JatinderPannu7ਲੋਕ ਪੁੱਛਦੇ ਹਨ ਕਿ ਆਪੋ ਵਿੱਚ ਪਾਟੀਆਂ ਧਿਰਾਂ ਦਾ ਕੀ ਮੋਰਚਾ ਬਣੇਗਾ ਤੇ ਜੇ ਬਣ ਵੀ ਜਾਵੇ ...
(14 ਅਗਸਤ 2023)

 

ਭਾਰਤ ਵਿੱਚ ਇੱਕ ਬਹਿਸ ਚੱਲ ਤੁਰੀ ਹੈ ਤੇ ਦਿਨੋ-ਦਿਨ ਇਹ ਅੱਗੇ ਵਧੀ ਜਾਂਦੀ ਹੈ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਵਿੱਚ ਕੀ ਬਣੇਗਾ! ਦੇਸ਼ ਦੀ ਕਮਾਨ ਸੰਭਾਲ ਰਹੀ ਧਿਰ ਹੱਦੋਂ ਵੱਧ ਭਰੋਸੇ ਨਾਲ ਆਪਣੇ ਲੋਕਾਂ ਨੂੰ ਇਹ ਕਹਿਣ ਵਿੱਚ ਮਾਣ ਮਹਿਸੂਸ ਕਰਦੀ ਹੈ ਕਿ ਜਿੰਨੇ ਮਰਜ਼ੀ ਵਿਰੋਧੀ ਧੜੇ ਇਕੱਠੇ ਹੋ ਜਾਣ, ਹਾਕਮ ਧਿਰ ਤੇ ਉਸ ਦੇ ਸਿਖਰਲੇ ਆਗੂ ਨਰਿੰਦਰ ਮੋਦੀ ਦਾ ਮੁਕਾਬਲਾ ਕਰਨ ਦੀ ਕਿਸੇ ਦੀ ਹਿੰਮਤ ਨਹੀਂਉਸ ਵਿਚਾਰਧਾਰਾ ਨੂੰ ਕੋਈ ਚੰਗੀ ਕਹੀ ਜਾਵੇ ਜਾਂ ਮਾੜੀ, ਉਸ ਦੇ ਆਧਾਰ ਉੱਤੇ ਰਾਜਨੀਤੀ ਕਰਨ ਦੀਆਂ ਗੱਲਾਂ ਕਰਦੀ ਰਹੀ ਇਹ ਪਾਰਟੀ ਇਸ ਵਕਤ ਸਿਰਫ ਇੱਕ ਆਗੂ ਪਿੱਛੇ ਲੋਕਾਂ ਨੂੰ ਲਾਮਬੰਦ ਕਰਨ ਲਈ ਪੂਰੀ ਤਰ੍ਹਾਂ ਤੁਲੀ ਪਈ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਭਾਰਤ ਦੇ ਲੋਕ ਵਿਚਾਰਧਾਰਾ ਤੋਂ ਵੱਧ ਧੜੱਲੇਦਾਰ ਹਸਤੀਆਂ ਪਿੱਛੇ ਲੜਨ-ਮਰਨ ਲਈ ਛੇਤੀ ਤਿਆਰ ਹੋ ਸਕਦੇ ਹਨਉਸ ਇਕੱਲੇ ਆਗੂ ਨੂੰ ਧਰਮ-ਰੱਖਿਅਕ ਬਣਾ ਕੇ ਪੇਸ਼ ਕੀਤੇ ਜਾਣ ਨਾਲ ਜਿਹੜੇ ਲੋਕ ਉਸ ਦੀ ਸਰਕਾਰ ਦੀਆਂ ਨੀਤੀਆਂ ਦੇ ਸਖਤ ਵਿਰੋਧੀ ਹਨ, ਚੋਣਾਂ ਦੇ ਦੌਰਾਨ ਉਹ ਵੀ ਆਪਣੇ ਧਰਮ ਦੇ ਜੈਕਾਰੇ ਨਾਲ ਉਸ ਆਗੂ ਪਿੱਛੇ ਖੜ੍ਹੇ ਹੋਣ ਲਈ ਤਿਆਰ ਹੋ ਸਕਦੇ ਹਨਉਸ ਪਾਰਟੀ ਨੂੰ ਉਹ ਫਾਰਮੂਲਾ ਸਮਝ ਆ ਗਿਆ ਹੈ, ਜਿਹੜਾ ਕਾਂਗਰਸ ਪਾਰਟੀ ਆਪਣੀ ਚੜ੍ਹਤ ਦੌਰਾਨ ਅੱਧਾ-ਅਧੂਰਾ ਵਰਤਦੀ ਰਹੀ ਸੀ ਅਤੇ ਇਹ ਪਾਰਟੀ ਉਸੇ ਫਾਰਮੂਲੇ ਨੂੰ ਉਸ ਤੋਂ ਉਲਟੇ ਰੁਖ ਮੁਕੰਮਲ ਰੂਪ ਵਿੱਚ ਵਰਤਣ ਦੇ ਰਾਹ ਪਈ ਹੈਕਾਂਗਰਸ ਦੀ ਗੱਲ ਕੀ ਕਰਨੀ, ਬਾਕੀ ਧਰਮ-ਨਿਰਪੱਖ ਧਿਰਾਂ ਵੀ ਇਸ ਫਾਰਮੂਲੇ ਦੇ ਵਿਰੋਧ ਲਈ ਲਾਮਬੰਦ ਨਹੀਂ ਹੋ ਰਹੀਆਂ

ਚਿਰਾਂ ਤਕ ਕਾਂਗਰਸ ਵੱਲੋਂ ਵਰਤਿਆ ਜਾਂਦਾ ਰਿਹਾ ਫਾਰਮੂਲਾ ਇਹ ਸੀ ਕਿ ਘੱਟ-ਗਿਣਤੀਆਂ ਅੰਦਰ ਡਰ ਜਿਹਾ ਕਾਇਮ ਰੱਖੋ, ਬਹੁ-ਗਿਣਤੀ ਕਦੀ ਇੱਕੋ ਥਾਂ ਭੁਗਤਣੀ ਨਹੀਂ, ਉਸ ਦਾ ਅੱਧ-ਪਚੱਧ ਖਿੱਚ ਲਵੋ ਤੇ ਡਰੀ ਹੋਈ ਧਿਰ ਪੂਰੀ ਆਪਣੇ ਨਾਲ ਭੁਗਤਦੀ ਹੈ ਤਾਂ ਜਿੱਤ ਆਪਣੀ ਪੱਕੀ ਹੈਜਿੱਦਾਂ ਨਵਾਂਪਣ ਨਾ ਆਵੇ ਤਾਂ ਪਰਖੀ ਹੋਈ ਦਵਾਈ ਬਿਮਾਰੀ ਵਿੱਚ ਅਸਰ ਕਰਨਾ ਛੱਡ ਜਾਂਦੀ ਹੈ, ਉਸੇ ਤਰ੍ਹਾਂ ਕਾਂਗਰਸ ਦਾ ਉਹ ਫਾਰਮੂਲਾ ਅਸਰ ਕਰਨੋਂ ਹਟ ਗਿਆ ਤੇ ਉਹ ਇਸਦੇ ਲਾਭ ਤੋਂ ਵਾਂਝੀ ਹੋ ਗਈਮੁਕਾਬਲੇ ਦੀਆਂ ਕਈ ਧਿਰਾਂ ਵਿੱਚੋਂ ਜਿਹੜੀ ਕਾਂਗਰਸ ਤੋਂ ਐਨ ਉਲਟ ਪੈਂਤੜੇ, ਦੇਸ਼ ਦੀ ਬਹੁ-ਗਿਣਤੀ ਭਾਈਚਾਰੇ ਦੀ ਚੜ੍ਹਤ ਦੀ ਵਿਚਾਰਧਾਰਾ ਵਾਸਤੇ ਸਾਲਾਂ-ਬੱਧੀ ਸਰਗਰਮੀ ਕਰਦੀ ਰਹੀ ਸੀ, ਉਸ ਨੇ ਪਹਿਲਾਂ ਕੁਝ ਵਿੱਚ-ਵਿਚਾਲੇ ਦੀਆਂ ਧਿਰਾਂ ਨੂੰ ਕਾਂਗਰਸ ਦੇ ਏਕ-ਅਧਿਕਾਰਵਾਦ ਵਿਰੁੱਧ ਲਾਮਬੰਦ ਕਰ ਕੇ ਵਰਤਿਆ ਤੇ ਅੱਜ ਆਪਣੇ ਆਪ ਵਿੱਚ ਇੱਡੀ ਧਿਰ ਬਣ ਗਈ ਹੈ ਕਿ ਕਿਸੇ ਦੀ ਲੋੜ ਨਹੀਂਕਾਂਗਰਸ ਵਿਰੋਧ ਦੇ ਬਹਾਨੇ ਜਿਹੜੀਆਂ ਧਿਰਾਂ ਕਦੀ ਉਸ ਨਾਲ ਤੁਰੀਆਂ ਸਨ ਤਾਂ ਇੱਕ-ਇੱਕ ਸੀਟ ਲਈ ਸੌਦੇਬਾਜ਼ੀ ਵਿੱਚ ਉਸ ਨੂੰ ਪਸੀਨੇ ਲਿਆ ਦਿੰਦੀਆਂ ਸਨ, ਅੱਜ ਬਦਲੇ ਹੋਏ ਹਾਲਾਤ ਵਿੱਚ ਉਸੇ ਪਾਰਟੀ ਅੱਗੇ ਇੱਕ-ਇੱਕ ਸੀਟ ਲਈ ਲਿਲਕੜੀਆਂ ਕੱਢਦੀਆਂ ਫਿਰਦੀਆਂ ਹਨਉਸ ਦੀ ਮਰਜ਼ੀ ਹੈ ਕਿ ਕਿਸ ਪਾਰਟੀ ਨੂੰ ਆਪਣੇ ਨਾਲ ਰੱਖਣਾ ਹੈ, ਕਿਉਂਕਿ ਉਸ ਨੇ ਦੇਸ਼ ਦੀ ਬਹੁ-ਗਿਣਤੀ ਵਾਲੇ ਵਰਗ ਦੇ ਲੋਕਾਂ ਨੂੰ ਉਨ੍ਹਾਂ ਦੀ ਬਹੁ-ਗਿਣਤੀ ਦੀ ਤਾਕਤ ਦਾ ਅਹਿਸਾਸ ਅਤੇ ਜਿੱਤਣ ਦੀ ਝਾਕ ਲਾ ਕੇ ਪੱਕੀ ਤਰ੍ਹਾਂ ਨਾਲ ਤੋਰ ਲਿਆ ਹੈ

ਕਾਂਗਰਸ ਪਾਰਟੀ ਲੰਮਾ ਸਮਾਂ ਧਰਮ-ਨਿਰਪੱਖ ਧਿਰਾਂ ਵਿੱਚੋਂ ਸਾਰੀਆਂ ਤੋਂ ਵੱਡੀ ਗਿਣੀ ਜਾਂਦੀ ਰਹੀ ਸੀ, ਪਰ ਇਸ ਪਹੁੰਚ ਨਾਲ ਉਸ ਦੇ ਆਗੂ ਦਿਲ ਤੋਂ ਕਦੀ ਪੱਕੇ ਨਹੀਂ ਸਨ ਖੜੋਂਦੇਵਿਰੋਧ ਦੀਆਂ ਧਿਰਾਂ ਵਿਚਲੇ ਜਿਹੜੇ ਆਗੂ ਪਹਿਲਾਂ ਫਿਰਕੂ ਤਕਰੀਰਾਂ ਕਰਦੇ ਤੇ ਲੋਕਾਂ ਨੂੰ ਉਕਸਾਉਂਦੇ ਆਏ ਸਨ, ਉਹ ਇਸ ਪਾਰਟੀ ਵਿੱਚ ਆਉਣ ’ਤੇ ਭਾਰੂ ਹੋਣ ਲੱਗ ਪਏ ਤਾਂ ਉਨ੍ਹਾਂ ਵੱਲ ਵੇਖ ਕੇ ਇਸ ਪਾਰਟੀ ਦੇ ਪੁਰਾਣੇ ਆਗੂ ਵੀ ਆਪਣੇ ਅੰਦਰ ਲੁਕੀ ਆਪਣੇ ਫਿਰਕੇ ਦੇ ਹੇਜ ਦੀ ਭਾਵਨਾ ਰੋਕ ਕੇ ਰੱਖਣ ਦੀ ਥਾਂ ਖੁੱਲ੍ਹ ਕੇ ਬੋਲਣ ਲੱਗ ਪਏ ਕਿ ਉਹ ਆਪਣੇ ਧਰਮ ਦੇ ਲੋਕਾਂ ਨਾਲੋਂ ਵੱਖ ਨਹੀਂ ਹੋ ਸਕਦੇਜਲੰਧਰ ਵਿੱਚ ਇੱਕ ਵਾਰੀ ਇੱਕ ਸਾਧਵੀ ਆਈ ਤਾਂ ਸਮਾਗਮ ਦੌਰਾਨ ਜਦੋਂ ਉਸ ਨੇ ‘ਬੱਚਾ-ਬੱਚਾ ਰਾਮ ਕਾ, ਜਨਮ-ਭੂਮੀ ਕੇ ਕਾਮ ਕਾ’ ਦਾ ਨਾਅਰਾ ਲਵਾਇਆ ਤਾਂ ਮੇਰੇ ਕੋਲ ਪਹੁੰਚੀ ਫੋਟੋ ਵਿੱਚ ਕਾਂਗਰਸ ਦਾ ਇੱਕ ਮੰਤਰੀ ਅਤੇ ਦੋ ਜ਼ਿਲ੍ਹਾ ਪ੍ਰਧਾਨ ਵੀ ਉਸ ਦੇ ਪਿੱਛੇ ਬਾਕੀ ਭੀੜ ਵਾਂਗ ਦੋਵੇਂ ਬਾਂਹਾਂ ਉਠਾ ਕੇ ਹੁੰਗਾਰਾ ਦਿੰਦੇ ਨਜ਼ਰ ਆਉਂਦੇ ਸਨਮੈਂ ਉਨ੍ਹਾਂ ਵਿੱਚੋਂ ਇੱਕ ਜਣੇ ਨੂੰ ਅਗਲੇ ਦਿਨੀਂ ਇੱਕ ਥਾਂ ਮਿਲਦੇ ਸਾਰ ਛੇੜਿਆ ਕਿ ਚਲੋ ਕੋਈ ਗੱਲ ਨਹੀਂ, ਭੀੜ ਵਿੱਚ ਭੀੜ ਬਣੇ ਰਹਿਣ ਦਾ ਵੱਲ ਤੁਸੀਂ ਵੀ ਸਿੱਖ ਲਿਆ ਜਾਪਦਾ ਹੈਉਸ ਨੇ ਕਿਹਾ: ਭੀੜ ਵਿੱਚ ਭੀੜ ਨਹੀਂ ਜੀ, ਰਾਜਨੀਤੀ ਵਿੱਚ ਕਾਂਗਰਸ ਦੇ ਨਾਲ ਹਾਂ, ਧਰਮ ਦੇ ਸਵਾਲ ਉੱਤੇ ਅਸੀਂ ਵੀ ਉਨ੍ਹਾਂ ਨਾਲ ਹਾਂ, ਚੋਣਾਂ ਬੇਸ਼ਕ ਉਨ੍ਹਾਂ ਦੇ ਖਿਲਾਫ ਲੜਨੀਆਂ ਪੈਂਦੀਆਂ ਹਨਲੁਧਿਆਣੇ ਵਿੱਚ ਇੱਕ ਵਾਰੀ ਇੱਕ ਸਮਾਗਮ ਵਿੱਚ ਧਰਮ-ਨਿਰਪੱਖ ਧਿਰਾਂ ਦੇ ਇਕੱਠੇ ਹੋਣ ਅਤੇ ਕਾਂਗਰਸ ਦੇ ਪਿੱਛੇ ਲਾਮਬੰਦ ਹੋਣ ਦੀ ਗੱਲ ਚੱਲੀ ਤਾਂ ਕਾਂਗਰਸ ਦੇ ਇੱਕ ਆਗੂ ਨੇ ਆਪਣੇ ਭਾਸ਼ਣ ਵਿੱਚ ਕਮਿਊਨਿਸਟਾਂ ਖਿਲਾਫ ਸਾਰਾ ਤੋੜਾ ਝਾੜ ਦਿੱਤਾ ਕਿ ਇਹ ਅਕਾਲੀਆਂ ਨਾਲ ਮਿਲਣ ਨੂੰ ਤਿਆਰ ਰਹਿੰਦੇ ਹਨਮੇਰੇ ਨਾਲ ਬੈਠੇ ਇੱਕ ਕਾਂਗਰਸੀ ਆਗੂ ਨੇ ਮੇਰੇ ਕੰਨ ਵਿੱਚ ਕਿਹਾ ਕਿ ਇਹ ਖੁਦ ਪਰਸੋਂ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਆਇਆ ਹੈਅਗਲੇ ਹਫਤੇ ਉਹ ਕਾਂਗਰਸੀ ਆਗੂ ਅਕਾਲੀ ਦਲ ਨਾਲ ਜਾ ਰਲਿਆ ਅਤੇ ਫਿਰ ਉਨ੍ਹਾਂ ਵੱਲੋਂ ਪਾਰਲੀਮੈਂਟ ਦੀ ਚੋਣ ਵਿੱਚ ਉਮੀਦਵਾਰ ਬਣ ਗਿਆ ਸੀਸਾਰੇ ਭਾਰਤ ਨੂੰ ਵੇਖਿਆ ਜਾਵੇ ਤਾਂ ਇੱਦਾਂ ਦੇ ਬਹੁਤ ਸਾਰੇ ਕਾਂਗਰਸੀ ਆਗੂ ਪਛਾਣੇ ਜਾ ਸਕਦੇ ਹਨ, ਜਿਹੜੇ ਸਮਾਂ ਪਾ ਕੇ ਆਪਣੇ ਅੰਦਰਲੀ ਭਾਵਨਾ ਕਾਰਨ ਪਾਸਾ ਬਦਲ ਗਏ ਅਤੇ ਉਨ੍ਹਾਂ ਵਿੱਚੋਂ ਦੋ-ਤਿੰਨ ਤਾਂ ਅੱਜਕੱਲ੍ਹ ਮੁੱਖ ਮੰਤਰੀ ਬਣੇ ਹੋਏ ਦਿਖਾਈ ਦਿੰਦੇ ਹਨ

ਇਸ ਸਾਰੇ ਪਿਛੋਕੜ ਨੂੰ ਫੋਲਣ ਤੋਂ ਬਾਅਦ ਭਾਰਤ ਦੇ ਅਜੋਕੇ ਹਾਲਾਤ ਅਤੇ ਮਨੀਪੁਰ ਜਾਂ ਹਰਿਆਣੇ ਦੇ ਨੂਹ ਅਤੇ ਹੋਰ ਥਾਂਵਾਂ ਤੋਂ ਉੱਠੀ ਫਿਰਕੂ ਲਹਿਰ ਨੂੰ ਪਛਾਨਣ ਦੀ ਲੋੜ ਹੈਇਹ ਸਭ ਕੁਝ ਜਿੱਦਾਂ ਵਾਪਰ ਗਿਆ ਹੈ, ਸਪਸ਼ਟ ਹੈ ਕਿ ਇਸਦਾ ਅਸਰ ਅਗਲੇ ਸਾਲ ਦੀਆਂ ਪਾਰਲੀਮੈਂਟ ਚੋਣਾਂ ਉੱਤੇ ਪਵੇਗਾ ਜਾਂ ਠੀਕ ਸ਼ਬਦਾਂ ਵਿੱਚ ਕਹੀਏ ਤਾਂ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਦਾ ਧਿਆਨ ਰੱਖ ਕੇ ਕੋਈ ਇਹ ਸਭ ਕੁਝ ਗਿਣ-ਮਿਥ ਕੇ ਕਰਵਾ ਰਿਹਾ ਹੈ ਇਸਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਉਸ ਨਾਲ ਜੁੜੇ ਹੋਏ ਇੱਕ-ਦੋ ਜਣਿਆਂ ਦੀ ਭੂਮਿਕਾ ਦੀ ਚਰਚਾ ਕਰੀ ਜਾਣੀ ਅਸਲ ਹਾਲਾਤ ਬਾਰੇ ਸ਼ਾਇਦ ਪੂਰੀ ਸਚਾਈ ਪੇਸ਼ ਨਹੀਂ ਕਰਦੀ ਇੱਦਾਂ ਦਾ ਕੰਮ ਕੋਈ ਇੱਕ ਆਗੂ ਜਾਂ ਉਸ ਨਾਲ ਜੁੜੇ ਹੋਏ ਦੋ-ਚਾਰ ਹੋਰ ਬੰਦੇ ਨਹੀਂ ਕਰ ਰਹੇ ਹੁੰਦੇ, ਇਸ ਪਿੱਛੇ ਨੀਂਹ ਬਣ ਕੇ ਖੜ੍ਹੀ ਵਿਚਾਰਧਾਰਾ ਦੇ ਲੋਕ ਕਰਦੇ ਜਾਂ ਕਰਵਾਉਂਦੇ ਅਤੇ ਪੱਕੇ ਜਥੇਬੰਦ ਢੰਗ ਨਾਲ ਇਹ ਸਭ ਕੁਝ ਕਰਵਾਇਆ ਕਰਦੇ ਹਨਇਹ ਗੱਲ ਇਸ ਵੇਲੇ ਕਿਸੇ ਤੋਂ ਵੀ ਗੁੱਝੀ ਨਹੀਂ

ਸੁਫਨਿਆਂ ਅਤੇ ਨਾਅਰਿਆਂ ਜਾਂ ਦਿਲਾਸਿਆਂ ਦੀ ਜ਼ਿੰਦਗੀ ਮਾਨਣੀ ਹੋਵੇ ਤਾਂ ਕੋਈ ਕੁਝ ਵੀ ਕਹੀ ਜਾਵੇ, ਹਕੀਕਤਾਂ ਦਾ ਸਾਹਮਣਾ ਕਰਨ ਲਈ ਬਹੁਤ ਸਾਰੇ ਲੋਕਾਂ ਦਾ ਦਿਲ ਨਹੀਂ ਮੰਨਦਾਸਮਾਜ ਵਿਗਿਆਨੀਆਂ ਜਾਂ ਰਾਜਨੀਤੀ ਦੇ ਧਨੰਤਰਾਂ ਨੂੰ ਪੁੱਛ ਲਵੋ ਤਾਂ ਕੋਈ ਵੀ ਬਿਨਾਂ ਝਿਜਕ ਕਹੇਗਾ ਕਿ ਰਾਜਨੀਤੀ ਲਈ ਧਰਮ ਦੀ ਵਰਤੋਂ ਦੇ ਵਿਰੋਧ ਦੀ ਜੇ ਪੱਕੀ ਧਿਰ ਕੋਈ ਸਹੀ ਸ਼ਬਦਾਂ ਵਿੱਚ ਹੁੰਦੀ ਹੈ ਤੇ ਅਡੋਲ ਹੁੰਦੀ ਹੈ ਤਾਂ ਉਹ ਖੱਬੇ ਪੱਖੀ ਹਨ, ਪਰ ਉਹ ਇਹ ਗੱਲ ਕਹਿੰਦੇ ਹਨ ਕਿ ਭਰੋਸੇ ਵਾਲੀ ਇਹ ਧਿਰ ਅੱਜ ਹਾਲਾਤ ਦਾ ਮੁਕਾਬਲਾ ਕਰਨ ਜੋਗੀ ਨਹੀਂ ਇਸਦਾ ਕਾਰਨ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂਧਰਮ ਦੇ ਨਾਂਅ ਉੱਤੇ ਜਨਤਕ ਜਨੂੰਨ ਵਰਤ ਕੇ ਰਾਜਨੀਤੀ ਕਰਦੀਆਂ ਧਿਰਾਂ ਪਾਟੀਆਂ ਹੋਈਆਂ ਵੀ ਹੋਣ ਤਾਂ ਹਰ ਧਰਮ ਦੇ ਮਾਮਲੇ ਵਿੱਚ ਕੋਈ ਇੱਕ ਧਿਰ ਉਨ੍ਹਾਂ ਦੀ ਮੁੱਖ ਧਾਰਾ ਗਿਣੀ ਜਾਂਦੀ ਹੈ, ਪਰ ਰਾਜਨੀਤੀ ਲਈ ਧਰਮ ਦੀ ਦੁਰਵਰਤੋਂ ਵਿਰੁੱਧ ਪੱਕੀ ਧਿਰ ਗਿਣੇ ਜਾਂਦੇ ਖੱਬੇ ਪੱਖੀਆਂ ਦੀ ਕੋਈ ਇੱਕ ਮੁੱਖ ਧਾਰਾ ਨਹੀਂ, ਆਪਣੇ ਆਪ ਵਿੱਚ ਸਭਨਾਂ ਧਿਰਾਂ ਨੂੰ ਮੁੱਖ-ਧਾਰਾ ਦੀ ਆਗੂ ਬਣਨ ਦਾ ਵਹਿਮ ਨਹੀਂ ਛੱਡਦਾਜਿਨ੍ਹਾਂ ਨਾਲ ਪਿੰਡ ਵਿੱਚ ਮਸਾਂ ਚਾਰ ਬੰਦੇ ਹੁੰਦੇ ਹਨ, ਇੱਕ ਪ੍ਰਧਾਨਗੀ ਕਰਦਾ ਹੈ, ਦੂਸਰਾ ਸਥਿਤੀ ਦੀ ਵਿਆਖਿਆ ਤੇ ਤੀਸਰਾ ਉਸ ਵਿਆਖਿਆ ਦੀ ਚਰਚਾ ਦੇ ਬਹਾਨੇ ਵਿਰੋਧ ਲਈ ਬੋਲਦਾ ਹੈ, ਉਹ ਵੀ ਇਹ ਦਾਅਵਾ ਕਰਨੋਂ ਨਹੀਂ ਹਟਦੇ ਕਿ ਜਿੱਦਾਂ ਦਾ ਮਰਜ਼ੀ ਜਨੂੰਨੀ ਮਾਹੌਲ ਬਣਿਆ ਫਿਰੇ, ਉਸ ਦਾ ਮੁਕਾਬਲਾ ਸਿਰਫ ਸਾਡੀ ਸੋਚ ਨਾਲ ਕੀਤਾ ਜਾ ਸਕਦਾ ਹੈਇਨ੍ਹਾਂ ਦੀ ਖਹਿਬਾਜ਼ੀ ਸ਼ੋਕ ਸਮਾਗਮ ਦੇ ਮੌਕੇ ਵੀ ਅੱਗੋਂ-ਪਿੱਛੋਂ ਬੋਲਣ ਦੀ ਜ਼ਿਦ ਤਕ ਲੈ ਜਾਂਦੀ ਹੈ, ਕਿਸੇ ਗੱਲ ਵਿੱਚ ਕਦੀ ਇੱਕ-ਦੂਸਰੇ ਨਾਲ ਸੁਰ ਮਿਲਣ ਦੀ ਗੁੰਜਾਇਸ਼ ਨਿਕਲਦੀ ਹੈ ਤਾਂ ਕੱਢਣ ਨੂੰ ਤਿਆਰ ਨਹੀਂ, ਪਰ ਅਗਲੀ ਚੋਣ ਮੌਕੇ ਭਾਰਤ ਵਿੱਚ ਫਿਰਕੂ ਵਹਿਣ ਰੋਕ ਲੈਣ ਦੀਆਂ ਗੱਲਾਂ ਕਰਦੇ ਹਨਲੋਕ ਪੁੱਛਦੇ ਹਨ ਕਿ ਆਪੋ ਵਿੱਚ ਪਾਟੀਆਂ ਧਿਰਾਂ ਦਾ ਕੀ ਮੋਰਚਾ ਬਣੇਗਾ ਤੇ ਜੇ ਬਣ ਵੀ ਜਾਵੇ ਤਾਂ ਕੀ ਸਿਰੇ ਲਾ ਸਕੇਗਾ? ਜਵਾਬ ਕੌਣ ਦੇਵੇਗਾ ਇਸਦਾ! ਕਾਂਗਰਸੀ ਲੀਡਰਾਂ ਬਾਰੇ ਆਮ ਕਿਹਾ ਜਾਂਦਾ ਹੈ ਕਿ ਕੋਈ ਜਣਾ ਪਾਰਟੀ ਛੱਡੇ ਤਾਂ ਉਹ ਰੋਕਦੇ ਨਹੀਂ, ਉਲਟਾ ਕਹਿੰਦੇ ਹਨ ਕਿ ਇੱਦਾਂ ਦੇ ਲੋਕਾਂ ਦੇ ਜਾਣ ਨਾਲ ਪਾਰਟੀ ਦਾ ਭਲਾ ਹੋਵੇਗਾ, ਪਿੱਛੇ ਰਹਿਣ ਵਾਲੇ ਭਾਵੇਂ ਉਨ੍ਹਾਂ ਨਾਲੋਂ ਵੀ ਮਾੜੇ ਹੋਣ, ਅੱਜਕੱਲ੍ਹ ਇਹੋ ਕੁਝ ਖੱਬੇ ਪੱਖੀ ਧਿਰਾਂ ਵਿੱਚ ਭਾਰੂ ਹੈਪੰਜਾਬੀ ਦਾ ਮੁਹਾਵਰਾ ਹੈ ਕਿ ਹੌਲਾ ਭਾਰ ਤੇ ਸਾਥ ਦੇ ਮੋਹਰੇਇਹ ਨਾਅਰਾ ਲਾ ਕੇ ਮੋਹਰੇ-ਮੋਹਰੇ ਤੇਜ਼ ਚੱਲਣ ਦਾ ਭਰਮ ਪਾਲਿਆ ਜਾ ਸਕਦਾ ਹੈ, ਹਾਸਲ ਕੁਝ ਨਹੀਂ ਹੋਣ ਲੱਗਾਜੇ ਅਗਲੇ ਸਾਲ ਦੀ ਅਤੇ ਉਸ ਤੋਂ ਅਗਲੇ ਸਾਲਾਂ ਦੀ ਭਾਰਤ ਦੀ ਦਸ਼ਾ ਅਤੇ ਦਿਸ਼ਾ ਦੀ ਕੋਈ ਸੱਚਮੁੱਚ ਚਿੰਤਾ ਹੋਵੇ ਤਾਂ ਜਿਸ ਨੂੰ ਹੋਵੇ, ਜਿੰਨੀ ਵੀ ਚਿੰਤਾ ਹੋਵੇ, ਉਸ ਬਾਰੇ ਵਕਤ ਕੱਢ ਕੇ ਸੋਚਣਾ ਚਾਹੀਦਾ ਹੈਸੁਣਨ ਨੂੰ ਇੱਦਾਂ ਦੀ ਗੱਲ ਵੀ ਕਈ ਲੋਕਾਂ ਨੂੰ ਚੰਗੀ ਲੱਗੇਗੀ, ਪਰ ਇਸ ਤੋਂ ਅੱਗੇ ਵਧ ਕੇ ਕੋਈ ਕੁਝ ਕਰੇਗਾ, ਇਸਦਾ ਯਕੀਨ ਜਦੋਂ ਤਕ ਆਮ ਲੋਕਾਂ ਨੂੰ ਨਹੀਂ ਹੁੰਦਾ, ਉਦੋਂ ਤਕ ਮਤੇ-ਸ਼ਤੇ ਪਾਸ ਕਰਦੇ ਰਹਿਣਾ ਕਾਫੀ ਹੈ, ਸਿੱਟਿਆਂ ਦੀ ਆਸ ਨਹੀਂ ਹੋ ਸਕਦੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4152)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author