JatinderPannu7ਦੇਸ਼ ਦੇ ਕਿਸੇ ਇੱਕ ਵੀ ਰਾਜ ਵਿੱਚ ਲੋਕ ਰੋਂਦੇ ਹੋਣ ਤਾਂ ਵਿਸ਼ਵ-ਗੁਰੂ ਬਣਨ ਦੇ ਸੁਪਨੇ ਮਜ਼ਾਕ ਬਣ ਕੇ ...
(31 ਜੁਲਾਈ 2023)

 

ਅਜੇ ਬਹੁਤੇ ਸਾਲ ਨਹੀਂ ਹੋਏ ਹੋਣੇ, ਜਦੋਂ ਇੱਕ ਪੰਜਾਬੀ ਗਾਇਕ ਦਾ ਗਾਇਆ ਗੀਤ ‘ਮੇਲਾ ਵੇਖਦੀਏ ਮੁਟਿਆਰੇ, ਮੇਲਾ ਤੈਨੂੰ ਵੇਖਦਾ’ ਸੁਣਿਆ ਸੀਉਹ ਗੱਲ ਪਿੱਛੇ ਰਹਿ ਗਈ, ਅੱਜ ਦੀ ਘੜੀ ਇਹੋ ਗੱਲ ਉਸ ਭਾਰਤ ਦੇਸ਼ ਬਾਰੇ ਕਹਿਣ ਵਿੱਚ ਝਿਜਕ ਨਹੀਂ ਲਗਦੀ, ਜਿਸਦਾ ਪ੍ਰਧਾਨ ਮੰਤਰੀ ਆਏ ਦਿਨ ਆਪਣੇ ਲੋਕਾਂ ਨੂੰ ਸੁਪਨਾ ਵਿਖਾਉਂਦਾ ਹੈ ਕਿ ਦੇਸ਼ ਛੇਤੀ ਹੀ ‘ਵਿਸ਼ਵ ਗੁਰੂ’ ਹੋਣ ਦਾ ਮਾਣ ਹਾਸਲ ਕਰ ਲਵੇਗਾਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਕਾਸ ਵਾਲੇ ਸੁਪਨੇ ਵੀ ਵਿਖਾਏ ਹਨ ਤੇ ਇਸਦੇ ਨਾਲ ਦੇਸ਼ ਦੀ ਆਰਥਿਕਤਾ ਨੂੰ ਸੰਸਾਰ ਦੀ ਤੀਸਰੀ ਸਭ ਤੋਂ ਵੱਡੀ ਆਰਥਿਕਤਾ ਬਣਾਉਣ ਵਰਗੇ ਸੁਪਨੇ ਨਾਲ ਅਗਲੇ ਸਾਲ ਦੀਆਂ ਲੋਕ ਸਭਾ ਚੋਣਾਂ ਮੌਕੇ ਵੋਟਾਂ ਦੇਣ ਲਈ ਸੱਦਾ ਵੀ ਦੇ ਦਿੱਤਾ ਹੈਉਨ੍ਹਾਂ ਕੋਲ ਸਮੱਰਥਕਾਂ ਤੇ ਪ੍ਰਸ਼ੰਸਕਾਂ ਵਾਲੀ ਇੱਕ ਵੱਡੀ ਫੌਜ ਹੈ, ਜਿਹੜੀ ਕਦੀ ਫੌਜ ਵਾਂਗ ਕੰਮ ਕਰਦੀ ਜਾਪਦੀ ਹੈ, ਕਦੀ ਕਿਸੇ ਧਾੜ ਵਾਂਗ ਅਗੇਤੀ ਉਲੀਕੀ ਹੋਈ ਸਰਗਰਮੀ ਦੇ ਰਾਹ ਉੱਤੇ ਚੱਲਦੀ ਜਾਪਦੀ ਹੈਇਹ ਫੌਜ ਹਰ ਵੇਲੇ ਆਪਣੇ ਆਗੂ ਦੇ ਇਸ਼ਾਰੇ ਉੱਤੇ ਹਰ ਹੱਦ ਤਕ ਜਾਣ ਨੂੰ ਤਿਆਰ ਜਾਪਦੀ ਹੈ ਤੇ ਉਸ ਫੌਜ ਦਾ ਨਿਸ਼ਾਨਾ ਇੱਕੋ ਨਜ਼ਰ ਆਉਂਦਾ ਹੈ ਕਿ ਜਿਹੜੀ ਗੱਲ ਆਗੂ ਨੇ ਮੂੰਹੋਂ ਕੱਢੀ ਹੈ, ਕਿਸੇ ਵੀ ਸੂਰਤ ਵਿੱਚ ਉਹ ਆਮ ਲੋਕਾਂ ਦੇ ਪੱਧਰ ਉੱਤੇ ਅਮਲ ਵਿੱਚ ਵੀ ਲਾਗੂ ਹੋਣੀ ਚਾਹੀਦੀ ਹੈ

ਇਹ ਹਕੀਕੀ ਸਥਿਤੀ ਦਾ ਪਹਿਲਾ ਪੱਖ ਹੈ ਕਿ ਭਾਰਤ ਦੇਸ਼ ਇਸ ਵਕਤ ਵਿਸ਼ਵ ਗੁਰੂ ਬਣ ਕੇ ਮੇਲਾ ਲੁੱਟਣ ਵਾਲੇ ਸੁਪਨੇ ਵੇਖਦਾ ਹੈਦੂਸਰਾ ਪੱਖ ਇਹ ਹੈ ਕਿ ਜਦੋਂ ਵਿਸ਼ਵ ਦਾ ਗੁਰੂ ਬਣਨ ਦੇ ਸੁਪਨੇ ਵੇਖੇ ਜਾ ਰਹੇ ਹਨ, ਮੂਹਰੇ ਵਿਸ਼ਵ ਵੀ ਇਸ ਦੇਸ਼ ਵੱਲ ਅਤੇ ਇਸ ਵਿੱਚ ਵਾਪਰਦੇ ਹਰ ਚੰਗੇ-ਮੰਦੇ ਵੱਲ ਵੇਖਦਾ ਅਤੇ ਆਪਣੇ ਪ੍ਰਤੀਕਰਮ ਕਦੀ ਸਿੱਧੇ ਬੋਲਾਂ ਵਿੱਚ ਅਤੇ ਕਦੀ ਵਲ-ਵਲਾਵਾਂ ਪਾ ਕੇ ਪੇਸ਼ ਕਰਦਾ ਹੈਉਸ ਦੇ ਵਲ-ਵਲਾਵੇਂ ਵਾਲੇ ਪ੍ਰਤੀਕਰਮ ਦਾ ਭਾਰਤ ਵਿੱਚ ਰਾਜ ਕਰਦੀ ਧਿਰ ਦੇ ਲੋਕ ਬਹੁਤਾ ਬੁਰਾ ਨਹੀਂ ਮਨਾਉਂਦੇ ਅਤੇ ਉਸ ਨੂੰ ਅਣਗੌਲਿਆ ਕਰਨ ਦਾ ਯਤਨ ਕਰਦੇ ਹਨ, ਪਰ ਜਦੋਂ ਕਦੀ ਇਸ ਦੇਸ਼ ਬਾਰੇ ਕਿਸੇ ਪਾਸਿਉਂ ਕੋਈ ਸਿੱਧਾ ਅਤੇ ਕੁਝ ਕੌੜਾ-ਕੁਸੈਲਾ ਪ੍ਰਤੀਕਰਮ ਆਉਂਦਾ ਹੈ, ਸੰਸਾਰ ਭਾਈਚਾਰੇ ਦੇ ਹਰ ਨਿਯਮ ਤੇ ਹਰ ਅਸੂਲ ਨੂੰ ਅੱਖੋਂ ਪਰੋਖਾ ਕਰ ਕੇ ਮਿਹਣੇ ਤੇ ਛਿੱਬੀਆਂ ਦੇਣ ਵਾਂਗ ਮੋੜਵਾਂ ਪ੍ਰਤੀਕਰਮ ਦਿੱਤਾ ਜਾਂਦਾ ਹੈਭਾਰਤ ਦੇ ਲੋਕਾਂ ਨੂੰ ਦੂਸਰਿਆਂ ਦੇ ਹਰ ਪ੍ਰਤੀਕਰਮ ਦੀ ਸਿੱਧੀ-ਗੁੱਝੀ ਰਮਜ਼ ਪੱਲੇ ਪੈਂਦੀ ਹੈ ਤਾਂ ਸਾਡੇ ਲੋਕਾਂ ਵੱਲੋਂ ਦਿੱਤੇ ਗਏ ਹਰ ਪ੍ਰਤੀਕਰਮ, ਜਿਹੜਾ ਆਮ ਕਰ ਕੇ ਗੁੱਝਾਂ ਹੋਣ ਦੀ ਬਜਾਏ ਸਿੱਧਾ ਵਾਰ ਕਰਨ ਵਾਂਗ ਹੁੰਦਾ ਹੈ, ਦੀ ਸਾਰੀ ਸਮਝ ਅਗਲਿਆਂ ਨੂੰ ਵੀ ਖੜ੍ਹੇ ਪੈਰ ਲੱਗ ਜਾਂਦੀ ਹੈਇਸ ਨਾਲ ਪ੍ਰਤੀਕਰਮਾਂ ਦੇ ਵਟਾਂਦਰੇ ਦਾ ਸਿਲਸਿਲਾ ਚੱਲ ਪੈਂਦਾ ਹੈ

ਸੰਸਾਰ ਕੂਟਨੀਤੀ ਵਿੱਚ ਇੱਕ ਸਮਾਂ ਉਹ ਵੀ ਸੀ, ਜਦੋਂ ਦੋ ਵੱਡੀਆਂ ਧਿਰਾਂ, ਅਮਰੀਕਾ ਦੀ ਅਗਵਾਈ ਹੇਠਲਾ ਨਾਟੋ ਬਲਾਕ ਤੇ ਰੂਸ ਦੀ ਅਗਵਾਈ ਵਾਲਾ ਕਮਿਊਨਿਸਟ ਧੜਾ ਹਰ ਗੱਲ ਵਿੱਚ ਆਹਮੋ ਸਾਹਮਣੇ ਹੋਣ ਨੂੰ ਤਿਆਰ ਹੁੰਦੇ ਸਨਅੱਜ ਇਹੋ ਜਿਹੀ ਕੋਈ ਸਥਿਤੀ ਨਹੀਂਉਸ ਦੁਵੱਲੀ ਖਿੱਚੋਤਾਣ ਦੀ ਸਥਿਤੀ ਵਿੱਚ ਜਦੋਂ ਇੱਕ ਵਾਰ ਗੁੱਟ ਨਿਰਪੱਖ ਦੇਸ਼ਾਂ ਦਾ ਧੜਾ ਉੱਭਰਿਆ ਤਾਂ ਭਾਰਤ ਉਸ ਦੇ ਮੋਹਰੀ ਤਿੰਨ ਦੇਸ਼ਾਂ ਵਿੱਚੋਂ ਇੱਕ ਸੀ ਤੇ ਉਸ ਦੌਰ ਵਿੱਚ ਇਸਦੀ ਇੱਜ਼ਤ ਸੰਸਾਰ ਦੇ ਦੇਸ਼ਾਂ ਵਿੱਚ ਇੰਨੀ ਵੱਡੀ ਸੀ ਕਿ ਵਿਸ਼ਵ-ਗੁਰੂ ਹੋਣ ਦਾ ਦਾਅਵਾ ਕੀਤੇ ਬਗੈਰ ਵੀ ਦੁਨੀਆ ਭਰ ਦੇ ਦੇਸ਼ ਲਗਭਗ ਹਰ ਗੱਲ ਵਿੱਚ ਇਸਦੀ ਰਾਏ ਆਉਣ ਬਾਰੇ ਉਡੀਕ ਕਰਦੇ ਹੁੰਦੇ ਸਨਹਾਲਾਤ ਬਦਲ ਗਏ ਤਾਂ ਰੂਸ ਦੀ ਸਰਦਾਰੀ ਵਾਲਾ ਕਮਿਊਨਿਸਟ ਬਲਾਕ ਨਾ ਰਹਿ ਜਾਣ ਦੇ ਬਾਅਦ ਅਮਰੀਕਾ ਨੇ ਸੰਸਾਰ ਰਾਜਨੀਤੀ ਦੀ ਇਕਲੌਤੀ ਮਹਾਂ ਸ਼ਕਤੀ ਹੋਣ ਦਾ ਇੱਦਾਂ ਵਿਖਾਲਾ ਕਰਨ ਦਾ ਰਾਹ ਫੜਿਆ ਕਿ ਉਸ ਦੇ ਸਾਥੀ ਦੇਸ਼ ਵੀ ਉਸ ਦੀ ਵੱਡ-ਤਾਕਤੀ ਧੌਂਸ ਤੋਂ ਤ੍ਰਹਿਕਦੇ ਸਨ, ਪਰ ਉਹ ਉਸ ਅੱਗੇ ਸਿਰ ਚੁੱਕਣ ਜੋਗੇ ਨਹੀਂ ਸਨ ਰਹਿ ਗਏ ਐਨ ਉਸ ਮੌਕੇ ਇੱਕ ਵਾਰ ਫਿਰ ਰੂਸ ਉੱਭਰਿਆ ਅਤੇ ਉਸ ਨੇ ਅਮਰੀਕਾ ਦੇ ਇਕਲੌਤੀ ਮਹਾਂ-ਸ਼ਕਤੀ ਦੇ ਭਰਮ ਨੂੰ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਸੀਇਹ ਅਸਲ ਵਿੱਚ ਭਾਰਤ ਲਈ ਢੁਕਵਾਂ ਮੌਕਾ ਸੀ ਕਿ ਉਹ ਇੱਕ ਵਾਰ ਫਿਰ ਦੋ ਵੱਡੀਆਂ ਧਿਰਾਂ ਦੇ ਮੁਕਾਬਲੇ ਤੀਸਰੇ ਗੁੱਟ-ਨਿਰਪੱਖਤਾ ਦੇ ਪੈਂਤੜੇ ਉੱਤੇ ਆ ਜਾਂਦਾ ਅਤੇ ਸੰਸਾਰ ਦੇ ਮੱਧ-ਮਾਰਗੀ ਦੇਸ਼ ਇਸ ਨਾਲ ਜੁੜ ਸਕਦੇ ਸਨ, ਪਰ ਭਾਰਤ ਖੁੰਝ ਗਿਆ

ਪਹਿਲਾਂ ਭਾਜਪਾ ਦੀ ਅਟਲ ਬਿਹਾਰੀ ਵਾਜਪਾਈ ਸਰਕਾਰ ਸਮੇਂ ਨੂੰ ਸਮਝਣ ਅਤੇ ਵਰਤਣ ਤੋਂ ਖੁੰਝ ਕੇ ਅਮਰੀਕਾ ਨਾਲ ਜੁੜਨ ਦੀ ਕਾਹਲੀ ਵਿਖਾਉਣ ਲੱਗ ਪਈਇਹੋ ਸਮਾਂ ਸੀ, ਜਦੋਂ ਅਫਗਾਨਿਸਤਾਨ ਦੀ ਜੰਗ ਲੜਨ ਨੂੰ ਨਿਕਲ ਚੁੱਕੇ ਅਮਰੀਕਾ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਾਜਪਾਈ ਨੇ ਹਰ ਤਰ੍ਹਾਂ ਦੀ ਮਦਦ ਦੀ ਅਣਮੰਗੀ ਪੇਸ਼ਕਸ਼ ਕਰ ਕੇ ਕਿਹਾ ਸੀ ਕਿ ‘ਭਾਰਤ ਦਾ ਬੱਚਾ-ਬੱਚਾ ਤੁਹਾਡੇ ਨਾਲ’ ਹੈਅੱਗੋਂ ਅਮਰੀਕੀਆਂ ਨੇ ਭਾਰਤ ਦੀ ਇਹ ਪੇਸ਼ਕਸ਼ ਠੁਕਰਾ ਕੇ ਪਾਕਿਸਤਾਨ ਦੇ ਫੌਜੀ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਆਪਣਾ ਪਿਛਲੱਗ ਬਣਾਇਆ ਤੇ ਉਸ ਦੇਸ਼ ਦੀਆਂ ਫੌਜੀ ਛਾਉਣੀਆਂ ਅਤੇ ਫੌਜੀ ਹਵਾਈ ਅੱਡੇ ਆਪਣੀ ਫੌਜ ਲਈ ਵਰਤਣ ਦਾ ਹੱਕ ਲੈ ਲਿਆ ਅਤੇ ਵਾਜਪਾਈ ਸਾਹਿਬ ਦੇ ਪੱਲੇ ਨਿਰਾਸ਼ਾ ਪਈ ਸੀਦੂਸਰਾ ਮੌਕਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਜਾਰਜ ਬੁੱਸ਼ ਦੂਸਰੇ ਨੂੰ ਇਹ ਕਹਿਣ ਵਿੱਚ ਵੀ ਮਨਮੋਹਨ ਸਿੰਘ ਨੇ ਢਿੱਲ ਨਹੀਂ ਸੀ ਕੀਤੀ ਕਿ ‘ਸਾਰੇ ਭਾਰਤ ਦੇ ਲੋਕ ਤੁਹਾਡਾ ਸਤਿਕਾਰ ਕਰਦੇ ਹਨ’ ਭਾਰਤ ਨੇ ਐਟਮੀ ਸਮਝੌਤਾ ਕਰਨਾ ਸੀ, ਕਰ ਲਿਆ, ਹੋਰ ਅੱਗੇ ਵਧਣ ਅਤੇ ਅਮਰੀਕਾ ਮੂਹਰੇ ਲਿਫਦੇ ਜਾਣ ਦੀ ਲੋੜ ਨਹੀਂ ਸੀ, ਪਰ ਉਹ ਲਿਫਦੇ ਗਏ ਅਤੇ ਹੌਲੀ-ਹੌਲੀ ਅਮਰੀਕੀ ਦਬਾਅ ਹੇਠ ਦੋ ਵੱਡੀਆਂ ਸ਼ਕਤੀਆਂ ਅਮਰੀਕਾ ਅਤੇ ਰੂਸ ਵਿਚਾਲੇ ਸੰਤੁਲਨ ਬਣਾਉਣ ਦੀ ਬਜਾਏ ਅਮਰੀਕੀ ਪਾਸੇ ਵੱਲ ਝੁਕ ਗਏਇਸ ਤਰ੍ਹਾਂ ਝੁਕਦੇ ਜਾਣ ਦਾ ਹੋਰ ਧਿਰਾਂ ਨੇ ਤਾਂ ਵਿਰੋਧ ਕਰਨਾ ਸੀ, ਆਪਣੇ ਜਨਮ ਤੋਂ ਇੰਗਲੈਂਡ ਤੇ ਅਮਰੀਕਾ ਵੱਲ ਨਰਮੀ ਰੱਖਦੇ ਰਹੇ ਆਰ ਐੱਸ ਐੱਸ ਵਾਲਿਆਂ ਨੇ ਵੀ ਇਹ ਕਹਿਣ ਵਿੱਚ ਵਕਤ ਨਹੀਂ ਸੀ ਗੁਆਇਆ ਕਿ ਸੰਬੰਧ ਜਿੱਦਾਂ ਦੇ ਵੀ ਸਰਕਾਰ ਰੱਖ ਲਵੇ, ਪਰ ਦੇਸ਼ ਦੇ ਸਵੈ-ਮਾਣ ਦਾ ਖਿਆਲ ਜ਼ਰੂਰ ਰੱਖ ਲੈਣਾ ਚਾਹੀਦਾ ਹੈਉਸ ਮੌਕੇ ਵੀ ਭਾਰਤ ਵਕਤੋਂ ਖੁੰਝ ਗਿਆ ਸੀ

ਨਰਿੰਦਰ ਮੋਦੀ ਸਾਹਿਬ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਭਾਰਤ ਨੇ ਬੇਸ਼ਕ ਕੁਝ ਮੌਕਿਆਂ ਉੱਤੇ, ਜਿਵੇਂ ਯੂਕਰੇਨ ਦੀ ਜੰਗ ਦੇ ਸਵਾਲ ਉੱਤੇ ਅਮਰੀਕਾ ਨਾਲ ਖੁੱਲ੍ਹ ਕੇ ਖੜੋਣ ਤੋਂ ਝਿਜਕ ਵਿਖਾਈ ਅਤੇ ਫਾਸਲਾ ਰੱਖਿਆ ਹੈ, ਪਰ ਹਥਿਆਰ ਸੌਦਿਆਂ ਦੇ ਚੱਕਰ ਵਿੱਚ ਉਹ ਵੀ ਸੰਤੁਲਨ ਦਾ ਚੇਤਾ ਨਹੀਂ ਰੱਖ ਸਕੇਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਦਾ ਭਾਰਤ ਨੂੰ ਨਾਟੋ ਦੇ ਬਹੁਤ ਨੇੜੇ ਦਾ ਦੇਸ਼ ਦੱਸਣ ਦਾ ਹੌਸਲਾ ਇਸ ਲਈ ਪੈ ਗਿਆ ਕਿ ਭਾਰਤ ਸਰਕਾਰ ਨੇ ਪਿਛਲੇ ਸਮੇਂ ਵਿੱਚ ਅਮਰੀਕਾ ਨਾਲ ਹੋਰ ਕਈ ਗੱਲਾਂ ਦੇ ਨਾਲ ਫੌਜੀ ਪੱਖੋਂ ਚੋਖਾ ਨੇੜ ਕਰ ਲਿਆ ਹੈਦੋਵਾਂ ਧਿਰਾਂ ਨੇ ਆਪਸੀ ਸਮਝੌਤੇ ਕੁਝ ਇੱਦਾਂ ਦੇ ਕੀਤੇ ਹਨ ਕਿ ਕੁਝ ਲੋਕ ਪੰਜਾਹ ਕੁ ਸਾਲ ਪਹਿਲਾਂ ਭਾਰਤ ਤੇ ਕਮਿਊਨਿਸਟ ਰੂਸ ਦੀ ਸਰਕਾਰ ਵਿੱਚ ਹੋਏ ਸਮਝੌਤਿਆਂ ਨਾਲ ਬਰਾਬਰ ਤੋਲਣ ਜਾਂ ਉਸ ਤੋਂ ਵੱਧ ਵਜ਼ਨਦਾਰ ਦੱਸਣ ਲੱਗੇ ਹਨਕੁਝ ਹੱਦ ਤਕ ਇਹ ਗੱਲ ਸੱਚੀ ਕਹੀ ਜਾ ਸਕਦੀ ਹੈ, ਪਰ ਭਾਰਤ ਲਈ ਉਹ ਮੋੜ ਅਜੇ ਨਹੀਂ ਆਇਆ, ਜਿੱਥੋਂ ਮੋੜਾ ਕੱਟਣ ਦੀ ਗੁੰਜਾਇਸ਼ ਨਾ ਰਹਿ ਜਾਵੇ

ਤੀਸਰਾ ਪੱਖ ਇਹ ਹੈ ਕਿ ਭਾਰਤ ਵਿੱਚ ਲੋਕਤੰਤਰੀ ਰਿਵਾਇਤਾਂ ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਰਾਜਸੀ ਲੋੜਾਂ ਵੇਖ ਕੇ ਸੰਭਾਲਣ ਜਾਂ ਅਣਗੌਲੇ ਕਰਨ ਦੀ ਚਰਚਾ ਸੰਸਾਰ ਭਰ ਵਿੱਚ ਛਿੜੀ ਪਈ ਹੈਯੂਰਪੀ ਦੇਸ਼ਾਂ ਦੀ ਸਾਂਝੀ ਪਾਰਲੀਮੈਂਟ ਵਿੱਚ ਇਸਦੀ ਚਰਚਾ ਹੁੰਦੀ ਹੈ, ਯੂਰਪ ਦੇ ਕਈ ਦੇਸ਼ਾਂ ਦੇ ਚੁਣੇ ਅਦਾਰਿਆਂ ਵਿੱਚ ਭਾਰਤ ਅੰਦਰ ਬਣੇ ਹਾਲਾਤ, ਖਾਸ ਕਰ ਕੇ ਮਨੀਪੁਰ ਮੁੱਦੇ ਉੱਤੇ ਟਿੱਪਣੀਆਂ ਹੋਈ ਜਾਂਦੀਆਂ ਹਨਅਸੀਂ ਮਨੀਪੁਰ ਜਾਂ ਇਹੋ ਜਿਹੇ ਕਿਸੇ ਹੋਰ ਰਾਜ ਦੇ ਹਾਲਾਤ ਦੀ ਨਮੋਸ਼ੀ ਤੋਂ ਗਵਾਂਢੀ ਪਾਕਿਸਤਾਨ ਅੰਦਰਲੇ ਹਾਲਾਤ ਤੇ ਅੱਤਵਾਦ ਬਾਰੇ ਚਰਚਾ ਕਰ ਕੇ ਖਹਿੜਾ ਨਹੀਂ ਛੁਡਾ ਸਕਦੇਉਨ੍ਹਾਂ ਦੇਸ਼ਾਂ ਬਾਰੇ ਅਤੇ ਖਾਸ ਕਰ ਕੇ ਪਾਕਿਸਤਾਨ ਦੀਆਂ ਭਾਰਤ ਵਿਰੋਧੀ ਚਾਲਾਂ ਬਾਰੇ ਸੰਸਾਰ ਦੇ ਹਰ ਮੰਚ ਉੱਤੇ ਖੋਲ੍ਹ ਕੇ ਗੱਲ ਕਰਨੀ ਅਤੇ ਉਸ ਨੂੰ ਠਿੱਠ ਕਰਨਾ ਆਪਣੀ ਥਾਂ ਜਾਇਜ਼ ਹੈ ਤੇ ਇਸ ਕੰਮ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ, ਪਰ ਆਪਣੇ ਕਿਸੇ ਮਨੀਪੁਰ ਵਰਗੇ ਰਾਜ ਦੇ ਹਾਲਾਤ ਇੰਨੇ ਵਿਗੜ ਜਾਣ ਕਿ ਪ੍ਰਧਾਨ ਮੰਤਰੀ ਮੋਦੀ ਦੀ ਇਸ ਬਾਰੇ ਖਾਮੋਸ਼ੀ ਸੌ ਮੁੱਦਿਆਂ ਦਾ ਮੁੱਦਾ ਬਣੀ ਨਜ਼ਰ ਆਉਣ ਲੱਗ ਪਵੇ, ਇਸ ਨਾਲ ਭਾਰਤ ਦੀ ਦਿੱਖ ਵਿਗੜਦੀ ਹੈਭਾਰਤ ਸਰਕਾਰ ਆਪਣੇ ਲੋਕਾਂ ਨੂੰ ਇਹ ਦੱਸ ਕੇ ਖੁਸ਼ ਹੋ ਸਕਦੀ ਹੈ ਕਿ ਅਮਰੀਕਾ ਅਤੇ ਹੋਰ ਐਨੇ ਦੇਸ਼ਾਂ ਨੇ ਮਨੀਪੁਰ ਦੇ ਹਾਲਾਤ ਸੰਭਾਲਣ ਲਈ ਭਾਰਤ ਸਰਕਾਰ ਦੀ ਭੂਮਿਕਾ ਉੱਤੇ ਤਸੱਲੀ ਪ੍ਰਗਟ ਕੀਤੀ ਹੈ, ਪਰ ਇਹ ਵੇਖਣਾ ਪਵੇਗਾ ਕਿ ਐਨੇ ਹੋਰਨਾਂ ਦੇਸ਼ਾਂ ਨੇ ਇਸਦੀ ਭੂਮਿਕਾ ਉੱਤੇ ਤਸੱਲੀ ਪ੍ਰਗਟ ਨਹੀਂ ਵੀ ਕੀਤੀ, ਸਗੋਂ ਕਈ ਦੇਸ਼ ਇਸਦੀ ਨੁਕਤਾਚੀਨੀ ਕਰਦੇ ਪਏ ਹਨਜਦੋਂ ਭਾਰਤ ਸੰਸਾਰ ਦੇ ਦੇਸ਼ਾਂ ਨੂੰ ਵੇਖਦਾ ਹੈ ਤਾਂ ਸਾਰਾ ਸੰਸਾਰ ‘ਮੇਲਾ ਵੇਖਦੀਏ ਮੁਟਿਆਰੇ, ਮੇਲਾ ਤੈਨੂੰ ਵੇਖਦਾ’ ਦੇ ਗੀਤ ਦੀ ਤੱਕਣੀ ਨਾਲ ਉਸ ਦੇਸ਼ ਵੱਲ ਵੇਖਦਾ ਹੈ, ਜਿਹੜਾ ਸੰਸਾਰ ਮੂਹਰੇ ਅਗਲੇ ਸਮਿਆਂ ਵਿੱਚ ‘ਵਿਸ਼ਵ-ਗੁਰੂ’ ਦੇ ਰੂਪ ਵਿੱਚ ਇੱਕ ਨਵੀਂ ਭੂਮਿਕਾ ਦੇ ਸੁਪਨੇ ਲੈ ਰਿਹਾ ਹੈ ਸੁਪਨੇ ਲੈਣੇ ਹਨ ਤਾਂ ਉਨ੍ਹਾਂ ਸੁਫਨਿਆਂ ਦੇ ਹਾਣ ਦਾ ਬਣਨਾ ਹੋਵੇਗਾਦੇਸ਼ ਦੇ ਕਿਸੇ ਇੱਕ ਵੀ ਰਾਜ ਵਿੱਚ ਲੋਕ ਰੋਂਦੇ ਹੋਣ ਤਾਂ ਵਿਸ਼ਵ-ਗੁਰੂ ਬਣਨ ਦੇ ਸੁਪਨੇ ਮਜ਼ਾਕ ਬਣ ਕੇ ਰਹਿ ਜਾਣਗੇ ਅਤੇ ਉਹ ਮਜ਼ਾਕੀਆ ਵਕਤ ਸਿਰਫ ਇਸ ਦੇਸ਼ ਦੇ ਹਾਕਮਾਂ ਲਈ ਨਹੀਂ, ਸਾਰੇ ਦੇਸ਼ ਵਾਸੀਆਂ ਲਈ ਸੁਖਾਵਾਂ ਨਹੀਂ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4122)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਜਤਿੰਦਰ ਪਨੂੰ

ਜਤਿੰਦਰ ਪਨੂੰ

Jalandhar, Punjab, India.
Phone: (91 - 98140 - 68455)
Email: (pannu_jatinder@yahoo.co.in)

More articles from this author