨਾਰਾਜ਼ ਹੈਵਿਰੋਧੀ ਪਾਰਟੀਆਂ ਕਹਿੰਦੀਆਂ ਹਨ ਕਿ ਗੱਲ ਵਿਦੇਸ਼ੀ ਸੰਸਥਾ ਨੇ ਠੀਕ ਕਹੀ ਹੈ ਤੇ ਭਾਜਪਾ ਨੂੰ ਹਕੀਕਤ ਮੰਨਣੀ ਚਾਹੀਦੀ ਹੈਜਦੋਂ ਉਹ ਵਿਦੇਸ਼ੀ ਸੰਸਥਾ ਦੀ ਰਿਪੋਰਟ ਨੂੰ ਹਕੀਕਤ ਮੰਨ ਕੇ ਭਾਜਪਾ ਦੀ ਲੀਡਰਸ਼ਿੱਪ ਨੂੰ ਇੱਦਾਂ ਦੀ ਸਲਾਹ ਦਿੰਦੇ ਹਨ, ਖੁਦ ਉਨ੍ਹਾਂ ਨੂੰ ਵੀ ਕਦੇ ਨਾ ਕਦੇ ਇਹ ਹਕੀਕਤ ਮੰਨਣ ਦੀ ਹਿੰਮਤ ਕਰ ਲੈਣੀ ਚਾਹੀਦੀ ਹੈ ਕਿ ਹਾਲਾਤ ਨੂੰ ਇੱਥੋਂ ਤਕ ਪਹੁੰਚਾਉਣ ਵਿੱਚ ਕੁਝ ਹੱਥ ਉਨ੍ਹਾਂ ਦੇ ਗਲਤ ਰਾਜਸੀ ਪੈਂਤੜਿਆਂ ਤੇ ਸੱਤਾ ਜਾਂ ਆਪੋ-ਆਪਣੀ ਚੌਧਰ ਦੀ ਭੁੱਖ ਦਾ ਵੀ ਸੀਅੱਗੇ ਇਹ ਕਿਹਾ ਜਾਂਦਾ ਸੀ ਕਿ ਇਤਿਹਾਸ ਬੜਾ ਬੇਰਹਿਮ ਹੈ ਤੇ ਇਸ ਨੇ ਕਿਸੇ ਦਾ ਵੀ ਲਿਹਾਜ਼ ਨਹੀਂ ਕਰਨਾ, ਸਾਰਾ ਚਿੱਠਾ ਲੋਕਾਂ ਅੱਗੇ ਪੇਸ਼ ਕਰ ਦੇਣਾ ਹੈ, ਪਰ ਇਸ ਵਕਤ ਤਾਂ ਦੇਸ਼ ਦਾ ਇਤਿਹਾਸ ਵੀ ਭਾਰੂ ਧਿਰ ਆਪਣੇ ਪੱਖ ਵਿੱਚ ਬਦਲਣ ਲੱਗੀ ਹੋਈ ਹੈਉਸ ਦੇ ਅੱਗੇ ਯੂਨੀਵਰਸਿਟੀਆਂ ਦੇ ਵੱਡੇ ਸਕਾਲਰ ਅੜਨ ਤੋਂ ਗੁਰੇਜ਼ ਕਰਦੇ ਹਨ ਅਤੇ ਅਦਾਲਤਾਂ ਵਿੱਚ ਬੈਠੇ ਹੋਏ ਜੱਜਾਂ ਦੀ ਇੱਕ ਵੱਡੀ ਗਿਣਤੀ ਉਸ ਦੇ ਇਰਾਦਿਆਂ ਉੱਤੇ ਸਹਿਮਤੀ ਪ੍ਰਗਟ ਕਰਨ ਦੇ ਰਾਹ ਪੈ ਗਈ ਦਿਸਣ ਲੱਗ ਪਈ ਹੈਪੰਜਾਂ ਰਾਜਾਂ ਦੀਆਂ ਚੋਣਾਂ ਹੋ ਜਾਣਗੀਆਂ, ਕੁਝ ਥਾਂਈਂ ਭਾਜਪਾ ਨਾਲ ਆਢਾ ਲੈਣ ਵਾਲੀਆਂ ਧਿਰਾਂ ਕਾਮਯਾਬ ਵੀ ਹੋ ਜਾਣ ਤਾਂ ਇਸ ਨੂੰ ਬਹੁਤ ਵੱਡੀ ਪ੍ਰਾਪਤੀ ਨਹੀਂ ਕਿਹਾ ਜਾ ਸਕਦਾ ਦੇਸ਼ ਜਿਸ ਪਾਸੇ ਚੱਲ ਪਿਆ ਹੈ, ਉਸ ਨੂੰ ਓਧਰਲੇ ਵਹਿਣ ਤੋਂ ਬਚਾਉਣ ਲਈ ਜੋ ਕੁਝ ਕਰਨ ਦੀ ਲੋੜ ਹੈ, ਉਹ ਸੋਚਣਾ ਚਾਹੀਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2646)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author